Kalra Village History | ਕਾਲਰਾ ਪਿੰਡ ਦਾ ਇਤਿਹਾਸ

ਕਾਲਰਾ

ਪਰਹਾਰ ਰਾਜਪੂਤਾਂ ਦਾ ਵਸਾਇਆ ਪਿੰਡ

ਪਿੰਡ ਕਾਲਰਾ, ਆਦਮਪੁਰ ਤੋਂ 8 ਕਿਲੋਮੀਟਰ ਚੜ੍ਹਦੇ ਵੱਲ ਨਹਿਰ ਦੇ ਕੰਢੇ ‘ਤੇ ਸਥਿਤ ਹੈ। ਇਹ ਨਿਰੋਲ ਪਰਹਾਰ ਰਾਜਪੂਤਾਂ ਦਾ ਪਿੰਡ ਹੈ। ਪਰਹਾਰ ਦੇ ਅਰਥ ਹਨ। ਪਹਿਲਾਂ ਵਾਰ ਕਰਨ ਵਾਲਾ । ਪ੍ਰਾਚੀਨ ਸਮੇਂ ਵਿਚ ਰਾਜ ਸ਼ਾਸਨ ਨਾਲ ਸਬੰਧਿਤ ਅਧਿਕਾਰੀਆਂ ਵਿਚ ਇਕ ਪ੍ਰਤਿਹਾਰ ਵੀ ਹੁੰਦਾ ਸੀ ਜਿਸ ਦਾ ਕੰਮ ਰਾਜ ਦਰਬਾਰ ਅਤੇ ਰਾਜੇ ਦੇ ਨਿਵਾਸ ਅਸਥਾਨ, ਮਹਿਲ ਦੇ ਦੁਆਰ (ਡਿਓੜੀ) ਦੀ ਰੱਖਿਆ ਕਰਨਾ ਹੁੰਦਾ। ਸੀ। ਇਸ ਪਦਵੀ ‘ਤੇ ਨਿਯੁਕਤੀ ਲਈ ਕਿਸੇ ਵਿਸ਼ੇਸ਼ ਜਾਤ ਜਾਂ ਵਰਣ ਦਾ ਖਿਆਲ ਨਹੀਂ ਕੀਤਾ ਜਾਂਦਾ ਸੀ । ਪ੍ਰਾਚੀਨ ਸ਼ਿਲਾਲੇਖਾਂ ਵਿਚ ਪ੍ਰਤਿਹਾਰ ਜਾਂ ਮਹਾਂ ਪ੍ਰਤਿਹਾਰ ਦਾ ਵਰਨਣ ਮਿਲਦਾ ਹੈ ਅਤੇ ਰਾਜਸਥਾਨੀ ਭਾਸ਼ਾ ਵਿਚ ਪੜਹਾਰ ਵੀ ਮਿਲਦਾ ਹੈ। ਰਾਮ ਚੰਦਰ ਦੇ ਭਰਾ ਲਛਮਣ ਉਨ੍ਹਾਂ ਦੇ ਪ੍ਰਤਿਹਾਰ ਸਨ । ਮੰਡੋਰ ਦੇ ਰਾਜੇ ਪਰਿਹਾਰਾਂ ਦੇ ਕਈ ਸ਼ਿਲਾਲੇਖ ਮਿਲੇ ਹਨ, ਜਿਨ੍ਹਾਂ ਵਿਚ ਪਰਿਹਾਰਾਂ ਦੀ ਉਤਪਤੀ ਲਛਮਣ ਜੀ ਤੋਂ ਹੋਈ ਲਿਖੀ ਗਈ ਹੈ। ਕਾਫੀ ਸਮੇਂ ਤੱਕ ਪਰਿਹਾਰਾਂ ਦੇ ਸੂਰਜਵੰਸ਼ੀ ਹੋਣ ਦੇ ਨਿਸ਼ਚੇ ਬਣੇ ਰਹੇ ਪਰ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਉੱਤਮ ਪੱਛਮ ਵੱਲੋਂ ਆਉਣ ਵਾਲੇ ਗੁੱਜਰ ਕਬੀਲਿਆਂ ਵਿਚੋਂ ਹੀ ਪਰਿਹਾਰ ਹਨ। ਜੇਕਰ ਪਰਿਹਾਰਾਂ ਅਤੇ ਚਿਤੌੜ ਦੇ ਗਹਿਲੋਤ ਰਾਜਿਆਂ ਨੇ ਮਿਲ ਕੇ ਖ਼ਲੀਫ਼ਿਆਂ ਦੀ ਮਹਾਂਸ਼ਕਤੀ ਨੂੰ ਨਾ ਰੋਕਿਆ ਹੁੰਦਾ ਤਾਂ ਅੱਜ ਭਾਰਤ ਦੀ ਸ਼ਕਲ ਕੁਝ ਹੋਰ ਹੀ ਹੁੰਦੀ।

ਰਾਜਸਥਾਨ ਦੇ ਸਾਬਕਾ ਵਿਧਾਇਕ ਦੇਵੀ ਸਿੰਘ ਮੰਡਾਵਾ ਨੇ ਹਿੰਦੀ ਵਿਚ “ਪ੍ਰਤਿਹਾਰ ਔਰ ਉਨਕਾ ਸਾਮਰਾਜ” ਨਾਮੀ ਪੁਸਤਕ ਸੰਨ 1998 ਵਿਚ ਪ੍ਰਕਾਸ਼ਿਤ ਕੀਤੀ। ਉਨ੍ਹਾਂ ਨੇ ਪ੍ਰਤਿਹਾਰਾਂ ਦੇ ਅੱਠਵੀਂ ਅਤੇ ਨੌਵੀਂ ਸਦੀ ਦੇ ਕਈ ਸ਼ਿਲਾਲੇਖ ਲੱਭੇ ਜਿਸ ਤੋਂ ਪ੍ਰਤਿਹਾਰਾਂ ਦੀ ਪ੍ਰਤਿਭਾ ਦਾ ਪਤਾ ਲੱਗਦਾ ਹੈ ।ਇਸ ਖੋਜ ਪੁਸਤਕ ਅਨੁਸਾਰ ਅੱਠਵੀਂ ਅਤੇ ਨੌਵੀਂ ਸਦੀ ਵਿਚ ਬਹੁਤ ਸਾਰੇ ਭਾਰਤ ‘ਤੇ ਪ੍ਰਤਿਹਾਰਾਂ ਦਾ ਰਾਜ ਸੀ ਅਤੇ ਅਫ਼ਗਾਨਿਸਤਾਨ, ਕਸ਼ਮੀਰ, ਨੇਪਾਲ ਅਤੇ ਭੂਟਾਨ ਇਸ ਦੇ ਸਹਿਯੋਗੀ ਰਾਜ ਸਨ। ਉਸ ਸਮੇਂ ਦੇ ਇਸ ਗੋਤ ਦੇ ਲੋਕ ਜੰਮੂ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚ ਵੀ ਆਬਾਦ ਹੋਏ। ਰਾਜਸਥਾਨ ਤੋਂ ਹਰੀਹਰਦੇਵ ਨਾਮੀ ਪ੍ਰਤਿਹਾਰ ਆਪਣਾ ਰਾਜ ਆਪਣੇ ਭਰਾ ਨੂੰ ਸੌਂਪ ਕੇ ਜਵਾਲਾਮੁਖੀ ਦੀ ਤੀਰਥ ਯਾਤਰਾ ਲਈ ਆਇਆ ਸੀ। ਕਾਂਗੜਾ ਦੇ ਤਿਰਲੋਕ ਚੰਦ ਕਟੋਚ ਨਾਮੀ ਰਾਜੇ ਨੇ ਆਪਣੀ ਲੜਕੀ ਨਾਲ ਉਸ ਦਾ ਵਿਆਹ ਕਰ ਦਿੱਤਾ। ਦਾਜ ਵਿਚ ਮਿਲੀ ਜ਼ਮੀਨ ਵਿਚ ਉਸ ਨੇ ਆਪਣਾ ਵੱਖਰਾ ਰਾਜ ਕਾਇਮ ਕਰ ਲਿਆ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਪ੍ਰਤਿਹਾਰ ਇਸੇ ਹਰੀ ਹਰਦੇਵ ਦੇ ਵੰਸ਼ ਵਿਚੋਂ ਹਨ। ਜਲੰਧਰ ਜ਼ਿਲ੍ਹੇ ਦੇ ਦੋ ਪਿੰਡਾਂ ਕਾਲਰਾ ਅਤੇ ਕਰਨਾਣਾ (ਹੁਣ ਜ਼ਿਲ੍ਹਾ ਨਵਾਂਸ਼ਹਿਰ) ਵਿਚ ਪਰਿਹਾਰ ਵੰਸ਼ ਦੀ ਵੱਸੋਂ ਦਾ ਰਿਕਾਰਡ ਹਰਿਦੁਆਰ ਦੇ ਪਾਂਡਿਆਂ ਤੋਂ ਪ੍ਰਾਪਤ ਕੀਤਾ ਗਿਆ ਹੈ।

 Kalra Village History | ਕਾਲਰਾ ਪਿੰਡ ਦਾ ਇਤਿਹਾਸ

ਦੇਵੀ ਸਿੰਘ ਮੰਡਾਵਾ ਦੀ ਖੋਜ ਪੁਸਤਕ ਵਿਚ ਜ਼ਿਕਰ ਹੈ ਕਿ ਸੰਨ 837 ਈ. ਵਿਚ ਬਾਊਕ ਨਾਂਅ ਦਾ ਰਾਜਾ ਮੰਡੋਰ ‘ਤੇ ਰਾਜ ਕਰਦਾ ਸੀ। ਇਸ ਬਾਰੇ ਇਕ ਸ਼ਿਲਾਲੇਖ ਕਿਸੇ ਵਿਸ਼ਨੂੰ ਮੰਦਿਰ ਤੋਂ ਲਿਆ ਕੇ ਜੋਧਪੁਰ ਸ਼ਹਿਰ ਪਨਾਹ ਦੀ ਦੀਵਾਰ ‘ਤੇ ਲਗਾਇਆ ਹੋਇਆ ਹੈ।

ਬੁੱਧ ਧਰਮ ਦੀਆਂ ਅਹਿੰਸਕ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਬਹੁਤੇ ਹਿੰਦੂ ਰਾਜੇ ਬੋਧੀ ਬਣ ਗਏ। ਬ੍ਰਾਹਮਣਾਂ ਅਤੇ ਰਿਸ਼ੀਆਂ ਨੇ ਵੀਰ ਲੋਕਾਂ ਨੂੰ ਬੁੱਧ ਧਰਮ ਤੋਂ ਫਿਰ ਵੈਦਿਕ ਧਰਮ ਵਿਚ ਲਿਆਉਣ ਲਈ ਆਬੂ ਪਰਬਤ ‘ਤੇ ਇਕ ਹਵਨ ਯੱਗ ਕੀਤਾ। ਜਿਸ ਵਿਚੋਂ ਚਾਰ ਪ੍ਰਤਾਪੀ ਪੁਰਖ ਪ੍ਰਗਟ ਹੋਏ ਜਿਨ੍ਹਾਂ ਦੇ ਨਾਂਅ, ਪਰਮਾਰ, ਚੌਹਾਨ, ਸੋਲੰਕੀ ਅਤੇ ਰਿਹਾਰ ਸਨ । ਇਨ੍ਹਾਂ ਚਾਰ ਰਾਜਪੂਤਾਂ ਤੋਂ ਚਾਰ ਅਗਲੀ ਕੁਲ ਵੰਸ਼ ਚੱਲੇ (ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਪੰਨਾ 476) ਇਹ ਅਗਨੀ ਕੁੰਡ ਅੱਜ ਤੱਕ ਵੀ ਆਬੂ ਪਰਬਤ ਦੀ ਚੋਟੀ ‘ਤੇ ਕਾਇਮ ਹੈ।

ਅੱਜ ਦੇ ਵਿਗਿਆਨਕ ਯੁੱਗ ਵਿਚ ਲੋਕ ਮਿਥਿਹਾਸਿਕ ਕਥਾਵਾਂ ‘ਤੇ ਯਕੀਨ ਨਹੀਂ ਕਰਦੇ। ਇਹ ਠੀਕ ਜਾਪਦਾ ਹੈ ਕਿ ਮੁਨੀਆਂ ਨੇ ਸਨਾਤਨ ਧਰਮ ਦੀ ਰੱਖਿਆ ਲਈ ਹਵਨ ਯੱਗ ਕੀਤਾ ਤੇ ਹਾਜ਼ਰ ਲੋਕਾਂ ਨੂੰ ਵੰਗਾਰਿਆ ਹੋਵੇ ਕਿ ਜਿਨ੍ਹਾਂ ਨੇ ਧਰਮ ਲਈ ਜਾਨਾਂ ਵਾਰਨੀਆਂ ਹਨ ਉਹ ਅਗਨੀ ਕੁੰਡ ਉੱਪਰੋਂ ਛਾਲਾਂ ਮਾਰ ਕੇ ਦੂਜੇ ਪਾਸੇ ਆ ਜਾਣ ਤੇ ਚਾਰ ਜਾਨ ਵਾਰਨ ਲਈ ਤਿਆਰ ਯੋਧਿਆਂ ਨੇ ਅਗਨੀ ਕੁੰਡ ਟੱਪ ਕੇ ਆਪਣੇ ਆਪ ਨੂੰ ਧਰਮ ਦੀ ਰੱਖਿਆ ਲਈ ਪੇਸ਼ ਕੀਤਾ।

ਅਗਨੀ ਕੁੰਡ ‘ਚੋਂ ਪ੍ਰਗਟ ਹੋਏ ਪਹਿਲੇ ਪ੍ਰਰਿਹਾਰ ਦਾ ਨਾਂਅ ਯੱਗ ਰਿਹਾਰ ਪ੍ਰਚਲੱਤ ਹੋ ਗਿਆ ਤੇ ਧਨਦੇਸ਼ ‘ਤੇ ਉਸ ਦਾ ਰਾਜ ਸੀ। ਉਸ ਅਗਨੀ ਕੁੰਡ ਦਾ ਸਮਾਂ ਛੇਵੀਂ ਸਦੀ ਦਾ ਸਮਾਂ ਸੀ । ਯਗਪਾਲ ਦੀ 27ਵੀਂ ਪੀੜ੍ਹੀ ਵਿਚ ਧਰਮਪਾਲ ਨਾਂਅ ਦਾ ਰਾਜਾ ਹੋਇਆ ਹੈ ਜਿਸ ਨੇ ਬਦਲਗੜ੍ਹ ਦਾ ਨਿਰਮਾਣ ਕੀਤਾ ਅਤੇ33ਵੀਂ ਪੀੜ੍ਹੀ ਵਿੱਚ ਅਯਾਮਕ ਨਾਂਅ ਦਾ ਰਾਜਾ ਹੋਇਆ ਤੇ ਉਸ ਦੇ 12 ਪੁੱਤਰਾਂ ਤੋਂ ਇਸ ਵੰਸ਼ ਦੀਆਂ 16 ਸ਼ਾਖਾਵਾਂ ਬਣੀਆਂ।

ਘਟਿਆਲਾ ਨਾਂਅ ਦਾ ਇਕ ਕਸਬਾ ਜੋਧਪੁਰ ਤੋਂ ਉੱਤਰ ਪੱਛਮ ਵੱਲ 22 ਕਿਲੋਮੀਟਰ ਦੂਰ ਸ਼ੇਰਗੜ੍ਹ ਮਾਰਗ ‘ਤੇ ਸਥਿਤ ਹੈ। ਉਥੋਂ ਮਿਲੇ ਸ਼ਿਲਾਲੇਖਾਂ ਤੋਂ ਸਿੱਧ ਹੁੰਦਾ ਹੈ ਕਿ ਉਥੇ ਸੰਨ 861 ਈ. ਅਤੇ 918 ਈ. ਵਿਚ ਪ੍ਰਤਿਹਾਰਾਂ ਦਾ ਰਾਜ ਸੀ। ਓਸੀਆਂ ਨਾਂਅ ਦਾ ਕਸਬਾ ਜੋ ਜੋਧਪੁਰ ਤੋਂ 52 ਕਿਲੋਮੀਟਰ ਉੱਤਰ ਪੱਛਮ ਵੱਲ ਹੈ, ਤੋਂ ਮਿਲੇ ਸ਼ਿਲਾਲੇਖਾਂ ਤੋਂ ਪਤਾ ਲੱਗਦਾ ਹੈ ਕਿ ਸੰਨ 1013 ਈ. ਵਿਚ ਇਥੇ ਵੀ ਪ੍ਰਤਿਹਾਰਾਂ ਦਾ। ਰਾਜ ਸੀ। ਇਹ ਸ਼ਿਲਾਲੇਖ ਮੁਸਲਮਾਨ ਹਮਲਾਵਰਾਂ ਦੀਆਂ ਨਜ਼ਰਾਂ ਤੋਂ ਬਚੇ ਰਹੇ ਤਾਂ ਸਾਨੂੰ ਇਤਿਹਾਸ ਬਾਰੇ ਕੁਝ ਪਤਾ ਲੱਗਦਾ ਹੈ।

ਛੇਵੀਂ ਸਦੀ ਤੋਂ ਨੌਵੀਂ ਸਦੀ ਤੱਕ ਜੋਧਪੁਰ ਦੇ ਉੱਤਰ-ਪੱਛਮ ਵੱਲ ਪ੍ਰਤਿਹਾਰਾਂ ਦੇ ਕਈ ਛੋਟੇ ਛੋਟੇ ਰਾਜ ਸਨ। ਸੈਨ 622 ਈ. ਵਿਚ ਮੰਡੋਰ ਦਾ ਕਿਲ੍ਹਾ ਰਾਜਾ ਹਰੀਸ਼ ਚੰਦਰ ਦੇ ਪੁੱਤਰਾਂ ਨੇ ਬਣਵਾ ਕੇ ਇੱਥੇ ਆਪਣਾ ਰਾਜ ਕਾਇਮ ਕੀਤਾ। ਰੱਜਿਲ ਪਰਿਹਾਰ ਨੇ ਪਰਮਾਰਾਂ ਤੋਂ ਮੰਡੋਰ ਜਿੱਤਿਆ ਸੀ ਉਸ ਤੋਂ ਬਾਅਦ ਨਰ ਭੱਟ, ਨਾਗ ਭੱਟ, ਭੇਜ, ਯਸ਼ੋਵਰਧਨ, ਚੰਦੂਕ, ਸ਼ੀਲਕ, ਝੋਟ, ਭਿਲਾਦਿਤ, ਕਬਕ, ਬਾਊਕ, ਕਵਕੁਕ ਨਾਮੀਂ ਰਾਜਿਆਂ ਨੇ ਮੰਡੋਰ ‘ਤੇ ਰਾਜ ਕੀਤਾ। ਬਿਕਰਮੀ 1189 ਤੋਂ 1202 ਤੱਕ ਸਹਿਜ ਪਾਲ ਨਾਂਅ ਦੇ ਰਾਜੇ ਦਾ ਵੀ ਇਕ ਸ਼ਿਲਾਲੇਖ ਮਿਲਿਆ ਹੈ। ਮੰਡੋਰ ਕਿਲ੍ਹਾ ਜੋਧਪੁਰ ਤੋਂ ਪੰਜ ਮੀਲ ਉੱਤਰ ਵੱਲ ਹੈ।

ਕਰਨਲ ਟਾਡ ਆਪਣੀ ਪੁਸਤਕ Annals and antiquities of Rajasthan ਦੇ ਪਹਿਲੇ ਭਾਗ ਦੇ ਪੰਨਾ 104 ‘ਤੇ ਲਿਖਦਾ ਹੈ ਕਿ ਪ੍ਰਤਿਹਾਰਾਂ ਦੀਆਂ 12 ਸ਼ਾਖਾਵਾਂ ਹਨ ਜਿਨ੍ਹਾਂ ਵਿਚੋਂ ਇੰਧਾ ਅਤੇ ਸਿੰਧਲ ਸਭ ਤੋਂ ਮਸ਼ਹੂਰ ਹਨ ਤੇ ਇਹ ਲੂਨੀ ਨਦੀ ਦੇ ਕੰਢੇ ਅਜੇ ਵੀ ਆਬਾਦ ਹਨ। ਚੌਹਾਨ ਵੰਸ਼ ਦੇ ਭੱਟ ਚਾਂਦ ਬਰਦਾਈ ਨੇ ਮਹਿਮੂਦ ਦੇ ਸਮੇਂ ਦੀ ਇਕ ਬੜੀ ਸੋਹਣੀ ਤਸਵੀਰ ਪੇਸ਼ ਕੀਤੀ ਹੈ ਕਿ ਮਹਿਮੂਦ ਦੇ ਸਮੇਂ ਬਿਸਾਲ ਦੇਊ ਨੇ ਰਾਜਪੂਤ ਰਾਜਿਆਂ ਦੇ ਸਾਂਝੇ ਇਕੱਠ ਨੇ ਮੁਸਲਿਮ ਹਮਲਾਵਰਾਂ ਵਿਰੁੱਧ ਅਗਵਾਈ ਕੀਤੀ। ਅਨਹੀਲਵਾੜਾ ਦੇ ਸੋਲੰਕੀ ਰਾਜੇ ਨੇ ਇਸ ਯੁੱਧ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ ਤਾਂ ਬਿਸਾਲ ਦੇਊ ਨੇ ਉਸ ‘ਤੇ ਚੜ੍ਹਾਈ ਕੀਤੀ। ਅਜਮੇਰ ਤੋਂ ਚੱਲ ਕੇ ਉਸ ਨੇ ਬਿਸਾਲ ਦੇ ਤਲਾਬ ‘ਤੇ ਡੇਰਾ ਕੀਤਾ ਤਾਂ ਮਣਸੀ ਪਰਿਹਾਰ ਆਪਣੀ ਸਾਰੀ ਫ਼ੌਜ ਲੈ ਕੇ ਇਸ ਥਾਂ ਪੁੱਜ ਗਿਆ ।ਅੱਜ ਵੀ ਇਸ ਥਾਂ ਨੂੰ ਬਿਸਾਲ ਦਾ ਤਾਲ ਕਹਿੰਦੇ ਹਨ। ਰਾਜਪੂਤ ਰਾਜਿਆਂ ਨੂੰ ਜਿੱਤਣ ਲਈ ਜਹਾਂਗੀਰ ਜਦੋਂ ਇੱਧਰ ਆਇਆ ਤਾਂ ਉਸ ਨੇ ਬਿਸਾਲ ਦੇ ਤਾਲ ਕੰਢੇ ਇਕ ਮਹਲਿ ਬਣਵਾਇਆ ਜਿਸ ਵਿਚ ਉਸ ਨੇ ਇੰਗਲੈਂਡ ਦੇ ਬਾਦਸ਼ਾਹ ਜੇਮਜ਼ ਪਹਿਲੇ ਦੇ ਰਾਜਦੂਤ ਦਾ ਸਵਾਗਤ ਕੀਤਾ ਸੀ। ਬਿਸਤ ਦੁਆਬ ਜਲੰਧਰ ਵਿਚ ਪੁਰਾਣੇ ਸਮਿਆਂ ਤੋਂ ਹੀ ਚੰਦਰਵੰਸ਼ੀ ਰਾਜਪੂਤਾਂ ਦਾ ਰਾਜ ਚੱਲਿਆ ਆਉਂਦਾ ਸੀ। ਸੱਤਵੀਂ ਸਦੀ ਵਿਚ ਇਹ ਇਕ ਸ਼ਕਤੀਸ਼ਾਲੀ ਰਿਆਸਤ ਸੀ। ਹੁਸ਼ਿਆਰਪੁਰ, ਕਾਂਗੜਾ, ਚੰਬਾ, ਮੰਡੀ ਤੇ ਸਰਹਿੰਦ ਇਸੇ ਦੇ ਹਿੱਸੇ ਸਨ ਪਰ ਅਗਲੇ ਤਿੰਨ ਸੋ ਸਾਲਾਂ ਵਿਚ ਇਸ ਨੂੰ ਪਰਿਹਾਰਾਂ ਅੱਗੇ ਝੁਕਣਾ ਪਿਆ।

