Bham Village History | ਭਾਮ ਪਿੰਡ ਦਾ ਇਤਿਹਾਸ

ਭਾਮ

ਜਿਸ ਦਾ ਸੰਬੰਧ ਪਾਂਡਵਾਂ ਦੇ ਵੇਲੇ ਨਾਲ ਜੁੜਦਾ ਹੈ

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਇੱਕ ਪਿੰਡ ਭਾਮ ਹੈ, ਜਿਸ ਦੀ ਹੱਦ ਬਸਤ ਨੰਬਰ 12 ਅਤੇ ਰਕਬਾ 772 ਹੈਕਟੇਅਰ ਹੈ। ਇਹ ਪਿੰਡ ਥਾਣਾ ਮਾਹਿਲਪੁਰ ਤੋਂ 7 ਮੀਲ ਪੱਛਮ ਵੱਲ ਸਥਿਤ ਹੈ। ਹੁਸ਼ਿਆਰਪੁਰ ਡਿਸਟ੍ਰਿਕਟ ਗਜ਼ਟਰ ਦੇ ਪੰਨਾ 413 ਅਨੁਸਾਰ “ਭਾਮ ਜੋ ਕਿ ਮਾਹਿਲਪੁਰ ਤੋਂ 7 ਮੀਲ ਪੱਛਮ ਵੱਲ ਹੈ, ਵਿਖੇ ਪਾਂਡਵਾਂ ਨੇ ਆਪਣੇ ਬਨਵਾਸ ਦਾ ਕੁਝ ਸਮਾਂ ਬਤੀਤ ਕੀਤਾ, ਜਿਸ ਦੀ ਨਿਸ਼ਾਨੀ ਪਿੰਡ ਵਿੱਚ ਇੱਕ ਇੱਟਾਂ ਦਾ ਸ਼ਿਵਾਲਾ ਹੈ।” ਇਹ ਪਿੰਡ ਕਈ ਵਾਰ ਵਸਿਆ ਤੇ ਕਈ ਵਾਰੀ ਉੱਜੜਿਆ। ਪੱਛਮ ਵੱਲੋਂ ਆਉਣ ਵਾਲੇ ਹਮਲਾਵਰ ਜਦੋਂ ਦਿੱਲੀ ਵੱਲ ਨੂੰ ਵੱਧਦੇ, ਤਾਂ ਘੋੜਿਆਂ ਲਈ ਖੁਰਾਕ ਲਈ ਕੰਢੀ ਨਾਲ ਦੇ ਮੈਦਾਨੀ ਇਲਾਕੇ ‘ਚੋਂ ਕਾਫੀ ਦਾਣਾ, ਚਾਰਾ ਅਤੇ ਪਾਣੀ ਸੌਖਿਆਂ ਹੀ ਉਪਲੱਬਧ ਹੋਣ ਕਰਕੇ ਉਹ ਹਰਿਆਣਾ ਭੂੰਗਾ, ਬਜਵਾੜਾ, ਗੜ੍ਹਸ਼ੰਕਰ ਰਸਤੇ ਰਾਹੋਂ ਤੇ ਜਾਂ ਰੋਪੜ ਤੋਂ ਦਰਿਆ ਸਤਲੁਜ ਪਾਰ ਕਰਦੇ। ਬਾਬਰ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਇਸ ਪਾਸੇ ਤੋਂ ਹੋ ਕੇ ਲੰਘਣ ਬਾਰੇ ਤਕਰੀਬਨ ਸਭ ਹੀ ਇਤਿਹਾਸਕਾਰ ਸਹਿਮਤ ਹਨ।” ਮਹਿਮੂਦ ਗ਼ਜ਼ਨਵੀ ਦੇ ਕਸਬਾ ਗੜ੍ਹਸ਼ੰਕਰ ਨੂੰ ਜਿੱਤਣ ਅਤੇ ਪਰਮਾਰ ਵੰਸ ਦਾ ਇੱਥੋਂ ਰਾਜ ਖਤਮ ਕਰਨ ਦਾ ਜ਼ਿਕਰ ਵੀ ਇਤਿਹਾਸ ਵਿੱਚ ਮਿਲਦਾ ਹੈ। ਧਾੜਵੀ ਫੌਜਾਂ ਨੂੰ ਸਥਾਈ ਲੋਕਾਂ ਨਾਲ ਜ਼ਰਾ ਵੀ ਹਮਦਰਦੀ ਨਹੀਂ ਸੀ ਹੁੰਦੀ ਤੇ ਉਹ ਪਿੰਡਾਂ ਨੂੰ ਸਾੜ-ਫੂਕ ਕੇ ਬੰਦਿਆਂ ਨੂੰ ਕਤਲ ਕਰ ਦਿੰਦੇ ਅਤੇ ਔਰਤਾਂ ਅਤੇ ਬੱਚਿਆਂ ਨੂੰ ਗੁਲਾਮ ਬਣਾ ਕੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਭੇਡ-ਬੱਕਰੀਆਂ ਦੀ ਤਰ੍ਹਾਂ ਵੇਚ ਦਿੰਦੇ। ਜਦੋਂ ਰਾਜਾ ਕਿਸੇ ਬਾਗ ‘ਚੋਂ ਇੱਕ ਫਲ ਤੋੜ ਲਵੇ, ਤਾਂ ਫੌਜ ਉਸ ਬਾਗ ਦੇ ਸਾਰੇ ਫਲ ਤਾਂ ਕੀ ਪੱਤੇ ਵੀ ਭਰੂ ਲੈਂਦੀ। ਜਦੋਂ ਮਹਿਮੂਦ ਗ਼ਜ਼ਨਵੀ, ਤੈਮੂਰ, ਮੁਹੰਮਦ ਗੌਰੀ, ਬਾਬਰ, ਨਾਦਰ ਸ਼ਾਹ, ਅਹਿਮਦ ਸ਼ਾਹ ਨੇ ਖੁਦ ਲੁੱਟ-ਗਾਰਤ ਕੀਤੀ, ਤਾਂ ਉਨ੍ਹਾਂ ਦੀ ਫੌਜ ਤੋਂ ਭਲੇ ਦੀ ਆਸ ਕਿਸ ਤਰ੍ਹਾਂ ਕੀਤੀ ਜਾ ਸਕਦੀ ਸੀ । ਹਮਲਾਵਰ ਜਾਣ-ਬੁੱਝ ਕੇ ਕਤਲੋਗਾਰਤ ਕਰਦੇ, ਤਾਂ ਕਿ ਉਨ੍ਹਾਂ ਦੇ ਅੱਗੇ ਵਧਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਦਹਿਸ਼ਤ ਅੱਗੇ ਪਹੁੰਚ ਜਾਵੇ ਤੇ ਉਨ੍ਹਾਂ ਦਾ ਟਾਕਰਾ ਕਰਨ ਵਾਲੀ ਸੈਨਾ ਦਾ ਮਨੋਬਲ ਵੀ ਡਿੱਗ ਪਵੇ।

