ਕਿਹਾ ਜਾਂਦਾ ਹੈ ਕਿ ਲੁਬਾਣਾ ਸ਼ਬਦ ‘ਲੂਣ’ ਅਤੇ ‘ਬਾਣਾ’ (ਵਪਾਰ) ਅਰਥਾਤ ਲੂਣ ਦਾ ਵਪਾਰ ਕਰਨ ਵਾਲਾ ਅਰਥ ਦਿੰਦਾ ਹੈ। ਕਿਉਂਕਿ ਬਹੁਤੇ ਲੁਬਾਣੇ ਜਿਹਲਮ ਦੇ ਲਾਗੇ ਲੂਣ-ਖਲਾ (Salt-Range) ਦੇ ਲਾਗੇ ਕੇਂਦਰਤ ਸਨ, ਇਸ ਲਈ ਲੂਣ ਦਾ ਵਪਾਰ ਕਰਦੇ ਹੋਣਗੇ। ਲੂਣ ਉਦੋਂ ਬਹੁਤ ਮਹਿੰਗੀ ਵਸਤੂ ਸੀ । ਲੁਬਾਣਾ ਸ਼ਬਦ ਦਾ ਉਚਾਰਨ ਲਬਾਣਾ, ਲੁਬਾਣਾ ਅਤੇ ਲੋਬਾਣਾ ਵੀ ਹੈ। ਪੰਜਾਬ ਤੋਂ ਬਾਹਰ ਇਨ੍ਹਾਂ ਨੂੰ ਵਣਜਾਰਾ ਜਾਂ ਬਨਜਾਰਾ ਵੀ ਕਿਹਾ ਜਾਂਦਾ ਹੈ। ਲੁਧਿਆਣਾ ਜ਼ਿਲ੍ਹੇ ਵਿਚ ਰਹਿਣ ਵਾਲੇ ਲੁਬਾਣੇ ਆਪਣਾ ਮੂਲ ਚੌਹਾਨ ਰਾਜਪੂਤਾਂ ਤੋਂ ਦਸਦੇ ਹਨ, ਜਿਨ੍ਹਾਂ ਦੇ ਵਡੇਰੇ ਜੈਪੁਰ ਜਾਂ ਜੋਧਪੁਰ ਤੋਂ ਆਏ ਸਨ। ਪਾਕਿਸਤਾਨ ਦੇ ਜ਼ਿਲ੍ਹੇ ਗੁਜਰਾਤ ਤੋਂ ਆਏ ਲੁਬਾਣੇ ਆਪਣਾ ਮੂਲ ਰਘੁਵੰਸ਼ੀ ਰਾਜਪੂਤਾਂ ਤੋਂ ਦਸਦੇ ਹਨ, ਜਿਨ੍ਹਾਂ ਦਾ ਗੋਤ ਸਾਂਦਲਸ ਹੈ। ਹੁਸ਼ਿਆਰਪੁਰ, ਕਾਂਗੜਾ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਵੰਡ ਤੋਂ ਪਹਿਲਾਂ ਦੇ ਰਹਿੰਦੇ ਲੁਬਾਣੇ ਆਪਣਾ ਮੂਲ ਪੀਲੀਭੀਤ ਦੇ ਗੌੜ ਬ੍ਰਾਹਮਣਾਂ ਤੋਂ ਦਸਦੇ ਹਨ ਅਤੇ ਪੀਲੀਆ ਗੋਤ ਦੇ ਪੀਲੀਆ ਰਾਜਪੂਤਾਂ ਤੋਂ। ਬਹਾਵਲਪੁਰ ਰਿਆਸਤ ਵਿਚ ਰਹਿੰਦੇ ਰਹੇ ਲੁਬਾਣੇ ਆਪਣਾ ਮੂਲ ਰਾਠੌਰਾਂ ਨਾਲ ਜੋੜਦੇ ਹਨ।