ਕਾਲਰੇ ਪਿੰਡ ਨੂੰ ਆਬਾਦ ਕਰਨ ਵਾਲੇ ਬਜ਼ੁਰਗ ਦਾ ਨਾਂਅ ਮੀਆਂ ਸੰਸਾਰ ਚੰਦ ਸੀ ਜੋ ਅੰਬ, ਤਹਿਸੀਲ ਹੈੱਡਕੁਆਰਟਰ ਹਿਮਾਚਲ ਪ੍ਰਦੇਸ਼ ਤੋਂ ਆ ਕੇ ਪਹਿਲਾਂ ਪਿੰਡ ਰਾਜਪੁਰ ਭਾਈਆਂ ਜ਼ਿਲ੍ਹਾ ਹੁਸ਼ਿਆਰਪੁਰ ਵੱਸੇ। ਉਸ ਦੇ ਪੁੱਤਰ ਫੁੱਲ ਅਤੇ ਅਮਨੂੰ ਘਰੇਲੂ ਝਗੜੇ ਕਾਰਨ ਆਪਣਾ ਪਿੰਡ ਛੱਡ ਕੇ ਪਿੰਡ ਡਰੋਲੀ ਕਲਾਂ ਦੇ ਚੌਧਰੀ ਕੋਲ ਆਏ। ਡਰੋਲੀ ਦੇ ਚੌਧਰੀ ਨੇ ਅਮਨੂੰ ਨਾਲ ਆਪਣੀ ਲੜਕੀ ਦਾ ਵਿਆਹ ਕਰਕੇ ਕੁਝ ਜ਼ਮੀਨ ਦਾਜ ਵਿਚ ਦਿੱਤੀ ਜਿਸ ਵਿਚ ਇਹ ਪਿੰਡ ਆਬਾਦ ਕੀਤਾ ਗਿਆ। ਪਿੰਡ ਦੀਆਂ ਨਿੱਕੀਆਂ ਇੱਟਾਂ ਦੀਆਂ ਬਣਤਰਾਂ ਤੋਂ ਖੋਜੀ ਇਹ ਵੀ ਅਨੁਮਾਨ ਲਾਉਂਦੇ ਸਨ ਕਿ ਬਾਬਰ ਤੋਂ ਪਹਿਲੇ ਮੁਸਲਮਾਨ ਹਮਲਾਵਰਾਂ ਨੇ ਇਹ ਪਿੰਡ ਥੇਹ ਬਣਾ ਦਿੱਤਾ ਹੋਵੇ ਤੇ ਬਾਅਦ ਵਿਚ ਇਸ ਥੇਹ ‘ਤੇ ਦੁਬਾਰਾ ਪਿੰਡ ਵਸਾਇਆ ਗਿਆ। ਜ਼ਮੀਨ ਤੋਂ ਇਲਾਵਾ ਡਰੋਲੀ ਵਾਲਿਆਂ ਪਿੰਡ ਵਸਾਉਣ ਵਿਚ ਹੋਰ ਵੀ ਹਰ ਤਰ੍ਹਾਂ ਦੀ ਮਦਦ ਕੀਤੀ । ਜਦੋਂ ਅਮਨੂੰ ਹੁਰੀਂ ਇਸ ਪਿੰਡ ਆਏ ਤਾਂ ਉਨ੍ਹਾਂ ਦੇ ਨਾਲ ਸੂਰਤੀ ਨਾਂਅ ਦਾ ਤਰਖਾਣ, ਬਾਹੂ ਨਾਂਅ ਦਾ ਆਦਿਧਰਮੀ ਅਤੇ ਇਕ ਘੁਮਾਰ ਵੀ ਆਏ। ਬਾਹੂ ਦੀ ਮਟੀ ਪਿੰਡ ਵਿਚ ਬਣੀ ਹੋਈ ਹੈ ਇਹ ਭਟੋਆ ਗੋਤ ਦਾ ਸੀ। ਲੇਖਕ ਖੁਦ ਇਸ ਪਿੰਡ ਦਾ ਜੰਮਪਲ ਹੈ ਤੇ ਯਾਦ ਹੈ। ਕਿ ਜਦੋਂ ਕਦੇ ਖੇਡਦੇ ਸਮੇਂ ਤਰਖਾਣਾਂ ਦੇ ਮੁੰਡੇ ਠੀਕ ਨਾ ਖੇਡਣ ਤਾਂ ਜ਼ਿਮੀਂਦਾਰਾਂ ਦੇ ਮੁੰਡੇ ਕਿਹਾ ਕਰਦੇ “ਸਾਲ੍ਹਿਆ ਸੂਰਤੀ ਤੂੰ ਤਾਂ ਭੱਠਾ ਹੀ ਬਿਠਾ ਦਿੱਤਾ”। ਉਦੋਂ ਲੇਖਕ ਨੂੰ ਸਮਝ ਨਹੀਂ ਸੀ ਕਿ ਤਰਖਾਣਾਂ ਦੇ ਮੁੰਡਿਆਂ ਨੂੰ ਸੂਰਤੀ ਆਖ ਕੇ ਕਿਉਂ ਸੰਬੋਧਨ ਕਰਦੇ ਸਨ।

ਇਸ ਗੱਲ ਦੇ ਲਿਖਤੀ ਸਬੂਤ ਹਨ ਕਿ ਡਰੋਲੀ ਕਲਾਂ ਪਿੰਡ ਸੰਨ 1526 ਈ. ਤੋਂ ਥੋੜ੍ਹਾ ਚਿਰ ਬਾਅਦ ਆਬਾਦ ਹੋਇਆ ਤਾਂ ਇਸ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਲਰਾ ਉਸ ਤੋਂ ਦਸ ਵੀਹ ਸਾਲ ਬਾਅਦ ਆਬਾਦ ਹੋਇਆ। ਡਰੋਲੀ ਦਾ ਇਕ ਬਜ਼ੁਰਗ ਬੀਰਮ ਦੇਵ ਮਿਨਹਾਸ ਬਾਬਰ ਦੀ ਫ਼ੌਜ ਵਿਚ ਕਿਸੇ ਉੱਚੇ ਅਹੁਦੇ ‘ਤੇ ਸੀ ਤੇ ਬਾਬਰ ਨੇ ਤੁਜ਼ਕੇ ਬਾਬਰੀ ਵਿਚ ਉਸ ਦਾ ਜ਼ਿਕਰ ਕੀਤਾ ਹੈ। ਉਸ ਸਮੇਂ ਹੀ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਇਸ ਪਿੰਡ ਵਿਚ ਉਸ ਸਮੇਂ ਦੀ ਇਕ ਧਰਮਸ਼ਾਲਾ ਹੈ। ਗੁਰੂ ਨਾਨਕ ਸਾਹਿਬ ਦਾ ਸਿੱਖਾਂ ਨੂੰ ਉਪਦੇਸ਼ ਸੀ ਕਿ ਧਰਮਸ਼ਾਲਾਂ ਬਣਾ ਕੇ ਜੁੜ ਬੈਠ ਕੇ ਨਾਮ ਜਪਣ ਤੇ ਆਏ ਗਏ ਮੁਸਾਫਿਰਾਂ ਨੂੰ ਠਹਿਰਨ ਨੂੰ ਜਗ੍ਹਾ ਤੇ ਅੰਨ ਪਾਣੀ ਦਿੱਤਾ ਜਾਵੇ। ਪਿੰਡ ਵਿਚ ਹਿੰਦੂ ਮੱਤ ਦੇ ਕਿਸੇ ਮੰਦਰ ਜਾਂ ਮੁਸਲਮਾਨਾਂ ਦੀ ਦੀ ਕਿਸੇ ਮਸੀਤ ਦੇ ਨਿਸ਼ਾਨ ਤੱਕ ਨਹੀਂ ਹਨ। ਜਠੇਰਿਆਂ ਦੀ ਮਟੀ ਗਾਲਿਬਾਣੇ ਟੋਭੇ ਕੰਢੇ ਪਿੰਡ ਦੇ ਚੜ੍ਹਦੇ ਪਾਸੇ ਹੈ। ਇਹ ਪਿੰਡ ਦੇ ਬਜ਼ੁਰਗਾਂ ਨੇ ਆਪਣੇ ਪੁਰਾਣੇ ਖੇੜੇ ਤੋਂ ਕੁਝ ਇੱਟਾਂ ਲਿਆ ਕੇ ਬਣਾਈ ਸੀ ਜਿਸ ਤਰ੍ਹਾਂ ਪਰਮਾਰ ਰਾਜਪੂਤਾਂ ਨੇ ਧਾਰਾ ਨਗਰੀ (ਮੱਧ ਪ੍ਰਦੇਸ਼) ਤੋਂ ਕੁਝ ਇੱਟਾਂ ਲਿਆ ਕੇ ਬੰਗਾ ਸ਼ਹਿਰ ਵਿਚ ਇਕ ਮੰਦਿਰ ਬਣਵਾਇਆ। ਸੀ । ਆਦਿਧਰਮੀ ਬਜ਼ੁਰਗ ਬਾਹੂ ਦੀ ਕਬਰ ‘ਤੇ ਵੀ ਮਟੀ ਬਣਾਈ ਗਈ ਜੋ ਕਿ ਅਜੇ ਵੀ ਕਾਇਮ ਹੈ। ਪਿੰਡ ਵਾਲਿਆਂ ਨੇ ਮੀਆਂ ਸੰਸਾਰ ਚੰਦ ਤੋਂ ਸ਼ੁਰੂ ਕਰ ਕੇ ਉਸ ਤੋਂ ਬਾਅਦ ਦੇ ਬਜ਼ੁਰਗਾਂ ਦੇ ਨਾਵਾਂ ਦਾ ਵੇਰਵਾ ਬੜੀ ਚੰਗੀ ਤਰ੍ਹਾਂ ਰੱਖਿਆ ਹੋਇਆ ਹੈ। ਇਹ ਕੰਮ ਬਾਬੂ ਰੱਖਾ ਸਿੰਘ ਕਰਦੇ ਸਨ ਜੋ ਕਿ ਖਾਲਸਾ ਹਾਈ ਸਕੂਲ ਦੇ ਅਤੇ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦੇ ਸੈਕਟਰੀ ਸਾਰੀ ਉਮਰ ਰਹੇ। ਸੰਸਾਰ ਚੰਦ ਤੋਂ ਬਾਅਦ ਵਿਰਦੀ, ਚੰਨ, ਪੋਪਲ, ਅਮਨੂੰ, ਹੱਲੋ, ਘੁੱਗ, ਗਾਲਿਬ, ਹੋਏ। ਗਾਲਿਬ ਦੇ ਸਮੇਂ ਪਿੰਡ ਦੇ ਚੜ੍ਹਦੇ ਪਾਸੇ। ਇਕ ਬਹੁਤ ਵੱਡਾ ਟੋਭਾ ਪੁਟਵਾਇਆ ਗਿਆ ਤੇ ਅੱਜ ਤੱਕ ਵੀ ਇਸ ਨੂੰ ਗਾਲਿਬਾਣਾ ਟੋਭਾ ਕਿਹਾ ਜਾਂਦਾ ਹੈ। ਗਾਲਿਬ ਦੇ ਅੱਗੋਂ ਚਾਰ ਪੁੱਤਰ ਹੋਏ-ਢੇਰੂ, ਬੀਰ, ਸਾਹਿਬ ਸਰੂਪ ਅਤੇ ਪਹਿਲਵਾਨ। ਇਨ੍ਹਾਂ ਵਿਚੋਂ ਬੀਰ ਲਾਵਲਦ ਹੀ ਮਰ ਗਿਆ ਤੇ ਬਾਕੀਆਂ ਦੇ ਨਾਵਾਂ ‘ਤੇ ਪਿੰਡ ਦੀਆਂ ਤਿੰਨ ਪੱਤੀਆਂ ਚੱਲੀਆਂ ਆ ਰਹੀਆਂ ਹਨ। ਪਿੰਡ ਵਿਚ ਇਨ੍ਹਾਂ ਤਿੰਨਾਂ ਪੱਤੀਆਂ ਦਾ ਇਕ ਇਕ ਲੰਬੜਦਾਰ ਹੈ। ਢੇਰੂ ਪੱਤੀ ਦਾ ਨਾਂਅ ਅੱਜਕਲ੍ਹ ਪੱਤੀ ਖੁੰਡਾਂ, ਸਾਹਿਬ ਸਰੂਪ ਵਾਲੀ ਨੂੰ ਬਿੱਲਿਆਂ ਦੀ ਪੱਤੀ ਅਤੇ ਪਹਿਲਵਾਨ ਦੀ ਪੱਤੀ ਨੂੰ ਭਊ ਪੱਤੀ ਆਖਿਆ ਜਾਂਦਾ ਹੈ।

ਸੰਨ 1885 ਈ. ਦੇ ਜ਼ਮੀਨੀ ਰਿਕਾਰਡ ਅਨੁਸਾਰ ਪਿੰਡ ਵਿਚ ਹੜ੍ਹਾਂ ਦੀ ਗਿਣਤੀ ਅਤੇ ਹਰ ਪੱਤੀਵਾਰ ਸਰਕਾਰੀ ਮਾਮਲੇ ਬਾਰੇ ਪਤਾ ਲੱਗਦਾ ਹੈ ਕਿ ਪੱਤੀ ਖੰਡਾਂ ਵਿਚ 20 ਹਲ, ਬਿੱਲਿਆਂ ਦੀ ਪੱਤੀ ਵਿਚ 20 ਹਲ ਅਤੇ ਭਊ ਪੱਤੀ ਵਿਚ ਸਵਾ ਪੱਚੀ ਹਲ ਸਨ ਤੇ ਸਰਕਾਰੀ ਮਾਮਲੇ ਦਾ ਇਕ ਰੁਪਏ ਵਿਚੋਂ ਹਿੱਸਾ ਕਰਮਵਾਰ 4% ਆਨੇ, 54 ਅਤੇ 6 ਆਨੇ ਸੀ।

ਕਾਲਰੇ ਦੇ ਬ੍ਰਾਹਮਣ ਹਰ ਮਾਮਲੇ ਵਿਚ ਦੂਰ-ਦ੍ਰਿਸ਼ਟੀ ਤੋਂ ਕੰਮ ਲੈਂਦੇ ਰਹੇ। ਉਨ੍ਹਾਂ ਸਸਤੇ ਸਮਿਆਂ ਵਿਚ ਆਦਮਪੁਰ ਥਾਣੇ ਦੇ ਸਾਹਮਣੇ ਕਾਫੀ ਜ਼ਮੀਨ ਖਰੀਦ ਲਈ ਤੇ ਆਪਣੀ ਰਿਹਾਇਸ਼ ਲਈ ਇਕ ਮਕਾਨ ਵੀ ਬਣਾ ਲਿਆ। ਪਿੰਡ ਦਾ ਕੋਈ ਵੀ ਆਦਮੀ ਜੇ ਸ਼ਹਿਰੋਂ ਲੇਟ ਹੋ ਜਾਂਦਾ ਤਾਂ ਇਹਨਾਂ ਪੰਡਤਾਂ ਦੇ ਘਰ ਚਲੇ ਜਾਂਦੇ ਤੇ ਉਸ ਨੂੰ ਰੋਟੀ ਪਾਣੀ ਅਤੇ ਮੰਜਾ ਬਿਸਤਰਾ ਵੀ ਦਿੱਤਾ ਜਾਂਦਾ। ਸੰਨ 1948 ਵਿੱਚ ਪੰਡਤ ਮਿਲਖੀ ਰਾਮ ਦੀ ਬੈਠਕ ਵਿੱਚ ਬੈਟਰੀ ਨਾਲ ਚੱਲਣ ਵਾਲਾ ਰੇਡੀਓ ਰੱਖਿਆ ਹੁੰਦਾ ਸੀ ਤੇ ਪਿੰਡ ਦੇ ਹਰ ਉਮਰ ਦੇ ਲੋਕ ਦਰੀ ‘ਤੇ ਬੈਠ ਕੇ ਰੇਡੀਓ ਸੁਣਦੇ।

ਸੰਨ 1947 ਤੋਂ ਪਹਿਲਾਂ ਪਿੰਡ ਵਿੱਚ ਛੇ ਘਰ ਮੁਸਲਮਾਨ ਗੁੱਜਰਾਂ ਦੇ, ਦੋ ਘਰ ਭਰਾਈਆਂ ਦੇ, ਦੋ ਬਰਵਾਲਿਆਂ ਦੇ, ਇੱਕ ਸ਼ੋਰ ਗਰਾਂ ਦਾ, ਇੱਕ ਫ਼ਕੀਰਾਂ ਦਾ ਅਤੇ ਇੱਕ ਘਰ ਮਰਾਸੀਆਂ ਦਾ ਸੀ। ਮਰਾਸੀਆਂ ਨੇ ਆਪਣੀ ਮਰਜ਼ੀ ਨਾਲ ਸਿੱਖ ਧਰਮ ਅਪਣਾ ਲਿਆ ਪਰ ਬਾਕੀ ਸਭ ਮੁਸਲਮਾਨ ਪਾਕਿਸਤਾਨ ਚਲੇ ਗਏ।

ਗੁਲਜ਼ਾਰੀ ਨਾਈ ਤੋਂ ਬਾਅਦ ਹੇਮ ਰਾਜ ਨੇ ਵੀ ਆਉਣ ਜਾਣ ਲਈ ਘੋੜੀ ਰੱਖੀ ਹੋਈ ਸੀ। ਹੇਮ ਰਾਜ ਫੋੜੇ ਫਿਣਸੀਆਂ ਅਤੇ ਹੋਰ ਜ਼ਖਮਾਂ ਦੇ ਇਲਾਜ ਕਰਨ ਲਈ ਇਲਾਕੇ ਵਿੱਚ ਪ੍ਰਸਿੱਧ ਸੀ । ਬੱਬਰ ਅਕਾਲੀ ਲਹਿਰ ਦੇ ਬੁਝਦੇ ਦੀਵੇ ਵਿੱਚ ਤੇਲ ਪਾਉਣ ਲਈ ਇਸ ਪਿੰਡ ਦੇ ਬੱਬਰ ਜਰਨੈਲ ਸਿੰਘ ਉਰਫ਼ ਜੈਲਾ ਆਪਣੀ ਚੜ੍ਹਦੀ ਜਵਾਨੀ ਵਿੱਚ ਸੰਨ 1942 ਵਿੱਚ ਅੱਗੇ ਆਏ। ਉਨ੍ਹਾਂ ਡਰੋਲੀ ਕਲਾਂ, ਫਗਵਾੜਾ ਤੋਂ ਹੋਰ ਕਈ ਪਿੰਡਾਂ ਦੇ ਜੈਲਦਾਰਾਂ, ਸਫੈਦਪੋਸ਼ਾਂ ਤੇ ਹੋਰ ਅੰਗਰੇਜ਼ ਸਰਕਾਰ ਦੇ ਝੋਲੀਚੁੱਕਾਂ ਦੀ ਕਈ ਸਾਲ ਨੀਂਦ ਹਰਾਮ ਕਰੀ ਰੱਖੀ। ਜਰਨੈਲ ਸਿੰਘ ਨੂੰ ਫੜਨ ਲਈ ਕਾਲਰੇ ਵਿੱਚ ਦੋ ਪੁਲਸ ਚੌਕੀਆਂ ਦੋ ਕੁ ਸਾਲ ਰਹੀਆਂ। ਦਿਨ ਛਪਣ ਤੋਂ ਦਿਨ ਚੜ੍ਹਨ ਤੱਕ ਪਿੰਡ ਵਿੱਚ ਕਰਫਿਊ ਲੱਗਾ ਹੁੰਦਾ ਸੀ। ਲੇਖਕ ਦੀ ਉਮਰ ਉਸ ਸਮੇਂ ਪੰਜ ਛੇ ਸਾਲ ਦੀ ਸੀ ਤੇ ਇਹ ਸਭ ਕੁਝ ਆਪਣੀ ਅੱਖੀਂ ਡਿੱਠਾ ਕਿ ਪਠਾਣ ਸਿਪਾਹੀ ਕਿਸ ਤਰ੍ਹਾਂ ‘ਜੈਲੇ’ ਦੇ ਨਾਂਅ ਤੋਂ ਕੰਬਦੇ ਸਨ। ਨਿਆਣਿਆਂ ਨੇ ਚੌਂਕੀ ਤੋਂ ਬਾਹਰ ਖੜ੍ਹੇ ਸਿਪਾਹੀ ਨੂੰ ਕਹਿਣਾ ਕਿ ਆਪਣੀ ਥਰੀ-ਨਾਟ-ਥਰੀ ਦੀ ਰਾਈਫ਼ਲ ਚੁੱਕ ਕੇ ਦੇਖ ਲੈਣ ਦੇ ਕਿ ਕਿੰਨੀ ਕੁ ਭਾਰੀ ਹੈ। ਪੰਜ ਛੇ ਸਾਲ ਦੇ ਨਿਆਣਿਆਂ ਲਈ ਇਹ ਕਾਫ਼ੀ ਭਾਰੀ ਲੱਗਦੀ। ਬੱਬਰ ਜਰਨੈਲ ਸਿੰਘ ਦੇ ਪੁਲਸ ਮੁਕਾਬਲਿਆਂ ਕਰਕੇ ਇਹ ਪਿੰਡ ਅੱਜ ਵੀ ਪੰਜਾਬ ਹੀ ਨਹੀਂ ਕੈਨੇਡਾ ਅਤ ਅਮਰੀਕਾ ਵਿੱਚ ਵੀ ਮਸ਼ਹੂਰ ਹੈ। ਜਦੋਂ ਬਾਹਰ ਕਿਸੇ ਨੂੰ ਆਪਣੇ ਪਿੰਡਾਂ ਦਾ ਨਾਂਅ ਕਾਲਰਾ ਦੱਸੀਏ ਤਾਂ ਅੱਗੋਂ ਉਹ ਪੁੱਛਦੇ ਹਨ ਕਾਲਰਾ ! ਜੈਲੇ ਵਾਲਾ?

ਕਾਲਰੇ ਪਿੰਡ ਵਿੱਚੋਂ ਘੋੜੀ ‘ਤੇ ਚੜ੍ਹ ਕੇ ਲੰਘਣ ਦੀ ਆਗਿਆ ਕੇਵਲ ਪਿੰਡ ਦੇ ਜਵਾਈਆਂ ਨੂੰ ਸੀ ਤੇ ਜੇ ਕੋਈ ਹੋਰ ਚੜ੍ਹ ਕੇ ਲੰਘਣ ਦੀ ਕੋਸ਼ਿਸ਼ ਕਰਦਾ ਤਾਂ ਖੁੰਢਾਂ ‘ਤੇ ਬੈਠੇ ਬਜ਼ੁਰਗ ਉਸ ਨੂੰ ਟੋਕ ਦਿੰਦੇ । ਕਾਲਰੇ ਦੀ ਇੱਕ ਪੱਤੀ ਦਾ ਨਾਂਅ ਢੇਰੂ ਪੱਤੀ ਤੋਂ ਖੁੰਢਾਂ ਦੀ ਪੱਤੀ ਵੀ ਇਸੇ ਕਰਕੇ ਪਿਆ ਕਿ ਇਸ ਪੱਤੀ ਦੇ ਬਜ਼ੁਰਗ ਰਸਤੇ ਕਿਨਾਰੇ ਵੱਡੀਆਂ-ਵੱਡੀਆਂ ਟਾਹਲੀਆਂ, ਕਿੱਕਰਾਂ ਆਦਿ ਦੇ ਵੱਡੇ-ਵੱਡੇ ਦਰੱਖਤਾਂ ਦੇ ਮੋਛਿਆਂ ‘ਤੇ ਬੈਠ ਗੱਪ ਸ਼ੱਪ ਮਾਰਦੇ ਤੇ ਹਰ ਆਏ ਗਏ ‘ਤੇ ਨਿਗ੍ਹਾ ਰੱਖਦੇ ਸੀ। ਢੰਢੌਰ ਪਿੰਡ ਦਾ ਚਰਾਗ ਚੌਧਰੀ ਬੜਾ ਹੈਂਕੜਬਾਜ਼ ਸੀ। ਇੱਕ ਵਾਰ ਕਾਲਰੇ ਪਿੰਡ ਵਿੱਚੋਂ ਘੋੜੀ ‘ਤੇ ਚੜ੍ਹ ਕੇ ਲੰਘਣ ਕਰਕੇ ਆਪਣੀ ਪੱਗ ਲੁਹਾ ਕੇ ਗਿਆ ਸੀ।

ਸਿੱਖ ਵਸੋਂ ਦਾ ਪਿੰਡ ਹੋਣ ਕਰ ਕੇ ਗੁਰਦੁਆਰਾ ਸੁਧਾਰ ਲਹਿਰ ਤੋਂ ਲੈ ਕੇ ਪੰਜਾਬੀ ਸੂਬਾ ਮੋਰਚੇ ਤੱਕ ਇਸ ਪਿੰਡ ਨੇ ਆਪਣਾ ਪੂਰਾ ਯੋਗਦਾਨ ਪਾਇਆ। ਅਕਾਲੀ ਭਗਤ ਸਿੰਘ ਤੇ ਹਰੀ ਸਿੰਘ ਜੈਤੇ ਦੋ ਮੋਰਚੇ ਵਿੱਚ ਗਏ। ਅਕਾਲੀ ਵਤਨ ਸਿੰਘ ਡਸਕਾ ਮੋਰਚੇ ਵਿੱਚ ਗਿਆ। ਭਗਤ ਸਿੰਘ ਅਤੇ ਵਤਨ ਸਿੰਘ ਨੂੰ ਪੈਨਸ਼ਨ ਦੇ ਕਾਗਜ਼ ਭਰਨ ਲਈ ਅਕਾਲੀ ਸਰਕਾਰ ਬਣਨ ਵੇਲੇ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਪੰਥ ਦੀ ਖਾਤਰ ਜੇਲ੍ਹਾਂ ਕੱਟੀਆਂ ਸਨ ਨਾ ਕਿ ਪੈਨਸ਼ਨ ਲੈਣ ਲਈ।