 Bham Village History | ਭਾਮ ਪਿੰਡ ਦਾ ਇਤਿਹਾਸ

ਪੁਰਾਤਨ ਲਿਖਤਾਂ ਅਨੁਸਾਰ ਭਾਮ ਪਹਿਲਾਂ ਭੱਟ ਕੌਮ ਦੀ ਮਾਲਕੀ ਸੀ । ਉਨ੍ਹਾਂ ਤੋਂ ਤਲਵਾਰ ਦੇ ਜ਼ੋਰ ਨਾਲ ਤੁਰਕਾਂ ਨੇ ਜਿੱਤ ਲਿਆ। ਉਸ ਤੋਂ ਬਾਅਦ ਹਵਾਲ ਰਾਜਿਆਂ ਦਾ ਕਬਜ਼ਾ ਹੋ ਗਿਆ। ਫੇਰ ਕਿਸੇ ਕਾਰਨ ਬੇਆਬਾਦ ਹੋ ਗਿਆ । ਉਸ ਤੋਂ ਬਾਅਦ ਘੋਰਕੂ ਜਸਵਾਲ ਨੇ ਮੌਕੇ ਦੇ ਹਾਕਮਾਂ ਤੋਂ ਆਗਿਆ ਲੈ ਕੇ ਆਬਾਦ ਕੀਤਾ ਅਤੇ ਮਾਲਕ ਬਣ ਗਿਆ। ਚਾਰ ਪੁਸ਼ਤਾਂ ਤੱਕ ਉਨ੍ਹਾਂ ਦੀ ਔਲਾਦ ਕਾਬਜ਼ ਰਹੀ। ਕਾਂਗੜਾ ਅਤੇ ਜਸਵਾਨ ਰਿਆਸਤ ਨਾਲ ਵੀ ਇਸ ਪਿੰਡ ਦਾ ਸੰਬੰਧ ਹੈ, ਜਿਸ ਦਾ ਪ੍ਰਾਚੀਨ ਇਤਿਹਾਸ ਇਸ ਤਰ੍ਹਾਂ ਹੈ ਕਿ ਕਾਂਗੜਾ ਦੇ ਰਾਜਾ ਭੂਮ ਚੰਦ, ਸੂਰਮ ਚੰਦ, ਲਛਮਣ ਸਿੰਘ ਤੋਂ ਬਾਅਦ ਪੂਰਬ ਚੰਦ ਹੋਇਆ, ਜਿਸ ਨੇ ਕਾਂਗੜਾ ਦੇ ਕਟੋਚ ਘਰਾਣੇ ਤੋਂ ਵੱਖ ਹੋ ਕੇ 1170 ਈ. ਵਿੱਚ ਜਸਵਾਂ ਰਿਆਸਤ ਕਾਇਮ ਕੀਤੀ। ਇਸ ਦੀ ਔਲਾਦ ਜਸਵਾਲ ਨਾਂਅ ਨਾਲ ਮਸ਼ਹੂਰ ਹੋਈ। 11 ਪੁਸ਼ਤਾਂ ਤੋਂ ਬਾਅਦ ਜਸਵਾਂ ਦੀ ਗੱਦੀ ‘ਤੇ ਰਾਜਾ ਹਰੀ ਚੰਦ ਬਿਰਾਜਮਾਨ ਹੋਇਆ। ਇਹ ਉਸ ਸਮੇਂ ਹੋਇਆ ਜਦੋਂ ਸੰਨ 1526 ਵਿੱਚ ਮੁਗਲ ਬਾਦਸ਼ਾਹ ਬਾਬਰ ਇਸ ਇਲਾਕੇ ਵਿੱਚੋਂ ਲੰਘ ਕੇ ਅੱਗੇ ਪਾਣੀਪਤ ਨੂੰ ਵਧਿਆ । ਉਸ ਤੋਂ ਬਾਅਦ ਸਪੋਰੋ ਚੰਦ ਤੇ ਉਸ ਤੋਂ ਪਿੱਛੋਂ ਖੜਕ ਚੰਦ ਜਸਵਾਂ ਦੀ ਰਾਜ ਗੱਤੀ ‘ਤੇ ਬੈਠਾ । ਬਾਬਾ ਮਤੀ ਦੇ ਭਰਾ ਕਤੀ, ਜਿਸ ਨੇ ਪਿੰਡ ਡਰੋਲੀ ਕਲਾਂ ਆਬਾਦ ਕੀਤਾ, ਨੇ ਆਪਣੀ ਲੜਕੀ ਦਾ ਰਿਸ਼ਤਾ ਖੜਕ ਚੰਦ ਨਾਲ ਕੀਤਾ। ਜਦੋਂ ਇਹ ਨਵ-ਵਿਆਹੀ ਦੁਲਹਣ ਨੂੰ ਲੈ ਕੇ ਜਸਵਾਂ ਗਿਆ, ਤਾਂ ਬਾਕੀ ਟੱਬਰ ਦੀਆਂ ਰਾਣੀਆਂ ਨੇ ਕਤੀ ਦੀ ਬੇਟੀ ਨਾਲ ਮਾੜਾ ਵਰਤਾਓ ਕੀਤਾ ਤੇ ਉਸ ਨੇ ਕਿਹਾ ਕਿ ਮੈਨੂੰ ਮੇਰੇ ਪੇਕੇ ਛੱਡ ਆਓ, ਪਰ ਰਾਜਾ ਨੇ ਉਸ ਨੂੰ ਪੇਕੇ ਘਰ ਛੱਡਣਾ ਠੀਕ ਨਾ ਸਮਝਿਆ ਤੇ ਇਸ ਭੱਟ ਕੌਮ ਤੋਂ ਤਲਵਾਰ ਦੇ ਜ਼ੋਰ ਨਾਲ ਪਿੰਡ ਭਾਮ ਲੈ ਲਿਆ ਤੇ ਭਾਮ ਨੂੰ ਆਪਣੀ ਰਾਜਧਾਨੀ ਬਣਾ ਕੇ ਇੱਥੇ ਰਹਿਣ ਲੱਗਾ। ਇਨ੍ਹਾਂ ਦੇ ਪ੍ਰੋਹਤ ਦਾ ਲਕਬ ਛਾਂਗਾਮਾਰ ਹੈ। ਜਸਵਾਂ ਦੇ ਜਸਵਾਲਾਂ ਦਾ ਪ੍ਰੋਹਤ ਹੋਣ ਕਰਕੇ ਹੁਣ ਵੀ ਪਿੰਡ ਮੁਖੋਮਜਾਰਾ ਦਾ ਪ੍ਰੋਹਤ ਕਾਂਸ਼ੀ ਰਾਮ ਭਾਮ ਆਉਂਦਾ ਹੈ। ਇਸ ਨੂੰ ਭਾਮ ਵਿੱਚ ਮਾਨਤਾ ਮਿਲੀ ਹੋਈ ਹੈ।

Bham Village History | ਭਾਮ  ਪਿੰਡ ਦਾ ਇਤਿਹਾਸ

ਰਾਜਾ ਸਪੋਰੋ ਚੰਦ ਦੇ ਦੂਜੇ ਪੁੱਤਰ ਮੀਆਂ ਮੋਟਾ ਦੀ ਸ਼ਾਦੀ ਪਿੰਡ ਅਜਨੋਹਾ, ਜੋ ਭਾਮ ਤੋਂ ਚਾਰ ਕੁ ਮੀਲ ਦੱਖਣ-ਪੱਛਮ ਵੱਲ ਹੈ, ਦੇ ਰਾਓ ਬਲਰਾਮ ਪਰਮਾਰ ਦੀ ਬੇਟੀ ਨਾਲ ਹੋਈ। ਸਭ ਤੋਂ ਛੋਟੇ ਨਾਹਰ ਚੰਦ ਨੇ ਪਿੰਡ ਨਰੂੜ (ਤਹਿਸੀਲ ਫਗਵਾੜਾ) ਆਬਾਦ ਕੀਤਾ।

ਸਮਾਂ ਪਾ ਕੇ ਇਸ ਪਿੰਡ ਦੀ ਆਬਾਦੀ ਵਧਦੀ ਗਈ । ਅੱਗੇ ਜੋ ਵੇਰਵਾ ਮਿਲਿਆ ਹੈ, ਉਸ ਅਨੁਸਾਰ ਇੱਥੇ ਤਿੰਨ ਭਰਾ ਰਹਿੰਦੇ ਸਨ, ਜਿਨ੍ਹਾਂ ਦੇ ਨਾਂਅ ਮੂਲਾ, ਚੂਹੜ ਚੰਦ ਅਤੇ ਦੁੱਲਾ ਸਨ। ਇਨ੍ਹਾਂ ਤਿੰਨਾਂ ਨੇ ਕੁੱਲ ਰਕਬੇ ਦੀ ਵੰਡ ਕਰ ਲਈ। ਮੂਲਾ ਨੇ ਆਬਾਦੀ ਦੇ ਦੱਖਣ ਵੱਲ ਅਤੇ ਚੂਹੜ ਚੰਦ ਤੇ ਦੁੱਲਾ ਨੇ ਉੱਤਰ ਵੱਲ ਦਾ ਪਾਸਾ ਲੈ ਲਿਆ। ਚੂਹੜ ਚੰਦ ਅਤੇ ਦੁੱਲਾ ਨੇ ਅੱਗੇ ਜ਼ਮੀਨ ਵੰਡ ਲਈ। ਇਸ ਤਰ੍ਹਾਂ ਭਾਮ ਇਨ੍ਹਾਂ ਤਿੰਨਾਂ ਦੇ ਨਾਵਾਂ ‘ਤੇ ਤਿੰਨ ਹਿੱਸੇ, ਚੋਹਾਲਾ, ਦੱਲੋਵਾਲ ਅਤੇ ਮੂਲਾ ਭਾਮ ਮਸ਼ਹੂਰ ਹਨ। ਬਹੁਤ ਦੇਰ ਤੱਕ ਇਸ ਵੰਡ ਅਨੁਸਾਰ ਅਗਲੀਆਂ ਪੀੜ੍ਹੀਆਂ ਵਿੱਚ ਜ਼ਮੀਨ ਤਕਸੀਮ ਹੁੰਦੀ ਰਹੀ। ਸਿੱਖ ਰਾਜ ਵੇਲੇ ਇਹ ਪਿੰਡ ਰਿਆਸਤ ਕਪੂਰਥਲਾ ਅਧੀਨ ਕਰ ਲਿਆ ਗਿਆ।  ਜ਼ੋਰਾਵਰਾਂ ਦਾ ਲਿਹਾਜ਼ ਅਤੇ ਕਹਿਣਾ ਹੋਣ ਲੱਗਾ। ਪਿੱਛੋਂ ਇਸ ਜ਼ਮੀਨ ਦੀ ਨਵੇਂ ਸਿਰਿਓਂ ਵੰਡ ਕਰਕੇ 94 ਹਲਾਂ ਅਨੁਸਾਰ ਨਵੀਂ ਵੰਡੀ ਕੀਤੀ ਗਈ। ਚੋਹਾਲਾ ਦੇ 22 ਹਲ (20 ਹਲ ਮਾਲਕਾਂ ਅਤੇ 2 ਹਲ ਮੁਜ਼ਾਰਿਆਂ ਦੇ) ਅਤੇ ਦੱਲੇਵਾਲ ਦੇ 32 ਹਲ (26-3/4 ਹਲ ਮਾਲਕਾਂ ਦੇ ਅਤੇ 5-1/4 ਹਲ ਮੁਜ਼ਾਰਿਆਂ ਦੇ) ਅਤੇ 40 ਹਲ ਮੂਲ੍ਹਾ ਭਾਮ ਦੇ ਸਨ । ਕਈ ਵਾਰੀ ਸਰਕਾਰੀ ਮਾਮਲਾ ਦੇਣਾ ਵੀ ਔਖਾ ਹੋ ਜਾਂਦਾ, ਕਿਉਂਕਿ ਜ਼ਿਮੀਦਾਰਾਂ ਨੂੰ ਜ਼ਮੀਨਾਂ ‘ਚੋਂ ਕੋਈ ਖਾਸ ਆਮਦਨ ਨਹੀਂ ਹੁੰਦੀ ਸੀ । ਕਈ ਵਾਰੀ ਮਾਲਕ ਆਪੇ ਹੀ ਆਪਣੇ ਹੱਕ ਛੱਡ ਦਿੰਦੇ ਤੇ ਹੋਰ ਲੋਕ ਜ਼ਮੀਨ ‘ਤੇ ਕਬਜ਼ਾ ਕਰਨ ਵਾਲਿਆਂ ਨੂੰ ਸਰਕਾਰੀ ਹੱਕਾਂ ‘ਚ ਬਟਾਈ ਦਾ ਲਾਭ ਹੋ ਜਾਂਦਾ, ਪਰ ਮਾਲਕੀ ਹਲਾਂ ਦੇ ਹਿਸਾਬ ਨਾਲ ਹੀ ਰਹਿੰਦੀ ਸੀ। ਅੰਗਰੇਜ਼ਾਂ ਦਾ ਰਾਜ ਆਉਣ ‘ਤੇ ਵੀ ਜ਼ਮੀਨ ਦਾ ਸਰਕਾਰੀ ਮਾਮਲਾ ਹਲ੍ਹਾਂ ਦੇ ਹਿਸਾਬ ਨਾਲ ਹੀ ਲਿਆ ਜਾਂਦਾ ਰਿਹਾ। ਇਸ ਪਿੰਡ ਦਾ ਅਮਰੂ (ਅਮਰ ਸਿੰਘ) ਬੰਦਾ ਸਿੰਘ ਬਹਾਦਰ ਦੀ ਸੈਨਾ ਵਿੱਚ ਭਰਤੀ ਹੋ ਗਿਆ ਅਤੇ ਉਸ ਨੂੰ ਬੰਦਾ ਸਿੰਘ ਬਹਾਦਰ ਵੱਲੋਂ ਕੋਟਕਪੂਰਾ ਵਿਖੇ ਜਗੀਰ ਮਿਲੀ ਅਤੇ ਉਹ ਉੱਥੇ ਹੀ ਆਬਾਦ ਹੋ ਗਿਆ। ਉਸੇ ਸਮੇਂ ਬੂੜਾ ਅਤੇ ਮਾਨਾ ਆਪਣੇ ਪਰਵਾਰਾਂ ਸਮੇਤ ਆ ਕੇ ਭਾਮ ‘ਤੇ ਕਾਬਜ਼ ਹੋ ਗਏ। ਇਨ੍ਹਾਂ ਦੋਵਾਂ ਦੀ ਔਲਾਦ ਗੁਲਾਬਾ, ਤਾਬਾ, ਪਾਨੂੰ, ਦਿੱਤੂ ਅਤੇ ਜੈ ਚੰਦ ਫੇਰ ਵਾਪਸ ਕੋਟਕਪੂਰੇ ਚਲੇ ਗਏ ਅਤੇ ਉਨ੍ਹਾਂ ਦੀ ਵੰਸ਼ ਅੱਜ ਵੀ ਕੋਟਕਪੂਰੇ ਹੀ ਹੈ । ਧੂਮ ਸਿੰਘ ਨੂੰ ਵੀ ਬੰਦਾ ਸਿੰਘ ਬਹਾਦਰ ਵੱਲੋਂ ਦਿਆਲਪੁਰ (ਰਿਆਸਤ ਨਾਭਾ) ਵਿੱਚ ਜਗੀਰ ਮਿਲੀ ਤੇ ਉਹ ਉੱਥੇ ਹੀ ਵੱਸ ਗਏ ਅਤੇ ਅੱਜ ਤੱਕ ਉਨ੍ਹਾਂ ਦੀ ਸੰਤਾਨ ਇਸ ਪਿੰਡ ਵਿੱਚ ਵੱਸ ਰਹੀ ਹੈ।

