ਜਿਹੜੇ ਕੱਪੜੇ ਬੁਣਦੇ ਹਨ ਉਨ੍ਹਾਂ ਨੂੰ ਜੁਲਾਹੇ (Weavers) ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਵਿਚ ਇਸ ਜਾਤ ਦੀ ਬੜੀ ਮਹੱਤਤਾ ਸੀ ਕਿਉਂਕਿ ਉਹ ਸਮਾਜ ਨੂੰ ਪਹਿਨਣ ਲਈ ਕੱਪੜੇ ਬੁਣਦੀ ਸੀ, ਜਿਸ ਵਿਚ ਖੱਦਰ, ਖੇਸ, ਚਾਦਰਾਂ, ਮਲਮਲ ਹੁੰਦੀ ਸੀ। ਮਾਹਿਰ ਜੁਲਾਹੇ ਕਾਰੀਗਰ, ਰੇਸ਼ਮ ਦੇ ਕਪੜੇ ਵੀ ਤਿਆਰ ਕਰਦੇ ਸਨ ਤੇ ਊਨੀ ਕੰਬਲ ਵੀ । ਵਧੀਆ ਕਾਲੀਨਾਂ ਬਨਾਉਣਾ ਵੀ ਇਨ੍ਹਾਂ ਦਾ ਧੰਦਾ ਸੀ। ਜਦ ਮਨੁੱਖ ਨੇ ਨੰਗਾ ਰਹਿਣਾ ਛੱਡਿਆ ਹੋਵੇਗਾ ਤੇ ਕਪਾਹ ਦੀ ਕਾਢ ਨਿਕਲੀ ਹੋਵੇਗੀ, ਉਸ ਵੇਲੇ ਤੋਂ ਹੀ ਇਹ ਜਾਤ ਹੋਂਦ ਵਿਚ ਆਈ ਹੋਣੀ ਏਂ । ਕੁਝ ਦਿਮਾਗੀ ਲੋਕਾਂ ਨੇ ਅਵੱਸ਼ਯ ਹੀ ਇਹ ਧੰਦਾ ਪਹਿਲਾਂ ਸ਼ੁਰੂ ਕੀਤਾ। ਹੋਵੇਗਾ ਅਤੇ ਇਸ ਤਰ੍ਹਾਂ ਸਮਾਜ ਨੂੰ ਸਭਿਅਕ ਬਨਾਉਣ ਵਿਚ ਜੁਲਾਹਿਆਂ ਦਾ ਮਹਾਨ ਯੋਗਦਾਨ ਹੈ।
ਜੁਲਾਹਿਆਂ ਤੋਂ ਇਲਾਵਾ ਰਵਿਦਾਸੀਏ ਵੀ ਇਹ ਧੰਦਾ ਕਰਦੇ ਰਹੇ ਹਨ । ਪਿੰਡਾਂ ਦੀ ਆਰਥਿਕਤਾ, ਕੁਝ ਸਮਾਂ ਪਹਿਲਾਂ ਕਿਸੇ ਹੱਦ ਤਕ ਇਨ੍ਹਾਂ ‘ਤੇ ਨਿਰਭਰ ਸੀ ਅਤੇ ਇਹ ਕਪੜਾ ਬੁਣਨ ਦੀ ਉਜਰਤ ਅਨਾਜ ਦੀ ਸ਼ਕਲ ਵਿਚ ਲੈਂਦੇ ਸਨ। ਸਰ ਜੇਮਜ਼ ਵਿਲਸਨ ਦਾ ਮਤ ਹੈ ਕਿ ਜੁਲਾਹੇ ਤੇ ਚਮਾਰ ਸ਼ਾਇਦ ਇਕ ਹੀ ਮੂਲ ਦੇ ਲੋਕ ਹਨ, ਅਤੇ ਉਨ੍ਹਾਂ ਵਿਚ ਫ਼ਰਕ ਧੰਦਿਆਂ ਨੂੰ ਅੱਡ-ਅੱਡ ਅਪਨਾਉਣਾ ਹੈ।’ ਪਰ ਇਹ ਮਤ ਠੀਕ ਨਹੀਂ ਲਗਦਾ, ਬੇਸ਼ਕ ਦੋ ਤਿੰਨ ਸੌ ਸਾਲਾਂ ਤੋਂ ਰਵਿਦਾਸੀਏ (ਚਮਾਰ) ਜੁਲਾਹਿਆਂ ਦਾ ਧੰਦਾ ਵੀ ਕਰਦੇ ਹਨ। ਜੇ ਅਜੇਹਾ ਹੁੰਦਾ ਤਾਂ ਕਬੀਰ ਸਾਹਿਬ ਵੀ ਚਮਾਰ ਹੁੰਦੇ। ਇਹ ਦੋਵੇਂ ਧੰਦੇ ਪਹਿਲਾਂ ਅੱਡ-ਅੱਡ ਸਨ। ਜੁਲਾਹਾ ਅਸ਼ੁੱਧ ਚਮੜੇ ਦਾ ਕੰਮ ਨਹੀਂ ਕਰਦਾ ਰਿਹਾ, ਉਹ ਡੰਗਰਾਂ ਦੀਆਂ ਲਾਸ਼ਾਂ ਨੂੰ ਹੱਥ ਨਹੀਂ ਲਾਉਂਦਾ।
ਰਿਹਾ। ਮੁਸਲਮਾਨ ਅਤੇ ਹਿੰਦੂ ਜੁਲਾਹੇ ਆਪੋ ਆਪਣੇ ਧਰਮ ‘ਤੇ ਆਸਥਾ ਰਖਦੇ ਰਹੇ। ਜੁਲਾਹਾ ਇਕ ਅਜੇਹਾ ਧੰਦਾ ਹੈ, ਜਿਹੜਾ ਸਮਾਜ ਦੇ ਹਰ ਜਾਤ ਦੇ ਵਿਅਕਤੀ ਲਈ ਖੁੱਲ੍ਹਾ ਰਿਹਾ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਕੋਲੀ ਜੁਲਾਹੇ, ਰਵਿਦਾਸੀਏ ਜੁਲਾਹੇ, ਮੋਚੀ ਜੁਲਾਹੇ ਅਤੇ ਰਾਮਦਾਸੀਏ ਜੁਲਾਹੇ ਆਦਿ ਵੀ ਸਨ।
‘ਇਹ ਜਾਤ ਅਪ੍ਰਸ਼ਨਾਤਮਕ ਤੌਰ ‘ਤੇ ਕਈ ਕਬੀਲਿਆਂ ਦੇ ਭਾਗਾਂ ਤੋਂ ਬਣੀ ਹੈ, ਜਿਨ੍ਹਾਂ ਨੇ ਜੁਲਾਹਿਆਂ ਦੇ ਧੰਦੇ ਨੂੰ ਅਪਣਾ ਲਿਆ। ਮਰਾਸੀਆਂ, ਮੁੱਲਾਵਾਂ, ਮਾਛੀ, ਲਲਾਰੀ, ਰੂੰ ਪੇਂਜੇ, ਝਾੜੂ ਫੇਰਨ ਵਾਲੇ ਅਤੇ ਸਯਦ ਵੀ ਜੁਲਾਹਿਆਂ ਵਿਚ ਮਿਲਦੇ ਹਨ ਜਿਨ੍ਹਾਂ ਨੇ ਇਸ ਪੇਸ਼ੇ ਨੂੰ ਅਪਣਾ ਲਿਆ।
ਪੂਰਬ ਅਤੇ ਹਰਿਆਣੇ ਵਿਚ ਜੁਲਾਹਿਆਂ ਨੂੰ ਪਉਲੀ ਕਿਹਾ ਜਾਂਦਾ ਹੈ । ਕਈ ਥਾਈਂ ਖੱਤਰੀਆਂ, ਜੱਟਾਂ, ਤਰਖਾਣਾਂ, ਰਾਜਪੂਤਾਂ ਆਦਿ ਨੇ ਵੀ ਇਸ ਧੰਦੇ ਨੂੰ ਲਾਹੇਵੰਦਾ ਦੇਖ ਕੇ ਅਪਣਾ ਲਿਆ ਸੀ। ਪੇਸ਼ੇ ਦੀ ਤਬਦੀਲੀ ਆਰਥਿਕਤਾ ‘ਤੇ ਨਿਰਭਰ ਕਰਦੀ ਸੀ ਅਤੇ ਫਿਰ ਅਪਣਾਇਆ ਹੋਇਆ ਧੰਦਾ ਜਾਤ ਬਣ ਜਾਂਦਾ ਸੀ। ਇਸ ਵਿਚ ਸਮਾਂ ਪਾ ਕੇ ਤਬਦੀਲੀ ਦੀ ਗੁੰਜਾਇਸ਼ ਨਹੀਂ ਰਹਿੰਦੀ ਸੀ। 1881 ਦੀ ਮਰਦਮਸ਼ੁਮਾਰੀ ਅਨੁਸਾਰ 4243 ਜੁਲਾਹੇ ਜੱਟਾਂ ਵਿਚੋਂ ਸਨ।
ਕੁਛ ਪੀੜ੍ਹੀਆਂ ਮਗਰੋਂ ਨਾਮ-ਨਿਹਾਦ ਨੀਵੀਆਂ ਜਾਤਾਂ ਤੋਂ ਬਣੇ ਜੁਲਾਹੇ ਆਪਣੇ ਨਾਂ ਨਾਲੋਂ ਆਪਣੇ ਨੀਵੇਂ ਮੂਲ ਦਾ ਅਗੇਤਰ ਤਿਆਗ ਦਿੰਦੇ ਸਨ ਤੇ ਕੇਵਲ ਜੁਲਾਹਾ ਅਖਵਾਉਣ ਲੱਗ ਪੈਂਦੇ ਸਨ। ਫ਼ਾਰਸੀ ਵਿਚ ਜੁਲ੍ਹਾ ਦਾ ਅਰਥ ਹੈ ਧਾਗੇ ਦਾ ਗੋਲਾ, ਅਤੇ ਹਿੰਦੀ ਵਿਚ ‘ਤਾਨਤੀ’ ਕਹਿੰਦੇ ਹਨ। ਇਸ ਤਰ੍ਹਾਂ ਸੂਤ ਦਾ ਕੰਮ ਕਰਨ ਕਰਕੇ ਇਸਦਾ ਰੁਤਬਾ ਉੱਚਾ ਹੁੰਦਾ ਸੀ। ਇਸੇ ਤਰ੍ਹਾਂ ਪ੍ਰਾਚੀਨ ਸਮੇਂ ਜੱਟ ਤੇ ਵਾਹੀਕਾਰ ਜਾਤਾਂ ਭਾਵੇਂ ਸ਼ੂਦਰ ਗਿਣੀਆਂ ਜਾਂਦੀਆਂ ਸਨ, ਪਰ ਖੇਤੀ ਦਾ ਕੰਮ ਕਰਕੇ ਹੋਰ ਨਾਮ-ਨਿਹਾਦ ਨੀਵੀਆਂ ਜਾਤਾਂ ਨਾਲੋਂ ਕੁਝ ਉੱਚੀਆਂ ਸਮਝੀਆਂ ਜਾਂਦੀਆਂ ਸਨ। ਜਦ ਇਨ੍ਹਾਂ ਜਾਤਾਂ ਦੇ ਲੋਕ ਜੁਲਾਹਿਆਂ ਦਾ ਧੰਦਾ ਅਪਣਾਉਂਦੇ ਸਨ ਤਾਂ ਉਹ ਆਪਣੇ ਨਾਂ ਨਾਲ ਹਮੇਸ਼ਾ ਅਗੇਤਰ ਜਾਂ ਪਿਛੇਤਰ ਵਰਤਦੇ ਰਹਿੰਦੇ ਸਨ। ਇਹੋ ਕਾਰਨ ਹੈ ਕਿ ਇਨ੍ਹਾਂ ਵਿਚ ਸਿੱਧੂ, ਸਹਿਗਲ, ਰੰਧਾਵੇ, ਰਹਿਲ, ਚੌਹਾਨ, ਸਰੋਇਆ, ਭੁੱਲਰ, ਜੋਈਏ, ਬਰਮੀ ਅਤੇ ਭੱਟੀ ਆਦਿ ਮਿਲਦੇ ਹਨ। ਇਨ੍ਹਾਂ ਗੋਤਾਂ ਦਾ ਹੋਣਾ ਕਿਸੇ ਹੋਰ ਰੂਪ ਵਿਚ ਹੋਣ ਦਾ ਕੋਈ ਅਰਥ ਨਹੀਂ ਦਿੰਦਾ।
‘ਜੁਲਾਹਾ ਖਾਸ ਪੰਜਾਬ ਦੇ ਦੱਖਣ-ਪੂਰਬ (ਵੰਡ ਤੋਂ ਪਹਿਲਾਂ) ਵਿਚ ਘੱਟ ਹੀ ਮਿਲਦਾ ਸੀ, ਜਿੱਥੇ ਇਸਦਾ ਕੰਮ ਕੋਲੀ ਜਾਂ ਚਮਾਰ ਕਰਦੇ ਸਨ ਜਾਂ ਧਾਨਕ; ਅਤੇ ਉਹ ਡੇਰਾਜਾਤ (ਡੇਰਾ ਗਾਜ਼ੀ ਖਾਂ ਤੇ ਡੇਰਾ ਇਸਮਾਈਲ ਖਾਂ ਆਦਿ) ਵਿਚ ਉਨ੍ਹਾਂ ਨੂੰ ਕੋਈ ਨਹੀਂ ਜਾਣਦਾ, ਜਿੱਥੇ ਬੁਣਾਈ ਦਾ ਕੰਮ ਜੱਟ ਕਰਦੇ ਹਨ।
‘ਜੁਲਾਹਿਆਂ ਦੀਆਂ ਕਈ ਸ਼੍ਰੇਣੀਆਂ ਹਨ, ਪਰ ਇਨ੍ਹਾਂ ਵਿਚ ਵੱਡੀਆਂ ਸ਼੍ਰੇਣੀਆਂ ਪ੍ਰਭੂਤਾ ਸੰਪੰਨ ਜ਼ਿਮੀਂਦਾਰ ਜਾਤਾਂ ਵਿਚੋਂ ਹਨ। ਇਨ੍ਹਾਂ ਵਿਚੋਂ ਕੁਝ ਵੱਡੀਆਂ ਹਨ : ਭੱਟੀ, ਜੋ ਖੁੱਲ੍ਹੇ ਤੌਰ ‘ਤੇ ਬਿਖਰੀਆਂ ਹੋਈਆਂ ਹਨ, ਲਾਹੌਰ ਤੋਂ ਪੱਛਮ ਵੱਲ ਪੈਂਦੇ ਖੋਖਰ; ਜੰਜੂਏ ਅਤੇ ਰਾਵਲਪਿੰਡੀ ਮੰਡਲ ਦੇ ਅਵਾਣ; ਮਾਝੇ ਦੇ ਸਿੱਧੂ ਅਤੇ ਜਰਿਆਲ ਕਾਂਗੜੇ ਦੇ। ਕਬੀਰ ਵੰਸ਼ੀ ਅੰਬਾਲਾ ਤੇ ਕਾਂਗੜਾ ਵਿਚ ਅਤੇ ਇਹ (ਜੁਲਾਹਾ) ਹੁਣ ਕਬੀਲੇ ਦਾ ਨਾਂ ਧਾਰਨ ਕਰ ਗਏ ਹਨ। ਹੁਣ ਇਸ ਵਿਚ ਮੁਸਲਮਾਨ ਜੁਲਾਹੇ ਵੀ ਹਨ।” 1881 ਦੀ ਮਰਦਮਸ਼ੁਮਾਰੀ ਅਨੁਸਾਰ 92 ਪ੍ਰਤੀਸ਼ਤ ਜੁਲਾਹੇ ਮੁਸਲਮਾਨ ਸਨ।