ਹੇਮ ਰਾਜ ਅਤੇ ਧਨਪਤ ਨਾਈ ਬੱਬਰ ਅਕਾਲੀਆਂ ਦੇ ਕੱਪੜੇ ਸਿਉਂ ਕੇ ਦਿੰਦੇ ਸਨ। ਮੱਲਾ ਸਿੰਘ ਨਿਹੰਗ ਦੀ ਕੁਟੀਆ ਬੱਬਰ ਅਕਾਲੀਆਂ ਦੀ ਸੁਰੱਖਿਅਤ ਠਾਹਰ ਸੀ। ਹੇਮ ਰਾਜ ਨਾਈ ਨੂੰ ਪੁਲਸ ਨੇ ਬੱਬਰਾਂ ਦੇ ਪਤੇ ਪੁੱਛਣ ਲਈ ਅਤਿ ਦੇ ਤਸੀਹੇ ਦਿੱਤੇ। ਦੱਸਦੇ ਹਨ ਕਿ ਉਸ ਦੇ ਮੂੰਹ ‘ਤੇ ਗੰਦ ਦੀ ਪੱਟੀ ਬੰਨ੍ਹੀ ਗਈ ਪਰ ਉਸ ਨੇ ਆਪਣੀ ਜ਼ੁਬਾਨ ਬਬਰਾਂ ਦੇ ਖ਼ਿਲਾਫ ਨਾ ਖੋਲ੍ਹੀ। ਧਨਪਤ ਕਮਾਲ ਹੁਸ਼ਿਆਰੀ ਨਾਲ ਮਲਾਇਆ ਨੂੰ ਖਿਸਕ ਗਿਆ। ਹੇਮ ਰਾਜ ਨੂੰ ਵੀ ਬੱਬਰਾਂ ਦੀ ਮਦਦ ਕਰਨ ਬਦਲੇ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਪੈਨਸ਼ਨ ਮਿਲੀ । ਅਕਾਲੀ ਦਲ ਵੱਲੋਂ ਲਾਏ ਹਰ ਮੋਰਚੇ ਵਿੱਚ ਹਿੱਸਾ ਲੈਣ ਵਾਲੇ ਕਾਲਰੇ ਦੇ ਜਥੇਦਾਰ ਰੰਗਾ ਸਿੰਘ ਦਾ ਜਨਮ 15 ਅਗਸਤ 1925 ਨੂੰ ਹੋਇਆ। ਸੰਨ 1955 ਵਿੱਚ ਪੰਜਾਬੀ ਸੂਬੇ ਦਾ ਨਾਅਰਾ ਲਾਉਣ ਦੀ ਸਜ਼ਾ ਸੀ ਤੇ ਉਹ ਛੇ ਮਹੀਨੇ ਜਲੰਧਰ ਜੇਲ੍ਹ ‘ਚ ਰਹੇ। 1960 ਵਿੱਚ ਪੰਜਾਬੀ ਸੂਬੇ ਦੇ ਮੋਰਚੇ ਲਈ 80 ਸਿੰਘਾਂ ਦਾ ਜੱਥਾ ਲੈ ਕੇ ਗਏ ਅਤੇ 8 ਮਹੀਨੇ ਕੈਦ ਕੱਟੀ। ਸੰਨ 1966 ਵਿੱਚ ਜ਼ਿਲ੍ਹਾ ਅਕਾਲੀ ਦਲ ਜਲੰਧਰ ਦੇ ਪ੍ਰਧਾਨ ਬਣੇ ਤੇ ਸੱਤ ਸਾਲ ਤੱਕ ਇਸ ਅਹੁਦੇ ‘ਤੇ ਰਹੇ। ਪਾਉਂਟਾ ਸਾਹਿਬ ਮੋਰਚੇ ਲਈ ਜਾਣ ਸਮੇਂ ਲੁਧਿਆਣਾ ਵਿਖੇ ਪੁਲਸ ਨਾਲ ਟੱਕਰ ਲਈ।

 Kalra Village History | ਕਾਲਰਾ ਪਿੰਡ ਦਾ ਇਤਿਹਾਸ

ਪ੍ਰਸਿੱਧ ਇਤਹਾਸਕ ਨਾਇਕ, ਮਹਾਨ ਆਜ਼ਾਦੀ ਘੁਲਾਟੀਏ, ਅਣਥਕ ਇਨਕਲਾਬੀ ਯੋਧੇ, ਮਿਸਾਲੀ ਕਮਿਊਨਿਸਟ ਕਾਮਰੇਡ ਜੋਗਿੰਦਰ ਸਿੰਘ ਪਰਹਾਰ ਦਾ ਜਨਮ ਪਿੰਡ ਕਾਲਰਾ ਵਿੱਚ ਸੰਨ 1925 ਵਿੱਚ ਸ. ਸੋਹਣ ਸਿੰਘ ਦੇ ਘਰ ਹੋਇਆ। ਆਪ ਨੇ 19 ਕੁ ਸਾਲ ਦੀ ਉਮਰ ਵਿੱਚ ਆਰਮੀ ਸਰਵਿਸ ਕੋਰ ਯੂਨਿਟ 7 ਵਿੱਚ ਭਾਰਤੀ ਬਰੀਗੇਡ ਦੀ ਟਰਾਂਸਪੋਰਟ ਕੰਪਨੀ ਨਾਲ ਇਲੈਕਟਰੀਸ਼ੀਅਨ ਦੀ ਨੌਕਰੀ ਕਰ ਲਈ। ਆਪ ਦੀ ਯੂਨਿਟ ਨੂੰ ਜਰਮਨ ਵਿਰੁੱਧ ਲੜਨ ਲਈ ਯੂਨਾਨ ਭੇਜ ਦਿੱਤਾ ਗਿਆ। ਪਹਿਲੀ ਮਈ ਸੰਨ 1944 ਈ. ਨੂੰ ਕਾਮਰੇਡ ਜੋਗਿੰਦਰ ਸਿੰਘ ਯੂਨਾਨ ਦੇ ਕਸਬਾ ਕਵਾਲਾ ਵਿਖੇ ਤਾਇਨਾਤ ਸਨ ਕਿ ਉਨ੍ਹਾਂ ਦਿਨਾਂ ਵਿੱਚ ਹਾਲੀਵੁਡ ਦੀ ਤਿਆਰ ਸਿਵਲ ਤੇ ਮਿਲਟਰੀ ਗਜ਼ਟ ਦੇ ਐਡੀਟਰ ਕਿਪਲਿੰਗ ਦੀ ਲਿਖਤ ‘ਤੇ ਬਣਾਈ ਗਈ “ਗੰਗਾਦੀਨ” ਨਾਂਅ ਦੀ ਫ਼ਿਲਮ ਦੇ ਪੋਸਟਰ ਕਸਬੇ ਵਿੱਚ ਲਗਾਏ ਗਏ। ਇਸ ਫ਼ਿਲਮ ਵਿੱਚ ਭਾਰਤੀਆਂ ਨੂੰ ਬੜੇ ਘਟੀਆ ਕਿਸਮ ਦੇ ਇਨਸਾਨ ਦਿਖਾਇਆ ਗਿਆ ਸੀ ਤੇ ਇਹ ਵੀ ਜ਼ਾਹਿਰ ਕੀਤਾ ਗਿਆ ਸੀ ਕਿ ਅੰਗਰੇਜ਼ਾਂ ਨੇ ਇਹਨਾਂ ਨੂੰ ਰਹਿਣ ਸਹਿਣ ਦਾ ਸਲੀਕਾ ਦੱਸਿਆ ਹੈ। ਭਾਰਤੀ ਸਿਪਾਹੀਆਂ ਨੇ ਇਸ ਦੇ ਪੋਸਟਰ ਪਾੜ ਸੁੱਟੇ ਤੇ ਸਿਨੇਮਾ ਦੇ ਮਾਲਕ ਨੂੰ ਧਮਕੀਆਂ ਵੀ ਦਿੱਤੀਆਂ ਕਿ ਸਿਨਮਾ ਘਰ ਨੂੰ ਅੱਗ ਲਾ ਦਿੱਤੀ ਜਾਵੇਗੀ। ਅੰਗਰੇਜ਼ ਸ਼ਾਸਕਾਂ ਨੇ ਮਿਲਟਰੀ ਪੁਲਸ ਲਾ ਕੇ ਢੋਲ ਢਮੱਕੇ ਨਾਲ ਫ਼ਿਲਮ ਗੰਗਾਦੀਨ 2 ਮਈ 1944 ਨੂੰ ਵਿਖਾਉਣ ਲਈ ਸਕਰੀਨ ‘ਤੇ ਲੈ ਆਂਦੀ। ਕਾਮਰੇਡ ਜੋਗਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਲੈਸ ਹੋ ਕੇ ਥੀਏਟਰ ‘ਤੇ ਹਮਲਾ ਕਰ ਦਿੱਤਾ। ਦੋਨਾ ਪਾਸਿਆਂ ਤੋਂ ਖੂਬ ਗੋਲੀ ਚੱਲੀ। ਇੱਕ ਅੰਗਰੇਜ਼ ਮਾਰਿਆ ਗਿਆ ਤੇ ਇਕ ਜ਼ਖਮੀ ਹੋਇਆ। ਕੋਰਟ ਮਾਰਸ਼ਲ ਨੇ ਕਾਮਰੇਡ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਪੰਜ ਹੋਰ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਅਪੀਲ ਕਰਨ ‘ਤੇ ਇਹ ਸ਼ਜਾ ਉਮਰ ਕੈਦ ਵਿੱਚ ਬਦਲ ਦਿੱਤੀ ਗਈ। 18 ਹੋਰ ਸਾਥੀਆਂ ਨੂੰ ਤਿੰਨ ਮਹੀਨੇ ਤੋਂ 9 ਮਹੀਨੇ ਤੱਕ ਦੀ ਸਜ਼ਾ ਹੋਈ। ਜੇਲ੍ਹ ਅੰਦਰ ਆਪ ਦੀ ਮੁਲਾਕਾਤ ਦੇਸ਼ ਭਗਤ ਇਨਕਲਾਬੀਆਂ ਨਾਲ ਹੋਈ। ਲਾਹੌਰ ਜੇਲ੍ਹ ਅੰਦਰ ਉਸ ਸਮੇਂ ਆਜ਼ਾਦੀ ਘੁਲਾਟੀਏ ਸ. ਗੁਰਦਿਆਲ ਸਿੰਘ ਢਿੱਲੋਂ (ਸਾਬਕਾ ਸਪੀਕਰ), ਗਿਆਨੀ ਸਮਸ਼ੇਰ ਸਿੰਘ ਵੇਰਕਾ, ਕਾ. ਅਵਤਾਰ ਸਿੰਘ ਮਲਹੋਤਰਾ, ਕਾ ਸੋਹਣ ਸਿੰਘ ਜੋਸ਼, ਪੰਡਤ ਕਿਸ਼ੋਰੀ ਲਾਲ ਆਦਿ ਨਾਲ ਹੋਈ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਣ ‘ਤੇ ਵੀ ਕਾਮਰੇਡ ਜੋਗਿੰਦਰ ਸਿੰਘ ਹੁਰਾਂ ਨੂੰ 9 ਅਕਤੂਬਰ 1948 ਨੂੰ ਰਿਲੀਜ਼ ਕੀਤਾ ਗਿਆ।

ਰਿਹਾਈ ਤੋਂ ਬਾਅਦ ਕਾਮਰੇਡ ਹੁਰਾਂ ਨੂੰ ਸਿਵਲ ਜੀ.ਟੀ. ਕੰਪਨੀ ਵਿੱਚ ਇਲੈਕਟਰੀਸ਼ੀਅਨ ਦੀ ਨੌਕਰੀ ਪਠਾਨਕੋਟ ਵਿਖੇ ਮਿਲ ਗਈ। 1952 ਤੋਂ ਉਨ੍ਹਾਂ ਨੇ ਸਰਗਮ ਸਿਆਸੀ ਜੀਵਨ ਸ਼ੁਰੂ ਕੀਤਾ ਅਤੇ ਕਮਿਊਨਿਸਟ ਪਾਰਟੀ ਦੇ ਹੋਲ ਟਾਈਮਰ ਬਣ ਗਏ। ਪਰਲੇ ਦਰਜੇ ਦੇ ਇਮਾਨਦਾਰ ਹੋਣ ਕਰਕੇ ਹਮੇਸ਼ਾ ਫਾਕਾ-ਏ-ਮਸਤੀ ਵਾਲਾ ਜੀਵਨ ਬਤੀਤ ਕਰਦੇ ਰਹੇ। ਦੇਸ਼ ਭਗਤ ਯਾਦਗਾਰ ਕੇਮਟੀ ਵੱਲੋਂ ਦੇਸ਼ ਭਗਤ ਹਾਲ ਦੀ ਉਸਾਰੀ ਸਮੇਂ ਆਪ ਜੀ ਦੀ ਜੋ ਵੀ ਡਿਊਟੀ ਲਾਈ ਗਈ ਉਨ੍ਹਾਂ ਨੇ ਖਿੜੇ ਮੱਥੇ ਪਰਵਾਨ ਕੀਤੀ। ਮਾਲੀ ਔਕੜਾਂ ਦਾ ਸਾਹਮਣਾ ਬੜੇ ਸਬਰ ਸੰਤੋਖ ਨਾਲ ਕੀਤਾ ਪਰ ਸਰਕਾਰ ਤੋਂ ਕੋਈ ਮਾਲੀ ਸਹਾਇਤਾ ਨਾ ਲਈ। ਉਹ ਆਪਣੇ ਸਾਥੀਆਂ ਨੂੰ ਪਾਰਟੀ ਡਸਿਪਲਨ ਦੀ ਰਾਖੀ ਲਈ ਪ੍ਰੇਰਦੇ। ਤਿਆਗ ਤੇ ਕੁਰਬਾਨੀ ਦੇ ਪੁਤਲੇ ਦਾ ਦਿਹਾਂਤ 22 ਅਗਸਤ 1994 ਨੂੰ ਪਠਾਨਕੋਟ ਵਿਖੇ ਹੋ ਗਿਆ।

ਕਾਲਰੇ ਪਿੰਡ ਨੂੰ ਕੁਝ ਖਾਸ ਵਿਅਕਤੀਆਂ ਦੀ ਜੋ ਦੇਣ ਹੈ, ਉਨ੍ਹਾਂ ਦਾ ਵਰਨਣ ਕਰਨਾ ਇੱਥੇ ਜ਼ਰੂਰੀ ਹੈ। ਸਰਦਾਰ ਬਿਕਰਮਾ ਸਿੰਘ ਸਪੁੱਤਰ ਨਗੀਨਾ ਸਿੰਘ ਦੇ ਉੱਦਮ ਨਾਲ ਸੰਨ 1912 ਵਿੱਚ ਪਿੰਡ ਵਿੱਚ ਖ਼ਾਲਸਾ ਹਾਈ ਸਕੂਲ ਸ਼ੁਰੂ ਕੀਤਾ ਗਿਆ। ਇਹ ਉਹ ਸਮਾਂ ਸੀ ਜਦੋਂ ਹਾਈ ਸਕੂਲ ਵਿਰਲੇ ਹੀ ਸਨ । ਜਲੰਧਰ ਅਤੇ ਹੁਸ਼ਿਆਰਪੁਰ ਵਾਲੀ ਸੜਕ ਦੇ ਲਾਗੇ ਛਾਗੇ ਕੇਵਲ ਕਾਲਰਾ ਵਿਖੇ ਹੀ ਹਾਈ ਸਕੂਲ ਸੀ। ਆਦਮਪੁਰ ਥਾਣਾ। ਸਦਰ ਮੁਕਾਮ ਸੀ। ਪਰ ਇਥੇ ਕੇਵਲ ਮਿਡਲ ਸਕੂਲ ਸੀ। ਇਸ ਸਕੂਲ ਵਿੱਚ ਪੰਜ ਪੰਜ- ਸੱਤ-ਸੱਤ ਮੀਲ ਚੌਗਿਰਦੇ ਤੋਂ ਵਿਦਿਆਰਥੀ ਪੈਦਲ ਹੀ ਆਉਂਦੇ । ਕੁਝ ਇੱਕ ਗਿਣਤੀ ਦੇ ਵਿਦਿਆਰਥੀ ਸਾਈਕਲਾਂ ‘ਤੇ ਅਤੇ ਖਨੌੜੇ ਦੇ ਮੁਸਲਮਾਨ ਚੌਧਰੀਆਂ ਦੇ ਮੁੰਡੇ ਘੋੜੀਆਂ ‘ਤੇ ਆਉਂਦੇ ਤੇ ਨਾਲ ਘੋੜੀਆਂ ਦੀ ਸੰਭਾਲ ਲਈ ਉਨ੍ਹਾਂ ਦੇ ਨੌਕਰ ਵੀ ਆਉਂਦੇ। ਇਸ ਸਕੂਲ ਤੋਂ ਵਿੱਦਿਆ ਪੜ੍ਹ ਕੇ ਇਲਾਕੇ ਦੇ ਲੋਕਾਂ ਨੇ ਬੜੀਆਂ ਉੱਚੀਆਂ ਪਦਵੀਆਂ ਸਰਕਾਰੇ ਦਰਬਾਰੇ ਪ੍ਰਾਪਤ ਕੀਤੀਆਂ। ਲੋਕਾਂ ਵੱਲੋਂ ਸਕੂਲ ਨੂੰ ਦਾਨ ਕੀਤੀ ਜ਼ਮੀਨ 104 ਕਨਾਲ ਹੈ ਪਰ ਸਕੂਲ ਕੋਲ ਕੇਵ 78 ਕਨਾਲ 11 ਮਰਲੇ ਜ਼ਮੀਨ ਹੈ। 1960 ਤੋਂ ਇਹ ਸਕੂਲ ਸਰਕਾਰ ਦੇ ਹਵਾਲੇ ਕਰ ਦਿੱਤਾ ਗਿਆ।

ਸੰਤ ਬਾਬਾ ਕਰਮ ਸਿੰਘ ਜੀ ਨੇ ਹਾਈ ਸਕੂਲ ਦੇ ਚੜ੍ਹਦੇ ਪਾਸੇ ਵਾਲੇ ਟੋਭੇ ਨੂੰ ਪੂਰ ਕੇ ਉੱਥੇ ਹਸਪਤਾਲ ਬਣਵਾ ਕੇ ਇਲਾਕੇ ਦੇ ਕਈ ਪਿੰਡਾਂ ਨੂੰ ਡਾਕਟਰੀ ਸਹੂਲੀਅਤ ਪਰਦਾਨ ਕਰਵਾਈ ਹੈ। ਆਪ ਜੀ 23 ਜਨਵਰੀ 2002 ਨੂੰ ਅਕਾਲ ਚਲਾਣਾ ਕਰ ਗਏ ।

 Kalra Village History | ਕਾਲਰਾ ਪਿੰਡ ਦਾ ਇਤਿਹਾਸ

ਖਨੌੜੇ ਦਾ ਹਮਲਾ

ਸੰਨ 1947 ਵਿਚ ਹਿੰਦੂ-ਮੁਸਲਿਮ ਫਸਾਦ ਦੀ ਅੱਗ ਜ਼ੋਰਾਂ ਤੇ ਭੜਕੀ। ਦੇਸ਼ ਦੀ ਵੰਡ ਹੋਈ। ਜਿਹਨਾਂ ਇਲਾਕਿਆਂ ਵਿੱਚ ਮੁਸਲਮਾਨ ਘੱਟ ਸਨ ਉਹਨਾਂ ਨੇ ਪਾਕਿਸਤਾਨ ਵਲ ਨੂੰ ਤੇ ਜਿਹਨਾਂ ਇਲਾਕਿਆਂ ਵਿਚ ਹਿੰਦੂ ਘਟ ਸਨ ਉਹਨਾਂ ਭਾਰਤ ਵੱਲ ਹਿਜਰਤ ਸ਼ੁਰੂ ਕਰ ਦਿੱਤੀ। ਕਾਲਰੇ ਤੋਂ ਪੂਰਬ ਵੱਲ ਦੋ ਮੀਲ ਤੇ ਪਿੰਡ ਖਨੌੜਾ ਨਾਰੂ ਮੁਸਲਮਾਨ ਰਾਜਪੂਤਾਂ ਦਾ ਗੜ੍ਹ ਸੀ। ਖਨੌੜੇ ਵਾਲੇ ਰਾਜਪੂਤ ਨਾਰੂ ਗੋਤ ਦੇ ਮੁਸਲਮਾਨ ਔਰੰਗਜ਼ੇਬ ਦੇ ਵੇਲੇ ਡਰ ਕੇ ਮੁਸਲਮਾਨ ਬਣੇ। ਇਹਨਾਂ ਵਿੱਚੋਂ ਕੁਝ ਧਰਮ ਬਚਾਉਣ ਲਈ ਮਾਲਵੇ ਦੇ ਪਿੰਡ ਰਾਣੀਆਂ ਜਾ ਸਵੇ। ਚਿਰਾਗ ਦੇ ਨਾਨਕੇ ਖਨੌੜੇ ਸਨ ਤੇ ਉਸਨੇ ਉਹਨਾਂ ਨੂੰ ਉਕਸਾਇਆ ਕਿ ਆਪਾਂ ਸਿੱਖ ਰਾਜਪੂਤਾਂ ਦੇ ਇਹ ਦੋ ਚਾਰ ਪਿੰਡ ਸੌਖੇ ਹੀ ਫੂਕ ਕੇ ਚੰਗੀ ਲੁਟਮਾਰ ਕਰ ਸਕਦੇ ਹਾਂ। ਖਨੌੜੇ ਵਿੱਚ ਉਹਨੀਂ ਦਿਨੀ ਚੜ੍ਹਦੇ ਵਲ ਦੇ ਕੁਝ ਪਿੰਡਾਂ ਦੇ ਮੁਸਲਮਾਨ ਪਿੰਡ ਖਾਲੀ ਕਰਕੇ ਆਏ ਹੋਏ ਸਨ। ਸੋਚ ਸਮਝ ਕੇ ਉਹਨਾਂ ਨੇ ਅਗਸਤ 1947 ਨੂੰ ਸਵੇਰੇ ਸੂਰਜ ਚੜ੍ਹੇ ਹੀ ਪਿੰਡ ਪਧਿਆਣੇ ਵਲ ਚਾਲੇ ਪਾ ਦਿੱਤੇ। ਉਹਨਾਂ ਨੇ ਅੱਗੇ ਕੁਝ ਬੰਦੇ ਨਕਲੀ ਦਾਹੜੀਆਂ ਲਾ ਕੇ ਸਿੰਘਾਂ ਦਾ ਭੇਜ ਬਣਾ ਕੇ ਕੀਤੇ ਤੇ ਜੈਕਾਰੇ ਭੀ ਸਿੰਘਾਂ ਵਾਲੇ ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ ਛਡਦੇ ਐਨ ਪਿੰਡ ਪਧਿਆਣੇ ਕੋਲ ਪਹੁੰਚ ਗਏ। ਪਧਿਆਣੇ ਪਿੰਡ ਵਾਲਿਆਂ ਨੇ ਮੁਕਾਬਲਾ ਕੀਤਾ ਤੇ ਧਾੜਵੀਆਂ ਨੂੰ ਪਿੰਡ ਦੇ ਅੰਦਰ ਦਾਖਲ ਨਾ ਹੋਣ ਦਿੱਤਾ। ਪਿੰਡ ਦੇ ਸਭ ਤੋਂ ਉੱਚੇ ਚੁਬਾਰੇ ਤੇ ਇਕ ਬਾਂਸ ਨੂੰ ਕੁਝ ਘਾਹ ਫੂਸ ਬੰਨ੍ਹ ਕੇ ਅੱਗ ਲਾ ਦਿੱਤੀ ਤਾਂ ਕਿ ਕਾਲਰੇ ਅਤੇ ਡਰੋਲੀ ਕਲਾਂ ਵਾਲੇ ਦੇਖ ਲੈਣ। ਇਹ ਇਕ ਖਤਰੇ ਦਾ ਸਿਗਨਲ ਸੀ ਜੋ ਪਹਿਲਾਂ ਤੋਂ ਇਹਨਾਂ ਨੇ ਆਪਣੇ ਬਚਾਅ ਲਈ ਤੈ ਕੀਤਾ ਹੋਇਆ ਸੀ। ਨਾਲ ਹੀ ਇਕ ਘੋੜ ਸਵਾਰ ਕਾਲਰੇ ਨੂੰ ਭੇਜਿਆ। ਲੇਖਕ ਦੀ ਉਮਰ ਉਸ ਸਮੇਂ ਦਸ ਕੁ ਸਾਲ ਦੀ ਸੀ ਤੇ ਅਸੀਂ ਉਸ ਘੋੜ ਸਵਾਰ ਨੂੰ ਦੇਖਿਆ ਜਦੋਂ ਅਸੀਂ ਕੁਝ ਮੁੰਡੇ ਪਿੰਡ ਦੇ ਚੜ੍ਹਦੇ ਪਾਸੇ ਟੋਭੇ ਕੋਲ ਖੇਡ ਰਹੇ ਸੀ। ਘੋੜ ਸਵਾਰ ਉੱਚੀ ਉੱਚੀ ਪੁਕਾਰ ਰਿਹਾ ਸੀ-ਪਧਿਅਣੇ ਤੇ ਹਮਲਾ ਹੋ ਗਿਆ- ਪਧਿਆਣੇ ਤੇ ਹਮਲਾ ਹੋ ਗਿਆ। ਇਸ ਹਮਲੇ ਨੂੰ ਪਧਿਆਣੇ ਵਾਲਿਆਂ ਕਮਾਲ ਬਹਾਦਰੀ ਨਾਲ ਰੋਕਿਆ।

