ਡਮੁੰਡਾ
ਅਜ਼ਾਦੀ ਲਈ ਕੁਰਬਾਨੀਆਂ ਕਰਨ ਵਾਲਿਆਂ ਦਾ ਪਿੰਡ
ਪਿੰਡ ਡਮੁੰਡਾ ਜ਼ਿਲ੍ਹਾ ਜਲੰਧਰ ਦੀ ਹੱਦ ਬਸਤ ਨੰ. 64 ਅਤੇ ਰਕਬਾ ਜ਼ਮੀਨ 397 ਹੈਕਟੇਅਰ ਹੈ। ਇਹ ਕਸਬਾ ਆਦਮਪੁਰ ਤੋਂ ਚੜ੍ਹਦੇ ਵੱਲ ਨੂੰ ਜਾਂਦੀ ਨਹਿਰ ‘ਤੇ ਚਾਰ ਕੁ ਮੀਲ ‘ਤੇ ਨਹਿਰ ਤੋਂ ਅੱਧਾ ਕੁ ਮੀਲ ਉੱਤਰ ਵਾਲੇ ਪਾਸੇ ਸਥਿਤ ਹੈ। ਇਸ ਪਿੰਡ ਦੇ ਕਈ ਸੂਰਮਿਆਂ ਨੇ ਦੇਸ਼ ਦੀ ਅਜ਼ਾਦੀ ਲਈ ਬੱਬਰ ਅਕਾਲੀ ਲਹਿਰ ਸਮੇਂ ਪੁਲਸ ਦੇ ਤਸ਼ੱਦਦ ਝੱਲੇ, ਜਾਇਦਾਦਾਂ ਦੀਆਂ ਕੁਰਕੀਆਂ ਕਰਵਾਈਆਂ, ਜੂਹਬੰਦ ਕੀਤੇ ਗਏ, ਪਰ ਅੰਗਰੇਜ਼ ਸਰਕਾਰ ਤੋਂ ਮਾਫ਼ੀ ਨਾ ਮੰਗੀ। ਇਸ ਪਿੰਡ ਦੇ ਬੱਬਰ ਬਚਿੰਤ ਸਿੰਘ ਦਾ ਨਾਂਅ ਬੱਬਰ ਅਕਾਲੀ ਟਰਾਇਲ ਕੇਸ ਨੰ. 3, ਜਿਹੜਾ ਕਿ ਮਿਸਟਰ ਹੈਰੀਸਨ ਐਡੀਸ਼ਨਲ ਸੈਸ਼ਨ ਜੱਜ ਲਾਹੌਰ ਦੀ ਅਦਾਲਤ ਵਿੱਚ ਚੱਲਿਆ, 22 ਨੰਬਰ ‘ਤੇ ਹੈ। ਇਸ ਕੇਸ ‘ਚ 37 ਬੱਬਰਾਂ ਦੇ ਨਾਂਅ ਹਨ। ਬੱਬਰ ਬਚਿੰਤ ਸਿੰਘ 4 ਅਪ੍ਰੈਲ ਸੰਨ 1925 ਨੂੰ ਗ੍ਰਿਫਤਾਰ ਹੋਇਆ ਅਤੇ 20 ਫਰਵਰੀ ਸੰਨ 1926 ਨੂੰ ਉਸ ਨੂੰ ਉਮਰ ਕੈਦ ਹੋਈ । ਉਸ ਨੂੰ ਖ਼ਤਰਨਾਕ ਬੱਬਰ ਸਮਝ ਕੇ ਅੰਗਰੇਜ਼ ਸਰਕਾਰ ਨੇ ਉਸ ਨੂੰ ਕਾਲੇਪਾਣੀ (ਅੰਡੇਮਾਨ) ਭੇਜ ਦਿੱਤਾ। ਬਹੁਤੇ ਬੱਬਰਾਂ ਦੀ ਤਰ੍ਹਾਂ ਬਚਿੰਤ ਸਿੰਘ ਨੇ ਕੁਝ ਸਮਾਂ ਫੌਜ ਦੀ ਨੌਕਰੀ ਕੀਤੀ ਸੀ। ਉਸ ਦੇ ਵਿਚਾਰ ਦੇਸ਼ ਲਈ ਕੁਝ ਕਰਨ ਦੇ ਸਨ, ਜਿਸ ਕਰਕੇ ਉਸ ਨੇ ਸ਼ਾਦੀ ਦੇ ਬੰਧਨ ‘ਚ ਨਾ ਫਸਣ ਦਾ ਫੈਸਲਾ ਕੀਤਾ। ਉਹ ਇਸ ਲਹਿਰ ਦੇ ਚੋਟੀ ਦੇ ਬੱਬਰਾਂ ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਬਹਿਬਲਪੁਰ, ਬਾਬੂ ਸੰਤਾ ਸਿੰਘ ਛੋਟੀ ਹਰੀਓਂ, ਬੰਤਾ ਸਿੰਘ ਧਾਮੀਆਂ ਅਤੇ ਵਰਿਆਮ ਸਿੰਘ ਧੁੱਗਾ ਦੇ ਬਹੁਤ ਨੇੜੇ ਸੀ। ਬੱਬਰਾਂ ਦੇ ਵੱਡੇ-ਵੱਡੇ ਕਾਰਨਾਮਿਆਂ ਵਿੱਚ ਹਿੱਸਾ ਲੈਂਦਾ ਰਿਹਾ। ਕੋਟਲੀ ਬਾਵਾ ਦਾਸ ਦੇ ਝੋਲੀ- ਚੁੱਕ ਮੁਖਬਰ ਜਵਾਲਾ ਸਿੰਘ ਦੇ ਕਤਲ ਵਿਚ 13-14 ਨਵੰਬਰ ਸੰਨ 1923 ਨੂੰ ਉਸ ਨੇ ਹਿੱਸਾ ਪਾਇਆ ਸੀ।
ਬੱਬਰ ਕਰਮ ਸਿੰਘ ਦੌਲਤਪੁਰ ਸਟੇਜਾਂ ਤੋਂ ਕਿਹਾ ਕਰਦੇ ਸਨ:
ਝੋਲੀ-ਚੁੱਕ ਹਰਾਂਬੜੋ ਸੱਚ ਦੱਸਾਂ,
ਬੱਬਰ ਵੱਢਣਗੇ ਵਾਂਗ ਗੰਡੇਰੀਆਂ ਦੇ।
12 ਦਸੰਬਰ ਸੰਨ 1923 ਨੂੰ ਕਠਾਰ ਲਾਗੇ ਪਿੰਡ ਮੰਡੇਰਾਂ ‘ਚ ਬੱਬਰਾਂ ਦਾ ਪੁਲਸ ਨਾਲ ਮੁਕਾਬਲਾ ਹੋਇਆ। ਮੰਡੇਰਾਂ ਦੇ ਜਗਤ ਸਿੰਘ ਨੇ ਬੱਬਰਾਂ ਨਾਲ ਵਿਸ਼ਵਾਸਘਾਤ ਕਰਕੇ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ। ਇਸ ਸਾਕੇ ਵਿੱਚ ਦੋ ਬੱਬਰ ਬੰਤਾ ਸਿੰਘ ਧਾਮੀਆਂ ਅਤੇ ਜੁਆਲਾ ਸਿੰਘ ਸਹੋਤਾ ਵਾਸੀ ਫਤਹਿਪੁਰ ਕੋਠੀ ਤਾਂ ਸ਼ਹੀਦ ਹੋ ਗਏ, ਪਰ ਬੱਬਰ ਵਰਿਆਮ ਸਿੰਘ ਧੁੱਗਾ ਪੁਲਸ ਦੇ ਸਿਪਾਹੀ ਵਜ਼ੀਰ ਖਾਨ ਨੂੰ ਜ਼ਖਮੀ ਕਰਕੇ ਬਚ ਨਿਕਲਿਆ। ਪੁਲਸ ਨੇ ਚੁਬਾਰੇ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਵਰਿਆਮ ਸਿੰਘ ਦਾ ਸਰੀਰ ਬਹੁਤ ਬੁਰੀ ਤਰ੍ਹਾਂ ਸੜ ਗਿਆ ਸੀ। ਮੰਡੇਰਾਂ ਤੋਂ ਭੱਜ ਕੇ ਉਹ ਤਿੰਨ ਕੁ ਮੀਲ ਦੱਖਣ ਵੱਲ ਪਿੰਡ ਡੁਮੰਡਾ ਬਚਿੰਤ ਸਿੰਘ ਕੋਲ ਬੜੀ ਨਾਜ਼ੁਕ ਹਾਲਤ ਵਿੱਚ ਪਹੁੰਚਿਆ। ਬਚਿੰਤ ਸਿੰਘ ਨੇ ਤਿੰਨ ਦਿਨ ਤੱਕ ਉਸ ਦੀ ਮਰਹਮ-ਪੱਟੀ ਕੀਤੀ, ਪਰ ਫਿਰ ਪਿੰਡ ਦੇ ਮੁਖਬਰਾਂ ਤੋਂ ਵਰਿਆਮ ਸਿੰਘ ਨੂੰ ਬਚਾਉਣ ਲਈ ਆਪਣੇ ਸਾਈਕਲ ‘ਤੇ ਬਿਠਾ ਕੇ ਉਸ ਨੂੰ ਪਿੰਡ ਦੌਲਤਪੁਰ (ਨੇੜੇ ਕਾਲਾ ਬੱਕਰਾ) ਜ਼ਿਲ੍ਹਾ ਜਲੰਧਰ ਵਿਖੇ ਛੱਡ ਆਇਆ। ਮੰਡੇਰਾਂ ਦਾ ਮੁਖਬਰ ਜਗਤਾ ਸੂਹ ਲੈਣ ਲਈ ਡਮੁੰਡੇ ਆਇਆ, ਜਿਸ ਤੋਂ ਚੁਕੰਨਾ ਹੋ ਕੇ ਬਚਿੰਤ ਸਿੰਘ ਨੂੰ ਉਸ ਨੂੰ ਆਪਣੇ ਘਰੋਂ ਪਰ੍ਹੇ ਕਰਨਾ ਪਿਆ। ਉਸ ਸਮੇਂ ਪਿੰਡਾਂ ਵਿੱਚ ਘਰਾਂ ਦੇ ਬੂਹੇ ਦਿਨ ਵੇਲੇ ਕੋਈ ਵੀ ਬੰਦ ਨਹੀਂ ਸਨ ਕਰਦੇ ਤੇ ਲੋਕੀਂ ਇੱਕ-ਦੂਜੇ ਦੇ ਘਰ ਬਿਨਾਂ ਬੂਹਾ ਖੜਕਾਏ ਜਾਣਾ ਗਲਤ ਨਹੀਂ ਸਨ ਸਮਝਦੇ। ਬੱਬਰ ਬਚਿੰਤ ਸਿੰਘ ਦੀ ਨਿਗਰਾਨੀ ਲਈ ਪੁਲਸ ਦਾ ਇੱਕ ਸਿਪਾਹੀ ਡਮੁੰਡੇ ਹੀ ਰਹਿੰਦਾ ਸੀ। ਉਹ ਸਾਰਾ ਦਿਨ ਪਿੰਡ ਦੇ ਚੌਧਰੀਆਂ ਦੇ ਥੜ੍ਹੇ ‘ਤੇ ਤਾਸ਼ ਖੇਡਦਾ ਰਹਿੰਦਾ, ਪਰ ਅੱਖ ਬੱਬਰ ਦੇ ਘਰ ਵੱਲ ਰੱਖਦਾ ਕਿ ਕੌਣ ਉਸ ਦੇ ਘਰ ਆਇਆ-ਗਿਆ ਹੈ। ਬੱਬਰ ਆਪਣੇ ਦੋਸਤ ਲੱਛੂ (ਲਛਮਣ ਸਿੰਘ) ਰਾਹੀਂ ਆਪਣੇ ਸਾਥੀ ਬੱਬਰਾਂ ਨੂੰ ਲੁਕਣ ਥਾਵਾਂ ‘ਤੇ ਰੋਟੀ ਭੇਜਦਾ ਹੁੰਦਾ। ਸੀ, ਪਰ ਪਿੰਡ ਵਿੱਚ ਕਿਸੇ ਨੂੰ ਪਤਾ ਨਾ ਲੱਗਣ ਦਿੰਦਾ। ਉਹ ਰੋਟੀਆਂ, ਦਾਲ-ਸਬਜ਼ੀ ਇੱਕ ਵੱਡੀ ਲੋਹੇ ਦੀ ਬਾਲਟੀ ਵਿੱਚ ਟਿਕਾ ਕੇ ਉਪਰ ਕੱਪੜਾ ਰੱਖ ਕੇ ਉਸ ‘ਤੇ ਇੱਕ ਸਾਬਣ ਦੀ ਟਿੱਕੀ ਰੱਖ ਲੈਂਦਾ। ਜੇ ਕੋਈ ਪੁੱਛਦਾ ਤਾਂ ਕਹਿੰਦਾ ਕਿ ਕਿਸੇ ਵਗਦੇ ਹਲਟ ‘ਤੇ ਕੱਪੜੇ ਧੋਣ ਚਲਿਆ ਹਾਂ । ਉਸ ਨੂੰ ਕਈ ਵਾਰੀ ਥਾਣੇ ਬੁਲਾ ਕੇ ਮਾਰਿਆ-ਕੁੱਟਿਆ ਗਿਆ, ਪਰ ਇਸ ਬਹਾਦਰ ਨੇ ਪੁਲਸ ਨੂੰ ਕੁਝ ਨਾ ਦੱਸਿਆ। ਉਸ ਨੂੰ ਦੇਸ਼ ਆਜ਼ਾਦ ਹੋਣ ‘ਤੇ 12 ਕਿੱਲੇ ਜ਼ਮੀਨ ਹਿਸਾਰ ਜ਼ਿਲ੍ਹੇ ‘ਚ ਸਰਕਾਰ ਨੇ ਦਿੱਤੀ ਅਤੇ ਕੁਝ ਪੈਨਸ਼ਨ ਵੀ ਲਾਈ। ਬੱਬਰ ਬਚਿੰਤ ਸਿੰਘ ਅਤੇ ਲਛਮਣ ਸਿੰਘ ਦੋਵੇਂ ਸੰਨ 1974 ਵਿੱਚ ਇੱਕ-ਦੂਜੇ ਤੋਂ ਅੱਗੇ-ਪਿੱਛੇ ਸੁਰਗਵਾਸ ਹੋ ਗਏ।
ਬੱਬਰ ਬਚਿੰਤ ਸਿੰਘ ਨੂੰ ਪਹਿਲਾਂ ਮੁਲਤਾਨ ਜੇਲ੍ਹ ਵਿੱਚ ਰੱਖਿਆ ਗਿਆ ਤੇ ਫੇਰ ਕਾਲੇ ਪਾਣੀ ਭੇਜ ਦਿੱਤਾ ਗਿਆ P ਰਾਹ ਵਿੱਚ ਕਲਕੱਤੇ ਦੀ ਅਲੀਪੁਰ ਜੇਲ੍ਹ ਵਿੱਚ ਜਹਾਜ ਦੀ ਸੀਟ ਮਿਲਣ ਤੱਕ ਰੱਖਿਆ ਗਿਆ। ਅਲੀਪੁਰ ਜੇਲ੍ਹ ਦੇ ਅੰਗਰੇਜ਼ ਦਾਰੋਗੇ ਨੂੰ ਬਚਿੰਤ ਸਿੰਘ ਨੇ ਸਲਾਮ ਨਾ ਕੀਤੀ ਬਲਕਿ ਆਪਣੇ ਦੋਵੇਂ ਹੱਥ ਕੱਛਾਂ ਵਿੱਚ ਦੇ ਕੇ ਦਾਰੋਗੇ ਸਾਹਮਣੇ ਖੜ੍ਹਾ ਰਿਹਾ। ਦਾਰੋਗੇ ਨੇ ਆਪਣੇ ਸਿਪਾਹੀਆਂ ਨੂੰ ਕਿਹਾ, “ਇਸ ਕੋ ਬੋਲੇ ਕਿ ਹਮ ਕੇ ਸਲਾਮ ਕਰੇ”। ਬਚਿੰਤ ਸਿੰਘ ਉਸੇ ਤਰ੍ਹਾਂ ਕੱਛਾਂ ਵਿੱਚ ਹੱਥ ਦੇਈ ਖੜ੍ਹਾ ਰਿਹਾ। ਖਿੱਜ ਕੇ ਦਾਰੋਗੇ ਨੇ ਚਾਰ-ਪੰਜ ਐਂਗਲੋ ਇੰਡੀਅਨ ਸਿਪਾਹੀਆਂ ਨੂੰ ਕਿਹਾ, “ਇਸ ਕੇ ਹਾਥ ਜ਼ਬਰਦਸਤੀ ਪਕੜ ਕਰ ਸਲਾਮ ਕਰਾਓ”। ਚਾਰੇ ਸਿਪਾਹੀ ਬਚਿੰਤ ਸਿੰਘ ਨੇ ਵਗਾਹ ਕੇ ਪਰੇ ਸੁੱਟ ਦਿੱਤੇ | ਫੇਰ ਹੋਰ ਕਈ ਸਿਪਾਹੀ ਆ ਗਏ ਤੇ ਬਚਿੰਤ ਸਿੰਘ ਨੂੰ ਫੜ ਕੇ ਕੋਠੀ ਬੰਦ ਕਰ ਦਿੱਤਾ ਗਿਆ। ਅਗਲੇ ਹੀ ਦਿਨ ਬਚਿੰਤ ਸਿੰਘ ਨੂੰ ਵਾਪਸ ਮੁਲਤਾਨ ਭੇਜ ਦਿੱਤਾ ਗਿਆ। ਇਸ ਜੇਲ੍ਹ ਵਿੱਚ ਉਸਨੂੰ ਐਨਾ ਕੁੱਟਿਆ ਗਿਆ ਕਿ ਉਹ ਬੇਹੋਸ਼ ਹੋ ਗਿਆ। ਜਿਸ ਦੀ ਗਲਵਕੜੀ ਛੇ ਬੰਗਾਲੀ ਸਿਪਾਹੀ ਨਾ ਛੁਡਾ ਸਕੇ, ਉਸ ਨੂੰ ਕਿੰਨਾ ਕੁ ਕੁਟਾਪਾ ਚਾੜ੍ਹਿਆ ਗਿਆ ਹੋਵੇਗਾ ਕਿ ਉਹ ਬੇਹੋਸ਼ ਹੋ ਗਿਆ। ਮੀਆਂ ਬੋਣ ਚੰਦ ਡਿਪਟੀ ਸੁਪਰਇਨਟੈਂਡੈਂਟ ਆਪ ਇਹ ਤਸੀਹੇ ਦੁਆ ਰਿਹਾ ਸੀ। ਫੇਰ ਕੋਠੀ ਬੰਦ ਕਰ ਦਿੱਤਾ ਗਿਆ। ਡਿਪਟੀ ਦੇਖਣ ਆਇਆ ਕਿ ਕੁੱਟ ਤੋਂ ਡਰਿਆ ਬਚਿੰਤ ਸਿੰਘ ਉਸ ਦੀਆਂ ਮਿੰਨਤਾਂ ਕਰੇਗਾ ਪਰ ਬਚਿੰਤ ਸਿੰਘ ਜ਼ਖਮੀ ਸ਼ੇਰ ਦੀ ਤਰ੍ਹਾਂ ਭੜਕ ਉੱਠਿਆ, “ਓ ਕੁੱਤਿਆਂ ਤੂੰ ਕੀ ਸਮਝਦਾ ਏਂ ਮੈਂ ਤੇਰੇ ਵਰਗੇ ਨੀਚ ਦੀਆਂ ਮਿੰਨਤਾਂ ਕਰਾਂਗਾ? ਚੰਡਾਲਾ! ਯਾਦ ਰੱਖੀਂ! ਜਦੋਂ ਮੈਂ ਜਿਉਂਦਾ ਜੇਲੋਂ ਬਾਹਰ ਨਿਕਲਿਆਂ ਸਭ ਤੋਂ ਪਹਿਲਾਂ ਤੇਰੇ ਹੀ ਸੀਰਵੇਂ ਪੀਵਾਂਗਾ। ਆਪਣੇ ਮਾਤਰਿਤਾਂ ਸਾਹਮਣੇ ਆਪਣੀ ਬੇਇੱਜ਼ਤੀ ਤੋਂ ਖਿੱਝ ਕੇ ਡਿਪਟੀ ਨੇ ਕੋਠੀ ਅੰਦਰ ਹੀ ਕੁੱਟ -ਕੁੱਟ ਕੇ ਬਚਿੰਤ ਸਿੰਘ ਨੂੰ ਬੇਹੋਸ਼ ਕਰ ਦਿੱਤਾ। ਅਗਸਤ 1935 ਵਿੱਚ ਬਚਿੰਤ ਸਿੰਘ ਨੂੰ ਲਾਹੌਰ ਜੇਲ੍ਹ ਭੇਜ ਦਿੱਤਾ ਗਿਆ । ਉਸਦੀ ਸਜ਼ਾ 19 ਮਹੀਨੇ ਹੋਰ ਵਧਾ ਦਿੱਤੀ ਗਈ।
ਬੱਬਰ ਅਕਾਲੀ ਟਰਾਇਲ ਕੇਸਾਂ ਦੀ ਕਾਰਵਾਈ, ਗਵਾਹਾਂ ਦੇ ਬਿਆਨ ਅਤੇ ਫੈਸਲਿਆਂ ਦੀਆਂ ਨਕਲਾਂ ਲਾਹੌਰ ਹਾਈ ਕੋਰਟ ਤੋਂ ਡਾ. ਬਖਸ਼ੀਸ਼ ਸਿੰਘ ਨਿੱਜਰ ਰਿਟਾਇਰਡ ਡਾਇਰੈਕਟਰ ਪੰਜਾਬ ਸਟੇਟ ਆਰਕਾਈਵਜ਼ ਨੇ ਆਪਣੇ ਇੱਕ ਹਮਜਮਾਤੀ ਵਕੀਲ ਰਾਹੀਂ ਮੰਗਵਾਈਆਂ। ਤਕਰੀਬਨ ਇੱਕ ਹਜ਼ਾਰ ਸਫੇ ਦੀ ਇਸ ਫਾਈਲ ਨੂੰ ਜਿਲਦ ਬੰਨ੍ਹਵਾ ਕੇ ਉਹਨ੍ਹਾਂ ਰੱਖੀ ਹੋਈ ਸੀ ਤੇ ਮੈਂ ਉਨ੍ਹਾਂ ਤੋਂ ਪੜ੍ਹਨ ਲਈ ਪ੍ਰਾਪਤ ਕੀਤੀ ਸੀ। ਇਸ ਫਾਈਲ ਵਿੱਚੋਂ ਬੱਬਰ ਬਚਿੰਤ ਸਿੰਘ ਦੇ ਖਿਲਾਫ਼ ਇਸੇ ਪਿੰਡ ਦੇ ਉਨ੍ਹਾਂ ਦੇ ਇੱਕ ਬੰਦੇ ਨੇ ਜੋ ਬਿਆਨ ਦਿੱਤਾ, ਉਹ ਇਸ ਪ੍ਰਕਾਰ ਸਨ: ‘ਬਚਿੰਤ ਸਿੰਘ ਬੱਬਰ ਅਕਾਲੀ ਕੰਸਪਾਇਰੇਸੀ ਕੇਸ ਨੰ. 2 ਸੰਨ 1925 ਦਾ ਮੁਲਜ਼ਮ ਤੀਜੀ-ਚੌਥੀ ਪੁਸ਼ਤ ‘ਚੋਂ ਮੇਰੇ ਚਾਚੇ ਦਾ ਪੁੱਤ ਹੈ। ਦਸ-ਬਾਰਾਂ ਸਾਲ ਹੋਏ, ਉਸ ਦੀ ਮੌਤ ਪਿੱਛੋਂ ਉਹ ਮੇਰੇ ਘਰ ਹੀ ਰੋਟੀ ਖਾਂਦਾ ਸੀ, ਕਿਉਂਕਿ ਉਹ ਵਿਆਹਿਆਂ ਹੋਇਆ ਨਹੀਂ ਸੀ। ਜਦ ਕਦੇ ਉਸ ਦੇ ਪ੍ਰਾਹੁਣੇ ਵੀ ਆਉਂਦੇ ਤਾਂ ਖਾਣਾ ਮੇਰੇ ਘਰੋਂ ਹੀ ਜਾਂਦਾ ਸੀ। 