Bandon Village History | ਬੰਡੋਂ ਪਿੰਡ ਦਾ ਇਤਿਹਾਸ

ਬੰਡੋਂ

ਜੋ ਗੁਰੂ ਗੋਬਿੰਦ ਸਿੰਘ ਦੇ ਹਮਾਇਤੀ ਸਿੰਘਾਂ ਦੀ ਪੱਕੀ ਠਾਹਰ ਸੀ।

ਪਿੰਡ ਬੱਡੋਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦਬਸਤ ਨੰਬਰ; 51 ਅਤੇ ਕਰਬਾ ਜ਼ਮੀਨ 306 ਹੈਕਟੇਅਰ ਹੈ। ਇਸ ਪਿੰਡ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 843 ‘ਤੇ ਲਿਖਿਆ ਹੈ “ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਗੜ੍ਹਸ਼ੰਕਰ ਥਾਣਾ। ਮਾਹਿਲਪੁਰ ਵਿੱਚ ਇੱਕ ਪਿੰਡ ਬੱਡੋਂ ਹੈ, ਜੋ ਰੇਲਵੇ ਸਟੇਸ਼ਨ ਫਗਵਾੜਾ ਤੋਂ ਦਸ ਮੀਲ ਉੱਤਰ-ਪੂਰਬ ਵੱਲ ਹੈ। ਇਸ ਪਿੰਡ ਵਿੱਚ ਇਕ ਨਿਹੰਗਾਂ ਦਾ ਡੇਰਾ (ਗੁਰਦੁਆਰਾ) ਹੈ। ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਸੰਮਤ 1757 ਬਿਕਰਮੀ ਨੂੰ ਇੱਥੇ ਚਰਨ ਪਾਏ ਸਨ, ਜਦ ਬਾਬਾ ਜੀ ਬ੍ਰਾਹਮਣ ਲੜਕੀਆਂ ਨੂੰ ਬੱਸੀ ਕਲਾਂ ਦੇ ਪਠਾਣਾਂ ਤੋਂ ਛੁਡਾਉਣ ਲਈ ਆਏ ਸਨ । ਜਦ ਬਾਬਾ ਜੀ ਉਨ੍ਹਾਂ ਸਤਵੰਤੀਆਂ ਨੂੰ ਛੁਡਾ ਕੇ ਅਨੰਦਪੁਰ ਨੂੰ ਲੈ ਜਾਦੇ ਹੋਏ ਇੱਥੇ ਪੁੱਜੇ ਤਾਂ ਬਾਬਾ ਕਰਮ ਸਿੰਘ ਬੱਸੀ ਦੀ ਜੰਗ ਵਿੱਚ ਜ਼ਖਮੀ ਹੋ ਕੇ ਸਫਰ ਕਰਨ ਦੇ ਯੋਗ ਨਾ ਰਹੇ। ਬਾਬਾ ਅਜੀਤ ਸਿੰਘ ਨੇ ਕੁਝ ਸਮਾਂ ਇੱਥੇ ਠਹਿਰ ਕੇ ਨਗਰ ਨਿਵਾਸੀਆਂ ਨੂੰ ਹੁਕਮ ਦਿੱਤਾ ਕਿ ਕਰਮ ਸਿੰਘ ਦੀ ਯੋਗ ਸੇਵਾ ਕਰਨੀ ਤਾਂ ਲੋਕਾਂ ਨੇ ਧੰਨਭਾਗ ਸਮਝ ਕੇ ਸੱਤ ਬਚਨ ਆਖਿਆ ਅਤੇ ਬਾਬਾ ਕਰਮ ਸਿੰਘ ਇਸ ਪਿੰਡ ਵਿੱਚ ਹੀ ਰਹੇ ਅਤੇ ਕਈ ਮਹੀਨੇ ਸੇਵਾ ਕਰਾਉਂਦੇ ਹੋਏ ਅੰਤ ਗੁਰਪੁਰੀ ਨੂੰ ਸਿਧਾਰੇ । ਸ਼ਹੀਦ ਕਰਮ ਸਿੰਘ ਦਾ ਸ਼ਹੀਦ ਗੰਜ ਇਸ ਪਿੰਡ ਵਿੱਚ ਪ੍ਰਸਿੱਧ ਅਸਥਾਨ ਹੈ। ਬਾਬਾ ਅਜੀਤ ਸਿੰਘ ਦੇ ਚਰਨ ਪਾਉਣ ਦੀ ਥਾਂ ਗੁਰਦੁਆਰਾ ਹੈ ਜਿਸ ਨੂੰ ਸਰਦਾਰ ਬਘੇਲ ਸਿੰਘ (ਮੁਖੀ ਕਰੋੜਸਿੰਘੀਆ ਮਿਸਲ) ਨੇ ਬਹੁਤ ਜਗੀਰ ਲਾਈ ਸੀ, ਜੋ ਪੁਜਾਰੀਆਂ ਦੇ ਝਗੜਿਆਂ ਕਰਕੇ ਹੱਥੋਂ ਜਾਂਦੀ ਰਹੀ । ਹੁਣ ਦਸ ਘੁਮਾ ਦੇ ਕਰੀਬ ਜ਼ਮੀਨ ਪਿੰਡ ਵੱਲੋਂ ਹੈ। ਸੰਨ 1928 ਵਿੱਚ ਇੱਥੋਂ ਦੇ ਵਸਨੀਕ ਸਰਦਾਰ ਕੁੰਦਨ ਸਿੰਘ ਨੇ ਗੁਰਦੁਆਰੇ ਦੀ ਸੁੰਦਰ ਇਮਾਰਤ ਬਣਵਾ ਦਿੱਤੀ।”

Bandon Village History | ਬੰਡੋਂ ਪਿੰਡ ਦਾ ਇਤਿਹਾਸ

ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਗੁਰੂ ਜੀ ਦੇ ਪ੍ਰਮੁੱਖ ਜਰਨੈਲ ਭਾਈ ਊਦੇ ਸਿੰਘ ਵੀ ਸਨ । ਬੱਸੀ ਤੋਂ ਆਨੰਦਪੁਰ ਸਾਹਿਬ ਨੂੰ ਸਿੱਧੇ ਰਸਤੇ ਤੋਂ ਬੱਡੋਂ ਛੇ ਕੁ ਮੀਲ ਪੱਛਮ ਵਾਲੇ ਪਾਸੇ ਹੈ। ਗੁਰੂ ਜੀ ਦਾ ਹੁਕਮ ਸੀ ਕਿ ਬੱਸੀ ਦੇ ਪਠਾਣ ਨੂੰ ਜਿਊਂਦਾ ਫੜ ਕੇ ਲਿਆਉਣਾ ਹੈ। ਜਦੋਂ ਸਾਹਿਬਜ਼ਾਦਾ ਉਸ ਨੂੰ ਆਨੰਦਪੁਰ ਨੂੰ ਲਿਜਾ ਰਹੇ ਸਨ ਤਾਂ ਕਸਬਾ ਮਾਹਿਲਪੁਰ ਤੋਂ ਇਕ ਮੀਲ ਪੂਰਬ ਵੱਲ ਮੁਸਲਮਾਨਾਂ ਨੇ ਜਥੇ ਨੂੰ ਘੇਰ ਲਿਆ ਅਤੇ ਇੱਥੇ ਵੀ ਘੋਰ ਯੁੱਧ ਹੋਇਆ। ਕੁਝ ਸਿੰਘ ਵੀ ਸ਼ਹੀਦ ਹੋਏ ਇੱਥੋਂ ਮੁਸਲਮਾਨਾਂ ਨੂੰ ਝਕਾਨੀ ਦੇਣ ਲਈ ਜਥੇ ਨੇ ਆਨੰਦਪੁਰ ਨੂੰ ਸਿੱਧੇ ਜਾਣ ਦੀ ਬਜਾਏ ਪੱਛਮ ਵੱਲ ਨੂੰ ਪਿੰਡ ਬੱਡੋਂ ਦਾ ਰੁਖ਼ ਕੀਤਾ। ਪਿੰਡ ਬੱਡੋ ਪਰਮਾਰ ਗੋਤ ਦਾ ਰਾਜਪੂਤਾਂ ਦਾ ਪਿੰਡ ਹੈ ਅਤੇ ਭਾਈ ਉਦੈ ਸਿੰਘ ਵੀ ਪਰਮਾਰ ਗੋਤ ਦੇ ਹੀ ਹਨ। ਇਸ ਜਥੇ ਵਿੱਚ ਕੁਝ ਸਿੰਘ ਪਿੰਡ ਬੱਡੋਂ ਦੇ ਵੀ ਸਨ, ਜਿਨ੍ਹਾਂ ਦੀ ਸਲਾਹ ਉੱਤੇ ਭਾਈ ਉਦੈ ਸਿੰਘ ਅਤੇ ਬਾਬਾ ਅਜੀਤ ਸਿੰਘ ਨੇ ਬੱਡੋਂ ਆਉਣਾ ਮੰਨਿਆ। ਜਾਬਰ ਖਾਂ ਨੂੰ ਜੇਕਰ ਬੱਸੀ ਵਿਖੇ ਹੀ ਮਾਰ ਦਿੰਦੇ ਤਾਂ ਪਠਾਣਾਂ ਨੇ ਜਥੇ ਦਾ ਪਿੱਛਾ ਨਹੀਂ ਸੀ ਕਰਨਾ, ਪਰ ਗੁਰੂ ਜੀ ਦਾ ਹੁਕਮ ਉਸ ਨੂੰ ਜਿਊਂਦਾ ਲਿਆਉਣ ਦਾ ਸੀ । ਗੁਰੂ ਜੀ ਨੇ ਉਸ ਨੂੰ ਲੱਕ ਤੱਕ ਧਰਤੀ ਵਿੱਚ ਦੱਬ ਕੇ ਉਸ ਉੱਤੇ ਕੁੱਤੇ ਛੱਡੇ ਸਨ ਤਾਂ ਕਿ ਹੋਰ ਕੁਕਰਮੀਆਂ ਅਤੇ ਜਾਬਰਾਂ ਦੀਆਂ ਅੱਖਾਂ ਖੁੱਲ੍ਹ ਜਾਣ। ਸਾਹਿਬਜ਼ਾਦਾ ਜੀ ਤਿੰਨ ਦਿਨ ਇਸ ਪਿੰਡ ‘ਚ ਠਹਿਰੇ ਸਨ। ਅੱਗੇ ਪਿੰਡ ਅਕਾਲਗੜ੍ਹ, ਜੋ ਕਿ ਗੜ੍ਹਸ਼ੰਕਰ ਤੋਂ 5 ਮੀਲ ਉੱਤਰ-ਪੱਛਮ ਵੱਲ ਹੈ, ਵਿੱਚ ਠਹਿਰੇ। ਔਰੰਗਜ਼ੇਬ ਗੁਰੂ ਜੀ ਨੂੰ ਬਾਗੀ ਸਮਝਦਾ ਸੀ। ਬਾਗੀਆਂ ਦੀ ਮਦਦ ਕੋਈ ਜਿਗਰੇ ਵਾਲਾ ਹੀ ਕਰ ਸਕਦਾ ਸੀ । ਪਿੰਡ ਵਾਲਿਆਂ ਬਾਬਾ ਕਰਮ ਸਿੰਘ ਦੀ ਪੂਰੀ ਸੇਵਾ ਕੀਤੀ, ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਤਿੰਨ ਕੁ ਮਹੀਨੇ ਬਾਅਦ ਬਾਬਾ ਜੀ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਯਾਦ ਵਜੋਂ ਪਿੰਡ ਵਿੱਚ ਗੁਰਦੁਆਰਾ ਬਣਾਇਆ ਹੋਇਆ ਹੈ। ਇਲਾਕੇ ਵਿੱਚ ਇਸ ਪਿੰਡ ਨੂੰ ਇੱਜ਼ਤ ਨਾਲ ‘ਬੱਡੋਂ ਭਾਈਆਂ ਦੀ’ ਕਿਹਾ ਜਾਂਦਾ ਹੈ । ਗੁਰੂ ਸਾਹਿਬਾਨ ਦੇ ਸਮੇਂ ਉੱਚ ਦਰਜੇ ਦੇ ਭਜਨੀਕ ਜਾਂ ਸੇਵਾਦਾਰ ਨੂੰ ਭਾਈ ਦੀ ਪਦਵੀ ਮਿਲਦੀ ਸੀ । ਬਾਬਾ ਅਜੀਤ ਸਿੰਘ ਜੀ ਇਸ ਪਿੰਡ ਵਿੱਚ 3 ਮਾਰਚ ਸੰਨ 1703 ਨੂੰ ਆਏ ਸਨ।