ਮਿੰਟਾਂ ਵਿੱਚ ਹੀ ਪਿੰਡ ਦੇ ਸਭ ਨੌਜਵਾਨ ਹਥਿਆਰਾਂ ਸਮੇਤ ਪਧਿਆਣੇ ਵਲ ਨੂੰ ਇਕ ਇਕ ਦੋ ਦੋ ਕਰਕੇ ਤੇਜੀ ਨਾਲ ਦੌੜ ਪਏ। ਹਲਕੀ ਹਲਕੀ ਬਾਰਸ਼ ਹੋ ਰਹੀ ਸੀ ਤੇ ਜ਼ਮੀਨ ਤਿਲਕਣੀ ਹੋ ਗਈ। ਸਰਦਾਰ ਪਰਤਾਪ ਸਿੰਘ ਜਿਸ ਕੋਲ ਟੌਮੀ ਗੰਨ ਸੀ ਦੌੜੇ ਜਾਂਦੇ ਨੂੰ ਮੈਂ ਤਿਲਕਦੇ ਦੇਖਿਆ। ਉਹ ਡਿਗਣ ਤੋਂ ਸੰਭਲ ਗਿਆ ਉਸ ਦੇ ਭਰਾ ਬਲਦੇਵ ਸਿੰਘ ਕੋਲ ਬਹੁਤ ਭਾਰੀ ਝੋਲਾ ਸੀ ਤੇ ਅਸੀਂ ਮੁੰਡਿਆਂ ਆਪਸ ਵਿੱਚ ਕਿਹਾ “ਦੇਖਿਆ ਬਲਦੇਵ ਤੋਂ ਦੌੜ ਵੀ ਨਹੀਂ ਹੁੰਦਾ। ਉਸ ਦਾ ਝੋਲਾ ਅਸਲੇ ਨਾਲ ਭਰਿਆ ਹੋਇਆ ਹੈ।” ਵਿੱਚ ਕੁਝ ਬੰਬ ਅਤੇ ਟਾਮੀ ਗੰਨ ਦੀਆਂ ਗੋਲੀਆਂ ਸਨ। ਪਧਿਆਣੇ ਦੇ ਅੱਧ ਵਿੱਚ ਜਾ ਕੇ ਸਾਰੇ ਬੰਦੇ ਇਕੱਠੇ ਹੋਏ ਤੇ ਮਤਾ ਪਕਾਇਆ ਕਿ ਪਧਿਆਣੇ ਦੀ ਥਾਂ ਖਨੌੜੇ ਤੇ ਹਮਲਾ ਕਰੀਏ। ਇਹ ਜੰਗੀ ਚਾਲ ਬਹੁਤ ਕਾਮਯਾਬ ਰਹੀ ਤੇ ਕਾਲਰੇ ਦੇ ਸਾਰੇ ਜਵਾਨ ਪੂਰੀ ਤੇਜ਼ੀ ਨਾਲ ਖਨੌੜੇ ਵਲ ਨੂੰ ਦੌੜ ਕੇ ਪੰਜ ਕੁ ਮਿੰਟਾਂ ਵਿੱਚ ਖਨੌੜੇ ਪਿੰਡ ਦੇ ਬਾਹਰ ਪਹੁੰਚ ਗਏ ਤੇ ਜਾਂਦਿਆਂ ਹੀ ਪਹਿਲਾਂ ਤੂੜੀ ਦੇ ਕੁੱਪਾਂ ਨੂੰ ਅੱਗਾਂ ਲਾ ਦਿੱਤੀਆਂ। ਗੋਲੀਆਂ ਦੀ ਵਾਛੜ ਕਰ ਦਿੱਤੀ। ਅਸੀਂ ਛੋਟੇ ਮੁੰਡੇ ਵੀ ਵੱਡਿਆਂ ਨਾਲ ਰਲਣਾ ਚਾਹੁੰਦੇ। ਸਨ ਪਰ ਕੁਝ ਬਜ਼ੁਰਗਾਂ ਨੇ ਸਾਨੂੰ ਟੋਭੇ ਤੋਂ ਅੱਗੇ ਨਾ ਜਾਣ ਦਿੱਤਾ। ਪਿੰਡ ਦੀਆਂ ਸਭ ਔਰਤਾਂ ਵੀ ਇਸ ਪਾਸੇ ਇਕੱਠੀਆਂ ਹੋਈਆਂ ਹੋਈਆਂ ਸਨ ਤੇ ਫਿਕਰਮੰਦ ਨਜ਼ਰ ਆਉਂਦੀਆਂ ਸਨ। ਗੋਲੀਆਂ ਦੀਆਂ ਆਵਾਜ਼ਾਂ ਸਾਫ ਸੁਣ ਰਹੀਆਂ ਸਨ ਜਿਹਨਾਂ ਵਿਚੋਂ ਪਰਤਾਪ ਸਿੰਘ ਦੀ ਟਾਮੀ ਗੰਨ ਦੀ ਆਵਾਜ਼ ਵੱਖਰੀ ਹੀ ਸੁਣਾਈ ਦਿੰਦੀ ਸੀ। ਕਹਿੰਦੇ ਹਨ ਕਿ ਪਰਤਾਪ ਸਿੰਘ ਦਾ ਨਿਸ਼ਾਨਾ ਬਹੁਤ ਠੀਕ ਸੀ ਤੇ ਜਿਸ ਤੇ ਵੀ ਉਹ ਗੋਲੀ ਮਾਰਦਾ ਗੋਲੀ ਮੱਥੇ ਜਾਂ ਸਿਰ ਵਿਚ ਹੀ ਮਾਰਦਾ ਤੇ ਦੁਸ਼ਮਣ ਘਮੇਟਣੀ ਖਾ ਕੇ ਡਿਗਦਾ।

ਸ਼ਾਹ ਜ਼ਹਾਨੀ ਫੌਜਾਂ ਚੜੀਆਂ ਸਭ ਨਊਏ ਹੀ ਨਊਏ ਜੀ।

ਤੀਰ ਤੁਫੰਗ ਦੀ ਭੀੜ ਪਈ ਸਭ ਆਰਸੀਆਂ ਦਿਖਲਊਏ ਜੀ।

ਉਪਰੋਕਤ ਅਖਾਣ ਮੁਸਲਮਾਨਾਂ ਤੇ ਠੀਕ ਢੁੱਕਦਾ ਸੀ। ਸਿੰਘਾਂ ਦੇ ਹੱਲੇ ਦੀ ਝਾਲ ਉਹ ਨਾ ਝੱਲ ਸਕੇ। ਜਦੋਂ ਖਨੌੜੇ ਤੋਂ ਗਏ ਮੁਸਲਮਾਨਾਂ ਨੇ ਪਿਛੇ ਦੇਖਿਆ ਤਾਂ ਖਨੌੜੇ ਪਿੰਡ ਅੱਗ ਦੀਆਂ ਲਪਟਾਂ ਵਿਚ ਸੀ ਤੇ ਧੂੰਏਂ ਦੇ ਬੱਦਲ ਅਸਮਾਨ ਨੂੰ ਛੂਹ ਰਹੇ ਸਨ। ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਤੁਰੰਤ ਪਧਿਆਣੇ ਤੋਂ ਖਨੌੜੇ ਵਲ ਨੂੰ ਦੌੜੇ। ਪਰਤਾਪ ਸਿੰਘ, ਸੂਬੇਦਾਰ ਤੁੰਗਲ ਸਿੰਘ ਤੇ ਹੋਰ ਕਾਲਰੇ ਵਾਲੇ ਜਿਹਨਾਂ ਕੋਲ ਬੰਦੂਕਾਂ ਸਨ ਇਕ ਖੇਤ ਦੀ ਵੱਟ ਦੇ ਉਹਲੇ ਹੋ ਕੇ ਲਿਟ ਕੇ ਫਾਇਰ ਕਰਦੇ ਰਹੇ ਤੇ ਪਧਿਆਣੇ ਤੋਂ ਮੁੜਦੇ ਬਹੁਤ ਸਾਰੇ ਹਮਲਾਆਵਰ ਗੋਲੀਆਂ ਦਾ ਸ਼ਿਕਾਰ ਹੋਏ। ਮੋਤਾ ਸਿੰਘ ਪੁੱਤਰ ਚੰਦਾ। ਸਿੰਘ ਇਕੱਲਾ ਹੀ ਆਪਣੀ ਘੋੜੀ ਦੌੜਾ ਕੇ ਪਿੰਡ ਖਨੋੜਾ ਦੇ ਚੜ੍ਹਦੇ ਪਾਸੇ ਛੱਲੀਆਂ ਵਿਚ ਲੁਕੇ ਹੋਏ ਮੁਸਲਮਾਨਾਂ ‘ਤੇ ਪੈ ਗਿਆ । ਬਹੁਤ ਸਾਰੇ ਮੁਸਲਮਾਨ ਇਕੱਠੇ ਹੋ ਕੇ ਉਸ ਨੂੰ ਪੈ ਗਏ ਤੇ ਇਕ ਬਰਛਾ ਮੋਤਾ ਸਿੰਘ ਦੇ ਪੇਟ ਵਿਚ ਲੱਗਾ ਤੇ ਬਰਛਾ ਧੂਣ ਨਾਲ ਇਸ ਦੀਆਂ ਆਂਦਰਾਂ ਬਾਹਰ ਆ ਗਈਆਂ। ਇਸਦੇ ਸਿਰ ਵਿਚ ਤੇ ਸਰੀਰ ਤੇ ਹੋਰ ਵੀ ਸੱਟਾਂ ਲੱਗੀਆਂ। ਪਿਛੋਂ ਪਿੰਡ ਦੇ ਕੁਝ ਬੰਦੇ ਪਹੁੰਚਣ ਕਰਕੇ ਮੁਸਲਮਾਨ ਭੱਜ ਗਏ ਤਾਂ ਮੋਤਾ ਸਿੰਘ ਦੀ ਜਾਨ ਬਚੀ। ਸੂਬੇਦਾਰ ਤੁੰਗਲ ਸਿੰਘ ਨੇ ਦੋਨਾਲੀ ਤਾਣ ਕੇ ਪਿੱਛੇ ਪਈ ਮੁਸਲਮਾਨਾਂ ਦੀ ਭੀੜ ਨੂੰ ਭਜਾ ਦਿੱਤਾ। ਹਮਲਾਆਵਰਾਂ ਦੇ ਪਿਛਲੇ ਪਾਸਿਓਂ ਪਧਿਆਣੇ, ਡਰੋਲੀ ਕਲਾਂ ਤੇ ਹੋਰ ਪਿੰਡਾਂ ਵਾਲੇ ਹਮਲਾ ਬੋਲ ਰਹੇ ਹਨ ਤੇ ਖਨੌੜੇ ਪਿੰਡ ਵਿੱਚ ਉਹਨਾਂ ਨੂੰ ਕਾਲਰੇ ਵਾਲੇ ਨਹੀਂ ਵੜਨ ਦਿੰਦੇ ਸਨ । ਉਹਨਾਂ ਨੂੰ ਪਿੱਛੇ ਆਪਣੇ ਬੱਚਿਆਂ, ਔਰਤਾਂ ਤੇ ਬੁੱਢਿਆਂ ਦਾ ਫਿਕਰ ਸੀ ਜਿਹਨਾਂ ਦੇ ਬਚਾਅ ਲਈ ਉਹ ਸਿਰ ਧੜ ਦੀ ਬਾਜ਼ੀ ਲਾ ਰਹੇ ਸਨ। ਖਨੌੜੇ ਪਹੁੰਚ ਕੇ ਉਹਨਾਂ ਇਕ ਵਾਰੀ ਜੋਰ ਦਾ ਹਮਲਾ ਕਰਕੇ ਕਾਲਰੇ ਵਾਲਿਆਂ ਨੂੰ ਛੀਂਬੇ ਦੀ ਖੂਹੀ ਤੱਕ ਜੋ ਖਨੌੜੇ ਤੋਂ ਕਾਲਰੇ ਵਾਲੇ ਰਸਤੇ ਤੇ ਪਿੰਡ ਖਨੌੜਾ ਤੋਂ ਦੋ ਕੁ ਫਰਲਾਂਗ ਸੀ, ਵਾਪਸ ਧੱਕ ਦਿੱਤਾ। ਕਈ ਲੋਕ ਪਿੱਛੇ ਨੂੰ ਭੱਜਣ ਲੱਗੇ ਤਾਂ ਸ. ਚਰਨ ਸਿੰਘ ਖੂਹ ਵਾਲੇ ਨੇ ਘੋੜੀ ਉੱਧਰ ਦੌੜਾ ਕੇ ਉਹਨਾਂ ਦੇ ਹੌਂਸਲੇ ਵਧਾ ਕੇ ਉਹਨਾਂ ਨੂੰ ਫੇਰ ਖਨੌੜੇ ਵੱਲ ਨੂੰ ਵਧਣ ਲਈ ਪਰੇਰਿਆ। ਭੱਜਣ ਵਾਲਿਆਂ ‘ਚੋਂ ਕਈਆਂ ਦੇ ਖੂੰਡਾਂ ਵੀ ਵਰ੍ਹਾਇਆ। ਮੁਸਲਮਾਨ ਵੀ ਗੋਲੀਆਂ ਚਲਾ ਰਹੇ ਸਨ ਤੇ ਪਰਤਾਪ ਸਿੰਘ ਨੇ ਸਾਰੇ ਕਾਲਰੋ ਵਾਲਿਆਂ ਨੂੰ ਜ਼ਮੀਨ ਤੇ ਲੰਮਾ ਪੈਣ ਲਈ ਕਿਹਾ। ਕਾਲਰੇ ਦਾ ਦਲੀਪਾ ਸੈਣੀ ਬਹੁਤ ਉੱਚਾ ਲੰਮਾ ਜਵਾਨ ਸੀ ਉਸ ਦੇ ਨਾਲ ਹੀ ਪਿੰਡ ਦੇ ਕੁਝ ਹੋਰ ਜਵਾਨ ਭੀ ਜ਼ਮੀਨ ਤੇ ਲੇਟੇ ਹੋਏ ਸਨ । ਕਿਸੇ ਮੁਸਲਮਾਨ ਨੇ ਕਮਾਦ ਦੇ ਖੇਤ ਵਿਚੋਂ ਗੋਲੀ ਚਲਾਈ। ਉਹ ਪਰਤਾਪ ਸਿੰਘ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਇਸ ਕਰਕੇ ਪਰਤਾਪ ਸਿੰਘ ਨੇ ਉਸ ਦਿਨ ਆਪਣੀ ਪੱਗ ਹੋਰ ਰੰਗਾਂ ਦੀਆਂ ਪੱਗਾਂ ਵਾਲੇ ਜੁਆਨਾਂ ਨਾਲ ਕਈ ਵਾਰੀ ਵਟਾਈ। ਦਲੀਪੇ ਤੋਂ ਕੁਝ ਵਿੱਥ ਤੇ ਪਏ ਜਵਾਨ ਦੇ ਉਪਰੋਂ ਜਦੋਂ ਗੋਲੀ ਲੰਘੀ ਤਾਂ ਉਸ ਕਿਹਾ “ਦਲੀਪਿਆ ਆਈ ਗੋਲੀ” “ਲਗ ਗਈ” ਤੁਰੰਤ ਦਲੀਪਾ ਬੋਲਿਆ। ਗੋਲੀ ਦਲੀਪੇ ਦੇ ਮੋਢੇ ਤੇ ਲੱਗੀ ਕਿਉਂਕਿ ਉਹ ਜ਼ਮੀਨ ਤੋਂ ਜ਼ਰਾ ਉਪਰ ਨੂੰ ਹੋ ਕੇ ਆਲਾ-ਦੁਆਲਾ ਦੇਖਣ ਲੱਗਾ ਸੀ। ਜ਼ਖਮੀ ਦਲੀਪੇ ਨੂੰ ਅਤੇ ਮੋਤਾ ਸਿੰਘ ਨੂੰ ਮੰਜਿਆਂ ‘ਤੇ ਪਾ ਕੇ ਪਿੰਡ ਲਿਆਂਦਾ ਗਿਆ। ਬੁੱਘੇ ਦੀ ਕੋਠੀ ਹੋਰ ਵੀ ਕਈ ਜ਼ਖਮੀ ਲਿਆਂਦੇ ਹੋਏ ਸਨ। ਡਰੋਲੀ ਖੁਰਦ ਵਾਲੇ ਡਾਕਟਰ ਰਘੁਨਾਥ ਸਿੰਘ ਜੀ ਨੇ ਜ਼ਖਮੀਆਂ ਦੀ ਮਰਹੱਮ ਪੱਟੀ ਕੀਤੀ। ਦਲੀਪੇ ਦੇ ਗੋਲੀ ਤਿੰਨ ਇੰਚ ਅੰਦਰ ਗਈ ਹੋਈ ਸੀ। ਲੇਖਕ ਨੇ ਅੱਖੀਂ ਡਿੱਠਾ ਕਿ ਡਾ. ਰਘੁਨਾਥ ਸਿੰਘ ਨੇ ਜ਼ਖਮ ਵਿਚ ਆਪਣੀ ਪੂਰੀ ਉਂਗਲ ਪਾ ਕੇ ਕੋਲ ਖੜੇ ਲੋਕਾਂ ਨੂੰ ਦਿਖਾ ਕੇ ਕਿਹਾ ਕਿ ਗੋਲੀ ਡੂੰਘੀ ਚਲੇ ਗਈ ਹੈ ਤੇ ਅਪਰੇਸ਼ਨ ਕਰਕੇ ਨਿਕਲਣੀ ਹੈ, ਮੇਰੇ ਕੋਲ ਅਪਰੇਸ਼ਨ ਦਾ ਸਮਾਨ ਨਹੀਂ ਇਸ ਲਈ ਇਸ ਨੂੰ ਤੁਰੰਤ ਆਦਮਪੁਰ ਸਿਵਲ ਹਸਪਤਾਲ ਲੈ ਜਾਓ। ਦਲੀਪਾ ਦਰਦ ਨਾਲ ਤੜਫ ਰਿਹਾ ਸੀ। ਮੋਤਾ ਸਿੰਘ ਦੀਆਂ ਪੇਟ ਦੀਆਂ ਆਂਦਰਾ ਬਾਹਰ ਸਨ ਜੋ ਡਾ. ਰਘੁਨਾਥ ਸਿੰਘ ਨੇ ਕੁਝ ਠੀਕ ਕਰਕੇ ਮਰਹੱਮ ਪੱਟੀ ਕਰਕੇ ਉਸ ਨੂੰ ਵੀ ਆਦਮਪੁਰ ਭੇਜਣ ਲਈ ਕਿਹਾ। ਕਾਲਰੇ ਦਾ ਸਰਵਣ ਕੁਮਾਰ ਨਾਈ, ਪਤਲੇ ਸਰੀਰ ਦਾ ਗੱਤਕੇ ਦਾ ਵਧੀਆ ਖਿਡਾਰੀ ਸੀ, ਬਲਕਿ ਹੋਰ ਕਈਆਂ ਨੂੰ ਗੱਤਕਾ ਸਿਖਾਇਆ ਕਰਦਾ ਸੀ ਉਸ ਨੇ ਭੀ ਖਨੌੜੇ ਵਾਲੀ ਲੜਾਈ ਵਿਚ ਬੜੇ ਕਮਾਲ ਕੀਤੇ। ਉਸ ਨੂੰ ਇਕ ਵਾਰੀ ਸਿੱਖ (ਕਿਸੇ ਹੋਰ ਪਿੰਡ) ਦੇ ਮੁਸਲਮਾਨ ਸਮਝ ਕੇ ਮਾਰਨ ਲੱਗੇ ਤਾਂ ਉਹ ਹੱਥ ਵਿਚ ਪਾਇਆ ਕੜਾ ਦਿਖਾ ਕੇ ਬਚਿਆ ਤੇ ਫੇਰ ਉਸਨੂੰ ਪਿੰਡ ਵਾਲਿਆਂ ਤਾੜਨਾ ਕੀਤੀ ਕਿ ਤੂੰ ਇਕੱਲਾ ਨਾ ਹੋਵੀਂ। ਜਥੇਦਾਰ ਰੰਗਾ ਸਿੰਘ, ਮੋਹਣ ਸਿੰਘ ਲੰਬੜਦਾਰ, ਦੀਦਾਰ ਸਿੰਘ, ਲੱਖਾ ਸਿੰਘ ਤੇ ਹੋਰ ਗੱਤਕੇ ਦੇ ਖਿਡਾਰੀਆਂ ਨੇ ਕਿਰਪਾਨਾਂ, ਬਰਛੇ ਤੇ ਛਵੀਆਂ ਚਲਾ ਕੇ ਬਹੁਤ ਸਾਰੇ ਮੁਸਲਮਾਨਾਂ ਦਾ ਸਫਾਇਆ ਕੀਤਾ। ਜਥੇਦਾਰ ਲਾਹੌਰਾ ਸਿੰਘ ਹਰ ਮੁਹਿੰਮ ਤੇ ਜਾਣ ਤੋਂ ਪਹਿਲਾਂ ਅਰਦਾਸ ਕਰਿਆ ਕਰਦਾ ਸੀ।

 Kalra Village History | ਕਾਲਰਾ ਪਿੰਡ ਦਾ ਇਤਿਹਾਸ

ਖਨੌੜੇ ਦੀ ਲੜਾਈ ਦੀ ਪਹਿਲ ਮੁਸਲਮਾਨਾਂ ਨੇ ਪਧਿਆਣੇ ਤੇ ਹਮਲਾ ਕਰਕੇ ਕੀਤੀ ਤੇ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇਣਾ ਜਾਇਜ਼ ਸੀ। ਉਨ੍ਹਾਂ ਦਿਨਾਂ ਵਿੱਚ ਮਜ਼ਹਬੀ ਜਨੂੰਨ ਦਾ ਭੂਤ ਮੁਸਲਮਾਨਾਂ ਅਤੇ ਹਿੰਦੂਆਂ ਸਿੱਖਾਂ ਸਭ ਤੇ ਸਵਾਰ ਸੀ। ਪਾਕਿਸਤਾਨ ਵਾਲੇ ਪਾਸੇ ਹਿੰਦੂ ਸਿੱਖਾਂ ਦੇ ਮਾਰਨ ਦੀਆਂ ਖ਼ਬਰਾਂ ਇੱਧਰ ਪਹੁੰਚਦੀਆਂ ਤਾਂ ਇੱਧਰਲੇ ਲੋਕ ਮੁਸਲਮਾਨਾਂ ਤੋਂ ਇਸਦਾ ਬਦਲਾ ਲੈਣਾ ਠੀਕ ਸਮਝਦੇ। 1947 ਵਿਚ ਕਈ ਲੱਖ ਬੰਦੇ ਦੋਨਾਂ ਕੌਮਾਂ ਦੇ ਅਜਾਈਂ ਮਾਰੇ ਗਏ। ਦੇਸ਼ ਦੀ ਵੰਡ ਬਿਨਾਂ ਕਿਸੇ ਹਿੰਸਾ ਦੇ ਵੀ ਹੋ ਸਕਦੀ ਸੀ। ਇਹ ਕਹਿ ਕੇ ਸਬਰ ਕਰਨਾ ਪੈਂਦਾ ਹੈ ਕਿ ਸਭ ਕੁਝ ਵਿਧਾਤਾ ਦੇ ਹੱਥ ਹੈ। ਬਾਬਰ ਬਾਣੀ ਦੇ ਇਕ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਨੇ ਠੀਕ ਫੁਰਮਾਇਆ ਹੈ। “ਜਿਨ ਕੀ ਚੀਰੀ ਦਰਗਾਹ ਫਾਟੀ ਉਹਨਾਂ ਮਰਨਾ ਭਾਈ” ਜਿਹਨਾਂ ਦੀ ਚਿੱਠੀ ਦਰਗਾਹ ਤੋਂ ਫੱਟੀ ਹੋਈ ਆਈ ਹੈ ਉਹਨਾਂ ਮਰਨਾ ਹੀ ਹੈ। ਪੁਰਾਣੇ ਸਮਿਆਂ ਵਿਚ ਕਿਸੇ ਦੀ ਮੌਤ ਦੀ ਚਿੱਠੀ ਦਾ ਇਕ ਕੋਨਾ ਫਾੜ ਦਿੱਤਾ ਜਾਂਦਾ ਸੀ। ਚਿੱਠੀ ਪੜ੍ਹਨ ਤੋਂ ਪਹਿਲਾਂ ਹੀ ਸਮਝ ਜਾਂਦੇ ਸਨ ਕਿ ਇਹ ਕੋਈ ਦੁਖਦਾਈ ਖ਼ਬਰ ਹੈ। ਵਿਆਹ ਸ਼ਾਦੀਆਂ ਦੀਆਂ ਚਿੱਠੀਆਂ ਤੇ ਕੇਸਰੀ ਰੰਗ ਲਾਇਆ ਹੁੰਦਾ ਤਾਂ ਉਹ ਭੀ ਬਿਨਾਂ ਖੋਲ੍ਹੇ ਤੋਂ ਪਤਾ ਲੱਗ ਜਾਂਦਾ ਸੀ ਕਿ ਇਸ ਚਿੱਠੀ ਵਿ ਕੋਈ ਖੁਸ਼ਖਬਰੀ ਹੈ।