10-11 ਮਹੀਨਿਆਂ ਦੀ ਗੱਲ ਹੈ ਕਿ ਮੈਂ ਆਪਣੇ ਖੂਹ ‘ਤੇ ਨਹਾ ਰਿਹਾ ਸੀ, ਜਿਹੜਾ ਵੱਡੀ ਡਰੋਲੀ ਵਾਲੇ ਰਾਹ ‘ਤੇ ਵਾਕਿਆ ਹੈ। ਜਦ ਬਚਿੰਤ ਸਿੰਘ ਮੇਰੇ ਕੋਲ ਦੀ ਲੰਘਿਆ ਤਾਂ ਮੈਨੂੰ ਆਖਿਆ ਕਿ ਉਨ੍ਹਾਂ ਮਹਿਮਾਨਾਂ ਲਈ ਚਾਹ ਤਿਆਰ ਕਰਕੇ ਲਿਆਵਾਂ। ਉਹ ਵੱਡੀ ਡਰੋਲੀ ਵੱਲੋਂ ਆ ਰਹੇ ਸਨ। ਵੀਹ ਕੁ ਦਿਨ ਪਿੱਛੋਂ ਮੈਂ ਆਪਣੇ ਗੱਡੇ ਲਈ ਬਾਂਸ ਲੈਣ ਲਈ ਬਚਿੰਤ ਸਿੰਘ ਦੀ ਹਵੇਲੀ ਗਿਆ ਤਾਂ ਮੈਂ ਉਥੇ ਤਿੰਨ ਪ੍ਰਾਹੁਣੇ ਬੈਠੇ ਦੇਖੇ। ਉਨ੍ਹਾਂ ‘ਚੋਂ ਦੋ ਤਾਂ ਉਹ ਸਨ, ਜੋ ਮੈਂ ਬਚਿੰਤ ਸਿੰਘ ਨਾਲ ਪਹਿਲਾਂ ਦੇਖੇ ਸਨ। ਕੁਝ ਦੇਰ ਬਾਅਦ ਜਦੋਂ ਬਚਿੰਤ ਸਿੰਘ ਉਨ੍ਹਾਂ ਲਈ ਰੋਟੀ ਲੈਣ ਆਇਆ ਤਾਂ ਮੈਂ ਪੁੱਛਿਆ ਕਿ ਪ੍ਰਾਹੁਣੇ ਕੌਣ ਹਨ। ਉਸ ਨੇ ਆਖਿਆ ਕਿ ਉਸ ਦੇ ਦੋਸਤ ਹਨ। ਇਕੱਠੇ ਰੈਜਮੈਂਟ ‘ਚ ਹੁੰਦੇ ਸਨ। ਉਨ੍ਹਾਂ ਦੇ ਨਾਂਅ ਧੰਨਾ ਸਿੰਘ ਬਹਿਬਲਪੁਰ, ਵਰਿਆਮ ਸਿੰਘ ਧੁੱਗਾ ਅਤੇ ਬੰਤਾ ਸਿੰਘ ਧਾਮੀਆਂ ਹਨ”।
ਇਸ ਕੇਸ ਵਿੱਚ ਰੱਖਾ ਰਾਮ ਗਵਾਹ 266 ਪੁੱਤਰ ਰਾਧਾ ਰਾਮ ਉਮਰ 30 ਸਾਲ ਜਾਤ ਸਨਿਆਰਾ ਪਿੰਡ ਡਰੋਲੀ ਥਾਣਾ ਆਦਮਪੁਰ ਨੇ ਮਿਤੀ 14 ਅਕਤੂਬਰ ਸੰਨ 1924 ਨੂੰ ਜੋ ਬਿਆਨ ਦਿੱਤੇ, ਉਹ ਕੇਸ ਦੀ ਫਾਈਲ ਦੇ ਪੰਨਾ ਨੰ. 563 ‘ਤੇ ਇਸ ਤਰ੍ਹਾਂ ਹਨ: ‘ਬਚਿੰਤ ਸਿੰਘ ਨੇ ਮੈਨੂੰ ਇੱਕ ਠੂਠੀ, ਦੋ ਸੋਨੇ ਦੇ ਫੁੱਲ, ਤਿੰਨ ਸੋਨੇ ਦੇ ਟਿੱਕੇ ਤੇ ਇਕ ਸੋਨੇ ਦੀ ਪੌਂਹਚੀ ਦਿਖਾਈ। ਉਨ੍ਹਾਂ ਗਹਿਣਿਆਂ ਦੀ ਲਾਖ ਪਹਿਲਾਂ ਹੀ ਉੱਤਰੀ ਹੋਈ ਸੀ। ਉੱਪਰ ਇੱਕ ਤੋਲੇ ਦੀ ਕੀਮਤ 24 ਰੁਪਏ ਲਿਖੀ ਹੋਈ ਸੀ । ਸਾਰਿਆਂ ਦਾ ਵਜ਼ਨ ਕੋਈ ਦਸ ਕੁ ਤੋਲੇ ਸੀ ਤੇ ਵੇਚਣ ਲਈ ਰੱਖੇ ਹੋਏ ਸਨ। ਕੁੱਲ ਕੀਮਤ 240 ਰੁਪਏ ਬਣਦੀ ਸੀ, ਜਿਨ੍ਹਾਂ ‘ਚੋਂ 115 ਰੁਪਏ ਉਸ ਵੇਲੇ ਦਿੱਤੇ ਸਨ।
ਬੱਬਰਾਂ ਨੇ ਇਹ ਰਕਮ ਕੈਦ ਹੋਏ ਬੱਬਰਾਂ ਦੇ ਟੱਬਰਾਂ ਦੀ ਮਦਦ ਲਈ ਅਤੇ ਅਸਲਾ ਖਰੀਦਣ ਲਈ ਰੱਖੀ ਹੋਈ ਸੀ। ਬਚਿੰਤ ਸਿੰਘ ਨੇ ਪਿੰਡ ਪਾਂਛਟਾ ਤਹਿਸੀਲ ਫਗਵਾੜਾ ਵਿੱਚ ਇੱਕ ਵਾਰ ਡਾਕਾ ਮਾਰਨ ਦੀ ਸਕੀਮ ਬਣਾਈ ਸੀ, ਜੋ ਸਿਰੇ ਨਾ ਚੜ੍ਹ ਸਕੀ। ਬੱਬਰ ਬਚਿੰਤ ਸਿੰਘ ਅਤੇ ਹੋਰ ਬੱਬਰਾਂ ਅੰਗਰੇਜ਼ ਸਰਕਾਰ ਦੀਆਂ ਸਿੱਖਾਂ ਵਿਰੁੱਧ ਵਧੀਕੀਆਂ ਜਿਵੇਂ ਕਿ ਗੁਰਦੁਆਰਾ ਰਕਾਬਗੰਜ ਦੀ ਦੀਵਾਰ ਢਾਹੁਣਾ, ਗ਼ਦਰੀ ਬਾਬਿਆਂ ਨੂੰ ਕਲਕੱਤਾ ਬੰਦਰਗਾਹ ‘ਤੇ ਗੋਲੀਆਂ ਨਾਲ ਭੁੰਨਣਾ, ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕਾ ਬਾਗ ਅਤੇ ਜੈਤੋ ਦੇ ਮੋਰਚਿਆਂ ਵਿੱਚ ਨਿਹੱਥੇ ਸਿੱਖਾਂ ਨੂੰ ਡਾਂਗਾਂ ਨਾਲ ਕੁੱਟਣਾ, ਘੋੜਿਆਂ ਦੇ ਪੈਰਾਂ ਹੇਠ ਦਰੜਨਾ ਆਦਿ ਨੂੰ ਨਾ ਸਹਾਰਦੇ ਹੋਏ ਹਥਿਆਰਬੰਦ ਸੰਘਰਸ਼ ਦਾ ਫੈਸਲਾ ਕੀਤਾ ਸੀ । ਵਾਅਦਾ ਮੁਆਫ਼ ਗਵਾਹ ਅਨੂਪ ਸਿੰਘ ਮਾਣਕੋ ਨੇ ਵੀ ਇਸ ਕੇਸ ਵਿੱਚ ਬਿਆਨ ਦਿੱਤਾ ਸੀ ਕਿ ‘ਬੱਬਰ ਅਕਾਲੀ ਅਖ਼ਬਾਰ ਪ੍ਰਿੰਟ ਕਰਨ ਵਾਲਾ ਡੁਪਲੀਕੇਟਰ ਬੱਬਰ ਬਚਿੰਤ ਸਿੰਘ ਕੋਲ ਸੀ ਤੇ ਬਾਬੂ ਸੰਤਾ ਸਿੰਘ ਛੋਟੀ ਹਰੀਉਂ ਦੇ ਕਹਿਣ ‘ਤੇ ਉਸ ਨੇ ਬਚਿੰਤ ਸਿੰਘ ਤੋਂ ਲੈ ਕੇ ਸੰਤਾ ਸਿੰਘ ਦੇ ਹਵਾਲੇ ਕੀਤਾ ਸੀ, ਜਿਸ ਨੇ ਅੱਗੇ ਇਹ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਕਿਤੇ ਛੁਪਾਇਆ ਸੀ।’
ਦਲੀਪ ਸਿੰਘ ਪੁੱਤਰ ਅੱਛਰ ਸਿੰਘ ਅੰਗਰੇਜ਼ ਸਰਕਾਰ ਦਾ ਮੁਖਬਰ ਸੀ। ਮੰਡੇਰਾਂ ਵਾਲਾ ਮੁਖਬਰ ਜਗਤਾ ਇਸ ਦਾ ਯਾਰ ਸੀ। ਬੱਬਰਾਂ ਨੇ ਦਲੀਪ ਸਿੰਘ ਨੂੰ ਸੋਧਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਚਾਚੇ ਚੌਧਰੀ ਰਾਮ ਕਿਸ਼ਨ ਨੇ ਬੱਬਰਾਂ ਨਾਲ ਸੁਲਾਹ ਸਫਾਈ ਕਰਵਾ ਦਿੱਤੀ। ਚੌਧਰੀ ਰਾਮ ਕਿਸ਼ਨ ਦਿਲੋਂ ਬੱਬਰਾਂ ਨਾਲ ਸੀ ਤੇ ਬੱਬਰਾਂ ਦੀ ਮਾਲੀ ਮਦਦ ਵੀ ਕਰ ਦਿਆ ਕਰਦਾ ਸੀ। ਆਪਣੇ ਸਮੇਂ ਵਿੱਚ ਇਹ ਪਿੰਡ ਦਾ ਚੌਧਰੀ ਸੀ ਅਤੇ ਸਰਕਾਰੇ ਦਰਬਾਰੇ ਵੀ ਇਸ ਦੀ ਬੱਧੀ ਛੁੱਟਦੀ ਸੀ। ਅੰਗਰੇਜ਼ ਡਿਪਟੀ ਕਮਿਸ਼ਨਰ ਆਦਮਪੁਰ ਆਇਆ ਤੇ ਬੱਬਰਾਂ ਵਿਰੁੱਧ ਸੂਹਾਂ ਦੇਣ ਵਾਲਿਆਂ ਨੂੰ ਮੁਰੱਬੇ ਜ਼ਮੀਨ ਦੇਣੇ ਸਨ। ਮੰਡੇਰਾਂ ਵਾਲੇ ਜਗਤੇ ਨੂੰ ਜਦੋਂ ਮੁਰੱਬੇ ਬਾਰੇ ਕਿਹਾ ਗਿਆ ਤਾਂ ਉਸ ਨੇ ਕਿਹਾ ਕਿ ਮੇਰੇ ਪਿਤਾ ਚੌਧਰੀ ਰਾਮ ਕਿਸ਼ਨ ਨੂੰ ਮੁਰੱਬਾ ਦਿੱਤਾ ਜਾਵੇ, ਮੈਂ ਜੋ ਕੁਝ ਵੀ ਕੀਤਾ ਹੈ ਇਨ੍ਹਾਂ ਦੇ ਸਿਰ ਕੀਤਾ ਹੈ।” ਅੱਗੋਂ ਚੌਧਰੀ ਰਾਮ ਕਿਸ਼ਨ ਨੇ ਕਿਹਾ ਕਿ ਮੇਰਾ ਭਤੀਜਾ ਦਲੀਪ ਸਿੰਘ ਹਰ ਵਕਤ ਪੁਲਸ ਨਾਲ ਰਹਿੰਦਾ ਹੈ, ਇਸ ਦਾ ਖਰਚ ਕਾਫੀ ਹੈ ਤੇ ਆਮਦਨ ਘੱਟ, ਮੁਰੱਬਾ ਇਸ ਨੂੰ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦਲੀਪ ਸਿੰਘ ਨੂੰ ਇਕ ਮੁਰੱਬਾ ਜ਼ਮੀਨ ਚੱਕ ਨੰ. 