ਇਹ ਪਿੰਡ ਅਜਨੋਹਾ ਤੋਂ ਜ਼ਮੀਨ ਵੱਖਰੀ ਕਰਕੇ ਬਣਿਆ, ਜਿਵੇਂ ਭਰਾ ਜ਼ਮੀਨ ਵੰਡਦੇ ਹੀ ਹਨ। ਅਜਨੋਹਾ ਤੋਂ ਵੱਖ ਹੋਏ ਪਰਮਾਰ ਗੋਤ ਦੇ ਰਾਜਪੂਤਾਂ ਦੇ 12 ਪਿੰਡ ਹਨ, ਜਿਨ੍ਹਾਂ ਨੂੰ ਇਲਾਕੇ ਵਿੱਚ ਬਾਹਰਾ ਕਿਹਾ ਜਾਂਦਾ ਹੈ। ਬੱਡੋਂ ਪਿੰਡ ਦੇ ਇਕ ਅਮੀਰ ਠੇਕੇਦਾਰ ਸਰਦਾਰ ਕੁੰਦਨ ਸਿੰਘ ਮਹਾਂਦਾਨੀ ਕਰਕੇ ਪ੍ਰਸਿੱਧ ਹੋਏ। ਜਦੋਂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਇਸ ਕਮੇਟੀ ਕੋਲ ਕੰਮ ਚਲਾਉਣ ਲਈ ਕੋਈ ਪੈਸਾ ਨਹੀਂ ਸੀ । ਪੈਸਾ ਇਕੱਠਾ ਕਰਨ ਲਈ ਅੰਮ੍ਰਿਤਸਰ ਵਿਖੇ ਇੱਕ ਮੀਟਿੰਗ ਰੱਖੀ ਗਈ। ਸੈਕਟਰੀ ਵੱਲੋਂ ਮਾਇਆ ਦੀ ਬੇਨਤੀ ਕਰਨ ਤੋਂ ਸਭ ਤੋਂ ਪਹਿਲਾਂ ਮਹਾਰਾਜਾ ਪਟਿਆਲਾ ਨੇ 25000 ਰੁਪਏ, ਫੇਰ ਮਹਾਰਾਜਾ ਨਾਭਾ ਨੇ 15000 ਰੁਪਏ ਲਿਖਵਾਏ। ਇੱਕ ਖੱਦਰ ਦੇ ਚਿੱਟੇ ਕੁੜਤੇ-ਪਜਾਮੇ ਅਤੇ ਖੱਦਰ ਦੀ ਸਫੈਦ ਪੱਗ ਵਾਲੇ ਸਰਦਾਰ ਨੇ ਉੱਚੀ ਆਵਾਜ਼ ਵਿੱਚ ਕਿਹਾ, “ਮੇਰਾ ਸਵਾ ਲੱਖ ਰੁਪਇਆ ਲਿਖ ਲਵੋ।” ਸਾਰੇ ਉਨ੍ਹਾਂ ਵੱਲ ਦੇਖਣ ਲੱਗੇ ਤੇ ਸੈਕਟਰੀ ਉਨ੍ਹਾਂ ਦੇ ਕੋਲ ਆ ਕੇ ਪੁੱਛਣ ਲੱਗਾ, “ਸਿੰਘਾਂ ਵਾਲਾ ਸਵਾ ਲੱਖ ਜਾਂ ਸੱਚਮੁੱਚ ਦਾ ਸਵਾ ਲੱਖ ?” ਇਹ ਸਰਦਾਰ ਕੁੰਦਨ ਸਿੰਘ ਜੀ ਸਨ। ਉਨ੍ਹਾਂ ਕਿਹਾ ਕਿ ਸੱਚਮੁਚ ਸਵਾ ਲੱਖ ਅਤੇ ਉਸੇ ਵੇਲੇ ਸਵਾ ਲੱਖ ਰੁਪਏ ਦਾ ਚੈੱਕ ਕੱਟ ਕੇ ਸੈਕਟਰੀ ਦੇ ਹੱਥ ਫੜਾ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਮਹਾਂਦਾਨੀ ਦਾ ਪਰਮਾਣ ਪੱਤਰ ਦਿੱਤਾ ਗਿਆ। ਉਸ ਸਮੇਂ ਦਾ ਸਵਾ ਲੱਖ ਅੱਜਕੱਲ੍ਹ ਦੇ ਸਵਾ ਲੱਖ ਕਰੋੜ ਜਿੰਨੀ ਖਰੀਦ ਸ਼ਕਤੀ ਰੱਖਦਾ ਸੀ। ਸਰਕਾਰ ਕੁੰਦਨ ਸਿੰਘ ਦਾ ਸਿੱਖੀ ਨਾਲ ਬਹੁਤ ਪ੍ਰੇਮ ਸੀ । ਸੰਨ 1911 ਵਿੱਚ ਲਾਗਲੇ ਪਿੰਡ ਨਡਾਲੋਂ ਵਿਖੇ ਹਾਈ ਸਕੂਲ ਸ਼ੁਰੂ ਹੋਇਆ। ਸਰਦਾਰ ਜੀ ਸਕੂਲ ਗਏ ਤਾਂ ਦੇਖਿਆ ਕਿ ਹੈੱਡਮਾਸਟਰ ਦਫਤਰ ਵਿੱਚ ਬੈਠ ਕੇ ਹੁੱਕਾ ਪੀ ਰਿਹਾ ਸੀ। ਸਰਦਾਰ ਜੀ ਨੇ ਕਿਹਾ ਕਿ ਤੁਸੀਂ ਸਕੂਲ ਵਿੱਚ ਹੁੱਕਾ ਪੀਂਦੇ ਹੋ, ਤੁਹਾਨੂੰ ਦੇਖ ਕੇ ਬੱਚੇ ਕੀ ਸਿੱਖਣਗੇ। ਹੈੱਡ ਮਾਸਟਰ ਅੱਗੋਂ ਪੁੱਠਾ ਹੀ ਬੋਲਿਆ, “ਤੁਸੀਂ ਆਪਣਾ ਵੱਖਰਾ ਖਾਲਸਾ ਸਕੂਲ ਖੋਲ੍ਹ ਲਵੋ।” ਸਰਦਾਰ ਜੀ ਨੇ ਪਿੰਡ ਆ ਕੇ ਪਿੰਡ ਵਾਲਿਆਂ ਨਾਲ ਸਲਾਹ ਕਰਕੇ ਆਪਣੀ ਜ਼ਮੀਨ ਵਿੱਚ ਹੀ ਖਾਲਸਾ ਹਾਈ ਸਕੂਲ ਬਣਾਉਣ ਦਾ ਐਲਾਨ ਕਰ ਦਿੱਤਾ। ਉਸੇ ਦਿਨ ਬਿਲਡਿੰਗ ਲਈ ਇੱਟਾਂ ਦਾ ਭੱਠਾ ਆਪਣੀ ਜ਼ਮੀਨ ਵਿੱਚ ਤਿਆਰ ਕਰਨ ਦਾ ਹੁਕਮ ਦੇ ਦਿੱਤਾ। ਬੱਡੋਂ ਖਾਲਸਾ ਹਾਈ ਸਕੂਲ ਵਿੱਚ ਮਾਸਟਰ ਹਰੀ ਸਿੰਘ ਧੂਤ ਹੈੱਡਮਾਸਟਰ ਲੱਗੇ ਰਹੇ। ਐੱਮ ਐੱਲ ਏ ਦੀ ਚੋਣ ਲੜਨ ਵੇਲੇ ਉਨ੍ਹਾਂ ਇਸ ਪਦਵੀ ਤੋਂ ਅਸਤੀਫਾ ਦੇ ਦਿੱਤਾ। ਮਾਹਿਲਪੁਰ ਕਾਲਜ ਦੀ ਫੁੱਟਬਾਲ ਟੀਮ ਵਿੱਚ ਬਹੁਤੇ ਖਿਡਾਰੀ ਬੱਡੋਂ ਸਕੂਲ ਦੇ ਪੜ੍ਹੇ ਹੁੰਦੇ ਸਨ ਅਤੇ ਹਨ। ਇਸ ਸਕੂਲ ਨੂੰ ਫੁੱਟਬਾਲ ਦੀ ਨਰਸਰੀ ਕਹਿਣਾ ਗਲਤ ਨਹੀਂ ਹੋਵੇਗਾ। ਸਕੂਲ ਦੇ ਨਾਲ ਹੀ ਇਕ ਵਧੀਆ ਗਰਾਊਂਡ ਹੈ, ਜਿਥੇ ਸ਼ਾਮ ਨੂੰ ਖਿਡਾਰੀ ਪ੍ਰੈਕਟਿਸ ਕਰਦੇ ਹਨ। ਸੰਨ 1912 ਦੇ ਬਣੇ ਹਾਈ ਸਕੂਲ ਦੀ ਬਿਲਡਿੰਗ ਚੰਗਾ ਮਟੀਰੀਅਲ ਲਾਉਣ ਕਰਕੇ ਅਜੇ ਤੱਕ ਕਾਇਮ ਹੈ। ਬੱਬਰ ਅਕਾਲੀ ਲਹਿਰ ਦੇ ਸਾਰੇ ਹੀ ਲੇਖਕਾਂ ਨੇ ਜ਼ਿਕਰ ਕੀਤਾ ਹੈ ਕਿ ਸਰਦਾਰ ਕੁੰਦਨ ਸਿੰਘ ਨੇ ਬੱਬਰਾਂ ਨੂੰ ਪੰਜ ਸੌ ਰੁਪਏ ਹਥਿਆਰ ਖਰੀਦਣ ਲਈ ਦਿੱਤੇ ਸਨ। ਉਸ ਤੋਂ ਉਪਰੰਤ ਉਹ ਹਰ ਸਮੇਂ ਬੱਬਰਾਂ ਦੀ ਮਦਦ ਕਰਦੇ ਰਹਿੰਦੇ ਸਨ। ਉਨ੍ਹਾਂ ਅਤੇ ਉਨ੍ਹਾਂ ਦੇ ਪਾਲਦੀ ਵਾਲੇ ਰਿਸ਼ਤੇਦਾਰਾਂ ਨੇ ਮਹਾਰਾਜਾ ਕਪੂਰਥਲਾ ਤੋਂ ਜ਼ਮੀਨ ਖਰੀਦ ਕੇ ਫਗਵਾੜੇ ਤੋਂ ਹੁਸ਼ਿਆਰਪੁਰ ਵਾਲੀ ਸੜਕ ਉੱਤੇ 4 ਮੀਲ ‘ਤੇ ਨਵਾਂ ਪਿੰਡ ਸ੍ਰੀ ਹਰਿਗੋਬਿੰਦਪੁਰ ਵਸਾਇਆ। ਸਰਦਾਰ ਹੁਰਾਂ ਦੀ ਲੜਕੀ ਦੀ ਸ਼ਾਦੀ ਹਰਿਗੋਬਿੰਦਪੁਰ (ਭੋਗਪੁਰ) ਵਾਲੇ ਸੰਤ ਰਣਜੀਤ ਸਿੰਘ ਨਾਲ ਬੜੀ ਧੂਮਧਾਮ ਨਾਲ ਹੋਈ ਸੀ । ਬਰਾਤ ਅਤੇ ਆਮ ਲੋਕਾਂ ਦੇ ਪੀਣ ਲਈ ਖੂਹ ਵਿੱਚ ਹੀ ਖੰਡ ਦੀਆਂ ਬੋਰੀਆਂ ਸੁੱਟੀਆਂ ਜਾਂਦੀਆਂ ਰਹੀਆਂ। ਸਾਰੇ ਇਲਾਕੇ ਨੇ ਵਿਆਹ ਦਾ ਲੰਗਰ ਕਈ ਦਿਨ ਛਕਿਆ।

Bandon Village History | ਬੰਡੋਂ ਪਿੰਡ ਦਾ ਇਤਿਹਾਸ

ਬੱਡੋਂ ਦੇ ਭਾਈ ਪ੍ਰਦੁਮਨ ਸਿੰਘ ਨੇ ਪੰਥ ਦੇ ਮਹਾਂ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀ ਮਹਾਨ ਕੋਸ਼ ਲਿਖਣ ਵਿੱਚ ਮਦਦ ਕੀਤੀ ਸੀ । ਭਾਈ ਕਾਨ੍ਹ ਸਿੰਘ ਲਈ ਪੰਜਾਬ ਦੇ ਦੂਰ-ਦੁਰਾਡੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਇਤਹਾਸਕ ਗੁਰਦੁਆਰਿਆਂ ਅਤੇ ਹੋਰ ਇਤਹਾਸਕ ਸਥਾਨਾਂ ਉੱਤੇ ਜਾਣਾ ਮੁਸ਼ਕਲ ਸੀ। ਸੋ ਇਸ ਮਹਾਨ ਕਾਰਜ ਬਾਰੇ ਉਨ੍ਹਾਂ ਭਾਈ ਪ੍ਰਦੁਮਨ ਸਿੰਘ ਨੂੰ ਚੁਣਿਆ, ਜਿਨ੍ਹਾਂ ਅੱਤ ਕਠਨਾਈਆਂ ਝੱਲ ਕੇ ਬਹੁਤ ਸਾਰੇ ਗੁਰਦੁਆਰਿਆਂ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਇਹ ਮਹਾਨ ਕੋਸ਼ ਵਿੱਚ ਦਰਜ ਹੈ:

ਮਿਸਲ ਕਰੋੜਸਿੰਘੀਆਂ

ਇਹ ਪਿੰਡ ਮਿਸਲਾਂ ਦੇ ਰਾਜ ਸਮੇਂ ਕਰੋੜਸਿੰਘੀਆਂ ਮਿਸਲ ਦੇ ਅਧੀਨ ਸੀ। ਇਸ ਮਿਸਲ ਦੀ ਰਾਜਧਾਨੀ ਹੁਸ਼ਿਆਰਪੁਰ ਸ਼ਹਿਰ ਤੋਂ ਦਸ ਮੀਲ ਦਸੂਹੇ ਵਾਲੀ ਸੜਕ ਉੱਤੇ ਕਸਬਾ ਹਰਿਆਣਾ ਵਿਖੇ ਸੀ। ਸਰਦਾਰ ਬਘੇਲ ਸਿੰਘ ਨੇ ਜਦੋਂ ਅੰਮ੍ਰਿਤ ਛਕਿਆ ਤਾਂ ਪਿੰਡ ਬੱਡੋਂ ਦਾ ਅੱਧਾ ਸਰਕਾਰੀ ਮਾਮਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਾਂਅ ਜਗੀਰ ਵਜੋਂ ਕਰ ਦਿੱਤਾ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 100 ਉੱਤੇ ਉਪਰੋਕਤ ਜਾਣਕਾਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਪੱਕੀਆਂ ਜਗੀਰਾਂ ਦੇਣ ਵਾਲਿਆਂ ਦੇ ਸਿਰਲੇਖ ਹੇਠ ਦਰਜ ਕੀਤੀ ਹੈ।