ਖਨੌੜੇ ਦੇ ਬੰਦੇ ਅਤੇ ਜਨਾਨੀਆਂ ਬੱਚਿਆਂ ਸਮੇਤ ਫੁਗਲਾਣੇ ਵਲ ਨੂੰ ਕਾਫੀ ਤਾਦਾਦ ਵਿਚ ਬੱਚ ਨਿਕਲੇ । ਉਹ ਆਪਣੇ ਨਾਲ ਰੁਪਿਆ ਪੈਸਾ ਅਤੇ ਸੋਨੇ ਚਾਂਦੀ ਦੇ ਗਹਿਣੇ ਹੀ ਲਿਜਾ ਸਕੇ । ਬਾਕੀ ਸਾਰਾ ਸਾਮਾਨ ਉਹਨਾਂ ਦਾ ਘਰਾਂ ਵਿਚ ਹੀ ਰਹਿ ਗਿਆ ਜਿਹੜਾ ਮਗਰੋਂ ਆਲੇ ਦੁਆਲੇ ਦੇ ਸਿੱਖਾਂ ਦੇ ਪਿੰਡਾਂ ਵਾਲਿਆਂ ਜੀ ਭਰ ਕੇ ਲੁੱਟਿਆ। ਪਾਕਿਸਤਾਨ ਪਹੁੰਚ ਕੇ, ਹਾਲਾਤ ਦੇ ਠੀਕ ਹੋਣ ਮਗਰੋਂ ਖਨੌੜੇ ਦਾ ਚੌਧਰੀ ਪੁਲਸ ਨੂੰ ਨਾਲ ਲੈ ਕੇ ਪਿੰਡ ਖਨੌੜੇ ਸਰਦੀਆਂ ਵਿੱਚ ਆਇਆ ਆਪਣੇ ਦੀਵਾਨ ਖਾਨੇ ਦੇ ਵੇਹੜੇ ਵਿਚਕਾਰ ਧਰਤੀ ਵਿਚ ਇਕ ਚਾਟੀ ਵਿਚ ਦਬਿਆ ਸੋਨਾ ਚਾਂਦੀ ਕੱਢ ਕੇ ਲੈ ਗਿਆ।

ਕਾਲਰੇ ਦੇ ਸਭ ਲੜਾਕੂ ਜਵਾਨਾਂ ਨੂੰ ਜਥੇਦਾਰ ਵਲੋਂ ਤਾਕੀਦ ਸੀ ਕਿ ਲੜਾਈ ਸਮੇਂ ਲੁੱਟਮਾਰ ਨਹੀਂ ਕਰਨੀ। ਜੇ ਕਰ ਲੁੱਟਮਾਰ ਦੀ ਖੁੱਲ੍ਹ ਹੁੰਦੀ ਤਾਂ ਜਵਾਨਾਂ ਨੇ ਲੜਨ ਦੀ ਬਜਾਏ, ਰੁਪਏ ਸੋਨਾ ਤੇ ਹੋਰ ਕੀਮਤੀ ਸਾਮਾਨ ਲੁੱਟਣ ਵੱਲ ਰੁੱਝ ਜਾਣਾ ਸੀ ਤੇ ਲੜਾਈ ਤੋਂ ਧਿਆਨ ਹਟ ਜਾਣਾ ਸੀ । ਇਹ ਲੜਾਈ ਸਵੇਰੇ ਸ਼ੁਰੂ ਹੋ ਕੇ ਦਿਨ ਛਿਪਣ ਤੱਕ ਚੱਲੀ । ਜਦੋਂ ਤਸੱਲੀ ਹੋ ਗਈ ਕਿ ਕੋਈ ਵੀ ਮੁਸਲਮਾਨ ਖਨੌੜੇ ਵਿਚ ਨਹੀਂ ਰਿਹਾ, ਮਰ ਗਏ ਜਾਂ ਜਾਨ ਬਚਾ ਕੇ ਫੁਗਲਾਣੇ ਵਲ ਨੂੰ ਨਿਕਲ ਗਏ-ਕਾਲਰੇ ਵਾਲੇ ਆਪਣੇ ਪਿੰਡ ਨੂੰ ਮੁੜੇ ਤੇ ਪਧਿਆਣੇ ਅਤੇ ਡਰੋਲੀ ਕਲਾਂ ਵਾਲੇ ਆਪਣੇ ਆਪਣੇ ਪਿੰਡਾਂ ਨੂੰ ਪਰਤੇ। ਕਾਲਰੇ ਪਿੰਡ ਪਹੁੰਚਣ ਤੇ ਇਸ ਗੁਰੂ ਦੀ ਫੌਜ ਦਾ ਬਹੁਤ ਸ਼ਾਨਦਾਰ ਸਵਾਗਤ ਹੋਇਆ। ਸਭ ਨੂੰ ਦੁੱਧ ਦੇ ਗਲਾਸ ਪਿਲਾਏ ਗਏ ਕਿਉਂਕਿ ਸਵੇਰ ਤੋਂ ਕਿਸੇ ਨੂੰ ਵੀ ਕੁਝ ਖਾਣ ਪੀਣ ਨੂੰ ਨਹੀਂ ਮਿਲਿਆ ਸੀ। ਪਿੰਡ ਦੀਆਂ ਕੁੜੀਆਂ “ਆਈ ਆ ਮੋਰਚਾ ਜਿੱਤ ਕੇ ਗੁਰੂ ਜੀ ਤੇਰੀ ਫੌਜ ਰੰਗਲੀ” ਵਾਲਾ ਗੀਤ ਤੇ ਹੋਰ ਧਾਰਮਿਕ ਸ਼ਬਦ ਗਾ ਰਹੀਆਂ ਸਨ। ਸਰਦਾਰ ਪਰਤਾਪ ਸਿੰਘ ਇਸ ਲੜਾਈ ਦਾ ਸੱਚ ਮੁੱਚ ਹੀਰੋ ਸੀ ਤੇ ਸਭ ਤੋਂ ਅੱਗੇ ਸੀ। ਪਹਿਲਾਂ ਬੜੀ ਧਰਮਸ਼ਾਲਾ ਪਹੁੰਚੇ। ਮਹੰਤ ਠਾਕਰਦਾਸ ਨੇ ਬਾਹਰ ਆ ਕੇ ਪਰਤਾਪ ਸਿੰਘ ਦੇ ਗਲ੍ਹ ਵਿਚ ਨੋਟਾਂ ਦਾ ਹਾਰ ਪਾਇਆ। ਹੋਰ ਭੀ ਕਈਆਂ ਨੇ ਪਰਤਾਪ ਸਿੰਘ ਦੇ ਫੁੱਲਾਂ ਦੇ ਹਾਰ ਪਾਏ। ਬੜੀ ਧਰਮਸ਼ਾਲਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਸਾਰੇ ਗੁਰਦੁਆਰਾ ਜੋਗੀਆਣਾ ਪਹੁੰਚੇ । ਭਾਈ ਜੀ ਨੇ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਅਰਦਾਸ ਕੀਤੀ ਤੇ ਕੜਾਹ ਪ੍ਰਸ਼ਾਦ ਦੇ ਖੁੱਲ੍ਹੇ ਗੱਫੇ ਵਰਤਾਏ ਗਏ ਤੇ ਉਸ ਤੋਂ ਬਾਅਦ ਸਭ ਆਪਣੇ ਘਰੀਂ ਪਰਤੇ। ਤੀਸਰੇ ਦਿਨ ਜਦੋਂ ਪਤਾ ਲੱਗਾ ਕਿ ਹੋਰ ਪਿੰਡਾਂ ਵਾਲੇ ਖਨੌੜੇ ਤੋਂ ਸਮਾਨ ਲੁੱਟ ਕੇ ਲਿਜਾ ਰਹੇ ਹਨ ਤਾਂ ਇਸ ਪਿੰਡ ਵਾਲਿਆਂ ਵੀ ਵਹਿੰਗੀ ਗੰਗਾ ਵਿੱਚ ਹੱਥ ਧੋਤੇ। ਕਈਆਂ ਨੇ ਤਕੜੇ ਤਕੜੇ ਬਲਦ, ਮੱਝਾਂ, ਗਾਵਾਂ ਫੜ ਲਿਆਂਦੀਆਂ ਤੇ ਕਈਆਂ ਨੇ ਹੋਰ ਘਰੇਲੂ ਸਮਾਨ । ਪਰ ਇਹ ਹਰਾਮ ਦਾ ਮਾਲ ਕਿਸੇ ਨੂੰ ਵੀ ਵਫਾ ਨਹੀਂ ਕੀਤਾ। ਸਰਦੀਆਂ ਵਿਚ ਐਸੀ ਪਸ਼ੂਆਂ ਦੀ ਬਿਮਾਰੀ ਪਈ ਕਿ ਜਿਹਨਾਂ ਮੁਸਲਮਾਨਾਂ ਦੇ ਡੰਗਰ ਫੜੇ ਸਨ ਉਹਨਾਂ ਦੇ ਆਪਣੇ ਡੰਗਰ ਵੀ ਮਰ ਗਏ।

ਕਾਲਰੇ ਪਿੰਡ ਦੀ ਵਰਤਮਾਨ ਪੀੜ੍ਹੀ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭੰਗੜਾਂ ਦਾ ਗੁਰਦਾਸ ਸਿੰਘ ਝੋਟੇ ਨੂੰ ਇੱਕ ਹੱਥ ਨਾਲ ਗਲ੍ਹ ਫੜ ਕੇ ਦੂਜੇ ਹੱਥ ਨਾਲ ਨੱਕ ਵਿੱਚੋਂ ਸੂਆ ਲੰਘਾ ਕੇ ਨੱਥ ਪਾਇਆ ਕਰਦਾ। ਮਲੂਕੇ ਲੰਗੇ ਦੇ ਖੂੰਡੇ ਦੀਆਂ ਧੁੰਮਾਂ ਹਰ ਮੇਲੇ ਵਿਚ ਪੈਂਦੀਆਂ। ਉਹ ਲੰਗੜਾ ਵੀ ਕਿਸੇ ਜ਼ਮੀਨ ਜਾਇਦਾਦ ਲਈ ਹੋਈ ਲੜਾਈ ਵਿਚ ਨਹੀਂ ਸੀ ਹੋਇਆ ਬਲਕਿ ਕਿਸੇ ਮੇਲੇ ਵਿਚ ਕੀਆ ਲੜਾਈ ਵਿਚ ਹੋਇਆ ਸੀ । ਸੁੰਦਰ ਸਿੰਘ ਪਰਹਾਰ ਦੇ ਸੁੱਤੇ ਪਏ ਦੇ ਸਿਰ ਵਿਚ ਦਲੀਪ ਸਿੰਘ ਕੁੰਭਲ ਨੇ ਕਹੀ ਦਾ ਟੱਕ ਮਾਰਿਆ। ਸੁੰਦਰ ਸਿੰਘ ਠਾਣੇ ਰਿਪੋਰਟ ਕਰਨ ਨਾ ਗਿਆ ਕਿ ਸਰਕਾਰ ਦਰਬਾਰ ਨੂੰ ਉਸਦੀ ਅਤੇ ਦਲੀਪ ਸਿੰਘ ਦੀ ਦੁਸ਼ਮਣੀ ਸਾਬਤ ਨਾ ਹੋਵੇ। ਉਸ ਦਾ ਕਹਿਣਾ ਸੀ ਕਿ ਤਕੜਾ ਹੋ ਕੇ ਉਹ ਬਦਲਾ ਲੈ ਲਵੇਗਾ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਸਿਰ ਦਾ ਜ਼ਖ਼ਮ ਦੁੱਧ ਘਿਉ ਪੀਤੀਆਂ ਥੋੜੇ ਠੀਕ ਹੋਣਾ ਸੀ। ਜ਼ਖ਼ਮ ਖਰਾਬ ਹੋਣ ਕਾਰਨ ਸੁੰਦਰ ਸਿੰਘ ਚਲ ਵਸਿਆ। ਭਾਈ ਭਗਤ ਸਿੰਘ ਅਤੇ ਅਕਾਲੀ ਭਗਤ ਸਿੰਘ ਗੁਰਦੁਆਰੇ ਜੋਗੀਆਣੇ ਅਣਥਕ ਸੇਵਾ ਕਰਿਆ ਕਰਦੇ। ਜੋਗੀਆਣੇ ਗੁਰਦੁਆਰੇ ਦੇ ਭਾਈ ਦਾ ਭਰਾ ਇਕ ਮਸਤ ਸੀ ਜੋ ਕਈ ਕਈ ਰੰਗ ਬਰੰਗੇ ਚੋਲੇ ਉੱਪਰ ਤੋਂ ਉੱਪਰ ਪਾਈ ਫਿਰਦਾ। ਬੁੜ੍ਹੀਆਂ ਨੂੰ ਐਵੇਂ ਡਰਾ ਦਿੰਦਾ ਕਿ ਫਲਾਨੇ ਦਿਨ ਭੁਚਾਲ ਆਉਣਾ ਹੈ ਤੁਸੀਂ ਸਾਰਿਆਂ ਨੇ ਮਰ ਜਾਣਾ ਹੈ। ਪਿੰਡ ਤੋਂ ਚੜ੍ਹਦੇ ਵਲ ਟੋਭੇ ਕੰਢੇ ਪਿੱਪਲ ਹੇਠਾਂ ਹਰ ਸਾਲ ਸਰਦੀਆਂ ਵਿਚ ਇਕ ਨਾਂਗਾ ਸਾਧ ਆਉਂਦਾ ਉਸ ਦੀ ਚੰਗੀ ਮਾਨਤਾ ਸੀ। ਮੌਲਾ ਸਿੰਘ ਨਿਹੰਗ ਦੀ ਕੁਟੀਆ ਪਿੰਡੋਂ ਦੱਖਣ ਵਾਲ ਸੀ ਜਿਥੇ ਉਹ ਲੋਹੇ ਦੇ ਡੋਲ ਢੀਂਗਲੀ ਨਾਲ ਆਪਣੀ ਬਗੀਚੀ ਨੂੰ ਸਿੰਜਦਾ। ਪਿੰਡ ਦੇ ਨਾਲ ਹੀ ਚੜ੍ਹਦੇ ਵਲ ਸੰਤ ਰੱਘਾ ਸਿੰਘ ਦੀ ਕੁਟੀਆ ਸੀ ਉਹ ਵੀ ਬਹੁਤ ਸਾਫ ਸੁਥਰੀ ਰੱਖਦਾ। ਇਸ ਕੁਟੀਆ ਵਾਲੀ ਜਗ੍ਹਾ ਹੁਣ ਸੋਹਣ ਸਿੰਘ ਪੁੱਤਰ ਕਰਤਾਰ ਸਿੰਘ ਦਾ ਮਕਾਨ ਹੈ। ਚੰਗੇ ਚੰਗੇ ਫਲਦਾਰ ਬੂਟੇ ਅਤੇ ਫੁੱਲ ਲਾਏ ਹੋਏ ਹੁੰਦੇ। ਭੰਗੜਾ ਦੀ ਭਾਨੀ ਤੋਂ ਉਸ ਦਾ ਦਿਉਰ ਅਤੇ ਜੇਠ ਦੇ ਮੁੰਡੇ ਧੁਨਖੀ ਤੋਂ ਕਾਂ ਦੀ ਤਰ੍ਹਾਂ ਡਰਦੇ। ਆਂਡ ਗੁਆਂਢ ਦੀਆਂ ਨੋਹਾਂ ਧੀਆਂ ਵੀ ਭਾਨੀ ਤੋਂ ਡਰਦੀਆਂ। ਹਣਸਾ ਸਿੰਘ ਜੀ ਹੈਡਮਾਸਟਰ ਬਿਨਾਂ ਟਿਊਸ਼ਨ ਤੋਂ ਰਾਤ ਨੂੰ ਸਕੂਲ ਮੁੰਡਿਆਂ ਨੂੰ ਪੜ੍ਹਾਉਂਦੇ । ਬਾਬੂ ਰੱਖਾ ਸਿੰਘ ਕਲਰਕ ਹੋਰੀਂ ਹੈੱਡਮਾਸਟਰ ਹਣਸਾ ਸਿੰਘ ਜੀ ਦਾ ਹਰ ਤਰ੍ਹਾਂ ਦੀ ਸੇਵਾ ਵਿਚ ਸੱਜਾ ਹੱਥ ਸਨ। ਇਨ੍ਹਾਂ ਦੋਵਾਂ ਦੇ ਸਮੇਂ ਪਿੰਡ ਦੀ ਕੋਆਪ. ਸੁਸਾਇਟੀ ਬਹੁਤ ਵਧੀਆ ਚਲਦੀ ਰਹੀ। ਚਰਨ ਸਿੰਘ ਖੂਹ ਵਾਲਾ। (ਜੈਲੇ ਦੇ ਪਿਤਾ ਜੀ) ਘੋੜੀ ਤੇ ਆਦਮਪੁਰ ਰੇਲਵੇ ਸਟੇਸ਼ਨ ਤੱਕ ਜਾਂਦਾ। ਘੋੜੀ ਨੂੰ ਥਾਪੀ ਦੇ ਕੇ ਕਹਿੰਦਾ “ਚੱਲ ਜਾ ਖੂਹ ਨੂੰ” ਘੋੜੀ ਛਾਲਾਂ ਮਾਰਦੀ ਖੂਹ ‘ਤੇ ਆ ਜਾਂਦੀ। ਕਿਸੇ ਦੀ ਮਜਾਲ ਨਹੀਂ ਸੀ ਜੋ ਘੋੜੀ ਦੇ ਡਾਂਗ ਮਾਰੇ ਜਾਂ ਘੋੜੀ ਨੂੰ ਫੜੇ। ਚਰਨ ਸਿੰਘ ਦੇ ਹੱਥ ਫੜਿਆ ਅਕਲਦਾਨ (ਖੂੰਡਾ) ਦੇਖ ਕੇ ਹੀ ਵਿਰੋਧੀਆਂ ਦੀ ਅਕਲ ਟਿਕਾਣੇ ਆ ਜਾਂਦੀ। ਦੇਵਰਾਜ ਹਕੀਮ ਦਾ ਬੱਚਿਆਂ ਨੂੰ ਉਨ੍ਹਾਂ ਦੇ ਮੰਗਣ ਤੇ ਦੋ ਚਾਰ ਦਾਣੇ ਸੌਗੀ ਦੇ ਦਣੇ। ਡਾ. ਸਾਧੂ ਰਾਮ ਦਾ ਬੱਚਿਆਂ ਨੂੰ ਲਾਈਨ ਵਿਚ ਖੜ੍ਹੇ ਕਰਕੇ ਅੱਖਾਂ ਦੀ ਪੀਲੀ ਦਵਾਈ ਮੁਫਤ ਪਾਉਣੀ। ਹੇਮ ਰਾਮ ਨਾਈ ਦਾ ਮੁਫਤ ਫੋੜੇ ਫਿਣਸੀਆਂ ਅਤੇ ਜ਼ਖ਼ਮਾਂ ਦਾ ਇਲਾਜ ਕਰਨਾ । ਛਿੰਜਾ ਵਿਚ ਕਾਲਰੇ ਦੇ ਪਹਿਲਵਾਨ ਪੁੱਠੀ ਗੇੜੀ ਦਿੰਦੇ, (ਐਵੇਂ ਪੰਗਾ ਲੈਣ ਲਈ) । ਕਾਲਰੇ ਦੇ ਮੁੰਡੇ ਜੇ ਸਕੂਲੋਂ ਲੇਟ ਹੋ ਜਾਂਦੇ ਉਨ੍ਹਾਂ ਨੂੰ ਦੂਰ ਦੇ ਪਿੰਡਾਂ ਦੇ ਲੇਟ ਆਉਣ ਵਾਲਿਆਂ ਨਾਲੋਂ ਦੁਗਣੀਆਂ ਬੈਂਤਾਂ ਹੱਥਾਂ ‘ਤੇ ਵੱਜਦੀਆਂ। ਮੁੰਡਿਆਂ ਦੀਆਂ ਟੋਲੀਆਂ ਨੇ ਰਾਤ ਸ਼ੌਕ ਲਈ ਖਰਬੂਜੇ ਹਦਵਾਣੇ ਤੋੜਨ ਜਾਣਾ, ਘਰਦਿਆਂ ਤੋਂ ਚੋਰੀ ਆਲੇ-ਦੁਆਲੇ ਦੇ ਪਿੰਡਾਂ ਵਿਚ ਨਕਲਾਂ ਜਾਂ ਵਿਆਹਾਂ ਵਿਚ ਕੰਜਰੀਆਂ ਨੱਚਦੀਆਂ ਦੇਖਣ ਜਾਣਾ।

ਅਕਾਲੀ ਭਗਤ ਸਿੰਘ ਦਾ ਭਰਾ ਬਿਸ਼ਨ ਸਿੰਘ ਵੀਹ ਸਾਲਾਂ ਬਾਅਦ ਕਨੇਡਾ ਤੋਂ ਮੁੜਿਆ। ਉਸ ਤੇ ਘਰਵਾਲੀ ਨੰਤੀ ਵਰਗੀ ਸਤਵੰਤੀ ਕਿਸੇ ਨੇ ਹੋ ਲੈਣਾ ਜਿਸ ਅਪਣਾ ਪਤੀਵਰਤਾ ਦਾ ਧਰਮ ਪਾਲਿਆ। ਜੁਆਨੀ ਦੇ ਵੀਹ ਸਾਲ ਪਤੀ ਦੀ ਉਡੀਕ ਵਿਚ ਸੋਹਰੇ ਘਰ ਰਹੀ। ਬਿਸ਼ਨ ਸਿੰਘ ਰੋਜ਼ ਸ਼ਾਮ ਨੂੰ ਦਾਰੂ ਪੀ ਕੇ ਭਗਤ ਸਿੰਘ ਨੂੰ ਗਾਲ੍ਹਾਂ ਕੱਢਦਾ ਤਾਂ ਭਗਤ ਸਿੰਘ ਗੁੱਸਾ ਨਾ ਕਰਦਾ “ਲੈ ਜਾਉ ਇਹਨੂੰ ਕਮਲੇ ਨੂੰ, ਸ਼ਰਾਬੀ ਹੋਇਆ ਫਿਰਦਾ, ਸਵੇਰੇ ਗੱਲ ਕਰਾਂਗੇ ਈਹਦੇ ਨਾਲ” ਆਖ ਛੱਡਦਾ ਤੇ ਸਵੇਰ ਨੂੰ ਗੱਲ ਕਰਨੀ ਦੋਨੋਂ ਹੀ ਭੁੱਲ ਜਾਂਦੇ। ਕੂਕੂ ਨੂੰ ਘਾਹ ਖੋਤਦੇ ਨੂੰ ਦੇਖ ਕੇ ਕਿਸੇ ਮਰਾਸੀ ਨੇ ਕਿਹਾ “ਸੱਤ ਪੁੱਤ ਸਤਾਈ ਪੋਤੇ ਅਜੇ ਵੀ ਕੂਕੂ ਘਾਹ ਹੀ ਖੇੜੇ” ਕਹਿੰਦੇ ਹਨ ਕਿ ਉਸ ਦੇ ਸੰਤ ਪੁੱਤਾਂ ਤੋਂ ਅੱਗੇ ਸਤਾਈ ਪੋਤੇ ਸਨ।