ਅੱਜ ਦੇ ਦਿਨਾਂ ਵਿਚ ਵੀ ਸਾਡੇ ਸਾਹਮਣੇ ਖੱਤਰੀਆਂ, ਜੱਟਾਂ ਅਤੇ ਹੋਰ ਜਾਤਾਂ ਨੇ ਕਈ ਵਸਤੂਆਂ ਬਨਾਉਣ ਦਾ ਧੰਦਾ ਕਰ ਲਿਆ ਹੈ ਅਤੇ ਕਈ ਥਾਈਂ ਬ੍ਰਾਹਮਣ ਵੀ ਸ਼ਾਮਿਲ ਹਨ। ਪੈਸੇ ਵਾਲਾ ਧੰਦਾ ਹੋਣ ਕਰਕੇ ਉਨ੍ਹਾਂ ਦੀ ਹੋਰ ਲੋਕਾਂ ਨਾਲੋਂ ਸਥਿਤੀ ਚੰਗੀ ਹੈ ਅਤੇ ਸਮਾਜ ਵੀ ਅਜੇਹੇ ਧੰਦੇ ਅਪਨਾਉਣ ਦੇ ਸਿਲਸਿਲੇ ਵਿਚ ਪਿਛਾਂਹ ਖਿੱਚੂ ਨਹੀਂ। ਨਾਮ-ਨਿਹਾਦ ਸਵਰਨ ਜਾਤਾਂ ਦੇ ਲੋਕਾਂ ਨੇ ਅੰਮ੍ਰਿਤਸਰ, ਲੁਧਿਆਣੇ ਅਤੇ ਪਾਨੀਪਤ ਵਿਚ ਖੱਡੀਆਂ ਸਥਾਪਤ ਕਰ ਲਈਆਂ ਹਨ ਤੇ ਉਨ੍ਹਾਂ ਦਾ ਵੱਡਾ ਕਾਰੋਬਾਰ ਹੈ। ਹੁਣ ਅਸੀਂ ਉਨ੍ਹਾਂ ਨੂੰ ਜੁਲਾਹੇ ਕਿਉਂ ਨਹੀਂ ਕਹਿ ਸਕਦੇ? ਪਿਛਲੇ ਸਮੇਂ ਦੀਆਂ ਕੰਮਾਂ ‘ਤੇ ਆਧਾਰਿਤ ਪਰਪੱਕ ਹੋਈਆਂ ਜਾਤਾਂ ਦੇ ਨਾਵਾਂ ਨੂੰ ਅਸੀਂ ਤਿਆਗ ਕਿਉਂ ਨਹੀਂ ਸਕਦੇ ? ਇਹ ਜਾਤਾਂ ਪਿਛਲੇ ਸਮੇਂ ਵਿਚ ਲੁਹਾਰ, ਤਰਖਾਣ, ਚਮਾਰ, ਜੁਲਾਹੇ ਆਦਿ ਇਸੇ ਤਰ੍ਹਾਂ ਬਣੀਆਂ ਸਨ ਜਿਵੇਂ ਹੁਣ ਅਸੀਂ ਇਨ੍ਹਾਂ ਦੇ ਧੰਦੇ ਅਪਣਾ ਰਹੇ ਹਾਂ।
ਸੰਤ ਕਬੀਰ ਸਾਹਿਬ (1399-1465 ਈ.) ਜਨਮ ਤੋਂ ਬ੍ਰਾਹਮਣ ਸਨ, ਪਰ ਇਨ੍ਹਾਂ ਦੀ ਪਾਲਣਾ ਪੋਸ਼ਣਾ ਅਲੀ ਨਾਂ ਦੇ ਮੁਸਲਮਾਨ ਜੁਲਾਹੇ ਦੇ ਘਰ ਹੋਈ। ਭਾਵੇਂ ਇਨ੍ਹਾਂ ਇਸਲਾਮ ਦੀ ਵਿੱਦਿਆ ਪ੍ਰਾਪਤ ਕੀਤੀ ਪਰ ਇਨ੍ਹਾਂ ਦਾ ਝੁਕਾਉ ਹਿੰਦੂ ਮਤ ਵੱਲ ਸੀ ਤੇ ਪੇਸ਼ਾ ਜੁਲਾਹਿਆਂ ਦਾ ਸੀ। ਇਨ੍ਹਾਂ ਦੇ ਮਤ ਨੂੰ ਮੰਨਣ ਵਾਲੇ ਕਬੀਰ-ਪੰਥੀ ਅਖਵਾਉਂਦੇ ਹਨ ਅਤੇ ਬਹੁਤੇ ਜੁਲਾਹੇ ਹਨ। ਇਹ ਸਾਰੇ ਹੀ ਹਿੰਦੂ ਹਨ। ਪੂਰਬੀ ਜੁਲਾਹੇ ਦੋ ਸ਼੍ਰੇਣੀਆਂ (ੳ) ਦੇਸਵਾਲੇ (ਅ) ਤੇਲ, ਵਿਚ ਵੰਡੇ ਹੋਏ ਹਨ। ਇਕ ਜੁਲਾਹੇ ਦੇ ਤੇਲੀ ਤੀਵੀਂ ਨਾਲ ਵਿਆਹ ਕਰਵਾਉਣ ਤੇ ‘ਤੇਲ’ ਅਖਵਾਏ ਤੇ ਦੇਸਵਾਲੇ ‘ਤੇਲ’ ਨਾਲੋਂ ਘਟੀਆ ਸਮਝੇ ਜਾਂਦੇ ਹਨ।
ਪੰਜਾਬ ਦੀਆਂ ਸਾਬਕ ਫੂਲਕੀਆਂ ਰਿਆਸਤਾਂ ਦੇ ਜੁਲਾਹੇ ਹਿੰਦੂ ਰਹੁ-ਰੀਤਾਂ ਅਪਣਾਉਂਦੇ ਹਨ ਅਤੇ ਉਹ ਰਾਮਦਾਸੀਏ ਅਤੇ ਕਬੀਰਪੰਥੀਏ ਅਖਵਾਉਂਦੇ ਹਨ। ਰਾਮਦਾਸੀਏ, ਗੁਰੂ ਰਾਮਦਾਸ ਜੀ ਦੇ ਅਨੁਯਾਈ ਹਨ। ਗੁਰੂ ਸਾਹਿਬ ਦੇ ਕਹਿਣ ‘ਤੇ ਉਨ੍ਹਾਂ ਮੋਚੀ ਦਾ ਧੰਦਾ ਛੱਡ ਦਿੱਤਾ ਤੇ ਕਪੜਾ ਬੁਣਨ ਦਾ ਅਪਣਾ ਲਿਆ। ਰਾਮਦਾਸੀਏ ਤੇ ਚਮੜੇ ਦਾ ਕੰਮ ਕਰਨ ਵਾਲੇ ਆਪਸੀ ਵਿਆਹ ਸ਼ਾਦੀਆਂ ਨਹੀਂ ਕਰਦੇ ਸਨ । ਰਾਮਦਾਸੀਏ ਕਰੇਵਾ ਦੀ ਰਸਮ ਕਰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸ਼ਰਧਾ ਰਖਦੇ ਹਨ। ਕਿਹਾ ਜਾਂਦਾ ਹੈ ਕਿ ਗੁਰੂ ਰਾਮਦਾਸ ਸਾਹਿਬ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਇਨ੍ਹਾਂ ਨੂੰ ਸਿੱਖ ਧਰਮ ਵਿਚ ਲਿਆਂਦਾ।