Bandon Village History | ਬੰਡੋਂ ਪਿੰਡ ਦਾ ਇਤਿਹਾਸ

ਦੁਆਬਾ ਬਿਸਤ ਜਲੰਧਰ ਵਿੱਚ ਸਿੱਖ ਰਾਜਪੂਤਾਂ ਨੇ ਬੱਚਿਆਂ ਦੀ ਪੜ੍ਹਾਈ ਲਈ ਉਚੇਚਾਂ ਉੱਦਮ ਕੀਤਾ, ਜਦੋਂਕਿ ਜੱਟ ਵੱਸੋਂ ਵਾਲੇ ਅਮੀਰ ਪਿੰਡਾਂ ਨੇ ਇਸ ਪਾਸੇ ਧਿਆਨ ਘੱਟ ਦਿੱਤਾ। ਪਹਿਲਾਂ ਨਡਾਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੰਨ 1911 ਵਿੱਚ ਹਾਈ ਸਕੂਲ, ਅਗਲੇ ਸਾਲ ਪਿੰਡ ਬੱਡੋਂ ਵਿੱਚ ਅਤੇ ਕਾਲਰਾ ਜ਼ਿਲ੍ਹਾ ਜਲੰਧਰ ਵਿਖੇ ਵੀ ਹਾਈ ਸਕੂਲ ਖੋਲ੍ਹੇ ਗਏ। ਸਾਰੇ ਇਲਾਕੇ ਦੇ ਬੱਚੇ ਘੱਟੋ-ਘੱਟ ਮੈਟ੍ਰਿਕ ਪਾਸ ਤਾਂ ਉਸ ਸਮੇਂ ਕਰ ਹੀ ਲੈਂਦੇ ਸਨ । ਕੁਝ ਅਮੀਰ ਘਰਾਂ ਦੇ ਬੱਚੇ ਹੀ ਜਲੰਧਰ, ਹੁਸ਼ਿਆਰਪੁਰ ਜਾਂ ਲਾਹੌਰ ਕਾਲਜਾਂ ਵਿੱਚ ਜਾਂਦੇ ਸਨ। ਵਸੋਂ ਸੰਘਣੀ ਹੋਣ ਕਰਕੇ ਜ਼ਮੀਨ ਜੀਅ ਪ੍ਰਤੀ ਘਟਦੀ ਗਈ ਤਾਂ ਲੋਕਾਂ ਨੂੰ ਪੁਲਸ ਜਾਂ ਮਿਲਟਰੀ ਵਿੱਚ ਭਰਤੀ ਹੋਣਾ ਜਾਂ ਹੋਰ ਕੋਈ ਸਿਵਲ ਸਰਵਿਸ ਕਰਨੀ ਪੈਂਦੀ ਸੀ। ਵੀਹਵੀਂ ਸਦੀ ਦੇ ਸ਼ੁਰੂ ਤੋਂ ਹੀ ਇਸ ਇਲਾਕੇ ਦੇ ਲੋਕ ਕੈਨੇਡਾ, ਅਮਰੀਕਾ ਅਤੇ ਇੰਗਲੈਂਡ, ਸਿੰਘਾਪੁਰ, ਮਲਾਇਆ ਵਗੈਰਾ ਜਾਣ ਲੱਗ ਪਏ। ਅੱਜ- ਕੱਲ੍ਹ ਸ਼ਾਇਦ ਹੀ ਕੋਈ ਘਰ ਹੋਊ, ਜਿਸ ਦਾ ਇੱਕ ਜੀਅ ਬਦੇਸ਼ ਨਾ ਗਿਆ ਹੋਵੇ, ਉਹ ਵੀ ਅਮੀਰ ਮੁਲਕ ਵਿੱਚ। ਕਈ ਤਾਂ ਪੂਰੇ ਟੱਬਰ ਹੀ ਚਲੇ ਗਏ ਹਨ ਅਤੇ ਪਿੱਛੇ ਕੋਠੀਆਂ ਵਿੱਚ ਭਈਏ ਰਹਿ ਰਹੇ ਹਨ। ਫੇਰ ਵੀ ਇਹ ਲੋਕ ਆਪਣੀ ਜੰਮਣ ਭੋਇੰ ਨੂੰ ਭੁੱਲੇ ਨਹੀਂ। ਕਦੇ-ਕਦੇ ਪਿੰਡ ਆ ਕੇ ਪਿੰਡ ਦੀ ਤਰੱਕੀ ਲਈ ਕੁਝ ਨਾ ਕੁਝ ਜ਼ਰੂਰ ਕਰਦੇ ਹਨ। ਪੰਜਾਬ ਦੇ ਪਿੰਡਾਂ ਦੀ ਤਰ੍ਹਾਂ ਬੱਡੋਂ ਵਿੱਚ ਵੀ ਲੜਾਈ, ਝਗੜੇ, ਪਾਰਟੀਬਾਜ਼ੀ ਤੇ ਕਤਲ ਹੁੰਦੇ ਹੀ ਰਹਿੰਦੇ ਹਨ। ਪਿੰਡ ਵਿੱਚ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਬ੍ਰਾਂਚ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵੀ ਹੈ। ਬੱਡੋਂ ਦੇ ਭਗਤ ਸਿੰਘ ਪੁੱਤਰ ਨੱਥਾ ਸਿੰਘ ਜੈਤੋ ਦੇ ਮੋਰਚੇ ਵਿਚ ਹਿੱਸਾ ਲੈਣ ਕਾਰਨ ਇਕ ਸਾਲ ਦੀ ਸਜ਼ਾ ਕੱਟੀ। ਚੰਨਣ ਸਿੰਘ ਪੁੱਤਰ ਲਾਭ ਸਿੰਘ ਨੇ ਆਜ਼ਾਦ ਹਿੰਦ ਫੌਜ ਵਿਚ ਭਰਤੀ ਹੋ ਕੇ ਇਕ ਸਾਲ ਦੀ ਸਜ਼ਾ ਕੱਟੀ।

 

 

Credit – ਵਾਸਦੇਵ ਸਿੰਘ ਪਰਹਾਰ

Leave a Comment

error: Content is protected !!