ਗੰਗਾ ਸਿੰਘ ਰੋਲ ਨੂੰ ਪਿੰਡ ਦੇ ਖੇਤਾਂ ਦੀਆਂ ਕਰਮਾ ਜ਼ਬਾਨੀ ਯਾਦ ਸਨ। ਜਦੋਂ ਕਿਤੇ ਕਿਸੇ ਦਾ ਬੰਨੇ ਦਾ ਰੌਲਾ ਪੈਂਦਾ ਉਹ ਗੰਗਾ ਸਿੰਘ ਨੂੰ ਮਿਣਤੀ ਲਈ ਸੱਦ ਲਿਆਉਂਦੇ। ਗੰਗਾ ਸਿੰਘ ਦੇ ਹੱਥ ਵਿਚ ਇਕ ਲਾਠੀ ਹੁੰਦੀ ਜਿਸ ਦੀ ਲੰਬਾਈ ਠੀਕ ਇਕ ਕਰਮ ਸੀ। ਗੰਗਾ ਸਿੰਘ ਸੁਭਾ ਦਾ ਬੜਾ ਠੰਡਾ ਸੀ ਉਸ ਦੀ ਇਸ ਨਿਸ਼ਕਾਮ ਸੇਵਾ ਨਾਲ ਕਈ ਬੰਦਿਆਂ ਵਿਚਕਾਰ ਬੰਨ੍ਹੇ ਦੇ ਰੌਲੇ ਤੋਂ ਲੜਾਈ ਹੁੰਦੀ ਹੁੰਦੀ ਟਲ੍ਹ ਜਾਂਦੀ। ਅੱਜਕੱਲ੍ਹ ਪਟਵਾਰੀ ਥੋੜੇ ਜਿਹੇ ਕੰਮ ਦਾ ਪੰਜ ਸੌ ਰੁਪਿਆ ਲੈ ਲੈਂਦੇ ਹਨ।

ਮਿਲਖੀ ਰਾਮ ਪੰਡਤ ਨੇ ਜੋਤਿਸ਼ ਲਾ ਕੇ ਆਪਣੀ ਮਰਨ ਥਿਤਿ ਲੱਭ ਲਈ ਤੇ ਅਪਣੀਆਂ ਭੈਣਾਂ, ਕੁੜੀਆਂ ਤੋਂ ਹੋਰ ਸਭ ਸਾਕਾਂ ਨੂੰ ਇਸ ਦਿਨ ਤੇ ਇਕੱਠੇ ਕਰ ਲਿਆ। ਸਭ ਘੜੀ ਦੇਖੀ ਜਾਣ । ਪਰ ਮਿਲਖੀ ਰਾਮ ਸਹੀ ਸਲਾਮਤ ਰਿਹਾ। ਸਾਰਿਆਂ ਨੇ ਉਸ ਨੂੰ ਬਹੁਤ ਸ਼ਰਮਿੰਦਾ ਕੀਤਾ ਤੇ ਉਹ ਚੰਗਾ ਭਲਾ ਸਾਲ ਭਰ ਤੁਰਦਾ ਫਿਰਦਾ ਰਿਹਾ। ਉਸ ਨੇ ਆਪਣੇ ਮਰਨ ਦਾ ਸਮਾਂ ਅਤੇ ਤਰੀਕ ਜੋ ਪਹਿਲਾਂ ਦੱਸੀ ਸੀ ਉਸ ਤੋਂ ਠੀਕ ਇਕ ਸਾਲ ਬਾਅਦ ਉਹ ਚੱਲ ਵਸਿਆ। ਸਾਰੇ ਇਲਾਕੇ ਵਿਚ ਇਹ ਗੱਲ ਮਸ਼ਹੂਰ ਹੋ ਗਈ ਕਿ ਜੋਤਿਸ਼ ਲਾਉਣ ਵੇਲੇ ਉਸ ਨੂੰ ਗਿਣਤੀ ਵਿਚ ਇਕ ਸਾਲ ਦਾ ਭੁਲੇਖਾ ਲੱਗ ਗਿਆ। ਹੋਣਾ।

ਲਾਗਲੇ ਪਿੰਡ ਪਧਿਆਣੇ ਤੋਂ ਕਈ ਪਾਧੇ ਆ ਕੇ ਆਪਣੀਆਂ ਪੱਤਰੀਆਂ ਤੇ ਉਂਗਲਾਂ ਰਖਾ ਕੇ ਬੁੜ੍ਹੀਆਂ ਦੇ ਸਵਾਲਾਂ ਦੇ ਜਵਾਬ ਜੋਤਿਸ਼ ਅਨੁਸਾਰ ਦਿੰਦੇ। ਇਹ ਐਵੇਂ ਉਨ੍ਹਾਂ ਦੀ ਠੱਗੀ ਸੀ। ਇਕ ਵਾਰ ਹਾੜ੍ਹ ਦੇ ਕਈ ਦਿਨ ਬੀਤਣ ਤੇ ਵੀ ਮੌਨਸੂਨ ਦੀ ਵਰਖਾ ਨਾ ਹੋਈ। ਕਿਸੇ ਨੇ ਪਾਧੇ ਤੋਂ ਬਰਖਾ ਬਾਰੇ ਪੁੱਛਿਆ ਤੇ ਉਸ ਨੇ ਜਵਾਬ ਦਿੱਤਾ। ਕਿ ਅਜੇ ਪੰਦਰਾਂ ਦਿਨ ਤੱਕ ਬਰਖਾ ਨਹੀਂ ਹੋਣੀ ਅਤੇ ਉਹ ਅੱਗੇ ਪਿੰਡ ਵੱਲ ਨੂੰ ਚਲੇ ਗਿਆ। ਰੱਬ ਦੀ ਮਿਹਰ ਹੋਈ, ਮਿੰਟਾਂ ‘ਚ ਹੀ ਦੱਖਣ ਵਲੋਂ ਘਟਾ ਉੱਠੀ ਤੇ ਦੇਖਦਿਆਂ ਦੇਖਦਿਆਂ ਤੇਜ ਹਨ੍ਹੇਰੀ ਤੇ ਮੀਂਹ ਨੇ ਛਹਿਬਰ ਲਾ ਦਿੱਤੀ । ਪਰਨਾਲੇ ਚੱਲ ਪਏ। ਜਿਸ ਬੰਦੇ ਨੇ ਪਾਧੇ ਤੋਂ ਪਹਿਲਾਂ ਪ੍ਰਸ਼ਨ ਪੁੱਛਿਆ ਸੀ ਉਹ ਵੀ ਦੇਖ ਰਿਹਾ ਸੀ ਕਿ ਪਾਧਾ ਭਿੱਜੀ ਬਿੱਲੀ ਆਂਗਰ ਗਲੀ ਦੇ ਚਿੱਕੜ ਤੋਂ ਪੈਰ ਬਚਾ ਬਚਾ ਕੇ ਤੁਰ ਰਿਹਾ ਸੀ। ਉਸ ਨੇ ਕਿਹਾ ਪਾਂਧਾ ਲਿਆ ਤੇਰੀ ਪਤਰੀ ਪਰਨਾਲੇ ਹੇਠਾਂ ਰੱਖਾਂ। ਪਾਂਧੇ ਹੋਰੀ ਐਸੀਆਂ ਬਥੇਰੀਆਂ ਖਾਧੀਆਂ ਪੀਤੀਆਂ ਹੋਈਆਂ ਸਨ ਉਹ ਸ਼ਰਮਿੰਦਾ ਹੋਇਆ ਆਪਣੇ ਪਿੰਡ ਨੂੰ ਤਿੱਤਰ ਹੋ ਗਿਆ।

ਮਲਕੀਅਤ ਸਿੰਘ ਲੰਬੜਦਾਰ ਅਤੇ ਮਹੰਤ ਸ਼ਾਮ ਦਾਸ ਵਿਚ ਗੂੜ੍ਹੀ ਮਿੱਤਰਤਾ ਸੀ। ਇਕ ਪਾਠ ਦੇ ਭੋਗ ਸਮੇਂ ਮਹੰਤ ਲੈਕਚਰ ਕਰਨੋ ਬੰਦ ਨਾ ਹੋਵੇ। ਕਾਫੀ ਗਰਮੀ ਸੀ ਤੇ ਸਭ ਹੀ ਔਖੇ ਔਖੇ ਬੈਠੇ ਸਨ । ਮਲਕੀਅਤ ਸਿੰਘ ਤੋਂ ਰਹਿ ਨਾ ਹੋਇਆ ਤੇ ਔਖਾ ਹੋ ਕੇ ਬੋਲਿਆ “ਮਹੰਤ ਜੀ ਬੱਸ ਕਰੋ ਹੁਣ” ਮਹੰਤ ਨੇ ਲੈਕਚਰ ਜਾਰੀ ਰੱਖਦਿਆਂ ਆਖਿਆ “ਅਸੀਂ ਇਨ੍ਹਾਂ ਬੰਦਿਆਂ ਨੂੰ ਚੰਗੇ ਰਸਤੇ ਪਾਉਣਾ ਚਾਹੁੰਦੇ ਹਾਂ ਇਹ ਸਾਡੀ ਗੱਲ ਸੁਣ ਕੇ ਹੀ ਰਾਜੀ ਨਹੀਂ” ਮਲਕੀਅਤ ਸਿੰਘ ਵੀ ਰੋਜ਼ ਤਾਂ ਮਹੰਤ ਦੀ ਸੰਗਤ ਕਰਦਾ ਸੀ ਅੱਗੋਂ ਬੋਲਿਆ “ਮਹੰਤ ਜੀ ਤੁਹਾਡੇ ਕਹਿਣ ਨਾਲ ਕਿਸੇ ਨੇ ਚੰਗੇ ਕੰਮ ਨਹੀਂ ਕਰਨੇ, ਜਿਹੜੇ ਮਾੜੇ ਕੰਮ ਕਰਨਗੇ ਆਦਮਪੁਰ ਠਾਣੇ ਵਾਲੇ ਆਪੇ ਆ ਕੇ ਉਨ੍ਹਾਂ ਨੂੰ ਫੜ੍ਹ ਕੇ ਲੈ ਜਾਣਗੇ, ਹੁਣ ਬੱਸ ਕਰੋ, ਮੈਨੂੰ ਦੱਸੋ ਕਿ ਮੈਂ ਤੁਹਾਡਾ ਲੈਕਚਰ ਸੁਣਾ ਕਿ ਆਪਣੀ ਮੱਤ ਤੇ ਕੱਟਾ ਜਾ ਕੇ ਛਾਵੇਂ ਬੰਨਾ, ਦੱਸੋ ਮੇਰੇ ਲਈ ਕਿਹੜਾ ਕੰਮ ਚੰਗਾ ਹੈ ਤੇ ਕਿਹੜਾ ਮਾੜਾ।

ਵੱਡੀ ਧਰਮਸ਼ਾਲਾ ਦੇ ਸਾਹਮਣੇ ਇਕ ਵੱਡਾ ਡੂੰਘਾ ਖੂਹ ਸੀ। ਉਸ ਤੇ ਇਕ ਹਲਟੀ ਲੱਗੀ ਹੋਈ ਸੀ। ਦੋ ਤਿੰਨ ਨਿਆਣੇ ਇਸ ਨੂੰ ਗੇੜ ਸਕਦੇ ਸੀ । ਗਰਮੀਆਂ ਦੇ ਦਿਨਾਂ ਵਿਚ ਸ਼ਾਮ ਵੇਲੇ ਕਦੇ ਕਿਸੇ ਨੇ ਤੇ ਕਦੇ ਕਿਸੇ ਨੇ ਬਲਦ ਜਾਂ ਝੋਟਾ ਜੋੜ ਕੇ ਦੋ ਤਿੰਨ ਘੰਟੇ ਹਲਟੀ ਚਲਾਈ ਰੱਖਣੀ। ਇਕ ਵੱਡੀ ਸਾਰੀ ਖੁਰਲੀ ਪਾਣੀ ਦੀ ਭਰੀ ਰਹਿੰਦੀ ਜਿਸ ਤੋਂ ਲੋਕ ਪਸ਼ੂਆਂ ਨੂੰ ਪਾਣੀ ਪਿਲਾਉਂਦੇ । ਕਈ ਬੰਦੇ ਪੁੰਨ ਲਈ ਲੂਣ ਦਾ ਗੁਲਾਬੀ ਰੰਗ ਦਾ ਵੱਡਾ ਸਾਰਾ ਡੁੱਲ੍ਹਾ ਹਲਟੀ ਦੀ ਪੈੜ ਦੇ ਕੰਢੇ ਰੱਖ ਦਿੰਦੇ ਜਿਥੋਂ ਪਸ਼ੂ ਲੂਣ ਚੱਟਦੇ। ਖੂਹ ਦਾ ਵਾਧੂ ਪਾਣੀ ਮਹੰਤ ਦੇ ਨਾਲੇ ਲੱਗਦੇ ਬਾਗ ਵੱਲ ਛੱਡਿਆ ਜਾਂਦਾ ਜਿਸ ਵਿਚ ਉਸ ਨੇ ਸਬਜ਼ੀਆਂ ਬੀਜੀਆਂ ਹੁੰਦੀਆਂ ਸੀ । ਇਸ ਬਾਗ ਦੁਆਲੇ ਪਹਿਲਾਂ ਢੀਂਗਰਾਂ ਦੀ ਵਾੜ ਹੀ ਹੁੰਦੀ ਸੀ ਤੇ 1949 ਵਿਚ ਪੱਕੀ ਚਾਰਦੀਵਾਰੀ ਕੀਤੀ ਗਈ ਤੇ ਬਹੁਤ ਸਾਰੀ ਭਰਤੀ ਪਾ ਕੇ ਇਸ ਥਾਂ ਨੂੰ ਉੱਚਾ ਕਰਕੇ ਇਸ ਤੇ ਮਕਾਨ ਬਣਾ ਲਏ ਗਏ ਹਨ।

ਪਿੰਡ ਦੇ ਦੋ ਖੱਤਰੀ ਭਰਾ ਮੂਲਰਾਜ ਤੇ ਮੁਲਖਰਾਜ ਗਤਕੇ ਦੇ ਨਿਪੁੰਨ ਖਿਡਾਰੀ ਸਨ। ਮੁਲਖ ਰਾਜ ਤਾਂ ਪਿੰਡ ਦੇ ਬਹੁਤੇ ਖਿਡਾਰੀਆਂ ਦਾ ਉਸਤਾਦ ਸੀ। ਗਤਕੇ ਤੋਂ ਇਲਾਵਾ ਉਹ ਡਾਂਗ ਚਲਾਉਣ ਦੀ ਵੀ ਸਿੱਖਿਆ ਦਿਆ ਕਰਦਾ ਸੀ। ਉਹ ਚੈਲਿੰਜ ਕਰ ਦਿੰਦਾ ਸੀ ਕਿ ਜਿਹੜੇ ਮਰਜ਼ੀ ਦੋ ਜਣੇ ਉਸ ਨਾਲ ਡਾਂਗਾਂ ਦੀ ਲੜਾਈ ਕਰਕੇ ਦੇਖ ਲੈਣ। ਇਕ ਵਾਰ ਇਹ ਖੇਡ ਮੈਂ ਅੱਖੀਂ ਦੇਖਿਆ। ਮੁਲਖ ਰਾਜ ਦਾ ਚੈਲਿੰਜ ਕਬੂਲ ਕਰਕੇ ਦੋ ਤਕੜੇ ਜਵਾਨਾਂ ਨੇ ਡਾਂਗਾਂ ਨਾਲ ਮੁਲਖਰਾਜ ਨਾਲ ਲੜਾਈ ਸ਼ੁਰੂ ਕੀਤੀ । ਉਹ ਦੋਵੇਂ ਬੜੀ ਕੋਸ਼ਿਸ਼ ਕਰਨ ਕਿ ਮੁਲਖ ਰਾਜ ਦੇ ਇਕ ਡਾਂਗ ਤਾਂ ਮਾਰੀਏ। ਮੁਲਖ ਰਾਜ ਨੇ ਦੋਨਾਂ ਨੂੰ ਡਾਂਗਾਂ ਮਾਰ ਮਾਰ ਅੱਗੇ ਭਜਾ ਲਿਆ ਤੇ ਉਨ੍ਹਾਂ ਦੇ ਚਿਤੜਾਂ ਤੇ ਡਾਂਗਾਂ ਮਾਰੀਆਂ। ਉਹ ਆਪਣੀਆਂ ਡਾਂਗਾਂ ਸੁੱਟ ਕੇ ਮੈਦਾਨ ‘ਚੋਂ ਭੱਜ ਗਏ।

ਕਾਲਰੇ ਪਿੰਡ ਦੀ ਸਿਰਕੱਢ ਹਸਤੀ ਸਰਦਾਰ ਬਿਕਰਮਾ ਸਿੰਘ ਸਪੁੱਤਰ ਸ. ਨਗੀਨਾ ਸਿੰਘ ਹੋਏ ਹਨ। 41 ਕੁ ਸਾਲ ਦੀ ਉਮਰ ਵਿਚ ਆਪ ਨੇ ਸਭ ਤੋਂ ਉੱਤਮ ਕੰਮ ਜੋ ਸਾਰੇ ਇਲਾਕੇ ਲਈ ਕੀਤਾ ਉਹ ਸੀ ਖਾਲਸਾ ਹਾਈ ਸਕੂਲ ਦੀ ਸਥਾਪਨਾ ਜੋ ਉਨ੍ਹਾਂ ਨੇ 1912 ਵਿਚ ਸ਼ੁਰੂ ਕੀਤਾ। ਜਲੰਧਰ ਤੇ ਹੁਸ਼ਿਆਰਪੁਰ ਦਰਮਿਆਨ ਆਦਮਪੁਰ ਐਡਾ ਵੱਡਾ ਕਸਬਾ ਸੀ ਪਰ ਉਥੇ ਵੀ ਉਸ ਸਮੇਂ ਹਾਈ ਸਕੂਲ ਨਹੀਂ ਸੀ। ਜਿਸ ਜਗ੍ਹਾ ਤੇ ਹਾਈ ਸਕੂਲ ਕੀ ਇਮਾਰਤ ਬਣੀ ਹੈ ਉਹ ਜ਼ਮੀਨ ਸ. ਬਿਕਰਮਾ ਸਿੰਘ ਜੀ ਤੋਂ ਇਲਾਵਾ

ਹੇਠ ਲਿਖੇ ਵਿਅਕਤੀਆਂ ਨੇ ਦਾਨ ਕੀਤੀ-

ਸ. ਨੱਥਾ ਸਿੰਘ ਸਪੁੱਤਰ ਸ. ਤੇਜਾ ਸਿੰਘ

ਸ. ਬਿਸ਼ਨ ਸਿੰਘ ਸਪੁੱਤਰ ਸ. ਦੁੱਨਾ ਸਿੰਘ

ਸ. ਜੀਤ ਸਿੰਘ ਵਗੈਰਾ

ਸ. ਦਲੇਲ ਸਿੰਘ, ਸ. ਗੁਰਦਿਆਲ ਸਿੰਘ, ਸ. ਮੱਲਾ ਸਿੰਘ,

ਸ. ਭਗਵਾਨ ਸਿੰਘ

ਸ. ਇੰਦਰ ਸਿੰਘ, ਸ. ਜਸਵੰਤ ਸਿੰਘ, ਸ. ਨੰਦ ਸਿੰਘ ਸਪੁਤਰਾਨ ਸ. ਫਤਿਹ ਸਿੰਘ

ਸਕੂਲ ਦੀ ਬਿਲਡਿੰਗ ਵਾਲਾ ਰਕਬਾ 5 ਕਨਾਲ 7 ਮਰਲੇ ਹੈ।

ਬਾਅਦ ਵਿਚ ਇਸ ਤੋਂ ਇਲਾਵਾ ਸਕੂਲ ਵਾਸਤੇ ਹੇਠ ਲਿਖੇ ਦਾਨੀਆਂ ਨੇ ਜ਼ਮੀਨ ਦਿੱਤੀ

ਬੀਬੀ ਹੁਕਮਾਂ ਪਤਨੀ ਤਾਬਾ ਰਾਮ ਪਿੰਡ ਡਮੁੰਡਾ 23 ਕਨਾਲ 5 ਮਰਲੇ ਦਾਨ ਕੀਤੀ ਪਰ ਇਸ ਵਿਚ ਸਕੂਲ ਨੂੰ 13 ਕਨਾਲ 11 ਮਰਲੇ ਦਾ ਕਬਜ਼ਾ ਮਿਲਿਆ।

ਸ. ਦੁਲਾਰਾ ਸਿੰਘ 1 ਕਨਾਲ 5 ਮਰਲੇ

ਸ. ਬਲਦੇਵ ਸਿੰਘ 5 ਕਨਾਲ 13 ਮਰਲੇ

ਸ. ਲਛਮਣ ਸਿੰਘ ਸਪੁੱਤਰ ਸ. ਭਗਵਾਨ ਸਿੰਘ ਡਰੋਲੀ ਖੁਰਦ 12 ਕਨਾਲ 13 ਮਰਲੇ ਫਕੀਰਾਂ ਵਾਲਾ ਐਮਾ ਅਲਾਟ ਕਰਵਾ ਕੇ ਸਕੂਲ ਦੇ ਨਾਮ ਦਾਨ ਕੀਤਾ। ਇਥੇ ਫੁੱਟਬਾਲ ਗਰਾਊਂਡ ਹੈ।

ਸਕੂਲ ਦੀ ਫਾਈਲ ਵਿਚ ਦਾਨ ਕੀਤੀ ਜ਼ਮੀਨ ਦਾ ਰਕਬਾ 104 ਕਨਾਲ ਹੈ ਪਰ ਸਕੂਲ ਦੇ ਕਬਜ਼ੇ ਹੇਠ 78 ਕਨਾਲ 11 ਮਰਲੇ ਜ਼ਮੀਨ ਹੈ। “ਸਾਂਝਾ ਬਾਬਾ ਕੌਣ ਪਿੱਟੇ” ਵਾਲੀ ਗੱਲ ਹੈ। ਪਿੰਡ ਵਾਲਿਆਂ ਨੂੰ ਸਾਂਝੇ ਯਤਨ ਨਾਲ ਸਕੂਲ ਦੀ ਜ਼ਮੀਨ ਨਾਜਾਇਜ਼ ਕਬਜ਼ੇ ਹੇਠੋਂ ਕਢਾਉਣ ਦੀ ਲੋੜ ਹੈ।

ਦਾਨ ਦਾ ਫਲ

ਅਸੀਂ ਸਭ ਨੇ ਸੁਣਿਆ ਹੈ ਤੁਰੰਤ ਦਾਨ ਮਹਾਂ ਕਲਿਆਣ । ਸ. ਅਨੂਪ ਸਿੰਘ ਮਿਨਹਾਸ ਰੀਟਾਇਰਡ ਆਈ.ਪੀ.ਐਸ. ਹੋਰਾਂ ਲੇਖਕ ਨੂੰ ਇਕ ਮਿਸਾਲ ਦੱਸੀ ਕਿ ਉਨ੍ਹਾਂ ਦੇ ਪਿਤਾ ਜੀ ਨੇ ਜੋ ਜ਼ਮੀਨ ਖਾਲਸਾ ਹਾਈ ਸਕੂਲ ਕਾਲਰਾ ਨੂੰ 1948 ਵਿਚ ਦਾਨ ਕੀਤੀ ਸੀ ਤਾਂ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਸਾਲਾਨਾ ਇਨਾਮ ਵੰਡ ਸਮਾਗਮ ਲਈ ਚੌਧਰੀ ਸੂਬੇ ਸਿੰਘ ਸੁਪਰਿਨਟੈਂਡੈਂਟ ਪੁਲਿਸ ਜਲੰਧਰ ਨੂੰ ਬੁਲਾਇਆ। ਚੌਧਰੀ ਸੂਬੇ ਸਿੰਘ ਰਿਟਾਇਰ ਹੋ ਕੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਕਮਿਸ਼ਨ ਦੇ ਚੇਅਰਮੈਨ ਬਣ ਗਏ। ਸੰਨ 1957 ਵਿਚ ਪੁਲਿਸ ਮਹਿਕਮੇ ਵਿਚ 9 ਅਸਿਸਟੈਂਟ ਸਬ ਇੰਸਪੈਕਟਰਾਂ ਦੀਆਂ ਆਸਾਮੀਆਂ ਲਈ ਇੰਟਰਵਿਊ ਹੋਈ। ਉਸ ਵਿਚ ਚੌਧਰੀ ਸੂਬੇ ਸਿੰਘ ਜੀ ਨੇ ਸਰਦਾਰ ਬਨਬੇਗ ਸਿੰਘ ਹੋਰਾਂ ਦੇ ਦੋਨਾਂ ਸਪੁੱਤਰਾਂ ਸ. ਉੱਜਲ ਸਿੰਘ ਮਿਨਹਾਸ ਅਤੇ ਸ. ਅਨੂਪ ਸਿੰਘ ਮਿਨਹਾਸ ਹੋਰਾਂ ਨੂੰ ਬਿਨਾਂ ਕਿਸੇ ਸਫਾਰਿਸ਼ ‘ਤੇ ਚੁਣ ਲਿਆ। ਉਨ੍ਹਾਂ ਨੇ ਉੱਜਲ ਸਿੰਘ ਹੋਰਾਂ ਨੂੰ ਇੰਟਰਵੀਊ ਵੇਲੇ ਦੱਸਿਆ ਕਿ “ਮੈਨੂੰ ਯਾਦ ਹੈ ਕਿ ਆਪ ਦੇ ਪਿਤਾ ਜੀ ਨੇ ਕਾਲਰਾ ਸਕੂਲ ਕੇ ਜ਼ਮੀਨ ਦਾਨ ਦੀ ਥੀ।” ਸ. ਉੱਜਲ ਸਿੰਘ ਡਾਕਟਰੀ ਕਾਰਨਾ ਕਰਕੇ ਏ.ਐਸ.ਆਈ. ਨਾ ਬਣ ਸਕੇ ਤੇ ਕੋਆਪਰੇਟਿਵ ਇੰਸਪੈਕਟਰ ਚੁਣ ਲਏ ਗਏ ਤੇ ਪੂਰੀ ਸਰਵਿਸ ਕਰਕੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਅਹੁਦੇ ਤੋਂ ਰਿਟਾਇਰ ਹੋਏ। ਸਰਦਾਰ ਬਲਬੇਗ ਸਿੰਘ ਹੋਰਾਂ ਚੌਧਰੀ ਸੂਬੇ ਸਿੰਘ ਹੋਰਾਂ ਕੋਲ ਕੋਈ ਪਹੁੰਚ ਨਹੀਂ ਸੀ ਕੀਤੀ ਪਰ ਚੰਗੇ ਕੰਮਾਂ, ਦਾਨ ਦੀ ਸੋਭਾ ਆਪੇ ਹੀ ਫੈਲ ਜਾਂਦੀ ਹੈ ਤੇ ਫਲਦਾਇਕ ਸਾਬਤ ਹੁੰਦੀ ਹੈ।