24, ਤਹਿਸੀਲ ਬਿਹਾੜੀ ਜ਼ਿਲ੍ਹਾ ਮੁਲਤਾਨ ਵਿੱਚ ਅਲਾਟ ਕਰ ਦਿੱਤਾ। ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਵਿਰੁੱਧ ਖਟਕੜ ਕਲਾਂ ਜਾਂ ਆਲੇ-ਦੁਆਲੇ ਦੇ ਕਿਸੇ ਪਿੰਡ ‘ਚੋਂ ਗਵਾਹੀ ਦੇਣ ਲਈ ਕੋਈ ਨਹੀਂ ਸੀ ਮਿਲ ਰਿਹਾ। ਇਕ ਅਮਲੀ ਜਿਹਾ ਖਟਕੜ ਕਲਾਂ ਦਾ ਮਹਿੰਗਾ ਨਾਮੀ ਪੁਲਸ ਨੇ ਮਨਾ ਲਿਆ। ਇਹ ਛੜਾ ਹੀ ਸੀ। ਇਸ ਨੂੰ ਵੀ ਇਸੇ ਚੱਕ ਵਿੱਚ ਇਕ ਮਰੱਬਾ ਜ਼ਮੀਨ ਮਿਲੀ ਹੋਈ ਸੀ। ਮਹਿੰਗਾ ਛੜਾ ਸੀ ਤੇ ਦਲੀਪ ਸਿੰਘ ਦੇ ਘਰ ਹੀ ਰੋਟੀ ਖਾਂਦਾ ਸੀ। ਦੋਨੋਂ ਹੀ ਇਕੱਠੇ ਸ਼ਰਾਬ ਪੀਂਦੇ ਸਨ । ਕੁਝ ਸਾਲਾਂ ਬਾਅਦ ਮਹਿੰਗਾ ਆਪਣੀ ਮੁਰੱਬਾ ਜ਼ਮੀਨ ਦਲੀਪ ਸਿੰਘ ਨੂੰ ਵੇਚ ਕੇ ਖਟਕੜ ਕਲਾਂ ਆ ਗਿਆ ਅਤੇ ਬੜੀ ਹੀ ਭੈੜੀ ਹਾਲਤ ਵਿੱਚ ਮਰਿਆ। ਦਲੀਪ ਸਿੰਘ ਦੇ ਕੋਈ ਲੜਕਾ ਨਹੀਂ ਸੀ। ਉਸਦੀ ਇਕ ਲੜਕੀ ਹੀ ਸੀ ਜੋ ਕਿ ਬਿੰਜੋਂ ਦੇ ਮਸ਼ਹੂਰ ਵਕੀਲ ਸਲਾਮਤ ਰਾਏ ਜੋ ਹੁਸ਼ਿਆਰਪੁਰ ਰਹਿੰਦੇ ਸਨ ਦੇ ਲੜਕੇ ਮਦਨ ਮੋਹਣ ਨਾਲ ਵਿਆਹੀ ਗਈ। ਇਸ ਇਲਾਕੇ ਵਿੱਚ ਰਾਜਪੂਤਾਂ ਦਾ ਪਿੰਡ ਡਰੋਲੀ ਕਲਾਂ ਬਾਬਰ ਦੇ ਸਮੇਂ ਆਬਾਦ ਹੋਇਆ। ਉਸ ਪਿੰਡ ਵਿੱਚੋਂ ਇੱਕ ਅਸ਼ੂਪਾਲ ਨੇ ਆਪਣਾ ਹਿੱਸਾ ਵੱਖਰਾ ਕਰ ਲਿਆ। ਉਸ ਦੇ ਨਾਲ ਉਸ ਦੇ ਦੋ ਭਤੀਜੇ ਵੀ ਸਨ। ਉਹ ਉਮਰ ਦੇ ਛੋਟੇ ਹੋਣ ਕਰਕੇ ਉਨ੍ਹਾਂ ਨੂੰ ਮੁੰਡੇ ਹੀ ਕਹਿੰਦਾ ਸੀ। ਅਸ਼ੂਪਾਲ ਨੇ ਖੁਦ 80 ਮੁਰੱਬੇ ਜ਼ਮੀਨ ਅਤੇ ਭਤੀਜਿਆਂ ਨੂੰ 40 ਮੁਰੱਬੇ ਜ਼ਮੀਨ ਦਿੱਤੀ। ਅਸ਼ੂਪਾਲ ਨੇ ਪਿੰਡ ਕੰਦੋਲਾ ਵਸਾਇਆ ਤੇ ਉਨ੍ਹਾਂ ਦੋ ਮੁੰਡਿਆਂ ਜੋ ਪਿੰਡ ਵਸਾਇਆ ਉਸ ਦਾ ਨਾਂ ਦੋਮੁੰਡਾ ਪੈ ਗਿਆ, ਜੋ ਕਿ ਬੋਲਣ ਵਿੱਚ ਡਮੁੰਡਾ ਬਣ ਗਿਆ। ਚਾਚੇ-ਭਤੀਜਿਆਂ ਵਿੱਚ ਜ਼ਮੀਨ ਦੀ ਵੰਡ ਬਦਲੇ ਝਗੜਾ ਚੱਲਦਾ ਹੀ ਰਹਿੰਦਾ ਸੀ। ਦੋਵਾਂ ਧਿਰਾਂ ਦੇ ਸਾਂਝੇ ਰਿਸ਼ਤੇਦਾਰ ਡਰੋਲੀ ਅਤੇ ਪਧਿਆਣੇ ਵਾਲਿਆਂ ਨੇ ਵੀ ਅਸ਼ੂਪਾਲ ਨੂੰ ਕਿਹਾ ਕਿ ਉਹ ਆਪਣੀ ਜ਼ਮੀਨ ਵਿੱਚੋਂ 20 ਮੁਰੱਬੇ ਜ਼ਮੀਨ ਆਪਣੇ ਭਤੀਜਿਆਂ ਨੂੰ ਦੇ ਦੇਵੇ, ਪਰ ਉਹ ਨਾ ਮੰਨਿਆ। ਉਹ ਹਰ ਸਾਲ ਹੋਲੇ-ਮੁਹੱਲੇ ‘ਤੇ ਆਨੰਦਪੁਰ ਸਾਹਿਬ ਜਾਇਆ ਕਰਦਾ ਸੀ। ਰਸਤੇ ‘ਚ ਮਾਹਲਪੁਰ ਲਾਗੇ ਦੇ ਬੈਂਸਾਂ ਦੇ ਇੱਕ ਪਿੰਡ ਰੁਕਦਾ ਹੁੰਦਾ ਸੀ। ਹੌਲੀ-ਹੌਲੀ ਉਸ ਦੀ ਮਿੱਤਰਤਾ ਬੈਂਸਾਂ ਨਾਲ ਵੱਧ ਗਈ ਤੇ ਉਸ ਨੇ ਆਪਣੀ ਕੰਦੋਲੇ ਦੀ ਉਪਜਾਊ ਜ਼ਮੀਨ ਬਦਲੇ ਬੈਂਸਾਂ ਦੀ ਘੱਟ ਉਪਜਾਊ ਜ਼ਮੀਨ ਨਾਲ ਵਟਾ ਲਈ । ਇਸ ਤਰ੍ਹਾਂ ਡਮੁੰਡੇ ਦੇ ਨਾਲ ਦਾ ਪਿੰਡ ਕੰਦੋਲਾ ਬੈਂਸ ਜੱਟਾਂ ਦਾ ਪਿੰਡ ਬਣ ਗਿਆ ਅਤੇ ਬੈਂਸਾਂ ਦੇ ਪਿੰਡ ਦਾ ਨਾਂਅ ਅਸ਼ੂਪਾਲ ਦੇ ਨਾਂਅ ‘ਤੇ (ਇਸ ਨੂੰ ਪਾਲ ਵੀ ਆਖਦੇ ਸਨ) ਪਾਲਦੀ ਬਣ ਗਿਆ। ਇਹ ਪਿੰਡ ਮਾਹਲਪੁਰ ਤੋਂ ਦੱਖਣ ਵੱਲ ਤਿੰਨ ਕੁ ਮੀਲ ‘ਤੇ ਹੈ। ਪਾਲਦੀ ਦੀ ਜ਼ਮੀਨ ਕੰਦੋਲਾ ਨਾਲੋਂ ਦਸ ਮੁਰੱਬੇ ਵੱਧ ਸੀ, ਜਿਸ ਤੇ ਜੱਟਾਂ ਨੇ ਹੀ ਕਬਜ਼ਾ ਰੱਖਿਆ। ਇਸ ਕਰਕੇ ਪਾਲਦੀ ਵਿੱਚ ਰਾਜਪੂਤ ਮਿਨਹਾਸ ਗੋਤ ਦੇ ਅਤੇ ਬੈਂਸ ਜੱਟ ਹੀ ਸਨ। ਡਮੁੰਡੇ ਵਿੱਚ ਪਹਿਲਾਂ ਤਾਂ ਕੇਵਲ ਮਿਨਹਾਸ ਗੋਤ ਦੇ ਰਾਜਪੂਤ ਹੀ ਸਨ, ਪਰ ਬਾਅਦ ‘ਚ ਜੰਜੂਆ, ਭੱਟੀ ਅਤੇ ਚੌਹਾਨ ਗੋਤ ਵੀ ਇੱਥੇ ਲਿਆਂਦੇ ਗਏ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਇਸ ਪਿੰਡ ਦਾ ਖੜਕ ਸਿੰਘ ਹੋਇਆ। ਇਸ ਦਾ ਕੱਦ 7 ਫੁੱਟ ਸੀ ਤੇ ਸਿਹਤ ਵੀ ਬਹੁਤ ਚੰਗੀ ਸੀ। ਉਹ ਹਰ ਮੱਸਿਆ ‘ਤੇ ਅੰਮ੍ਰਿਤਸਰ ਨੂੰ ਪੈਦਲ ਜਾਂਦਾ ਸੀ ਤੇ ਇੱਕ ਵਾਰੀ ਉਥੋਂ ਲਾਹੌਰ ਦੇਖਣ ਚਲੇ ਗਿਆ। ਉਹ ਠੰਢੀ ਸੜਕ ‘ਤੇ ਘੁੰਮ ਰਿਹਾ ਸੀ ਕਿ ਸ਼ਾਮ ਦੀ ਸੈਰ ਲਈ ਬੱਘੀ ‘ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਉਧਰ ਆਏ। ਇਸ ਸੜਕ ‘ਤੇ ਆਮ ਆਦਮੀਆਂ ਨੂੰ ਨਹੀਂ ਆਉਣ- ਜਾਣ ਦਿੱਤਾ ਜਾਂਦਾ ਸੀ। ਮਹਾਰਾਜੇ ਨੇ ਦੇਖਿਆ ਕਿ ਇੱਕ ਉੱਚੇ ਕੱਦ ਵਾਲਾ ਜਵਾਨ ਤੁਰਿਆ ਜਾਂਦਾ ਹੈ। ਉਨ੍ਹਾਂ ਬੱਘੀ ਦੇ ਰਥਵਾਨ ਨੂੰ ਕਿਹਾ ਕਿ ਇਸ ਜਵਾਨ ਦੇ ਲਾਗੇ ਬੱਘੀ ਖੜੀ ਕਰਕੇ ਉਸ ਨੂੰ ਬੁਲਾਓ, ਪਰ ਉਸ ਨੂੰ ਇਹ ਨਾ ਦੱਸਣਾ ਕਿ ਮੈਂ ਕੌਣ ਹਾਂ। ਰਥਵਾਨ ਨੇ ਖੜਕ ਸਿੰਘ ਨੂੰ ਕਿਹਾ ਕਿ ਤੈਨੂੰ ਸਰਦਾਰ ਜੀ ਬੁਲਾਉਂਦੇ ਹਨ। ਖੜਕ ਸਿੰਘ ਨੇ ਬੱਘੀ ਦੇ ਕੋਲ ਆ ਕੇ ਮਹਾਰਾਜਾ ਸਾਹਿਬ ਨੂੰ ਸਤਿ ਸ੍ਰੀ ਅਕਾਲ, ਕੋਈ ਆਮ ਜਿਹਾ ਸਰਦਾਰ ਸਮਝ ਕੇ ਬੁਲਾਈ। ਮਹਾਰਾਜਾ ਸਾਹਿਬ ਨੇ ਪੁੱਛਿਆ, ‘ਤੇਰਾ ਨਾਂਅ ਕੀ ਏ ਜੁਆਨਾ’। ਮੈਨੂੰ ਲੋਕ ਖੜਕੂ ਕਹਿੰਦੇ ਹਨ।” ਉਸ ਨੇ ਕਿਹਾ “ਖੜਕੂ ਕਾਹਤੋਂ ਕਹਿੰਦੇ ਨੇ ?” ਮਹਾਰਾਜਾ ਸਾਹਿਬ ਨੇ ਪੁੱਛਿਆ। ਸਾਡੇ ਪਿੰਡ ਦਾ ਬੰਨੇ-ਬਸੀਮੇਂ ਦਾ ਝਗੜਾ ਡਰੋਲੀ ਵਾਲਿਆਂ ਨਾਲ ਚੱਲਦਾ ਰਹਿੰਦਾ ਹੈ ਤੇ ਸਾਡੇ ਪਿੰਡ ਵਾਲੇ ਮੈਨੂੰ ਇਕੱਲੇ ਨੂੰ ਹੀ ਡਾਂਗ ਫੜਾ ਕੇ ਉਨ੍ਹਾਂ ਦੇ ਸਾਹਮਣੇ ਕਰ ਦਿੱਤੇ ਹਨ। ਮਹਾਰਾਜਾ ਸਾਹਿਬ ਨੇ ਉਸ ਨੂੰ ਆਪਣਾ ਲੱਕੜੀ ਦਾ ਬਣਿਆ ਸ਼ਨਾਖਤੀ ਕਾਰਡ ਦੇ ਕੇ ਕਿਹਾ ਕਿ ਮੈਨੂੰ ਦਰਬਾਰ ਵਿੱਚ ਮਿਲਣਾ । ਦਰਬਾਰ ਪਹੁੰਚਣ ‘ਤੇ ਮਹਾਰਾਜਾ ਸਾਹਿਬ ਨੇ ਉਸ ਨੂੰ ਆਪਣੇ ਖੱਬੇ ਪਾਸੇ। ਕੁਰਸੀ ‘ਤੇ ਬਿਠਾਇਆ। ਸਵੇਰੇ ਦਸ ਵਜੇ ਤੋਂ ਸ਼ਾਮ ਦੇ ਦੋ ਵਜੇ ਤੱਕ ਦਰਬਾਰ ਵਿੱਚ ਸਰਕਾਰੀ ਕੰਮ-ਕਾਰ ਵਿੱਚ ਮਹਾਰਾਜਾ ਸਾਹਿਬ ਐਨੇ ਰੁਝੇ ਹੋਏ ਸਨ ਕਿ ਨਾਲ ਬਿਠਾਏ ਖੜਕ ਸਿੰਘ ਨਾਲ ਗੱਲ ਤੱਕ ਨਾ ਕੀਤੀ। ਠੀਕ ਦੋ ਵਜੇ ਉਨ੍ਹਾਂ ਦਰਬਾਰ ਬਰਖਾਸਤ ਕਰ ਦਿੱਤਾ। ਖੜਕ ਸਿੰਘ ਨੂੰ ਬਾਹੋਂ ਫੜ੍ਹ ਕੇ ਵਜ਼ੀਰ ਧਿਆਨ ਸਿੰਘ ਨੂੰ ਆਖਿਆ ਕਿ ਦੁਆਬੇ ਵਿੱਚ ਸਾਡੇ ਪਹਿਲਾਂ ਪੰਜ ਸਰਦਾਰ ਹਨ, ਇਹ ਸਾਡਾ ਛੇਵਾਂ ਸਰਦਾਰ ਹੈ। ਇਸ ਦੇ ਨਾਂਅ ‘ਤੇ ਦੁਆਬੇ ਦੇ ਬਾਕੀ ਪਿੰਡਾਂ ਦਾ ਪਟਾ ਲਿਖ ਦਿਓ। ਉਸ ਨੂੰ ਇੱਕ ਵਧੀਆ ਘੋੜਾ ਦੇ ਜੋੜਾ ਜਾਮਾ ਵੀ ਮਹਾਰਾਜਾ ਸਾਹਿਬ ਵੱਲੋਂ ਬਖਸ਼ਿਆ ਗਿਆ। ਉਹ ਪੰਜ ਸਰਦਾਰ ਅਲਾਵਲਪੁਰ ਵਾਲੇ ਬੈਂਸ, ਚੁਖਿਆਰਾ ਦੇ ਸਰੋਏ, ਭੁੰਗਰਨੀ, ਦਿਹਾਣਾ, ਬੋਹਣ, ਦੇ ਸਰੋਏ ਸਨ। ਖੜਕ ਸਿੰਘ ਨੂੰ ਜੋ ਜਗੀਰ ਮਿਲੀ, ਉਸ ਵਿੱਚ ਡਮੁੰਡਾ ਤੋਂ ਮਹਿਲਾਂਵਾਲੀ (ਹੁਸ਼ਿਆਰਪੁਰ ਸ਼ਹਿਰ ਤੋਂ 5 ਮੀਲ ਪੂਰਬ) ਵੱਲ ਦੇ ਪਿੰਡ ਦਰਜ ਸਨ।
ਮਹਾਰਾਜਾ ਸਾਹਿਬ ਵੱਲੋਂ ਜਗੀਰ ਮਿਲਣ ‘ਤੇ ਖੜਕ ਸਿੰਘ ਨੇ ਇਸ ਦਾ ਪ੍ਰਬੰਧ ਬਹੁਤ ਵਧੀਆ ਕੀਤਾ, ਉਸ ਸਮੇਂ ਜਗੀਰਦਾਰਾਂ ਨੂੰ ਹੀ ਦੀਵਾਨੀ ਅਤੇ ਫੌਜਦਾਰੀ ਅਦਾਲਤਾਂ ਵਾਲੇ ਅਖਤਿਆਰ ਮਿਲੇ ਹੋਏ ਸਨ । ਫਸਲ ਦਾ ਚਾਲ੍ਹੀਵਾ ਹਿੱਸਾ ਜ਼ਿੰਮੀਦਾਰਾਂ ਤੋਂ ਸਰਕਾਰੀ ਮਾਮਲੇ ਦੇ ਤੌਰ ‘ਤੇ ਲਿਆ ਜਾਂਦਾ ਸੀ, ਜੋ ਕਿ ਬਿਲਕੁਲ ਵਾਜਬ ਸੀ। ਹਰ ਇਕ ਪਿੰਡ ਦੀ ਫਸਲ ਆਉਣ ‘ਤੇ ਕਰਿੰਦੇ ਪਿੰਡ ਜਾਂਦੇ ਤੇ ਜ਼ਿੰਮੀਂਦਾਰਾਂ ਨੂੰ ਆਖਦੇ ਕਿ ਆਪਣੀ ਇਮਾਨਦਾਰੀ ਨਾਲ ਚਾਲੀਵਾਂ ਹਿੱਸਾ ਲਿਆ ਕੇ ਪਿੰਡ ਦੀ ਸਾਂਝੀ ਥਾਂ ‘ਤੇ ਢੇਰੀ ਕਰ ਦਿਓ। ਇਹ ਢੇਰ ਜਾਂ ਤਾਂ ਉਥੇ ਹੀ ਵੇਚ ਦਿੱਤੇ ਜਾਂਦੇ ਜਾਂ ਖੱਚਰਾਂ ਅਤੇ ਘੋੜਿਆਂ ‘ਤੇ ਲੱਦ ਕੇ ਜਲੰਧਰ ਸ਼ਹਿਰ ਨੂੰ ਵਿਕਰੀ ਲਈ ਭੇਜ ਦਿੱਤੇ ਜਾਂਦੇ । ਸਰਕਾਰੀ ਮਾਮਲਾ ਇਕੱਠਾ ਕਰਕੇ ਲਾਹੌਰ ਨੂੰ ਖੱਚਰਾਂ ‘ਤੇ ਲੱਦ ਕੇ ਭੇਜਿਆ ਜਾਂਦਾ । ਖਜ਼ਾਨਚੀ ਕੋਲ ਰੁਪਿਆ ਜਮ੍ਹਾਂ ਕਰਾਉਣ ‘ਤੇ ਉਨ੍ਹਾਂ ਨੂੰ ਪੰਜੋਤਰਾ (ਪੰਜ ਫੀਸਦੀ) ਭਾਗ ਉਨ੍ਹਾਂ ਦੇ ਹਿੱਸੇ ਵਜੋਂ ਮੋੜ ਦਿੱਤਾ ਜਾਂਦਾ। ਖੜਕ ਸਿੰਘ ਨੂੰ ਤਕਰੀਬਨ 1500 ਰੁਪਏ ਛਿਮਾਹੀ ਦੇ ਮਿਲ ਜਾਂਦੇ ਸਨ। ਉਸ ਸਮੇਂ ਪੰਜ ਰੁਪਏ ਦੀ ਇਕ ਵਧੀਆ ਮੱਝ ਜਾਂ ਘੋੜੀ ਮਿਲ ਜਾਂਦੀ ਸੀ।