ਕਬੀਰ ਪੰਥੀ ਜੁਲਾਹੇ ਆਪਣੇ ਆਪ ਨੂੰ ਕਬੀਰਪੰਥੀਏ ਅਖਵਾਉਂਦੇ ਹਨ। ਸਿਆਲਕੋਟ ਤੋਂ ਆਏ ਕਬੀਰਪੰਥੀ ‘ਭਗਤ’ ਅਖਵਾਉਂਦੇ ਹਨ ਜਿਨ੍ਹਾਂ ਦੀ ਜਲੰਧਰ ਵਿਚ ਚੋਖੀ ਆਬਾਦੀ ਹੈ ਅਤੇ ਖੇਡਾਂ ਦਾ ਸਾਮਾਨ ਬਣਾਉਣਾ ਅਰੰਭਿਆ ਹੋਇਆ ਹੈ। ਅਧਿਐਨ ਦਸਦੇ ਹਨ ਕਿ ਪੇਂਡੂ ਦਸਤਕਾਰ ਜਾਤਾਂ ਵਿਚੋਂ ਬਹੁਤੇ ਮਜ਼ਦੂਰ ਵਰਗ ਵਿਚ ਸ਼ਾਮਿਲ ਹੋ ਗਏ ਹਨ। ਕੁਝ ਨੇ ਸ਼ਹਿਰਾਂ ਵੱਲ ਮੂੰਹ ਕੀਤਾ ਹੈ। ਜਿੱਥੇ ਉਨ੍ਹਾਂ ਨੇ ਸ਼ਹਿਰੀ ਜੁਲਾਹਿਆਂ ਵਾਂਗ ਹੋਰ ਵਿਵਸਾਏ ਜਿਵੇਂ ਖੇਡਾਂ ਦਾ ਸਾਮਾਨ ਬਣਾਉਣਾ, ਪਾਵਰਲੂਮਜ਼ ਅਤੇ ਹੋਰ ਧੰਦੇ ਅਪਣਾ ਲਏ ਹਨ। ਇਸ ਤਰ੍ਹਾਂ ਪਿੰਡਾਂ ਵਿਚ ਜੁਲਾਹੇ ਲਗਭਗ ਖ਼ਤਮ ਹੋ ਗਏ ਹਨ।
ਭਗਤ ਰਵਿਦਾਸ ਜੀ ਇਕ ਮਹਾਨ ਸੰਤ ਹੋਏ ਹਨ ਜਿਹੜੇ ਆਪ ਚਮਾਰ ਜਾਤ ਨਾਲ ਸੰਬੰਧਤ ਹਨ। ਉਨ੍ਹਾਂ ਦੇ ਅਨੁਯਾਈਆਂ ਨੂੰ ਰਵਿਦਾਸੀਏ ਕਿਹਾ ਜਾਂਦਾ ਹੈ। ਭਗਤ ਰਵਿਦਾਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਉਨ੍ਹਾਂ ਨੂੰ ਸਿੱਖ ਜਗਤ ਵਿਚ ਬੜੇ ਸਤਿਕਾਰ ਨਾਲ ਵੇਖਿਆ ਜਾਂਦਾ ਹੈ। ਰਵਿਦਾਸੀਏ ਵੀ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਰਖਦੇ ਹਨ ਤੇ ਬਹੁਤੇ ਸਿੱਖ ਹਨ। ਅੰਮ੍ਰਿਤਧਾਰੀ ਵੀ ਹਨ ਤੇ ਸਹਿਜਧਾਰੀ ਵੀ। ਇਹ ਵੀ ਕਈ ਜੁਲਾਹੇ ਦਾ ਕੰਮ ਕਰਦੇ ਰਹੇ ਹਨ ਅਤੇ ਹੁਣ ਵੀ ਕਰਦੇ ਹਨ। ਪਰ ਇਹ ਗਿਣਤੀ ਬਹੁਤ ਹੀ ਘੱਟ ਹੈ।
Credit – ਕਿਰਪਾਲ ਸਿੰਘ ਦਰਦੀ