ਬ੍ਰਹਮ ਗਿਆਨੀ ਜਮੀਅਤ ਸਿੰਘ ਜੀ

ਆਪ ਜੀ ਦਾ ਜਨਮ ਦਸੌਂਧਾ ਸਿੰਘ ਲੁਹਾਰ ਦੇ ਘਰ ਸੰਨ 1918 ਵਿਚ ਹੋਇਆ। ਆਪ ਨੇ ਮੈਟਰਿਕ ਪਿੰਡ ਦੇ ਸਕੂਲ ਤੋਂ ਪਾਸ ਕੀਤੀ । ਦੁਨਿਆਵੀਂ ਝਮੇਲਿਆਂ ਤੋਂ ਦੂਰ ਰਹਿੰਦੇ। ਕੁਝ ਸਮਾਂ ਰਾਜਗੀਰੀ ਦਾ ਕੰਮ ਵੀ ਕਰਦੇ ਰਹੇ। ਉਨ੍ਹਾਂ ਦੇ ਜੀਵਨ ਦੀਆਂ ਬਹੁਤ ਕਹਾਣੀਆਂ ਹਨ ਜੋ ਉਨ੍ਹਾਂ ਦੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਅਸਰ ਤੋਂ ਬਚੇ ਰਹਿਣ ਬਾਰੇ ਹਨ। ਪਿੰਡ ਵਿਚ ਗੁਰਦੁਆਰੇ ਜਾਂ ਕਿਸੇ ਨੇ ਘਰ ਅਖੰਡ ਪਾਠ ਹੁੰਦਾ ਉਥੇ ਇਕ ਖੂੰਜੇ ਮੂੰਹ ਢੱਕ ਕੇ ਸਮਾਧੀ ਲਾ ਕੇ ਬੈਠ ਜਾਂਦੇ । ਜੇਕਰ ਕਿਤੇ ਕੋਈ ਪਾਠੀ ਪਾਠ ਗਲਤ ਕਰਦਾ ਤਾਂ ਉਹ ਤੁੱਕ ਉੱਚੀ ਦੇਣੀ ਬੋਲ ਕੇ ਉਸ ਨੂੰ ਸ਼ੁੱਧ ਤੁਕ ਬਣਾ ਦਿੰਦੇ। ਜੋ ਕੋਈ ਪ੍ਰੇਮ ਨਾਲ ਖਾਣ ਪੀਣ ਨੂੰ ਦਿੰਦਾ ਤਾਂ ਖਾ ਲੈਂਦੇ। ਮੰਗ ਕੇ ਕਿਸੇ ਤੋਂ ਨਾ ਖਾਂਦੇ। ਆਲੇ-ਦੁਆਲੇ ਪਿੰਡਾਂ ਵਿਚ ਘੁੰਮਦੇ ਰਹਿੰਦੇ। ਕਈ ਵਾਰੀ ਲੁਟੇਰਾ ਖੁਰਦ ਆ ਕੇ ਸਾਨੂੰ ਵੀ ਦਰਸ਼ਨ ਦੇ ਕੇ ਸੇਵਾ ਦਾ ਮੌਕਾ ਦਿੰਦੇ। ਮੈਂ 1986 ਵਿਚ ਅਮਰੀਕਾ ਦਾ ਵੀਜ਼ਾ ਲੈਣ ਦਿੱਲੀ ਜਾਣਾ ਸੀ। ਇਕ ਦਿਨ ਪਹਿਲਾਂ ਬ੍ਰਹਮ ਗਿਆਨੀ ਜੀ ਆਏ। ਮੈਂ ਕਿਹਾ “ਬਾਬਾ ਜੀ ਮੈਨੂੰ ਵੀਜ਼ਾ ਵੀ ਮਿਲ ਜਾਊ?” “ਉਹ ਤੁਹਾਨੂੰ ਕੌਣ ਰੋਕ ਸਕਦਾ? ਅਮਰੀਕਾ ਕੈਨੇਡਾ ਜਾਣਾ ਤੁਹਾਡੇ ਲਈ ਤਾਂ ਇਸ ਤਰ੍ਹਾਂ ਹੋਵੇਗਾ ਕਿ ਐਸ ਗੇਟ ਤੋਂ ਗਏ ਤੇ ਔਸ ਗੇਟ ਤੋਂ ਆ ਗਏ” ਸਾਡੇ ਘਰ ਦੇ ਦੋਨਾਂ ਗੇਟਾਂ ਵੱਲ ਇਸ਼ਾਰਾ ਕਰਕੇ ਆਖਿਆ। ਉਨ੍ਹਾਂ ਦੇ ਬਚਨ ਸੱਚ ਹੋਏ ਤੇ ਲੇਖਕ ਉਦੋਂ ਤੋਂ ਛੇ ਕੁ ਮਹੀਨੇ ਇਧਰ ਅਤੇ ਇੰਨ ਕੁ ਸਮਾਂ ਅਮਰੀਕਾ ਕੈਨੇਡਾ ਰਹਿੰਦਾ ਹੈ। ਇਕ ਵਾਰੀ ਮੈਂ ਕੁਝ ਮਾਇਆ ਦੇਣੀ ਚਾਹੀ ਮੈਂ ਬਟੂਆ ਅੱਗੇ ਕੀਤਾ ਤਾਂ ਕਹਿਣ ਲੱਗੇ “ਅਸੀਂ ਮਾਇਆ ਕੀ ਕਰਨੀ ਹੈ ?” ਮੈਂ ਕਿਹਾ ਕਿ ਅਸੀਂ ਤਾਂ ਇਹ ਆਪ ਜੀ ਦੀ ਦਿੱਤੀ ਦਾਤ ਸਮਝਦੇ ਹਾਂ, ਸਾਡੀ ਕਮਾਈ ਸਫਲਾ ਹੋਵੇਗੀ ਜੇਕਰ ਤੁਸੀਂ ਇਹ ਸਵੀਕਾਰ ਕਰੋ” ਮੇਰੇ ਨਿਮਰਤਾ ਭਰੇ ਸ਼ਬਦ ਸੁਣ ਕੇ ਇਕ ਸੋ ਰੁਪਏ ਦਾ ਅਤੇ ਇਕ ਪੰਜਾਹ ਰੁਪਏ ਦਾ ਨੋਟ ਲੈ ਲਿਆ । ਬਟੂਆ ਮੈਨੂੰ ਵਾਪਸ ਕਰਕੇ ਕਹਿਣ ਲੱਗੇ ਕਿ “ਵਾਹਿਗੁਰੂ ਇਸ ਨੂੰ ਭਰਿਆ ਹੀ ਰੱਖੇਗਾ।” ਮੈਂ ਸਮਝਦਾ ਹਾਂ ਕਿ ਉਨ੍ਹਾਂ ਦੇ ਬਚਨਾਂ ਸਦਕਾ ਮੈਨੂੰ ਨੂੰ ਮਾਇਆ ਦੀ ਤੋਟ ਕਦੇ ਨਹੀਂ ਆਈ। ਮੇਰੇ ਛੋਟੇ ਭਰਾ ਗੁਰਬਚਨ ਸਿੰਘ ਦੇ ਘਰ ਚਲੇ ਜਾਂਦੇ। ਉਨ੍ਹਾਂ ਦੀਆਂ ਕੁੜੀਆਂ ਨੇ ਆਦਰ ਨਾਲ ਬੁਲਾਉਣਾ ਤੇ ਚਾਹ ਪਾਣੀ ਰੋਟੀ ਪਾਣੀ ਦੀ ਸੇਵਾ ਕਰਨੀ ਤਾਂ ਕਿਹਾ ਕਰਦੇ ਕਿ “ਸੁਖੀ ਰਹੇ ਗੀਆਂ” ਉਨ੍ਹਾਂ ਦੇ ਬਚਨਾਂ ਸਦਕੇ ਗੁਰਬਚਨ ਸਿੰਘ ਆਪਣੇ ਸਾਰੇ ਪਰਿਵਾਰ ਨਾਲ ਕੈਨੇਡਾ ਚਲੇ ਗਿਆ। ਇੱਧਰ ਤਾਂ ਬਹੁਤ ਤੰਗੀ ਵਿਚ ਸੀ ਪਰ ਉੱਧਰ ਹੁਣ ਮਾਇਆ ਦੀ ਖੁੱਲ੍ਹ ਡੁੱਲ੍ਹ ਵਿਚ ਹੈ। ਇਕ ਵਾਰੀ ਲੁਟੇਰੇ ਆਏ ਤੇ ਆ ਕੇ ਸਾਡੇ ਡੰਗਰਾਂ ਵਾਲੇ ਅੰਦਰੋਂ ਇਕ ਟੁੱਟਾ ਜਿਹਾ ਮੰਜਾ ਕੱਢ ਕੇ ਡੇਕ ਦੀ ਛਾਵੇਂ ਡਾਹ ਕੇ ਉਸ ਦੀਆਂ ਰੱਸੀਆਂ ਗੱਠਣ ਲੱਗ ਪਏ। ਮੈਂ ਬਾਹਰੋਂ ਆ ਕੇ ਦੇਖਿਆ ਤੇ ਕਿਹਾ “ਬਾਬਾ ਜੀ ਤੁਸੀਂ ਕਹਿਣ ਦਿਉ ਇਹ ਕੰਮ ਤੇ ਘਰ ਵਿਚ ਪਿਆ ਕੋਈ ਹੋਰ ਚੰਗਾ ਮੰਜਾ ਲੈ ਲਉ।”

“ਬੱਸ ਖਬਰਦਾਰ ਮੈਨੂੰ ਰੋਕਣਾ ਨਹੀਂ- ਮੇਰਾ ਆਪਣਾ ਘਰ ਹੈ, ਮੈਂ ਜੋ ਮਰਜ਼ੀ ਕਰਾਂ, ਮੈਨੂੰ ਟੋਕਣਾ ਨਹੀਂ!” ਬਹੁਤ ਕੜਕਵੀਂ ਆਵਾਜ਼ ਵਿਚ ਕਿਹਾ। ਸੁਣ ਕੇ ਮੈਂ ਤਾਂ ਡਰ ਕੇ ਚੁੱਪ ਕਰਕੇ ਘਰ ਵੱਲ ਨੂੰ ਆ ਗਿਆ। ਇਹ ਵੀ ਉਨ੍ਹਾਂ ਦੀ ਆਪਣੀ ਮੌਜ ਸੀ। ਜੋ ਕੰਮ ਉਹ ਕਰਨਾ ਚਾਹੁੰਦੇ ਕੋਈ ਹਟਾ ਵੀ ਨਹੀਂ ਸਕਦਾ ਸੀ। ਮੇਰੀ ਦਿਲੀ ਖਾਹਿਸ਼ ਸੀ ਕਿ ਉਹ ਸਾਡੇ ਕੋਲ ਰਹਿਣ ਤੇ ਉਨ੍ਹਾਂ ਦੀ ਸੇਵਾ ਕਰਕੇ ਆਪਣਾ ਜੀਵਨ ਸਵਾਰਦੇ। ਇਕ ਵਾਰੀ ਮੈਂ ਉਨ੍ਹਾਂ ਨੂੰ ਖੁਸ਼ ਜਿਹੇ ਦੇਖ ਕੇ ਬੇਨਤੀ ਕੀਤੀ ਕਿ ਆਪ ਜੀ ਹੁਕਮ ਕਰੋ ਤਾਂ ਬਾਹਰ ਚੋ ਵਾਲੇ ਟਿਊਬਵੈੱਲ ਤੇ ਜਿਥੇ ਸੰਘਣੇ ਦਰਖਤ ਸਨ ਤੇ ਪਿੰਡੋਂ ਵੀ ਦੂਰ ਹੈ, ਭਗਤੀ ਕਰਨ ਲਈ ਸੋਹਣੀ ਥਾਂ ਹੈ, ਆਪ ਜੀ ਲਈ ਇਕ ਕਮਰਾ ਬਣਾ ਦੇਈਏ ਤਾਂ ਉਨ੍ਹਾਂ ਗੁਰਬਾਣੀ ਦਾ ਇਹ ਸ਼ਬਦ ਸੁਣਾਇਆ।

ਧਨਾਸਰੀ ਬਾਣੀ ਭਗਤ ਨਾਮਦੇਵ ਜੀ ੴ ਸਤਿਗੁਰ ਪ੍ਰਸਾਦਿ ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥ ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ॥ ਹਮਰੋ ਕਰਤਾ ਰਾਮੁ ਸਨੇਹੀ। ਕਾਹੇ ਰੇ ਨਰ ਗਰਬ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ॥1॥ ਰਹਾਉ॥ ਮੇਰੀ ਮੇਰੀ ਕੈਰਉ ਕਰਤੇ ਦਰਜੋਧਨ ਸੇ ਭਾਈ ॥ ਬਾਰਹ ਜੋਜਨ ਛਤ੍ਰ ਚਲੈ ਥਾ ਦੇਹੀ ਗਿਰਝਨ ਖਾਈ॥

ਉਨ੍ਹਾਂ ਨੂੰ ਗੁਰਬਾਣੀ ਜਬਾਨੀ ਬਹੁਤ ਯਾਦ ਸੀ । ਲੇਖਕ ਨੂੰ ਉਪਰੋਕਤ ਸ਼ਬਦ ਦੀ ਇਕ ਇਕ ਤੁਕ ਬੋਲ ਕੇ ਇਸ ਦੇ ਅਰਥ ਸਮਝਾਏ।

ਇਕ ਵਾਰੀ ਉਨ੍ਹਾਂ ਨੇ ਸੰਕਲਪ ਕੀਤਾ ਕਿ ਹਜੂਰ ਸਾਹਿਬ ਪੈਦਲ ਜਾਣਾ ਹੈ। ਪੈਦਲ ਜਿੰਨਾ ਕੁ ਤੁਰ ਹੋਣਾ ਤੁਰਨਾ ਜਿਥੇ ਦਿਲ ਕੀਤਾ ਆਰਾਮ ਕਰ ਲੈਣਾ। ਆਗਰੇ ਲਾਗੇ ਉਨ੍ਹਾਂ ਨੂੰ ਪਿੰਡ ਦੇ ਇਕ ਟਰੱਕ ਡਰਾਈਵਰ ਨੇ ਪੈਦਲ ਤੁਰਿਆ ਦੇਖ ਕੇ ਬਦੇ ਬਦੀ ਟਰੱਕ ਵਿਚ ਬਿਠਾਲ ਲਿਆ। ਵੀਹ ਕੁ ਮੀਲ ਅੱਗੇ ਜਾ ਕੇ ਉਨ੍ਹਾਂ ਇਕ ਢਾਬੇ ‘ਤੇ ਟਰੈਕ ਰੋਕਿਆ। ਉਨ੍ਹਾਂ ਆਪ ਰੋਟੀ ਪਾਣੀ ਛਕਿਆ ਤੇ ਬਾਬਾ ਜੀ ਨੂੰ ਵੀ ਛਕਾਇਆ ਤੇ ਜਵੇ ਉਹ ਸੋ ਗਏ ਤਾਂ ਬ੍ਰਹਮ ਗਿਆਨੀ ਜੀ ਵਾਪਸ ਉਸ ਥਾਂ ਨੂੰ ਪੈਦਲ ਚਲ ਪਏ ਤੇ ਉਥੋਂ ਆ ਕੇ ਫੇਰ ਪੈਦਲ ਵਾਪਸ ਮੁੜੇ। ਇਹ ਗੱਲ ਉਨ੍ਹਾਂ ਮੈਨੂੰ ਦੱਸੀ ਸੀ ਕਿ ਜੇ ਮੈਂ ਇਸ ਤਰ੍ਹਾਂ ਨਾ ਕਰਦਾ ਤਾਂ ਮੇਰੀ ਪ੍ਰਤਿਗਿਆ ਜੋ ਪਿੰਡ ਤੋਂ ਹਜੂਰ ਸਾਹਿਬ ਤੱਕ ਪੈਦਲ ਜਾਣ ਦੀ ਸੀ ਉਹ ਭੰਗ ਹੋ ਜਾਣੀ ਸੀ।

ਮੈਂ ਸੱਚਮੁੱਚ ਉਨ੍ਹਾਂ ਨੂੰ ਆਪਣੇ ਪਾਸ ਰੱਖਣਾ ਚਾਹੁੰਦਾ ਸੀ ਤੇ ਮੈਂ ਕਿਹਾ “ਬਾਬਾ ਜੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨੇੜੇ ਰਹੋ।” ਝੱਟ ਬੋਲੇ “ਮੈਂ ਤੁਹਾਥੋਂ ਦੂਰ ਕਿਥੇ ਹਾਂ, ਮੈਂ ਤਾਂ ਤੁਹਾਨੂੰ ਹਰ ਵਕਤ ਆਪਣੇ ਨਾਲ ਸਮਝਦਾ ਹਾਂ, ਤੁਸੀਂ ਪਤਾ ਨਹੀਂ ਕਿਉਂ ਦੂਰ ਸਮਝਦੇ ਹੋ ?” ਤੇ ਨਾਲੇ ਆਪਣੇ ਦਿਲ ‘ਤੇ ਹੱਥ ਰੱਖ ਲਿਆ। ਉਨ੍ਹਾਂ ਨਾਲ ਬਹੁਤੇ ਸਵਾਲ ਜਵਾਬ ਕਰਨ ਨਾਲ ਕਈ ਵਾਰੀ ਗੁੱਸੇ ਹੋ ਜਾਂਦੇ ਸਨ ਤੇ ਹਰ ਕੋਈ ਡਰਦਾ ਸੀ। ਕਿ ਉਹ ਕੁਝ ਮੂੰਹੋਂ ਸਖਤ ਬੋਲ ਨਾ ਬੋਲ ਦੇਣ। ਉਨ੍ਹਾਂ ਦਾ ਬੋਲ ਸੱਚਮੁੱਚ “ਬ੍ਰਹਮ ਗਿਆਨੀ ਦਾ ਕਥਿਆ ਨਾ ਜਾਏ ਅਧਾਖਰ” ਬ੍ਰਹਮਗਿਆਨੀ ਦਾ ਕਥਿਆ ਅੱਥਾ ਅੱਖਰ ਵੀ ਦਰਗਾਹ ਵਿਚ ਪ੍ਰਵਾਨ ਹੁੰਦਾ ਹੈ। ਕਾਲਰੇ ਵਿਚ ਕੋਈ ਅਕਾਲ ਚਲਾਣਾ ਕਰ ਜਾਏ, ਭੋਗ ਪੈਣ ਤੱਕ ਹਰ ਰੋਜ਼ ਦਰੀ ‘ਤੇ ਬੈਠਣਾ। ਕਦੀ ਕਦੀ ਉੱਠ ਕੇ ਜੋੜਿਆਂ ਦੀ ਸੇਵਾ ਕਰਨ ਲੱਗ ਪੈਣਾ। ਖਾੜਕੂ ਲਹਿਰ 1985 ਤੋਂ 1992 ਤੱਕ ਚੜ੍ਹਦੀ ਕਲਾ ਵਿਚ ਸੀ। ਉਹ ਨਿਰਦੋਸ਼ਾਂ ਨੂੰ ਮਾਰਨ ਦੇ ਬਹੁਤ ਵਿਰੁੱਧ ਸਨ । ਖਾੜਕੂਆਂ ਬਾਰੇ ਉਨ੍ਹਾਂ ਦੇ ਬਚਨ ਸੌ ਫੀਸਦੀ ਸੱਚ ਸਾਬਤ ਹੋਏ ਕਿ “ਤਲਵਾਰ ਦੇ ਜ਼ੋਰ ਨਾਲ ਰਾਜ ਕਰਨਾ ਚਾਹੁੰਦੇ ਹਨ ਤਲਵਾਰ ਨਾਲ ਹੀ ਮਰਨਗੇ ।”

ਸ. ਜਰਨੈਲ ਸਿੰਘ ਹੋਰਾਂ ਦੇ ਡੇਰੇ ਤਾਂ ਜਦੋਂ ਉਨ੍ਹਾਂ ਦਾ ਦਿਲ ਕਰਦਾ ਚਲੇ ਜਾਂਦੇ। ਇਕ ਵਾਰੀ ਸੰਤ ਬਾਬਾ ਮਹਿੰਦਰ ਸਿੰਘ ਜੀ ਹਰਖੋਵਾਲ ਵਾਲੇ ਜਰਨੈਲ ਸਿੰਘ ਹੋਰਾਂ ਦੇ ਡੇਰੇ ਠਹਿਰੇ ਹੋਏ ਹਨ। ਬ੍ਰਹਮ ਗਿਆਨੀ ਜੀ ਕੋਈ ਫ਼ਿਲਮੀ ਗੀਤ ਆਪਣੀ ਮਸਤੀ ਵਿਚ ਗਾ ਰਹੇ ਸਨ ਤਾਂ ਜਰਨੈਲ ਸਿੰਘ ਹੋਰੀ ਕਿਹਾ “ਮਸਤਾ ਚੁੱਪ ਕਰ ਤੈਨੂੰ ਪਤਾ ਨਹੀਂ ਸੰਤ ਮਹਾਂਪੁਰਖਾਂ ਦੀ ਭਗਤੀ ਵਿਚ ਵਿਘਨ ਪੈ ਰਿਹਾ ਹੈ।” ਸੰਤ ਬਾਬਾ ਮਹਿੰਦਰ ਸਿੰਘ ਜੀ ਨੇ ਜਰਨੈਲ ਸਿੰਘ ਹੋਰਾ ਨੂੰ ਆਖਿਆ “ਇਨ੍ਹਾਂ ਨੂੰ ਚੁੱਪ ਨਾ ਕਰਾਓ, ਇਹ ਉਸ ਅਵਸਥਾ ਵਿਚ ਪਹੁੰਚ ਚੁੱਕੇ ਹਨ ਜਿਥੇ ਪਹੁੰਚਣ ਦੇ ਅਸੀਂ ਯਤਨ ਕਰ ਰਹੇ ਹਾਂ।”