ਖੜਕ ਸਿੰਘ ਨਾਲ ਉਸ ਦੀ ਚੜ੍ਹਤ ਦੇਖ ਕੇ ਪਿੰਡ ਦੇ ਕੁਝ ਲੋਕ ਈਰਖਾ ਕਰਨ ਲੱਗੇ । ਭੱਗੂ ਪੱਤੀ ਵਾਲੇ ਪਿੰਡ ਲਈ ਸਾਂਝਾ ਤਲਾਬ ਪੁੱਟਣ ਲਈ ਨਾ ਆਏ। ਖੜਕ ਸਿੰਘ ਨੇ ਅਮਲੋਹ ਲਾਗੇ ਦੇ ਕਰੌਦੀ ਪਿੰਡ ਦੇ ਜੰਜੂਆ ਗੋਤ ਦੇ ‘ ਰਾਜਪੂਤ ਇਸ ਪੱਤੀ ਵਿੱਚ ਮਰੂਸੀ ਲਿਆ ਵਸਾਏ, ਸਾਹਲੋਂ ਪਿੰਡ ਤੋਂ ਭੱਟੀ ਰਾਜਪੂਤਾਂ ਦਾ ਇੱਕ ਟੱਬਰ ਕਿੱਲਾ ਪੱਤੀ ਵਿੱਚ ਅਤੇ ਕੋਟਫਤੂਹੀ ਲਾਗੇ ਦੇ ਅਟਾਰੀ ਪਿੰਡ ਤੋਂ ਚੌਹਾਨ ਰਾਜਪੂਤਾਂ ਦਾ ਇੱਕ ਟੱਬਰ ਈਸਾ ਪੱਤੀ ਵਿੱਚ ਲਿਆ ਵਸਾਇਆ। ਇਹ ਨਵੇਂ ਲਿਆਂਦੇ ਟੱਬਰ ਖੜਕ ਸਿੰਘ ਨਾਲ ਹਰ ਔਖੇ ਸਮੇਂ ਖੜਦੇ ਸਨ। ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਸਮੇਂ ਖੜਕ ਸਿੰਘ ਅਤੇ ਸਰੋਏ ਸਰਦਾਰਾਂ ਨੂੰ ਮਹਾਰਾਜਾ ਸਾਹਿਬ ਵੱਲੋਂ ਨਿਉਂਦਾ ਮਿਲਿਆ। ਉਨ੍ਹਾਂ ਆਪਣੀ ਹੈਸੀਅਤ ਅਨੁਸਾਰ ਸ਼ਗਨ ਭੇਟ ਕੀਤੇ ਅਤੇ ਮਹਾਰਾਜਾ ਸਾਹਿਬ ਨੇ ਉਨ੍ਹਾਂ ਨੂੰ ਪੱਗਾਂ ਆਪਣੇ ਹੱਥੀਂ ਦਿੱਤੀਆਂ। ਅੰਗਰੇਜ਼ਾਂ ਨੇ ਸਿੱਖ ਰਾਜ ‘ਤੇ ਕਬਜ਼ਾ ਕਰਦੇ ਹੀ ਸਾਰੇ ਜਗੀਰਦਾਰਾਂ ਨੂੰ ਉਨ੍ਹਾਂ ਦੇ ਅਹੁਦਿਆਂ ‘ਤੇ ਟਿਕੇ ਰਹਿਣ ਦੇ ਪੱਤਰ ਪਹੁੰਚਾ ਦਿੱਤੇ, ਪਰ ਛੇਤੀ ਹੀ ਬਾਅਦ ਉਨ੍ਹਾਂ ਹਰ ਪਿੰਡ ਨੂੰ ਵੰਡੀ ਪਾਉਣ ਲਈ ਪੱਤੀਆਂ ਵਿੱਚ ਵੰਡ ਕੇ ਹਰ ਇੱਕ ਪੱਤੀ ਦਾ ਵੱਖਰਾ-ਵੱਖਰਾ ਨੰਬਰਦਾਰ ਮੁਕੱਰਰ ਕਰ ਦਿੱਤਾ । ਇਸ ਪਿੰਡ ਵਿੱਚ ਮੱਖਣ ਪੱਤੀ, ਕਿੱਲਾ ਪੱਤੀ, ਈਸਾ ਪੱਤੀ ਅਤੇ ਭੱਗੂ ਪੱਤੀ ਹੋਂਦ ਵਿੱਚ ਆਈਆਂ। ਈਸਾ ਪੱਤੀ ਨੂੰ ਜੱਟਾਂ ਦੀ ਪੱਤੀ ਵੀ ਆਖਦੇ ਹਨ, ਚੌਹਾਨ ਜੱਟ ਵੀ ਹਨ ਤੇ ਰਾਜਪੂਤ ਵੀ।
ਖੜਕ ਸਿੰਘ ਦੇ ਪੰਜ ਪੁੱਤਰ ਸਨ । ਦਸੌਂਧੀ, ਦਇਆ ਰਾਮ, ਘੰਮੂ, ਰਾਮ ਚੰਦ ਅਤੇ ਪੈਂਤਾ। ਦਸੌਂਧੀ ਦੇ ਅੱਗੇ ਤਿੰਨ ਪੁੱਤ ਫੱਤੂ, ਖਜ਼ਨ ਅਤੇ ਨਿਧਾਨ ਸਿੰਘ ਹੋਏ। ਖਜ਼ਾਨਾ ਤੋਂ ਬਾਅਦ ਉਸਾ ਦਾ ਪੁੱਤਰ ਰੂਪ ਚੰਦ ਹੋਇਆ। ਉਸ ਦੇ ਤਿੰਨ ਪੁੱਤਰ ਸਨ- ਠਾਕਰ ਸਿੰਘ, ਊਧਮ ਸਿੰਘ ਤੇ ਮਿਲਖੀ ਰਾਮ । ਊਧਮ ਸਿੰਘ ਦੇ ਅੱਗੇ ਰਾਮ ਬਸੰਤ ਸਿੰਘ, ਸਵਰਨ ਸਿੰਘ ਅਤੇ ਪ੍ਰੇਮ ਸਿੰਘ ਨਾਮੀ ਤਿੰਨ ਪੁੱਤਰ ਹੋਏ। ਰਾਮ ਬਸੰਤ ਸਿੰਘ ਦਾ ਨਾਂਅ ਪਹਿਲਾਂ ਪੂਰਨ ਚੰਦ ਸੀ। ਸਰਦਾਰ ਭਗਤ ਸਿੰਘ ਜਦੋਂ ਸਾਂਡਰਸ ਨੂੰ ਗੋਲੀ ਮਾਰ ਕੇ ਡੀ ਏ.ਵੀ. ਕਾਲਜ ਲਾਹੌਰ ਵਿੱਚ ਲੁਕੇ ਤਾਂ ਕੰਵਰ ਪੂਰਨ ਚੰਦ ਦੇ ਕਮਰੇ ਵਿੱਚ ਗਏ ਸਨ। ਸ. ਭਗਤ ਸਿੰਘ ਨੂੰ ਆਪਣੇ ਕਮਰੇ ਅੰਦਰ ਲੁਕਾ ਕੇ ਬਾਹਰੋਂ ਜੰਦਰਾ ਮਾਰ ਕੇ ਉਹ ਆਪਣੇ ਪਿੰਡ ਨੂੰ ਰੇਲ ਗੱਡੀ ਚੜ ਆਏ ਤੇ ਤਾਲੇ ਦੀ ਚਾਬੀ ਆਪਣੇ ਕਿਸੇ ਸਾਥੀ ਨੂੰ ਦੇ ਆਏ ਕਿ ਖਤਰਾ ਟਲਣ ਤੋਂ ਬਾਅਦ ਭਗਤ ਸਿੰਘ ਨੂੰ ਬਾਹਰ ਜਾ ਲੈਣ ਦੇਣਾ। ਰਾਮ ਬਸੰਤ ਸਿੰਘ ਦੇ ਪੁੱਤਰ ਸ. ਭਗਵਾਨ ਸਿੰਘ ਮਿਨਹਾਸ ਅੱਜ-ਕੱਲ੍ਹ ਵੈਨਕੂਵਰ (ਕੈਨੇਡਾ) ਵਿਖੇ ਹਨ। ਉਨ੍ਹਾਂ ਦੇ ਅੱਗੇ ਚਾਰ ਪੁੱਤਰ ਹਨ, ਜੋ ਸਾਰੇ ਕੈਨੇਡਾ ਵਿੱਚ ਹਨ। ਸਭ ਤੋਂ ਵੱਡੇ ਜਤਿੰਦਰ ਸਿੰਘ ਮਿਨਹਾਸ ਲੋਕ ਸੇਵਾ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਉਹ ਸੰਨ 1983 ਵਿੱਚ ਕੈਨੇਡਾ ਗਏ। ਪਹਿਲਾਂ ਫਾਰਮਾਂ ਵਿੱਚ ਕੰਮ ਕੀਤਾ, ਫੇਰ ਟੈਕਸੀ ਚਲਾਈ। ਉਥੇ ਹੀ ਲੋਕ ਭਲਾਈ ਦੇ ਕੰਮਾਂ ਨਾਲ ਬਹੁਤ ਸਮਾਂ ਲਾਉਣ ਲੱਗ ਪਏ। ਫੇਰ ਮਕਾਨ ਉਸਾਰੀ ਦਾ ਕੰਮ ਸ਼ੁਰੂ ਕੀਤਾ। ਅੱਜਕੱਲ੍ਹ ਕਾਰੋਬਾਰ ਪੂਰੀ ਚੜ੍ਹਦੀ ਕਲਾ ਵਿੱਚ ਹੈ। ਉਨ੍ਹਾਂ ਦੇ ਉੱਦਮ ਅਤੇ ਪਹਿਲਕਦਮੀ ਨਾਲ ਬ੍ਰਿਟਿਸ਼ ਕੋਲੰਬੀਆ ਵਿੱਚ ਗੁਰੂ ਨਾਨਕ ਮਿਸ਼ਨ ਸੁਸਾਇਟੀ ਜਲੰਧਰ ਵਾਲੇ ਗੁਰੂ ਨਾਨਕ ਮਿਸ਼ਨ ਹਸਪਤਾਲ ਨੂੰ ਸਹਿਯੋਗ ਦੇ ਰਹੀ ਹੈ। ਦੁਨੀਆ ਵਿਚ ਅਮੀਰ ਲੋਕਾਂ ਦੀ ਘਾਟ ਨਹੀਂ ਜਿਨ੍ਹਾਂ ਨੇ ਪੈਸਾ ਕਮਾ ਕੇ ਆਪਣੇ ਟੱਬਰ ਹੀ ਪਾਲੇ ਹਨ। ਉਹ ਵਿਰਲੇ ਹੀ ਹੁੰਦੇ ਹਨ ਜੋ ਲੋੜਵੰਦਾਂ ਨੂੰ ਸਹਾਇਤਾ ਦੇ ਕੇ ਉਨ੍ਹਾਂ ਦੀਆਂ ਅਸੀਸਾਂ ਪ੍ਰਾਪਤ ਕਰਦੇ ਹਨ। ਜਤਿੰਦਰ ਮਿਨਹਾਸ ਦੀਆਂ ਰਗਾਂ ਵਿਚ ਖੜਕ ਸਿੰਘ ਦਾ ਖੂਨ ਹੈ ਜੋ ਆਮ ਲੋਕਾਂ ਤੋਂ ਬਹੁਤ ਹੀ ਉੱਪਰ ਹੈ। ਉਹਨਾਂ ਦੀ ਕਾਰੋਬਾਰ ਵਿਚ ਸਫ਼ਲਤਾ ਦਾ ਬਹੁਤਾ ਲਿਖਣ ਨਾਲੋਂ ਮੈਂ ਇਹ ਲਿਖੇ ਬਿਨਾਂ ਡਮੁੰਡੇ ਦੀ ਤਵਾਰੀਖ਼ ਮੁਕੰਮਲ ਨਹੀਂ ਸਮਝਦਾ ਜੋ ਜਤਿੰਦਰ ਮਿਨਹਾਸ ਵਰਗੇ ਸਮਾਜ ਸੇਵਕ ਵਲੋਂ ਕੀਤੇ ਕਾਰਜਾਂ ਬਾਰੇ ਨਾ ਲਿਖਾਂ । ਉਹਨਾਂ ਨੇ ਪਿਛਲੇ ਕੁਝ ਸਾਲਾਂ ਵਿਚ ਹੇਠ ਲਿਖੇ ਦਾਨ ਕਰਕੇ ਆਪਣੀ ਕਮਾਈ ਸਫ਼ਲ ਕੀਤੀ ਅਤੇ ਆਪਣੇ ਖ਼ਾਨਦਾਨ ਦੀ ਸਰਵਉੱਚਤਾ ਦਾ ਸਬੂਤ ਦਿੱਤਾ:-
- ਸਟੀਵਨਸਨ ਪਾਰਕ ਦੀ ਉਸਾਰੀ ਲਈ ਦਸ ਹਜ਼ਾਰ ਡਾਲਰ
- ਸੀਨੀਅਜ਼ ਅਸਿਸਟਿਡ ਲਿਵਿੰਗ ਲਈ ਪੰਝੀ ਹਜ਼ਾਰ ਡਾਲਰ