Bham Village History | ਭਾਮ  ਪਿੰਡ ਦਾ ਇਤਿਹਾਸ

 

ਦੁਆਬੇ ਦੇ ਰਾਜਪੂਤ ਵੱਸੋਂ ਵਾਲੇ ਪਿੰਡਾਂ, ਜਿਨ੍ਹਾਂ ਸਿੱਖ ਧਰਮ ਅਪਣਾਇਆ, ਵਿੱਚੋਂ ਭਾਮ ਬਹੁਤ ਪਿੱਛੋਂ ਜਾ ਕੇ ਰਲ੍ਹਿਆ ਇਸੇ ਕਾਰਨ ਸਿੱਖ ਰਾਜਪੂਤਾਂ ਦੇ ਮੁਕਾਬਲੇ ਇਹ ਆਰਥਿਕ ਅਤੇ ਸਮਾਜਿਕ ਪੱਖੋਂ ਕਾਫੀ ਪਿੱਛੇ ਰਹਿ ਗਏ। ਭਾਮ ਵਿੱਚ ਗੁਰਦੁਆਰਾ ਸੰਨ 1907 ਵਿੱਚ ਸੰਤ ਬਾਬਾ ਹਰਨਾਮ ਸਿੰਘ ਦੀ ਕੋਸ਼ਿਸ ਨਾਲ ਬਣਿਆ। ਹਿੰਦੂ ਧਰਮ ਨੂੰ ਮੰਨਣ ਵਾਲੇ ਹੋਣ ਕਰਕੇ ਸਿਰੋਂ ਮੋਨੇ ਅਤੇ ਹੁੱਕੇ ਪੀਂਦੇ ਸਨ । ਹਿੰਦੂਆਂ ਦੀ ਤਰ੍ਹਾਂ ਛੂਤ- ਛਾਤ ਵਿੱਚ ਵਿਸ਼ਵਾਸ ਕਰਦੇ ਸਨ। ਕਿਸੇ ਨੀਵੀਂ ਜਾਤੀ ਨਾਲ ਭਾਂਡੇ ਜਾਂ ਹੁੱਕੇ ਦੀ ਸਾਂਝ ਨਾਂ ਪਾਉਂਦੇ ਸਨ।