ਲੁਬਾਣੇ ਪਾਕਿਸਤਾਨ ਵਿਚ ਗੁਜਰਾਤ, ਗੁੱਜਰਾਂਵਾਲਾ, ਲਾਹੌਰ, ਮੁਜ਼ੱਫਰਪੁਰ ਦੇ ਜ਼ਿਲ੍ਹਿਆਂ ਅਤੇ ਰਿਆਸਤ ਬਹਾਵਲਪੁਰ ਵਿਚ ਰਹਿੰਦੇ ਸਨ। ਪਾਕਿਸਤਾਨ ਬਣਨ ਤੋਂ ਪਿਛੋਂ ਕਪੂਰਥਲਾ, ਫੀਰੋਜ਼ਪੁਰ, ਹਰਿਆਣਾ ਦੇ ਜਿਲ੍ਹਿਆਂ ਕੈਥਲ, ਕੁਰੂਕਸ਼ੇਤਰ ਅਤੇ ਅੰਬਾਲਾ ਵਿਚ ਇਨ੍ਹਾਂ ਦੀ ਆਬਾਦੀ ਵੇਖੀ ਜਾਂਦੀ ਹੈ । ਹੁਸ਼ਿਆਰਪੁਰ, ਲੁਧਿਆਣਾ ਅਤੇ ਕਾਂਗੜੇ ਵਿਚ ਵੀ ਇਹ ਲੋਕ ਮਿਲਦੇ ਹਨ। ਪਹਿਲਾਂ ਇਹ ਲੂਣ ਅਤੇ ਫਿਰ ਹੋਰ ਚੀਜ਼ਾਂ ਜਿਵੇਂ ਖੰਡ, ਘਿਉ, ਚਾਵਲ, ਰੂੰ, ਰਵਾ, ਹਲਦੀ, ਗੁੜ, ਅਨਾਜ ਅਤੇ ਮਿਰਚ ਮਸਾਲੇ ਆਦਿ ਦਾ ਵਪਾਰ ਕਰਦੇ ਸਨ। ਗੱਡਿਆਂ ਤੇ ਬਲਦਾਂ ਉੱਪਰ ਆਪਣਾ ਸਮਾਨ ਲੱਦ ਕੇ ਦੂਰ-ਦੂਰ ਤਕ ਵੇਚਣ ਚਲੇ ਜਾਂਦੇ ਸਨ। ਵਣਜ (ਵਪਾਰ) ਕਰਨ ਕਰਕੇ ਹੀ ਇਨ੍ਹਾਂ ਨੂੰ ਵਣਜਾਰੇ ਵੀ ਕਿਹਾ ਜਾਂਦਾ ਹੈ। ਕੈਪਟਨ ਮੈਕੇਨਜ਼ੀ ਲਿਖਦਾ ਹੈ ਕਿ ‘ਲੁਬਾਣੇ ਵੀ ਇਕ ਅਨੋਖੇ ਲੋਕ ਹਨ। ਸਿੱਖਾਂ ਵਿਚ ਉਨ੍ਹਾਂ ਦੀ ਸਮਾਜਕ ਅਵਸਥਾ ਬਹੁਤੀ ਮਹਿਤਮਾਂ ਵਰਗੀ ਹੈ। ਉਹ ਹਿੰਦੁਸਤਾਨ ਦੇ ਬਨਜਾਰਿਆਂ ਵਰਗੇ ਹਨ ਜਿਹੜੇ ਲੱਦੇ ਹੋਏ ਬਲਦਾਂ ਦੇ ਵੱਡੇ ਟੋਲਿਆਂ ਨਾਲ ਵਪਾਰ ਕਰਦੇ ਹਨ। ਪਿਛੇ ਜਿਹੇ ਉਨ੍ਹਾਂ ਨੇ ਖੇਤੀ ਦੇ ਧੰਦੇ ਨੂੰ ਅਪਣਾ ਲਿਆ ਹੈ ਪਰ ਉਪਜੀਵਕਾ ਦੇ ਇਕ ਵਾਧੂ ਵਸੀਲੇ ਵਜੋਂ, ਨਾ ਕਿ ਵਪਾਰ ਦੇ ਇਵਜ਼ ਵਿਚ। ਭਾਈਚਾਰੇ ਦੇ ਇਕ ਭਾਗ ਦੇ ਤੌਰ ‘ਤੇ ਉਹ ਹਰ ਧਿਆਨ ਅਤੇ ਉਤਸ਼ਾਹ ਦੇ ਪਾਤਰ ਹਨ। ਉਹ ਆਮ ਤੌਰ ‘ਤੇ ਵਧੀਆ ਮਜ਼ਬੂਤ ਸਰੀਰਕ ਬਣਤਰ ਦੇ ਲੋਕ ਹਨ । ਉਹ ਬਹੁਤ ਹੌਸਲੇ ਵਾਲੇ ਹਨ। ਅਰਾਜਕਤਾ ਦੇ ਸਮੇਂ ਜਦੋਂ ਛੋਟੇ- ਛੋਟੇ ਸ਼ਾਸਕਾਂ ਦੇ ਖਾਨਦਾਨੀ ਵੈਰ ਜੱਟਾਂ ਜਾਂ ਗੁੱਜਰਾਂ ਨੂੰ ਆਰਜ਼ੀ ਰਿਹਾਇਸ਼ਗਾਹਾਂ ਵੱਲ ਤੋਰ ਦੇਣਗੇ, ਲੁਬਾਣੇ ਡਟੇ ਰਹਿਣਗੇ ਅਤੇ ਸ਼ਾਇਦ ਇਸ ਸਮੇਂ ਦਾ ਲਾਭ ਲੈ ਕੇ ਪਿੰਡ ਵਿਚ ਵਧੀਆ ਜ਼ਮੀਨਾਂ ਨੂੰ ਕਾਬੂ ਕਰ ਲੈਣਗੇ, ਜਿਨ੍ਹਾਂ ਵਿਚ ਉਨ੍ਹਾਂ ਦੇ ਅਲਪਦ੍ਰਿਸ਼ਟੀ ਵਾਲੇ ਅਤੇ ਘੱਟ ਬੁੱਧੀਮਾਨ ਜਾਗੀਰ ਦੇ ਮਾਲਕਾਂ ਨੇ ਕੁਝ ਪਹਿਲੇ ਸਮਿਆਂ ਵਿਚ ਉਨ੍ਹਾਂ ਨੂੰ ਵਣਜ ਕਰਨ ਬਦਲੇ ਆਪਣਾ ਨਿਵਾਸ ਸਥਾਨ ਲੈ ਲੈਣ ਦੀ ਆਗਿਆ ਦਿੱਤੀ ਸੀ। ਇਸ ਕਿਸਮ ਦੇ ਕਈ ਕੇਸ ਸੈਟਲਮੈਂਟ (ਹਿਬਾ ਨਾਮਾ) ਵੇਲੇ ਨਜ਼ਰੀਂ ਪਏ ਅਤੇ ਉਨ੍ਹਾਂ ਬਹੁਤਿਆਂ ਵਿਚ ਉੱਨਤੀ ਲਈ ਸ਼ਕਤੀ ਅਤੇ ਜੋਸ਼ ਏਨਾ ਹੀ ਦ੍ਰਿਸ਼ਟਮਾਨ ਸੀ ਜਿੰਨਾ ਉਲਟ ਲੱਛਣਾਂ ਵਾਲੇ ਇਨ੍ਹਾਂ ਦੇ ਵਿਰੋਧੀ ਗੁੱਜਰਾਂ ਵਿਚ ਪ੍ਰਮੁੱਖ ਸੀ। ਉਨ੍ਹਾਂ ਦਾ ਵੱਡਾ ਪਿੰਡ ਟਾਂਡਾ (ਜਿਸਦਾ ਅਰਥ ਲੱਦੇ ਹੋਏ ਬਲਦਾਂ ਦਾ ਕਾਫ਼ਲਾ) ਹੈ ਅਤੇ ਇਹ ਇਸ ਦੀ ਮਿਸਾਲ ਹੈ ਜੋ ਮੈਂ ਉੱਪਰ ਦੱਸਿਆ ਹੈ। ਮੋਤਾ ਦੇ ਗੁੱਜਰ ਮਾਲਕਾਂ ਵਲੋਂ ਉਥੇ ਰਹਿਣ ਦੀ ਆਗਿਆ ਮਿਲਣ ਤੇ, ਉਨ੍ਹਾਂ ਨੇ ਭੂਮੀ ਤੇ ਕਬਜ਼ਾ ਕਰ ਲਿਆ, ਇਕ ਕਸਬਾ ਵਸਾ ਲਿਆ ਅਤੇ ਮਹੱਤਤਾ ਦੇ ਹਰ ਪੱਖੋਂ ਅਸਲੀ ਮਾਲਕਾਂ ਨੂੰ ਪ੍ਰਭਾਵ-ਹੀਣ ਕਰ ਦਿੱਤਾ। ਉਨ੍ਹਾਂ ਨੂੰ ਮਾਲਕਾਂ ਵਜੋਂ ਮਾਨਤਾ ਦੇ ਦਿੱਤੀ ਗਈ ਹੈ, ਪਰ ‘ਮਤਾ’ ਦੇ ਗੁੱਜਰ ਮਾਲਕਾ ਦੇ ਜਾਗੀਰਦਾਰੀ ਪ੍ਰਬੰਧ ਅਧੀਨ ਹਨ, ਇਸ ਮਾਨਤਾ ਅਨੁਸਾਰ ਸਰਕਾਰ ਦੀ ਮੰਗ ਦੇ ਦਸਵੇਂ ਹਿੱਸੇ ਦੇ ਬਰਾਬਰ ਉਨ੍ਹਾਂ ਨੂੰ ਵਾਰਸ਼ਿਕ ਰਕਮ ਦਿੰਦੇ ਹਨ।” ਲੁਬਾਣਿਆਂ ਦਾ ਭੂਮੀ ਨਾਲ ਸੰਬੰਧ 19ਵੀਂ ਸਦੀ ਦੇ ਪਹਿਲੇ ਅੱਧ ਵਿਚ ਵੇਖਿਆ ਜਾਂਦਾ ਹੈ।
ਕਾਂਗੜੇ ਜ਼ਿਲ੍ਹੇ ਵਿਚ ਉਨ੍ਹਾਂ ਨੂੰ ਪਸ਼ੂ ਚਾਰਨ ਦੀ ਆਗਿਆ ਦਿੱਤੀ ਗਈ ਤੇ ਉਪਰੰਤ ਇਹ ਵਾਹੀਕਾਰ ਦੇ ਤੋਰ ‘ਤੇ ਸਥਿਤ ਹੋ ਗਏ। ਇਹ ਲੋਕ ਹਮੇਸ਼ਾ ਸਿਆਸੀ ਬਦਅਮਨੀ ਵੇਲੇ ਅਤੇ ਕਹਿਤਾਂ ਦੇ ਸਮੇਂ ਕੁਝ ਜ਼ਮੀਨ ਮੁੱਲ ਲੈ ਲੈਂਦੇ ਸਨ। ਇਸ ਤੋਂ ਪਤਾ ਲਗਦਾ ਹੈ ਕਿ ਇਹ ਨਿਡਰ ਅਤੇ ਹੌਸਲੇ ਵਾਲੀ ਜਾਤ ਹੈ। ਗੁਜਰਾਤ ਜ਼ਿਲ੍ਹੇ ਵਿਚ ਇਨ੍ਹਾਂ ਦੀ 20ਵੀਂ ਸਦੀ ਦੇ ਸ਼ੁਰੂ ਵਿਚ ਆਬਾਦੀ 8000 ਸੀ। ‘ਜਿਹੜੇ ਪਹਿਲਾਂ ਬਲਦਾਂ ਤੇ ਲੱਦ ਕੇ ਚੀਜ਼ਾਂ ਵੇਚਣ ਵਾਲੇ ਜਾਂ ਵਪਾਰੀ ਸਨ, ਨੇ ਖੇਤੀ ਦੇ ਧੰਦੇ ਨੂੰ ਅਤੇ ਸੈਨਿਕ ਸੇਵਾਵਾਂ ਨੂੰ ਅਪਣਾ ਲਿਆ।’ ਕਈ ਜ਼ਿਲ੍ਹਿਆਂ ਵਿਚ ਮਹੱਤਵਪੂਰਨ ਕਾਸ਼ਤਕਾਰ ਜਾਤਾਂ ਵਿਚ ਇਨ੍ਹਾਂ ਦੀ ਗਿਣਤੀ ਹੁੰਦੀ ਸੀ।’ ਅਜਿਹਾ ਇਨ੍ਹਾਂ ਦੇ ਬਹੁਤ ਮਿਹਨਤੀ ਅਤੇ ਸਿਰੜੀ ਹੋਣ ਕਰਕੇ ਹੈ।