- ਪੰਜਾਬ ਵਿਚ ਏਡਜ਼ ਦੇ ਮਰੀਜ਼ਾਂ ਲਈ ਗੜ੍ਹਾ (ਜਲੰਧਰ) ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਤਾਲਮੇਲ ਲਈ 11 ਲੱਖ ਰੁਪਏ।
- ਸੰਤ ਵਤਨ ਸਿੰਘ ਅਤੇ ਚੌਧਰੀ ਖਜ਼ਾਨ ਸਿੰਘ ਟਰਸਟ ਲਈ 20 ਲੱਖ ਰੁਪਏ।
- ਸਿੱਖ ਵਿਚਾਰਧਾਰਾ ਨੂੰ ਸਹੀ ਰੂਪ ਦੇਣ ਵਾਲੇ ਲੇਖਕ ਸ. ਸਰੂਪ ਸਿੰਘ ਅਲਗ ਦੀਆਂ ਲਿਖੀਆਂ ਕਿਤਾਬਾਂ ਦੀ ਛਪਾਈ ਲਈ ਸਹਾਇਤਾ ਜਿਸ ਨਾਲ ਇਹ ਕਿਤਾਬਾਂ ਮੁਫ਼ਤ ਵੰਡੀਆਂ ਜਾ ਰਹੀਆਂ ਹਨ।
ਖੜਕ ਸਿੰਘ ਦੀ ਮੌਤ ਤੋਂ ਬਾਅਦ ਵੀ ਉਸ ਦਾ ਪਰਿਵਾਰ ਇਲਾਕੇ ਵਿੱਚ ਸਿਰ ਕੱਢਵਾਂ ਪਰਿਵਾਰ ਚਲਿਆ ਆ ਰਿਹਾ ਹੈ। ਇਸ ਪਰਵਾਰ ਨੇ ਬਹੁਤ ਸਾਰੀ ਜ਼ਮੀਨ ਖਰੀਦੀ ਜਿਸਦਾ ਵੇਰਵਾ ਲੇਖਕ ਨੂੰ ਚੌਧਰੀ ਹਰਭਜਨ ਸਿੰਘ ਨੇ ਦੱਸਿਆ। ਖੜਕ ਸਿੰਘ ਦੇ ਪੋਤਿਆਂ ਫਤੇਹ ਸਿੰਘ ਅਤੇ ਖਜਾਨ ਸਿੰਘ ਕੋਲ 12500 ਰੁਪਏ ਇਕ ਮਿੱਟੀ ਦੇ ਭੜੋਲੇ ਵਿਚ ਲਕੋਏ ਹੋਏ ਸਨ। ਜਲੰਧਰ ਦਾ ਇਕ ਆੜ੍ਹਤੀਆ ਇਨ੍ਹਾਂ ਪਾਸ ਆਇਆ ਕਿ ਤੁਸੀਂ ਕਣਕ ਦੀ ਫਸਲ ਨਿਕਲਣ ਤੇ ਸਾਰੇ ਇਲਾਕੇ ਵਿੱਚੋਂ ਕਣਕ ਖਰੀਦ ਲਿਆ ਕਰੋ। ਸਰਦੀਆਂ ਵਿਚ ਇਸ ਦਾ ਭਾਅ ਦੁਗਣਾ ਹੋ ਜਾਂਦਾ ਸੀ। ਇਸ ਤਰ੍ਹਾਂ ਕਰਦਿਆਂ ਇਨ੍ਹਾਂ ਦਾ ਸਰਮਾਇਆ ਵਧਦਾ ਹੀ ਗਿਆ। ਇਕ ਸਾਲ ਜਦੋਂ ਬੰਗਾਲ ਵਿੱਚ ਕਾਲ ਪਿਆ ਤਾਂ ਇਨ੍ਹਾਂ ਦੀ ਖਰੀਦੀ ਕਣਕ ਜੋ ਕਿ ਜਲੰਧਰ ਦੇ ਆੜ੍ਹਤੀਏ ਕੋਲ ਪਈ ਸੀ, ਆੜਤੀਏ ਨੇ ਆਪਣੀ ਸਮਝ ਨਾਲ ਬੰਗਾਲ ਰੇਲਵੇ ਰਾਹੀਂ ਭੇਜ ਦਿੱਤੀ। ਸਾਢੇ ਬਾਰਾਂ ਹਜ਼ਾਰ ਦੀ ਖਰੀਦੀ ਕਣਕ ਦਾ ਪੰਜਾਹ ਹਜ਼ਾਰ ਰੁਪਿਆ ਬਣ ਗਿਆ। ਅੜਤੀਆਂ ਬਹੁਤ ਇਮਾਨਦਾਰ ਸੀ ਉਹ ਆਪ ਆ ਕੇ ਡਮੁੰਡੇ ਪੰਜਾਹ ਹਜ਼ਾਰ ਰੁਪਿਆ ਇਨ੍ਹਾਂ ਨੂੰ ਦੇ ਕੇ ਗਿਆ। ਉਸ ਸਮੇਂ ਰੁਪਏ ਦੀ ਖਰੀਦ ਸ਼ਕਤੀ ਐਨੀ ਸੀ ਕਿ ਜਲੰਧਰ ਨੂੰ ਡਮੁੰਡੇ ਤੋਂ ਇਕ ਗੱਡਾ ਕਣਕ ਦਾ ਭਾੜਾ ਅੱਠ ਆਨੇ ਦਿੱਤਾ ਜਾਂਦਾ ਸੀ। ਜ਼ਮੀਨ ਦੀ ਕੀਮਤ ਇਕ ਸੌ ਰੁਪਏ ਘੁਮਾਂ ਸੀ। ਇਹਨਾਂ ਨੇ ਢੰਢੋਰ, ਚੋਮੋਂ, ਆਦਮਪੁਰ, ਗਾਜ਼ੀਪੁਰ ਆਦਿ ਪਿੰਡਾਂ ਵਿੱਚ ਚਾਰ ਪੰਜ ਸੋ ਘੁਮਾਂ ਖਰੀਦ ਲਈ। ਆਦਮਪੁਰ ਦਾ ਰੇਲਵੇ ਸਟੇਸ਼ਨ ਇਨ੍ਹਾਂ ਦੀ ਜ਼ਮੀਨ ਵਿੱਚ ਬਣਿਆ ਸੀ ਜੋ ਕਿ ਜ਼ਮੀਨ ਪਿੰਡ ਚੋਮੋਂ ਵਿੱਚ ਪੈਂਦੀ ਹੈ। ਆਦਮਪੁਰ ਨਾਂਅ ਦਾ ਇਕ ਰੇਲਵੇ ਸਟੇਸ਼ਨ ਹਰਿਆਣੇ ਵਿਚ ਵੀ ਹੈ ਸੀ। ਇਕੋ ਨਾਂਅ ਦੇ ਦੋ ਰੇਲਵੇ ਸਟੇਸ਼ਨ ਹੋਣ ਕਰਕੇ ਮਾਲ ਦੀਆਂ ਬਿਲਟੀਆਂ ਐਧਰ-ਉਧਰ ਹੋ ਜਾਂਦੀਆਂ, ਜਿਸਦਾ ਰੇਲਵੇ ਨੂੰ ਨੁਕਸਾਨ ਉਠਾਉਣਾ ਪੈਂਦਾ। ਇਸ ਕਰਕੇ ਰੇਲਵੇ ਮਹਿਕਮੇ ਨੇ ਸਟੇਸ਼ਨ ਦਾ ਨਾਂਅ ਖੁਰਦਪੁਰ ਰੱਖ ਦਿੱਤਾ। ਖਜਾਨ ਸਿੰਘ ਦੀ ਮੌਤ ਤੇ ਉਸ ਦੀ ਧਰਮ ਸਾਂਤ ਕਰਵਾਉਣ ਲਈ ਪੰਡਤਾਂ ਨੇ ਆਖਿਆ ਕਿ 13 ਗਊਆਂ ਅਤੇ ਇਕ ਸਾਨ੍ਹ ਮਣਸਣਾ ਹੈ। ਗਊਆਂ ਅਤੇ ਸਾਨ੍ਹ ਦੇ ਸਿੰਗ ਸੋਨੇ ਦੇ, ਪੂਛਾਂ ਤੇ ਵੀ ਸੋਨਾ ਅਤੇ ਪੈਰਾਂ ਵਿੱਚ ਵੀ ਝਾਂਜਰਾਂ ਪਾਉਣੀਆਂ ਹਨ। ਸਾਨ੍ਹ ਦੀ ਨੱਥ ਵੀ ਸੋਨੇ ਦੀ ਬਣਵਾਈ ਗਈ। ਇਹ ਪਰਵਾਰ ਉਸ ਸਮੇਂ ਹਿੰਦੂ ਰਹੁਰੀਤੀ ਦਾ ਧਾਰਨੀ ਸੀ। ਸੋਨਾ 9 ਰੁਪਏ ਤੋਲਾ ਸੀ । ਪੰਡਤਾਂ ਨੇ ਪਰਵਾਰ ਦਾ ਛੇ ਹਜ਼ਾਰ ਰੁਪਿਆ ਲਗਵਾ ਦਿੱਤਾ। ਰਸਮ ਤੋਂ ਬਾਅਦ ਜਦੋਂ ਗਊਆਂ ਅਤੇ ਸਾਨ੍ਹ ਨੂੰ ਡੰਡੇ ਮਾਰ ਕੇ ਹਵੇਲੀ ਤੋਂ ਬਾਹਰ ਨੂੰ ਹੱਕ ਦਿੱਤਾ ਤਾਂ ਪਿੰਡ ਦੇ ਹੀ ਲੋਕਾਂ ਨੇ ਸੋਨਾ ਲਾਹ ਲਿਆ । ਬਾਅਦ ਵਿੱਚ ਇਸ ਪਰਵਾਰ ਨੇ ਕੁਝ ਜ਼ਮੀਨਾਂ ਵੇਚ ਕੇ 52000 ਰੁਪਏ ਪਰਮਾਰ ਬੰਕ, ਨੰਗਲ ਠੰਡਲ (ਜ਼ਿਲ੍ਹਾ ਹੁਸ਼ਿਆਰਪੁਰ) ਵਿੱਚ ਜਮ੍ਹਾਂ ਕਰਵਾਇਆ। ਇਹ ਬੈਂਕ ਜ਼ੈਲਦਾਰ ਸੁਚੇਤ ਸਿੰਘ ਨੇ ਸ਼ੁਰੂ ਕੀਤੀ ਸੀ ਪਰ ਇਸ ਦਾ ਪੁੱਤਰ ਜੈਲਦਾਰ ਭਗਤ ਸਿੰਘ ਇਸ ਪਾਸੇ ਦਿਲਚਸਪੀ ਘੱਟ ਲੈਂਦਾ ਸੀ। ਉਹ ਸੰਨ 1914-1919 ਦੀ ਪਹਿਲੀ ਵਿਸ਼ਵ ਜੰਗ ਸਮੇਂ ਫੌਜ ਵਿੱਚ ਜਵਾਨ ਭਰਤੀ ਕਰਵਾਉਣ ਲੱਗ ਪਿਆ। ਪਿੰਡਾਂ ਤੋਂ ਜਵਾਨਾਂ ਨੂੰ ਪਰੇਰ ਕੇ ਜਲੰਧਰ ਛਾਉਣੀ ਲੈ ਜਾਂਦਾ । ਉਸ ਨੂੰ ਦੋ ਰੁਪਏ ਫੀ ਜਵਾਨ ਦਾ ਕਮਿਸ਼ਨ ਅਤੇ ਆਉਣ-ਜਾਣ ਦਾ ਖਰਚਾ ਮਿਲਦਾ ਸੀ। ਕੁਝ ਗਿਣਤੀ ਬੰਦੇ ਭਰਤੀ ਕਰਵਾਉਣ ਵਾਲਿਆਂ ਨੂੰ ਇਕ ਮੁਰੱਬਾ ਜ਼ਮੀਨ ਵੀ ਸਰਕਾਰ ਦਿੰਦੀ ਸੀ। ਚੌਧਰੀ ਰਾਮ ਕਿਸ਼ਨ ਨੰਗਲ ਠੰਡਲ ਇਸ ਪਰਵਾਰ ਵਿਚ ਵਿਆਹਿਆ ਹੋਇਆ ਸੀ । ਖੜਕ ਸਿੰਘ ਦੇ ਪਰਵਾਰ ਦਾ ਕੁਰਸੀ ਨਾਮਾ ਇਸ ਪ੍ਰਕਾਰ ਹੈ:-