ਭਾਮ ਦੀ ਜ਼ਮੀਨ ਰੇਤਲੀ ਹੋਣ ਕਰਕੇ ਹਵਾਣਿਆਂ ਦੀ ਕਾਸ਼ਤ ਵਾਸਤੇ ਬਹੁਤ ਢੁੱਕਵੀਂ ਹੈ। ਟਿਊਬਵੈੱਲਾਂ ਦੇ ਸਮੇਂ ਤੋਂ ਪਹਿਲਾਂ ਹਦਵਾਣੇ ਬਿਨਾਂ ਪਾਣੀ ਤੋਂ ਵੀ ਇਥੇ ਪੈਦਾ ਕੀਤੇ ਜਾਂਦੇ ਸਨ। ਕੱਟੜ ਪਹਾੜੀ ਰਾਜਪੂਤ, ਜੋ ਖੇਤੀ ਕਰਨ ਲੱਗ ਪਏ, ਉਸ ਨੂੰ ਰਾਜਪੂਤ ਬਰਾਦਰੀ ਵਿੱਚੋਂ ਖਾਰਜ ਕਰ ਦਿੰਦੇ ਸਨ, ਪਰ ਦੁਆਬੇ ਦੇ ਮੈਦਾਨੀ ਇਲਾਕੇ ਤਹਿਸੀਲ ਗੜ੍ਹਸ਼ੰਕਰ, ਫਗਵਾੜਾ ਅਤੇ ਜਲੰਧਰ ਦੇ ਰਾਜਪੂਤਾਂ ਨੇ ਗੁਰਸਿੱਖੀ ਰਹੁ-ਰੀਤੀ ਅਨੁਸਾਰ ਹੱਥੀਂ ਕਿਰਤ ਕਰਨ ਨੂੰ ਉਚਿਤ ਸਮਝਿਆ। ਉਨ੍ਹਾਂ ਦਾ ਇਹ ਉੱਦਮ ਸ਼ਲਾਘਾਯੋਗ ਅਤੇ ਅਗਾਂਹਵਧੂ ਹੋਣ ਦਾ ਨਿਸ਼ਾਨ ਹੈ। ਇਸ ਦਾ ਸਬੂਤ ਸਿੱਖ ਬਣੇ ਰਾਜਪੂਤਾਂ ਦਾ ਪਹਾੜੀ ਜਾਂ ਹਿੰਦੂ ਰਾਜਪੂਤਾਂ ਨਾਲੋਂ ਹਰ ਪੱਖੋਂ ਅੱਗੇ ਹੋਣਾ ਹੈ।

ਦੂਸਰੀ ਵਿਸ਼ਵ ਜੰਗ ਦੌਰਾਨ ਇੱਕ ਅੰਗਰੇਜ਼ ਅਫਸਰ ਛੋਟੀਆਂ ਬੱਚਤਾਂ ਬਾਰੇ ਲੋਕਾਂ ਨੂੰ ਪ੍ਰੇਰਨਾ ਦੇਣ ਲਈ ਮੇਹਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਰੈਸਟ ਹਾਊਸ ਵਿੱਚ ਆਇਆ। ਆਲੇ-ਦੁਆਲੇ ਦੇ ਪਿੰਡਾਂ ਦੇ ਨੰਬਰਦਾਰ, ਸਫੈਦਪੋਸ਼ ਅਤੇ ਜ਼ੈਲਦਾਰ ਸਭ ਇਕੱਠੇ ਹੋਏ ਸਨ । ਅੰਗਰੇਜ਼ ਅਫਸਰ ਨੇ ਹਰ ਕਿਸਮ ਦੀ ਬੱਚਤ ਕਰਨ ‘ਤੇ ਜ਼ੋਰ ਦਿੱਤਾ, ਕਿਉਂਕਿ ਉਨ੍ਹਾਂ ਦਿਨਾਂ ਵਿੱਚ ਜ਼ਰੂਰੀ ਵਸਤਾਂ ਦੀ ਬਹੁਤ ਕਮੀ ਸੀ। ਖੰਡ, ਮਿੱਟੀ ਦਾ ਤੇਲ ਵਗੈਰਾ ਬੜੀ ਮੁਸ਼ਕਿਲ ਨਾਲ ਰਾਸ਼ਨ ਕਾਰਡਾਂ ‘ਤੇ ਮਿਲਦਾ । ਦੁਪਹਿਰ ਦਾ ਖਾਣਾ ਖਾਣ ਲਈ ਅੰਗਰੇਜ਼ ਅਫਸਰ ਨੇ ਆਪ ਛੁੱਟੀ ਕੀਤੀ ਤੇ ਕਿਹਾ ਕਿ ਸਾਰੇ ਅੱਧੇ ਕੁ ਘੰਟੇ ਬਾਅਦ ਆਪਣਾ-ਆਪਣਾ ਖਾਣਾ ਖਾ ਕੇ ਆ ਜਾਣ । ਸਭ ਲੋਕ ਦੋ-ਦੋ ਚਾਰ- ਚਾਰ ਦੀਆਂ ਟੋਲੀਆਂ ਵਿੱਚ ਦਰੱਖਤਾਂ ਦੀ ਛਾਵੇਂ ਬੈਠ ਕੇ ਆਪਣੇ ਨਾਲ ਲਿਆਂਦੇ ਖਾਣੇ ਖਾਣ ਲੱਗੇ। ਉਸ ਅਫਸਰ ਨੇ ਆਪਣਾ ਖਾਣਾ ਖਾਧਾ ਤੇ ਉਹ ਆਲਾ-ਦੁਆਲਾ ਦੇਖ ਰਿਹਾ ਸੀ ਉਸ ਦੀ ਨਜ਼ਰ ਭਾਮ ਦੇ ਇਕ ਲੰਬੜਦਾਰ ‘ਤੇ ਪਈ, ਜਿਸ ਨੇ ਆਪਣੇ ਨਾਲ ਲਿਆਂਦਾ ਇਕ ਹਦਵਾਣਾ ਚਾਕੂ ਨਾਲ ਕੱਟਿਆ, ਗੁੱਦਾ ਖਾ ਕੇ ਬੀਜ ਪਰਨੇ ਲੜ ਬੰਨ੍ਹ ਲਏ ਅਤੇ ਖੱਪਰ ਆਪਣੇ ਘੋੜੇ ਨੂੰ ਖੁਆ ਦਿੱਤਾ। ਅੱਧਾ ਘੰਟਾ ਬਾਅਦ ਜਦੋਂ ਸਾਰੇ ਫੇਰ ਇਕੱਠੇ ਹੋਏ, ਤਾਂ ਉਹ ਅੰਗਰੇਜ਼ ਅਫਸਰ ਆਪਣੇ ਮਾਤਹਿਤਾਂ ਨੂੰ ਆਖਣ ਲੱਗਾ, “ਸਾਮਾਨ ਪੈਕ ਕਰੋ, ਵਾਪਸ ਚੱਲੀਏ, ਇਨ੍ਹਾਂ ਲੋਕਾਂ ਨੂੰ ਬੱਚਤ ਬਾਰੇ ਕੁਝ ਹੋਰ ਦੱਸਣ ਦੀ ਲੋੜ ਨਹੀਂ। ਇਨ੍ਹਾਂ ਨਾਲੋਂ ਵੱਧ ਬੱਚਤ ਹੋਰ ਕੌਣ ਕਰ ਸਕਦਾ ਹੈ। ਉਹ ਦੇਖੋ ਉਸ ਲੰਬੜਦਾਰ ਨੇ ਹਦਵਾਣੇ ਦਾ ਗੁੱਦਾ ਆਪ ਖਾਧਾ, ਬੀਜ ਪਰਨੇ ਲੜ ਬੰਨ੍ਹ ਲਏ ਅਤੇ ਖੱਪਰ ਆਪਣੇ ਘੋੜੇ ਨੂੰ ਖੁਆ ਦਿੱਤਾ ਹੈ।”