ਕਾਲਰੇ ਪਿੰਡ ਨੂੰ ਭਾਗ ਲੱਗੇ ਜੋ ਸੰਤ ਸੁਹੇਲ ਸਿੰਘ ਦਾ ਜਨਮ ਇਸ ਪਿੰਡ ਵਿਚ ਹੋਇਆ ਆਪ ਧਾਰਮਿਕ ਵਿੱਦਿਆ ਵਿਚ ਹਰ ਤਰ੍ਹਾਂ ਪ੍ਰਵੀਨ ਸਨ ਤੇ ਸਾਰੀ ਉਮਰ ਭਗਤੀ ਵਿਚ ਅਤੇ ਲੁਕਾਈ ਦੇ ਸੁਧਾਰ ਵਿਚ, ਵਿੱਦਿਆ ਦਾ ਚਾਨਣ ਫੈਲਾਉਣ ‘ਚ ਬਤੀਤ ਕੀਤੀ। ਉਨ੍ਹਾਂ ਤੋਂ ਬਾਅਦ ਪੰਡਤ ਜਗਜੀਤ ਸਿੰਘ ਜੀ ਨੇ ਧਾਰਮਿਕ ਖੇਤਰ ਵਿਚ ਪਿੰਡ ਦਾ ਨਾਂ ਦੁਨੀਆ ਭਰ ਵਿਚ ਮਸ਼ਹੂਰ ਕੀਤਾ। ਆਪ ਨਿਧੜਕ ਬੁਲਾਰੇ ਹਨ। ਜਿਸ ਸਟੇਜ ਤੋਂ ਬੋਲਣ ਸਰੋਤਿਆਂ ਨੂੰ ਕੀਲ ਕੇ ਰੱਖ ਦਿੰਦੇ ਹਨ। ਇਹ ਕਹਿਣੀ ਅਤੇ ਕਥਨੀ ਦੇ ਪੂਰੇ ਹਨ। ਉਨ੍ਹਾਂ ਦੇ ਉੱਚੇ ਸੁੱਚੇ ਜੀਵਨ ਦੀ ਝਲਕ ਉਨ੍ਹਾਂ ਦੇ ਚਿਹਰੇ ਤੋਂ ਇਲਾਵਾ ਉਨ੍ਹਾਂ ਦੇ ਬਚਨਾਂ ਵਿਚ ਵੀ ਹੈ। ਸੱਚਾਈ ਕਹਿਣ ਤੋਂ ਨਹੀਂ ਰੁਕਦੇ ਚਾਹੇ ਸਟੇਜ ਦਾ ਪ੍ਰਬੰਧ ਕਰਨ ਵਾਲੇ ਵੀ ਬੁਰਾ ਮਨਾਉਣਾ। ਲੇਖਕ ਨੂੰ ਕਈ ਵਾਰ ਪੰਡਤ ਜਗਜੀਤ ਸਿੰਘ ਦੇ ਬਚਨ ਸੁਨਣ ਦਾ ਮੌਕਾ ਮਿਲਿਆ ਹੈ ਤੇ ਇਹੋ ਜਿਹੇ ਮਹਾਂ ਵਿਦਵਾਨ ਗੁਰਬਾਣੀ ਦੇ ਕਥਾ-ਵਾਚਕ, ਮਾਇਆ ਦੇ ਪ੍ਰਭਾਵ ਤੋਂ ਬਚੇ ਹੋਏ, ਮਹਾਂਪੁਰਸ਼ ਵਿਰਲੇ ਹੀ ਹਨ। ਅੱਜਕੱਲ੍ਹ ਆਪ ਜੀ ਸੁਲਤਾਨਪੁਰ ਲੋਧੀ ਰਹਿੰਦੇ ਹਨ।

ਅਗਸਤ 1947 ਵਿਚ ਕਾਲਰਾ, ਡਮੁੰਡਾ ਅਤੇ ਡਰੋਲੀ ਕਲਾਂ ਦੇ ਰਾਜਪੂਤਾਂ ਨੇ ਪਿੰਡ ਢੰਢੌਰ ਦੇ ਹੰਕਾਰੀ ਚੌਧਰੀ ਚਰਾਗ ਤੇ, ਜਿਸ ਨੇ ਸਿੰਗਾਂ ਨਾਲ ਮਿੱਟੀ ਪੁੱਟਣੀ ਕਾਫੀ ਸਮੇਂ ਤੋਂ ਜਾਰੀ ਰੱਖੀ ਹੋਈ ਸੀ, ਹਮਲਾ ਕੀਤਾ। ਡਰੋਲੀ ਕਲਾਂ ਦੇ ਭਾਈ ਦੁਮਣ ਸਿੰਘ ਦੀ ਕਮਾਨ ਹੇਠ ਇਹ ਜਥੇ ਢੰਢੌਰ ਪਿੰਡ ਦੇ ਚੜ੍ਹਦੇ ਪਾਸੇ ਪਹੁੰਚ ਗਏ। ਚਰਾਗ ਦਾ ਇਕ ਰਿਸ਼ਤੇਦਾਰ ਜਲੰਧਰ ਛਾਉਣੀ ਵਿਖੇ ਮਿਲਟਰੀ ਦਾ ਉੱਚ ਕੋਟੀ ਦਾ ਅਫਸਰ ਸੀ। ਉਸ ਨੇ ਚਰਾਗ ਦੀ ਰੱਖਿਆ ਲਈ ਮੁਸਲਮਾਨ ਮਿਲਟਰੀ, ਬਰੇਨ ਗੰਨਾਂ, ਆਰਮਰਡ ਕਾਰਾਂ, ਕਾਫੀ ਅਸਲੇ ਨਾਲ ਢੰਢੌਰ ਵਿਖੇ ਤਾਇਨਾਤ ਕੀਤੀ ਹੋਈ ਸੀ। ਭਾਈ ਦੁਮਣ ਸਿੰਘ ਨੇ ਕਾਲਰੇ ਦੇ ਜਥੇ ਨੂੰ ਖੱਬੇ ਪਾਸੇ, ਡਮੁੰਡੇ ਦੇ ਜਥੇ ਨੂੰ ਸੱਜੇ ਪਾਸੇ ਅਤੇ ਡਰੋਲੀ ਕਲਾਂ ਦੇ ਜਥੇ ਨੂੰ ਵਿਚਕਾਰ ਰੱਖਿਆ। ਢੰਢੌਰ ਵਾਲਿਆਂ ਨੇ ਪਿੰਡ ਤੋਂ ਦੂਰ ਹੀ ਇਕ ਬੰਦਾ ਨਜ਼ਰ ਰੱਖਣ ਲਈ ਭੱਜਿਆ ਹੋਇਆ ਸੀ । ਉਹ ਸਿੰਘਾਂ ਨੂੰ ਦੇਖਦੇ ਹੀ ਪਿੰਡ ਵੱਲ ਨੂੰ ਮੁੜਨ ਲੱਗਾ ਤਾਂ ਡਰੋਲੀ ਕਲਾਂ ਵਾਲਿਆਂ ਉਸ ਨੂੰ ਗੋਲੀ ਮਾਰ ਦਿੱਤੀ। ਮਿਲਟਰੀ ਵਾਲੇ ਇਕ ਜੀਪ ਲੈ ਕੇ ਅੱਗੇ ਆਏ। ਜੀਪ ਤੇ ਡਰੋਲੀ ਵਾਲਿਆਂ ਫਾਇਰ ਕੀਤੇ ਜਿਸ ਨਾਲ ਤਿੰਨ ਮਿਲਟਰੀ ਵਾਲੇ ਜ਼ਖ਼ਮੀ ਹੋ ਗਏ । ਫੇਰ ਤਾਂ ਮਿਲਟਰੀ ਵਾਲਿਆਂ ਨੇ ਬਰੇਨਗੰਨ ਦੀਆਂ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਸਾਰੇ ਹੀ ਹਮਲਾਵਰ ਦਸਤੇ ਫਸਲਾਂ ਵਿਚੀਂ ਪਿਛੇ ਨੂੰ ਭੱਜੇ। ਇਹ ਮਿਲਟਰੀ ਜੀਪ ਢੰਢੌਰੀ ਅਤੇ ਜਲਪੋਤਾਂ ਪਿੰਡ ਲੰਘ ਕੇ ਕਾਲਰੇ ਦੇ ਚੋ ਤੱਕ ਆਈ। ਚੋ ਦੋ ਪਾਰੋਂ ਹੀ ਕਾਲਰੇ ਹਾਈ ਸਕੂਲ ਵੱਲ ਨੂੰ ਗੋਲੀਆਂ ਚਲਾਈਆਂ। ਕਾਲਰੇ ਪਿੰਡ ਵਿਚ ਸ. ਜੋਗਾ ਸਿੰਘ ਦੀ ਹਵੇਲੀ ਵਿਚ ਆਦਮਪੁਰ ਥਾਣੇ ਦਾ ਇੰਚਾਰਜ ਸਿੱਖ ਜਗੀਰ ਸਿੰਘ ਸਬ-ਇੰਸਪੈਕਟਰ ਅਤੇ ਚਾਰ ਸਿਪਾਹੀ ਆਏ ਹੋਏ ਸਨ । ਪਿੰਡ ਵਾਲਿਆਂ ਉਨ੍ਹਾਂ ਨੂੰ ਕਿਹਾ ਕਿ ਚਲੋ ਤੁਸੀਂ ਜਵਾਬੀ ਫਾਇਰ ਕਰੋ। ਉਹ ਕਹਿਣ ਲੱਗੇ ਮੁਸਲਮਾਨ ਮਿਲਟਰੀ ਵਾਲੇ ਸਾਡੇ ਲਾਲ ਪੱਗਾਂ ਵਾਲਿਆਂ ਦੇ ਤਾਂ ਦੁਸ਼ਮਣ ਹਨ, ਤੁਸੀਂ ਸਾਡੀਆਂ ਥਰੀ- ਨਾਟ-ਥਰੀ ਦੀਆਂ ਰਾਈਫਲਾਂ ਲੈ ਜਾਉ। ਕਾਲਰੇ ਦੇ ਸਾਬਕਾ ਫੌਜੀ ਸਭ ਤਰ੍ਹਾਂ ਦਾ ਅਸਲਾ ਚਲਾਉਣ ਦੇ ਮਾਹਿਰ ਸਨ। ਮੁਸਲਮਾਨ ਮਿਲਟਰੀ ਨੇ ਚੋ ਪਾਰ ਕਰਨਾ ਠੀਕ ਨਾ ਸਮਝਿਆ ਤੇ ਵਾਪਸ ਮੁੜ ਆਏ। ਵਾਪਸੀ ਸਮੇਂ ਕਾਲਰੇ ਦੇ ਇਕ ਆਦਿ ਧਰਮੀ ਸ਼ੇਰ ਸਿੰਘ ਨੇ ਮਿਲਟਰੀ ਜੀਪ ‘ਤੇ ਦੇਸੀ ਬੰਬ ਸੁੱਟਿਆ। ਪਰ ਇਹ ਬੰਬ ਉਹਨਾਂ ਦਾ ਕੋਈ ਨੁਕਸਾਨ ਨਾ ਕਰ ਸਕਿਆ। ਮਿਲਟਰੀ ਵਾਲਿਆਂ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਸ਼ੇਰ ਸਿੰਘ ਫਸਲ ਵਿਚ ਲੁਕਿਆ ਹੋਇਆ ਸੀ । ਜੇਕਰ ਉਹ ਚਾਹੁੰਦਾ ਤਾਂ ਲੁਕਿਆ ਰਹਿ ਕੇ ਜਾਨ ਬਚਾ ਸਕਦਾ ਸੀ। ਲੇਖਕ ਨੇ ਉਸ ਦਿਨ ਦੀ ਦਹਿਸ਼ਤ ਆਪਣੇ। ਅੱਖੀਂ ਦੇਖੀ ਕਿ ਕਿਸ ਤਰ੍ਹਾਂ ਪਿੰਡ ਦੀਆਂ ਜਨਾਨੀਆਂ ਆਪਣੀਆਂ ਕੱਛਾਂ ਵਿਚ ਸੋਨਾ ਅਤੇ ਨਕਦੀ ਛੁਪਾਈ ਡਰੋਲੀ ਕਲਾਂ ਨੂੰ ਭੱਜਣ ਨੂੰ ਤਿਆਰ ਸਨ । ਮਰਦਾਂ ਨੇ ਪਿੰਡ ਦੇ ਮੁੱਖ ਗਲੀਆਂ ਵਿਚ ਗੱਡੇ ਅਤੇ ਵੱਡੇ-ਵੱਡੇ ਲੱਕੜ ਦੇ ਮੁੱਢ ਸੁੱਟ ਦਿੱਤੇ ਕਿ ਮਿਲਟਰੀ ਦੀ ਜੀਪ ਨੂੰ ਰੋਕਿਆ ਜਾ ਸਕੇ। ਜੇਕਰ ਮਿਲਟਰੀ ਵਾਲੇ ਪਿੰਡ ਵਿਚ ਆਉਂਦੇ ਤਾਂ ਜਿਉਂਦੇ ਬਚ ਕੇ ਨਾ ਮੁੜਦੇ। ਪਿੰਡ ਦੇ ਸੰਤ ਰੱਖਾ ਸਿੰਘ ਨੇ ਕੋਈ ਬੰਬ ਬਣਾਏ ਹੋਏ ਸਨ ਤੇ ਉਹ ਹਾਈ ਸਕੂਲ ਦੀ ਛੱਤ ‘ਤੇ ਮੋਰਚਾ ਸੰਭਾਲੀ ਬੈਠਾ ਸੀ । ਕਾਲਰੇ ਤੋਂ ਪਰਤਾਪ ਸਿੰਘ ਜਿਸ ਕੋਲ ਟਾਮੀਂ ਗੰਨ ਸੀ ਢੰਢੌਰ ਲਾਗੇ ਮਿਲਟਰੀ ‘ਤੇ ਫਾਇਰ ਕੀਤੇ ਤਾਂ ਮਿਲਟਰੀ ਵਾਲਿਆਂ ਜਿਧਰੋਂ ਇਹ ਫਾਇਰ ਆਏ ਸਨ ਖੂਬ ਗੋਲੀਆਂ ਦੀ ਬਾਛੜ ਕੀਤੀ। ਪਰਤਾਪ ਸਿੰਘ ਸਾਬਕਾ ਫੌਜੀ ਸੀ ਉਹ ਕਿਸੇ ਵੱਡ ਬੰਨੇ ਦੀ ਓਟ ਲੈ ਕੇ ਜਵਾਬੀ ਫਾਇਰ ਕਰਦਾ ਪਿੱਛੇ ਹੱਟਦਾ ਰਿਹਾ। ਉਸ ਦੇ ਨਾਲ ਸ. ਜੋਗਾ ਸਿੰਘ ਦਾ ਪੁੱਤਰ ਅਵਤਾਰ ਸਿੰਘ ਰਿਹਾ ਬਾਕੀ ਸਭ ਫਸਲਾਂ ਵਿਚ ਦੀ ਲੁਕ-ਲੁਕ ਕੇ ਪਿੰਡ ਵਲ ਦੌੜ ਗਏ। ਡਰੋਲੀ ਵਾਲੇ ਸ. ਫੁੰਮਣ ਸਿੰਘ ਕਾਲਰੇ ਸਕੂਲ ‘ਤੇ ਮੋਰਚਾ ਲਾਈ ਬੈਠੇ ਰਹੇ।

ਅਗਲੇ ਦਿਨ ਡਰੋਲੀ ਕਲਾਂ ਦਾ ਜਥਾ ਆਦਮਪੁਰ ਵਿਖੇ ਦੁਕਾਨਦਾਰਾਂ ਦਾ ਹੌਸਲਾ ਵਧਾਉਣ ਲਈ ਗਿਆ ਤਾਂ ਦੁਕਾਨਦਾਰਾਂ ਨੇ ਉਨ੍ਹਾਂ ਦੇ ਗਲ਼ਾਂ ਵਿਚ ਫੁੱਲਾਂ ਦੇ ਹਾਰ ਪਾਏ ਤੇ ਢੰਢੇਰ ‘ਤੇ ਹਮਲਾ ਕਰਨ ਦਾ ਹੌਸਲਾ ਕਰਨ ਲਈ ਵਧਾਈਆਂ ਦਿੱਤੀਆਂ। ਦੁਕਾਨਦਾਰਾਂ ਨੇ ਦੱਸਿਆ ਕਿ ਤੁਹਾਡੇ ਜ਼ਖ਼ਮੀ ਕੀਤੇ ਤਿੰਨ ਮਿਲਟਰੀ ਵਾਲੇ ਆਦਮਪੁਰ ਸਿਵਲ ਹਸਪਤਾਲ ਲਿਆਂਦੇ ਗਏ ਸਨ । ਮਿਲਟਰੀ ਵਾਲਿਆਂ ਦੇ ਮੂੰਹਾਂ ‘ਤੇ ਚਿੰਤਾ ਅਤੇ ਪ੍ਰੇਸ਼ਾਨੀ ਦਿਖਾਈ ਦਿੰਦੀ ਸੀ । ਉਨ੍ਹਾਂ ਨੇ ਚਰਾਗ ਨੂੰ ਜਵਾਬ ਦੇ ਦਿੱਤਾ ਕਿ ਅਸੀਂ ਤੇਰੀ ਰੱਖਿਆ ਨਹੀਂ ਕਰ ਸਕਦੇ। ਜਿਹੜੇ ਲੋਕ ਸਾਡਾ ਮੁਕਾਬਲਾ ਕਰ ਸਕਦੇ ਹਨ ਉਨ੍ਹਾਂ ਦੇ ਮੁਕਾਬਲੇ ਤੁਸੀਂ ਢੰਢੌਰ ਵਾਲੇ ਕੁਝ ਵੀ ਨਹੀਂ। ਕਾਲਰੇ ਵਾਲਿਆਂ ਨੇ ਜੱਟਾਂ ਦੇ ਪਿੰਡਾਂ ਕੰਦੋਲਾ, ਕੋਟਲੀ ਜਮੀਅਤ ਸਿੰਘ, ਜੇਠਪੁਰ, ਉੱਚਾ, ਮਹੱਦੀਪੁਰ ਹਰੀਪੁਰ ਅਤੇ ਡੁਮੇਲੀ ਨੂੰ ਵੀ ਢੰਢੌਰ ‘ਤੇ ਚੜ੍ਹਾਈ ਕਰਨ ਲਈ ਸੁਨੇਹੇ ਭੇਜੇ ਸਨ ਪਰ ਉਹ ਚਰਾਗ ਤੋਂ ਡਰਦੇ ਨਾ ਪਹੁੰਚੇ। ਕੁਝ ਦਿਨ ਪਹਿਲਾਂ ਹੀ ਚਰਾਗ ਨੇ ਹਰੀਪੁਰ ਦੇ ਤਿੰਨ ਸਕੇ ਭਰਾ ਖੇਤਾਂ ਵਿਚ ਕੰਮ ਕਰਦੇ ਗੋਲੀਆਂ ਨਾਲ ਉਡਾ ਦਿੱਤੇ ਸਨ ਇਸ ਕਰਕੇ ਚਰਾਗ ਹਰੀਪੁਰੀਆ ਲਈ ਹਊਆ ਸੀ। ਅਗਲੇ ਦਿਨ ਚਰਾਗ ਪਿੰਡ ਛੱਡ ਕੇ ਚੂਹੜਵਾਲੀ ਕੈਂਪ ਪਹੁੰਚ ਗਿਆ। ਆਪਣਾ ਸਭ ਕੀਮਤੀ ਸਮਾਨ, ਘੋੜੀਆਂ, ਮੱਝਾਂ, ਬਲਦ ਆਦਿ ਲੈ ਗਿਆ । ਜਾਂਦਾ। ਹੋਇਆ ਪਿੰਡ ਦੇ 20 ਕੁ ਹਿੰਦੂ ਹਰੀਜਨਾਂ ਨੂੰ ਵੀ ਨਾਲ ਕੈਂਪ ਵਿਚ ਲੈ ਗਿਆ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਚਰਾਗ ਨੂੰ ਕੁਝ ਪੈਸਾ ਦੇ ਕੇ ਅਤੇ ਮਿੰਨਤਾਂ ਕਰਕੇ ਆਪਣੇ ਹਰੀਜਨ ਰਿਸ਼ਤੇਦਾਰ ਉਸ ਤੋਂ ਆਜ਼ਾਦ ਕਰਵਾ ਕੇ ਲਿਆਂਦੇ। ਕਾਲਰੇ ਵਾਲੇ ਸ. ਜੋਗਾ ਸਿੰਘ ਅਤੇ ਵਤਨ ਸਿੰਘ ਚਰਾਗ ਦੇ ਦੋਸਤ ਸਨ ਅਤੇ ਚਰਾਗ ਤੇ ਹਮਲੇ ਸਮੇਂ ਜੋਗਾ ਸਿੰਘ ਦਾ ਪੁੱਤਰ ਮੋਹਰੀਆਂ ਵਿਚ ਸੀ । ਪਾਕਿਸਤਾਨ ਪਹੁੰਚ ਕੇ ਚਰਾਗ ਨੇ ਛੇ ਕੁ ਮਹੀਨੇ ਬਾਅਦ ਜੋਗਾ ਸਿੰਘ ਨੂੰ ਉਰਦੂ ਵਿਚ ਖਤ ਪਾਇਆ ਜਿਸ ਵਿਚ ਲਿਖਿਆ ਸੀ- “ਖੁਦਾ ਦੇ ਫਜ਼ਲ ਨਾਲ ਮੈਂ ਠੀਕ ਠਾਕ ਹਾਂ, ਮੇਰੀ ਸ਼ਾਨ ਉਸੇ ਤਰ੍ਹਾਂ ਹੈ। ਘੋੜਿਆਂ ਦਾ ਤਬੇਲਾ, ਨੌਕਰ ਚਾਕਰ ਸਭ ਕੁਝ ਹੈ ਪਰ ਆਪਣੇ ਪਿੰਡ ਦੀ ਯਾਦ ਦਿਲ ‘ਚੋਂ ਨਹੀਂ ਨਿਕਲਦੀ। ਇਕ ਗੱਲ ਦਾ ਮੈਨੂੰ ਤੁਹਾਡੇ ਨਾਲ ਗਿਲਾ ਹੈ ਕਿ ਤੁਸੀਂ ਤਾਂ ਮੇਰੇ ਦੋਸਤ ਸੀ ਪਰ ਆਪ ਨੇ ਕਾਲਰੇ ਵਾਲਿਆਂ ਨੂੰ ਮੇਰੇ ‘ਤੇ ਹਮਲਾ ਕਰਨ ਤੋਂ ਕਿਉਂ ਨਾ ਰੋਕਿਆ। ਮੈਂ ਪਾਕਿਸਤਾਨ ਨਹੀਂ ਆਉਣਾ ਚਾਹੁੰਦਾ ਸੀ । ਮੈਂ ਤਾਂ ਜਿਸ ਮਿੱਟੀ ਵਿਚ ਜੰਮਿਆ ਪਲ੍ਹਿਆ ਸੀ ਉਥੇ ਹੀ ਰਹਿਣਾ ਚਾਹੁੰਦਾ ਸੀ।”

ਕਾਲਰੇ ਦੇ ਇਤਿਹਾਸ ਬਾਰੇ ਇਕ ਜ਼ਰੂਰੀ ਗੱਲ ਲੇਖਕ ਨੇ ਪਿੰਡ ਦੇ ਬਜ਼ੁਰਗਾਂ ਤੋਂ ਆਪਣੇ ਬਚਪਨ ਵਿਚ ਸੁਣੀ ਸੀ ਕਿ ਪਿੰਡ ਪਧਿਆਣੇ ਨਾਲ ਕਾਲਰੇ ਵਾਲਿਆਂ ਦੀ ਬੰਨੇ ਬਮੀਮੇਂ ਦੀ ਹੱਦ ਕਾਰਨ ਲੜਾਈ ਹੋਈ ਸੀ ਜਿਸ ਵਿਚ ਕਾਲਰੇ ਵਾਲਿਆਂ ਨੇ ਪਧਿਆਣੇ ਦਾ ਇਕ ਬੰਦਾ ਮਾਰ ਦਿੱਤਾ। ਉਸ ਸਮੇਂ ਕਾਲਰੇ ਪਿੰਡ ਵਿਚ ਆਬਾਦੀ ਕੇਵਲ 9 ਘਰਾਂ ਦੀ ਹੀ ਸੀ ਤੇ ਪਧਿਆਣੇ ਵਿਚ ਇਸ ਤੋਂ ਕੁਝ ਵਧ ਹੋਵੇਗੀ। ਉਸ ਸਮੇਂ ਇਸਲਾਮਿਕ ਕਾਨੂੰਨ ਚਲਦਾ ਸੀ। ਕਾਜ਼ੀ ਨੇ ਕਾਲਰੇ ਦੇ ਇਕ ਬੰਦੇ ਨੂੰ ਮੌਤਦੀ ਸਜ਼ਾ ਸੁਣਾਈ ਅਤੇ ਇਹ ਬੰਦਾ ਪਧਿਆਣੇ ਵਾਲੇ ਮਰਨ ਵਾਲੇ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਕਿ ਉਸ ਨੂੰ ਮਾਰਨ ਜਾਂ ਛੱਡ ਦੇਣ। ਕਾਲਰੇ ਵਿਚ ਬੰਦਿਆਂ ਦੀ ਘਾਟ ਸੀ ਤੇ ਉਨ੍ਹਾਂ ਨੇ ਪਧਿਆਣੇ ਵਾਲਿਆਂ ਨੂੰ ਕਾਤਲ ਨੂੰ ਨਾ ਮਾਰਨ ਤੇ ਰਾਜ਼ੀ ਕਰ ਲਿਆ ਅਤੇ ਪਧਿਆਣੇ ਦੇ ਮਰਨ ਵਾਲੇ ਪਰਿਵਾਰ ਦੇ ਗੁਜ਼ਾਰੇ ਲਈ ਦੋ ਸੋ ਘੁਮਾ ਜ਼ਮੀਨ ਦੇ ਦਿੱਤੀ। ਇਸ ਕਰਕੇ ਕਾਲਰੇ ਦਾ ਰਕਬਾ ਜ਼ਮੀਨ ਹੋਰ ਵੀ ਘਟ ਗਿਆ।

 Kalra Village History | ਕਾਲਰਾ ਪਿੰਡ ਦਾ ਇਤਿਹਾਸ

 

 

Credit – ਵਾਸਦੇਵ ਸਿੰਘ ਪਰਹਾਰ

Leave a Comment

error: Content is protected !!