ਸਨਿਆਸੀਆਂ ਦੀਆਂ ਸਮਾਧਾਂ
ਪਿੰਡ ਵਸਣ ਤੋਂ ਵੀ ਪਹਿਲਾਂ ਇਕ ਸਨਿਆਸੀ ਸਾਧੂ ਸ਼ਰਧਾ ਪਰਬਤ ਨੇ ਇਕ ਬੋਹੜ ਦੇ ਦਰਖਤ ਹੇਠਾਂ ਭਗਤੀ ਸ਼ੁਰੂ ਕੀਤੀ । ਉਹ ਪਿੰਡ ਮਠਵਾਲੀ ਪੱਦੀ ਤੋਂ ਇਥੇ ਆਏ ਸਨ। ਉਸ ਸਮੇਂ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਘੋੜਿਆਂ, ਊਠਾਂ ਰਾਹੀਂ ਵਪਾਰੀ ਸਮਾਨ ਦੀ ਢੋਆ-ਢੁਆਈ ਕਰਦੇ ਸਨ ਤਾਂ ਇਸ ਬੋਹੜ ਹੇਠਾਂ ਆ ਕੇ ਆਰਾਮ ਕਰਨ ਲਈ ਰੁਕਦੇ ਸਨ। ਬਾਅਦ ਵਿੱਚ ਪਿੰਡ ਵਸਣ ਵੇਲੇ ਪਹਿਲਾਂ ਖੂਹ ਲਗਵਾਇਆ ਗਿਆ। ਖੜਕ ਸਿੰਘ ਨੇ ਇਕ ਕਿਲ੍ਹਾ ਨਾਨਕਸ਼ਾਹੀ ਇੱਟਾਂ ਦਾ ਬਣਵਾਇਆ ਸੀ । ਜਿਸ ਦੀ ਕੰਧ ਹੀ ਨਿਸ਼ਾਨੀ ਦੇ ਤੌਰ ‘ਤੇ ਬਚੀ ਹੈ। ਕਿਲ੍ਹਾ ਅੰਗਰੇਜ਼ ਸਰਕਾਰ ਦੇ ਹੁਕਮ ਨਾਲ ਪੰਜਾਬ ਦੇ ਦੇ ਬਾਕੀ ਕਿਲ੍ਹਿਆਂ ਦੀ ਤਰ੍ਹਾਂ ਢਾਹਿਆ ਗਿਆ। ਕਿਲ੍ਹੇ ਵਾਲੀ ਥਾਂ ਤੇ ਖੜਕ ਸਿੰਘ ਅਤੇ ਉਸ ਦੇ ਭਰਾ ਦੀ ਔਲਾਦ ਨੇ ਆਪਣੇ ਮਕਾਨ ਬਣਾ ਲਏ।
ਪਿੰਡ ਵਿੱਚ ਇਕ ਗੁਰਦੁਆਰਾ ਬਾਬਾ ਤਾਬਾ ਰਾਮ ਵੀ ਹੈ। ਇਸ ਗੁਰਦੁਆਰੇ ਦੇ ਨਾਂਅ ਚਾਰ ਕਿੱਲ੍ਹੇ ਜ਼ਮੀਨ ਪਿੰਡ ਢੰਢੋਰ ਵਿਖੇ ਹੈ, ਜਿਸ ਦੀ ਆਮਦਨ ਗੁਰਦੁਆਰੇ ਨੂੰ ਪ੍ਰਾਪਤ ਹੁੰਦੀ ਹੈ। ਬਾਕੀ ਪਿੰਡਾਂ ਨਾਲੋ ਇਕ ਵਧੀਆ ਗਲ ਇਸ ਪਿੰਡ ਵਿਚ ਇਹ ਹੈ ਕਿ ਅੱਜ ਕੱਲ੍ਹ ਦੇ ਰਿਵਾਜ ਅਨੁਸਾਰ ਇਕ ਮੈਰਿਜ ਪੈਲੇਸ ਪਿੰਡ ਦੇ ਇਕ ਵਿਅਕਤੀ ਨਿਰਮਲ ਸਿੰਘ ਜੰਜੂਆਂ ਨੇ ਖਰਚ ਕਰਕੇ ਉਸਾਰਿਆਂ ਹੈ। ਇਸ ਮੈਰਿਜ ਪੈਲੇਸ ਲਈ ਕੁਝ ਜ਼ਮੀਨ ਹਰੀਜਨਾਂ ਦੀ ਸਾਂਝੀ ਸੀ ਜੋ ਉਨ੍ਹਾਂ ਨੇ ਇਸ ਪੈਲੇਸ ਲਈ ਦੇ ਦਿੱਤੀ । ਇਹ ਪੈਲੇਸ ਹਰਜੀਨਾਂ ਅਤੇ ਜ਼ਿੰਮੀਂਦਾਰਾਂ ਦਾ ਸਾਂਝਾ ਹੈ। ਬਰਤਨ ਅਤੇ ਲੋੜੀਂਦਾ ਫਰਨੀਚਰ ਵੀ ਸ. ਨਿਰਮਲ ਸਿੰਘ ਜੰਜੂਆ ਇੰਗਲੈਂਡ ਨਿਵਾਸੀ ਨੇ ਬਣਵਾ ਦਿੱਤਾ ਹੈ। ਪਿੰਡ ਦੀ ਆਬਾਦੀ ਤਕਰੀਬਨ 3000 ਦੇ ਕਰੀਬ ਹੈ, ਜਿਸ ਵਿੱਚੋਂ ਤੀਜਾ ਕੁ ਹਿੱਸਾ ਗਿਣਤੀ ਹਰੀਜਨਾਂ ਦੀ ਹੈ।
ਉੱਘੇ ਅਰਥ ਸ਼ਾਸਤਰੀ ਬਗੀਚਾ ਸਿੰਘ ਮਿਨਹਾਸ ਇਸੇ ਪਿੰਡ ਦੇ ਸਨ ਜਿਸ ਨੂੰ ਪੰਡਤ ਜਵਾਹਰ ਲਾਲ ਨਹਿਰੂ ਅਮੀਰਕਾ ਤੋਂ ਪਰੇਰ ਕੇ ਭਾਰਤ ਲਿਆਏ ਅਤੇ ਯੋਜਨਾ ਕਮਿਸ਼ਨ ਦਾ ਮੈਂਬਰ ਬਣਾਇਆ। ਦੋ ਕੁ ਸਾਲ ਪਹਿਲਾਂ ਉਹ ਸੁਰਗਵਾਸ ਹੋ ਗਏ ਹਨ।
ਸਾਕਾ ਸਾਰਾਗੜ੍ਹੀ
ਦੁਨੀਆਂ ਦੀ ਮਿਲਟਰੀ ਹਿਸਟਰੀ ਵਿੱਚ ਛੇ ਉੱਚ ਕੋਟੀ ਦੀਆਂ ਬਹਾਦਰੀ ਦਿਖਾਉਣ ਵਾਲੀਆਂ ਲੜਾਈਆਂ ਦਾ ਜ਼ਿਕਰ ਹੈ, ਜਿਨ੍ਹਾਂ ਵਿੱਚੋਂ ਸਾਰਾਗੜ੍ਹੀ ਦੀ ਲੜਾਈ ਇੱਕ ਹੈ, ਜਿਸ ਵਿੱਚ ਸਿੱਖਾਂ ਨੇ ‘ਸਵਾ ਲਾਖ ਸੇ ਏਕ ਲੜਾਊਂ’ ਵਾਲਾ ਗੁਰੂ ਜੀ ਦਾ ਬਚਨ ਸੱਚ ਸਾਬਤ ਕਰਕੇ ਦਿਖਾ ਦਿੱਤਾ । ਬਰਤਾਨੀਆ ਦੇ ਹਾਊਸ ਆਫ ਕਾਮਨਜ਼ ਅਤੇ ਹਾਊਸ ਆਫ ਲਾਰਡਜ਼ ਵਿੱਚ ਮੈਂਬਰਾਂ ਨੇ ਖੜੇ ਹੋ ਕੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਨਮਾਨਿਤ ਸ਼ਰਧਾਂਜਲੀ ਭੇਟ ਕੀਤੀ ਅਤੇ ਸਾਰੇ ਸ਼ਹੀਦਾਂ ਨੂੰ ‘ਇੰਡੀਆ ਆਰਡਰ ਆਫ ਮੈਰਿਟ’ ਦਾ ਸਨਮਾਨ ਦਿੱਤਾ ਗਿਆ। “ਵਿਕਟੋਰੀਆ ਕਰਾਸ” ਦਾ ਐਵਾਰਡ ਤਾਂ ਸੰਨ 1911 ਤੋਂ ਬਾਅਦ ਸ਼ੁਰੂ ਕੀਤਾ ਗਿਆ। ਫਰਾਂਸ ਦੇ ਸਕੂਲਾਂ ਵਿਚ ਛੋਟੀਆਂ ਕਲਾਸਾਂ ਦੀਆਂ ਕਿਤਾਬਾਂ ਵਿੱਚ ਇਹ ਸਾਕਾ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਪਰ ਅਫਸੋਸ ਹੈ ਕਿ ਸਾਡੇ ਦੇਸ਼ ਵਿਚ ਨਹੀਂ।
12 ਸਤੰਬਰ ਸੰਨ 1897 ਨੂੰ ਉੱਤਰ-ਪੱਛਮੀ ਸਰਹੱਦ ਵਿੱਚ ਸਾਰਾਗੜ੍ਹੀ ਦੀ ਚੌਂਕੀ ਵਿੱਚ 36 ਸਿੱਖ ਰੈਜਮੈਂਟ ਦੇ 20 ਜਵਾਨਾਂ ਨੇ ਹਜ਼ਾਰਾਂ ਪਠਾਣਾਂ ਦੇ ਹਮਲੇ ਦਾ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ। ਇਨ੍ਹਾਂ 20 ਜਵਾਨਾਂ ਵਿੱਚੋਂ ਇਸ ਪਿੰਡ ਦੇ ਸ. ਗੁਰਮੁਖ ਸਿੰਘ ਭੱਟੀ ਸਿਗਨੇਲਰ ਸਨ। ਆਪ ਜੀ ਸ. ਰਣ ਸਿੰਘ ਅਤੇ ਮਾਤਾ ਗੁਲਾਬ ਕੌਰ ਦੇ ਸਪੁੱਤਰ ਸਨ । ਡਮੁੰਡੇ ਵਿੱਚ ਭੱਟੀ ਰਾਜਪੂਤਾਂ ਦਾ ਕੇਵਲ ਇੱਕ ਹੀ ਟੱਬਰ ਹੈ। ਸ. ਗੁਰਮੁਖ ਸਿੰਘ ਦੇ ਦੋ ਭਰਾਵਾਂ ਕਿਸ਼ਨ ਸਿੰਘ ਅਤੇ ਗੋਂਦਾ ਸਿੰਘ ਦੀ ਔਲਾਦ ਪਿੰਡ ਢੰਢੋਰ ਅਤੇ ਆਦਮਪੁਰ ਵਿੱਚ ਆਬਾਦ ਹੈ।
Credit – ਵਾਸਦੇਵ ਸਿੰਘ ਪਰਹਾਰ