 Bham Village History | ਭਾਮ ਪਿੰਡ ਦਾ ਇਤਿਹਾਸ

ਸਿੱਖ ਧਰਮ ਦੇ ਪ੍ਰਫੁੱਲਤ ਹੋਣ ਦੇ ਨਾਲ ਇਹ ਪਿੰਡ ਤਰੱਕੀ ਦੀਆਂ ਮੰਜ਼ਲਾਂ ਤੈਅ ਕਰੀ ਗਿਆ। ਸਮਾਜਿਕ ਕੁਰੀਤੀਆਂ, ਛੂਆ-ਛਾਤ ਦੇ ਭਰਮ ਹਟ ਗਏ। ਚਰਨ ਦਾਸ ਸਿੱਧੂ ਇਸ ਪਿੰਡ ਦੇ ਇੱਕ ਦਲਿਤ ਪਰਵਾਰ ਵਿੱਚ ਜੰਮੇ।

ਚਰਨ ਦਾਸ ਸਿੱਧੂ ਨੇ 33 ਨਾਵਲ ਅਤੇ ਡਰਾਮੇ ਲਿਖੇ ਹਨ ਜਿਨ੍ਹਾਂ ‘ਚੋਂ ਅੰਬੀਆਂ ਨੂੰ ਤਰਸੇਂਗੀ’, ‘ਭਜਨੋ’, ਅਤੇ ਬਾਜ਼ੀਗਰਨੀ ਬਹੁਤ ਹੀ ਪ੍ਰਸਿੱਧ ਹੋਏ। ਉਹਨਾਂ ਨੂੰ ਨਾਟਕ ‘ਭਗਤ ਸਿੰਘ’ ਲਈ ਸਾਹਿਤ ਅਕਾਦਮੀ ਦਾ ਇਨਾਮ ਵੀ ਮਿਲ ਚੁੱਕਾ ਹੈ।

ਇਸੇ ਪਿੰਡ ਦੇ ਹੈੱਡਮਾਸਟਰ ਰਵੇਲ ਸਿੰਘ ਜਸਵਾਲ ਅੱਤਵਾਦੀਆਂ ਦੇ ਨਜਾਇਜ਼ ਤੌਰ ਤਰੀਕਿਆਂ ਦੀ ਧੜੱਲੇ ਨਾਲ ਆਲੋਚਨਾ ਕਰਨ ਕਾਰਨ ਉਨ੍ਹਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ। ਇਸ ਪਿੰਡ ਦੇ ਨੌਜਵਾਨ ਪੱਤਰਕਾਰ ਮਨਜੀਤ ਸਿੰਘ ਜਸਵਾਲ ਇੱਕ ਨਿਧੜਕ ਪੱਤਰਕਾਰ ਦਾ ਫਰਜ਼ ਨਿਭਾਉਂਦਿਆਂ ਪੁਲਸ ਵਿਰੁੱਧ ਲਿਖਣ ਕਾਰਨ ਕਈ ਇਸਤਗਾਸਿਆਂ ਵਿੱਚ ਉਲਝਾਏ ਗਏ ਹਨ । ਉਹ ਮਾਸਿਕ ਪੱਤਰ ‘ਸੈਲਾਬ’ ਦੇ ਐਡੀਟੋਰੀਅਲ ਬੋਰਡ ਵਿੱਚ ਵੀ ਹਨ ਅਤੇ ਪੂਰੀ ਬਹਾਦਰੀ ਨਾਲ ‘ਸੈਲਾਬ’ ਵਿੱਚ ਸਮਾਜਿਕ ਕੁਰੀਤੀਆਂ ਬਾਰੇ ਲਿਖਦੇ ਹਨ। ਉਹ ਪਿੰਡ ਦੇ ਮੈਂਬਰ ਪੰਚਾਇਤ ਵੀ ਹਨ। ਇੱਕ ਵਾਰ ਚਰਨ ਦਾਸ ਸਿੱਧੂ ਹੁਰੀਂ ਉਸ ਦੀ ਦੁਕਾਨ ‘ਤੇ ਆਏ। ਉਹ ਦੋਨੋਂ ਇੱਕ-ਦੂਜੇ ਦੇ ਵਾਕਫ਼ ਨਹੀਂ ਸਨ, ਕਿਉਂਕਿ ਸਿੱਧੂ ਸਾਹਿਬ ਭਾਮ ਛੱਡ ਕੇ ਕਾਫੀ ਸਮਾਂ ਦਿੱਲੀ ਨੂੰ ਦਿਲ ਦੇ ਬੈਠੇ ਸਨ। ਮਨਜੀਤ ਸਿੰਘ ਨੂੰ ਆਉਂਦੇ ਹੀ ਆਖਣ ਲੱਗੇ “ਬਈ ਜੁਆਨਾ ਗੋਡਿਆਂ ਦਾ ਸਪਰੇਅਰ ਪਾਰਟ ਮਿਲ ਜਾਊ”। ਮਨਜੀਤ ਸਿੰਘ ਨੇ ਸਮਝਿਆ ਕੋਈ ਪਾਗਲ ਹੈ ਤੇ ਕਿਹਾ, “ਭਾਈ ਕਿਸੇ ਹੱਡੀਆਂ ਦੇ ਡਾਕਟਰ ਕੋਲ ਜਾਓ”। ਸਿੱਧੂ ਨੇ ਪਿੰਡ ਵਿੱਚ ਜਾ ਕੇ ਕਿਸੇ ਦੇ ਘਰੋਂ ਜਾ ਕੇ ਮਨਜੀਤ ਸਿੰਘ ਨੂੰ ਫੋਨ ਕਰਕੇ ਕਿਹਾ, “ਗੋਡਿਆਂ ਦਾ ਸਪੇਅਰ ਪਾਰਟ ਮਿਲ ਜਾਊ” ਤੇ ਨਾਲੇ ਹੀ ਉੱਚੀ-ਉੱਚੀ ਹੱਸ ਪਏ ਅਤੇ ਆਪਣੇ ਬਾਰੇ ਦੱਸਿਆ। ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜੀਉਣ ਦਾ ਉਨ੍ਹਾਂ ਦਾ ਨਿਰਾਲਾ ਹੀ ਢੰਗ ਹੈ ਅਤੇ ਉਹ ਇਸ ਤਰ੍ਹਾਂ ਦੇ ਡਰਾਮੇ ਕਰਦੇ ਹੀ ਰਹਿੰਦੇ ਸਨ। ਭਾਮ ਵਿੱਚ ਸਿੱਧੂ ਅਤੇ ਜੱਖੂ ਗੋਤ ਦੇ ਆਦਧਰਮੀ ਹਨ। ਪਿੰਡ ਦੇ ਰਾਜਪੂਤਾਂ ਦਾ ਹਰੀਜਨਾ ਨਾਲ ਚੰਗਾ ਮੇਲ ਮਿਲਾਪ ਹੈ, ਜਿਸ ਦੀ ਪੁਸ਼ਟੀ ਸ੍ਰੀ ਚਰਨ ਦਾਸ ਸਿੱਧੂ ਆਪਣੀਆਂ ਲਿਖਤਾਂ ਵਿੱਚ ਕਰ ਚੁਕੇ ਹਨ। ਇਸ ਵਰਗ ਦੇ ਵੀ ਬਹੁਤ ਲੋਕ ਵਿਦੇਸ਼ਾਂ ਵਿੱਚ ਗਏ ਹੋਏ ਹਨ ਅਤੇ ਪਿੰਡ ਦੇ ਸਕੂਲ ਅਤੇ ਹੋਰ ਸਾਂਝੇ ਕੰਮਾਂ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ।

 Bham Village History | ਭਾਮ ਪਿੰਡ ਦਾ ਇਤਿਹਾਸ

ਇਸ ਵੇਲੇ ਭਾਮ ਦੀ ਆਬਾਦੀ 6500 ਦੇ ਕਰੀਬ ਹੈ। ਵੋਟਾਂ ਦੀ ਗਿਣਤੀ 2960 ਹੈ, ਜਿਸ ਵਿੱਚੋਂ 700 ਵੋਟਾਂ ਆਦਿਧਰਮੀਆਂ ਦੀਆਂ ਹਨ। ਭਾਮ ਵਿੱਚ ਸਰਬ-ਸੰਮਤੀ ਨਹੀਂ ਹੁੰਦੀ।

ਬੱਸ ਸਰਵਿਸ ਦੇ ਲਿਹਾਜ਼ ਨਾਲ ਭਾਮ ਇੱਕ ਭਾਰੀ ਬੱਸ ਜੰਕਸ਼ਨ ਹੈ। ਚੱਬੇਵਾਲ, ਹੁਸ਼ਿਆਰਪੁਰ, ਮਾਹਿਲਪੁਰ, ਪਾਂਛਟਾ, ਫਗਵਾੜਾ, ਆਦਮਪੁਰ ਸਭ ਪਾਸੇ ਨੂੰ ਬੱਸਾਂ ਇੱਥੋਂ ਚੱਲਦੀਆਂ ਹਨ। ਇਸੇ ਕਰਕੇ ਭਾਮ ਵਿੱਚ ਤਕਰੀਬਨ 200 ਦੁਕਾਨਾਂ ਉੱਪਰ ਟੈਲੀਵਿਜ਼ਨ, ਫਰਿੱਜ, ਬਰਤਨ, ਕੱਪੜਾ, ਮੁਨਿਆਰੀ, ਬਿਜਲੀ ਦਾ ਸਾਮਾਨ, ਗੱਲ ਕੀ ਹਰ ਲੋੜ ਦਾ ਸਾਮਾਨ ਮਿਲਦਾ ਹੈ। ਪਿੰਡ ਦੀਆਂ ਗਲੀਆਂ ਪੁਰਾਣੇ ਸਮਿਆਂ ਤੋਂ ਹੀ ਪੱਕੀਆਂ ਹਨ, ਪਰ ਹੈਨ ਬਹੁਤ ਵਿੰਗੀਆਂ-ਟੇਢੀਆਂ, ਜਿਸ ਤਰ੍ਹਾਂ ਕਿ ਪੁਰਾਣੇ ਸਮਿਆਂ ਵਿੱਚ ਸਭ ਪਿੰਡਾਂ ਵਿੱਚ ਹੋਇਆ ਕਰਦੀਆਂ ਸਨ।

ਪਿੰਡ ਦਾ ਹਾਈ ਸਕੂਲ ਠਾਕਰ ਨਿਸ਼ਾਨ ਸਿੰਘ ਦੇ ਉੱਦਮ ਨਾਲ ਸੰਨ 1975 ਵਿੱਚ ਬਣਿਆ। ਇਹ ਹੁਣ ਹਾਇਰ ਸੈਕੰਡਰੀ ਬਣ ਚੁੱਕਾ ਹੈ। ਇਸ ਨਗਰ ਦੀ ਧਾਰਮਿਕ ਮਹਾਨ ਸ਼ਖਸੀਅਤ ਸੰਤ ਬਾਬਾ ਹਰਨਾਮ ਸਿੰਘ ਦੀ ਕਠੋਰ ਮਿਹਨਤ ਸਦਕਾ ਸੰਨ 1907 ਵਿੱਚ ਪਿੰਡ ਭਾਮ ਵਿੱਚ ਗੁਰਦੁਆਰਾ ਬਣਿਆ।

Bham Village History | ਭਾਮ  ਪਿੰਡ ਦਾ ਇਤਿਹਾਸ

ਇੱਕ ਪੁਰਾਣੇ ਸਮੇਂ ਦਾ ਸ਼ਿਵ ਮੰਦਰ ਹੈ, ਪਰ ਇਸ ਦੀ ਇਮਾਰਤ ਵਿੱਚ ਕੁਝ ਵੀ ਪੁਰਾਤਨ ਨਹੀਂ ਰਹਿਣ ਦਿੱਤਾ ਗਿਆ। ਸੋਹਣਾ ਬਣਾਉਣ ਲਈ ਸੰਗਮਰਮਰ ਅਤੇ ਟਾਈਲਾਂ ਲਾ ਕੇ ਇਸ ਦੇ ਮਹਾਂਭਾਰਤ ਵੇਲੇ ਦਾ ਹੋਣ ਦੇ ਸਬੂਤ ਮਿਟਾ ਦਿੱਤੇ ਗਏ ਹਨ। ਇਸ ਮੰਦਰ ਵਿੱਚ ਦਸ ਕੁ ਫੁੱਟ ਡੂੰਘਾ ਇੱਕ ਛੋਟਾ ਜਿਹਾ ਭੋਰਾ ਹੈ, ਜਿਸ ਵਿੱਚ ਪਾਣੀ ਧਰਤੀ ਵਿੱਚੋਂ ਸਿੰਮਦਾ ਹੈ ਅਤੇ ਇਸ ਪਾਣੀ ਨੂੰ ਉੱਪਰ ਕੱਢਣ ਲਈ ਬਿਜਲੀ ਦੀ ਮੋਟਰ ਲਾਈ ਹੋਈ ਹੈ। ਮੰਦਰ ਤੇ ਬਾਹਰ ਪੁਰਾਣੇ ਖੂਹ ‘ਤੇ ਲੱਗੇ ਘਿਰਲੇ ਉਸ ਸਮੇਂ ਦੀ ਯਾਦ ਦਿਵਾਉਂਦੇ ਹਨ, ਜਦੋਂ ਨਲਕਿਆਂ ਤੋਂ ਪਹਿਲਾਂ ਪਿੰਡ ਦੀਆਂ ਮੁਟਿਆਰਾ ਦੇ ਝੁਰਮਟ ਪਾਣੀ ਲੈਣ ਲਈ ਘੜੇ ਸਿਰ ‘ਤੇ ਚੁੱਕ ਕੇ ਆਉਂਦੇ ਹਨ।

 Bham Village History | ਭਾਮ ਪਿੰਡ ਦਾ ਇਤਿਹਾਸ

ਪਿੰਡ ਦੇ ਵਿਚਕਾਰ ਇੱਕ ਦੁਰਗਾ ਮਾਤਾ ਦਾ ਮੰਦਰ ਵੀ ਹੈ। ਇਸ ਵੇਲੇ ਮੰਦਰ ਦੀ ਬੜੀ ਸ਼ਾਨਦਾਰ ਇਮਾਰਤ ਬਣ ਚੁੱਕੀ ਹੈ। ਸਭ ਤੋਂ ਵਧੀਆ ਗੱਲ ਇਸ ਮੰਦਰ ਦੇ ਪ੍ਰਬੰਧ ਦੀ ਇਹ ਹੈ ਕਿ ਹਰ ਵਕਤ ਗੁਰਦਵਾਰਿਆਂ ਦੀ ਤਰ੍ਹਾਂ ਲੰਗਰ ਚੱਲਦਾ ਹੈ। ਦੂਰੋਂ ਆਏ ਸ਼ਰਧਾਲੂਆਂ ਨੂੰ ਰਹਿਣ ਲਈ ਵੀ ਜਗ੍ਹਾ ਦਿੱਤੀ ਜਾਂਦੀ ਹੈ। ਪਿੰਡ ਵਿੱਚ ਇਕ ਹੋਰ ਗੁਰਦੁਆਰਾ ਅਤੇ ਦੋ ਪੀਰਾਂ ਦੇ ਸਥਾਨ ਹਨ। ਇਕ ਬਹੁਤ ਡੂੰਘੀ ਖਾਈ (ਤਲਾਬ) ਵੀ ਹੈ, ਜਿਸ ਬਾਰੇ ਵਿਸ਼ਵਾਸ ਹੈ ਕਿ ਇਹ ਮਹਾਂਭਾਰਤ ਦੇ ਸਮੇਂ ਦੀ ਹੈ ਅਤੇ ਪਾਂਡਵਾਂ ਨੇ ਆਪਣੇ ਗੁਪਤ ਬਨਵਾਸ ਦਾ ਕੁਝ ਸਮਾਂ ਇਸ ਪਿੰਡ ਵਿੱਚ ਗੁਜ਼ਾਰਿਆ। ਜਸਵਾਲ ਰਾਜਿਆਂ ਨੇ ਇਸ ਖਾਈ ਦੇ ਲਾਗੇ ਆਪਣੀ ਰਿਹਾਇਸ਼ ਲਈ ਇੱਕ ਕਿਲ੍ਹਾ ਵੀ ਉਸਾਰਿਆ ਸੀ, ਪਰ ਉਸ ਦਾ ਕੋਈ ਵੀ ਨਿਸ਼ਾਨ ਬਾਕੀ ਨਹੀਂ, ਸਿਵਾਏ ਇੱਕ ਛੋਟੀ ਜਿਹੀ ਬਹੁਤ ਡੂੰਘੀ ਖੂਹੀ ਦੇ। ਦੁਆਬੇ ਦੇ ਹੋਰ ਪਿੰਡਾਂ ਦੀ ਤਰ੍ਹਾਂ ਭਾਮ ਦੇ ਬਹੁਤ ਲੋਕ ਵੀ ਵਿਦੇਸ਼ਾਂ ਨੂੰ ਚਲੇ ਗਏ ਹਨ। ਤੇ ਉਨ੍ਹਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਹਨ। ਕਈ ਘਰਾਂ ਦੀਆਂ ਛੱਤਾਂ ਡਿੱਗਣ ਨਾਲ ਕੀਮਤੀ ਸਾਮਾਨ ਮਲਬੇ ਹੇਠ ਦੱਬਿਆ ਪਿਆ ਹੈ ਅਤੇ ਘਰਾਂ ਅੰਦਰ ਆਪਣੇ-ਆਪ ਉੱਗੇ ਪਿੱਪਲ, ਬੋਹੜ ਅਤੇ ਡੇਕ ਦੇ ਦਰੱਖਤ ਦਿਸਦੇ ਹਨ।

 

 

Credit – ਵਾਸਦੇਵ ਸਿੰਘ ਪਰਹਾਰ

Leave a Comment

error: Content is protected !!