ਲੁਬਾਣੇ ‘ਮਿਹਨਤੀ ਕਾਸ਼ਤਕਾਰ ਹਨ।” ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਨ੍ਹਾਂ ਦਾ ਮੁੱਖ ਪੇਸ਼ਾ ਵਣਜਾਰਿਆਂ ਵਾਲਾ ਹੀ ਸੀ ਅਤੇ ਖੇਤੀ ਬਹੁਤ ਘੱਟ ਲੋਕ ਕਰਦੇ ਸਨ। ਉਹ ਹਿੰਦੁਸਤਾਨ ਦੇ ਵਣਜਾਰਿਆਂ ਅਤੇ ਮੈਸੂਰ ਦੇ ਲੰਬਾਦੀ ਲੋਕਾਂ ਨਾਲ ਮਿਲਦੇ ਹਨ, ਜਿਹੜੇ ਲੱਦੇ ਬਲਦਾਂ ਦੇ ਕਾਫ਼ਲਿਆਂ ਨਾਲ ਵਿਸਤ ਵਪਾਰ ਕਰਦੇ ਸਨ। 1849 ਈ. ਵਿਚ ਅੰਗਰੇਜ਼ਾਂ ਦਾ ਪੰਜਾਬ ਉੱਪਰ ਮੁਕੰਮਲ ਕਬਜ਼ਾ ਹੋ ਜਾਣ ‘ਤੇ ਉਨ੍ਹਾਂ ਨੇ ਆਵਾਜਾਈ ਲਈ ਨਵੇਂ ਸਾਧਨ ਮੁਹੱਈਆ ਕੀਤੇ। ਸੜਕਾਂ ਅਤੇ ਰੇਲਵੇ ਲਾਈਨਾਂ ਬਣਾਈਆਂ। ਇਨ੍ਹਾਂ ਪ੍ਰਬੰਧਾਂ ਨੇ ਲੁਬਾਣਿਆਂ ਦੇ ਵਪਾਰ ਦੇ ਧੰਦੇ ਨੂੰ ਸਖ਼ਤ ਨੁਕਸਾਨ ਪਹੁੰਚਾਇਆ ਅਤੇ ਇਹ ਆਪਣੇ ਜੱਦੀ ਪੁਸ਼ਤੀ ਪੇਸ਼ੇ ਤੋਂ ਵਿਰਵੇ ਹੋ ਗਏ। ਮੈਦਾਨਾਂ ਵਿਚ ਉਨ੍ਹਾਂ ਨੇ ਫਿਰ ਨਵੇਂ ਧੰਦੇ ਲੱਭਣੇ ਸ਼ੁਰੂ ਕੀਤੇ, ਜਦਕਿ ਪਹਾੜੀ ਖੇਤਰਾਂ ਦੇ ਲੁਬਾਣੇ ਆਪਣੇ ਪੁਰਾਣੇ ਧੰਦੇ (ਵਪਾਰ) ਨੂੰ ਕਰਦੇ ਰਹੇ।
ਹਾਲਾਂਕਿ ਆਰਥਿਕ ਪੱਖੋਂ ਵਪਾਰੀਆਂ ਦੀ ਸਥਿਤੀ ਕਾਸ਼ਤਕਾਰਾਂ ਨਾਲੋਂ ਹਮੇਸ਼ਾ ਹੀ ਚੰਗੀ ਹੁੰਦੀ ਹੈ, ਪਰ ਸਿੱਖ ਮਿਸਲਾਂ ਦੇ ਸਮੇਂ ਤੋਂ ਪਿਛੋਂ ਜਦ ਵਾਹੀਕਾਰ ਵੰਸ਼ਾਂ ਕੋਲ ਬਹੁਤੀਆਂ ਜ਼ਮੀਨਾਂ ਹੋ ਗਈਆਂ ਤਾਂ ਇਨ੍ਹਾਂ ਵੱਲੋਂ ਫਿਰ-ਤੁਰ ਕੇ ਵਪਾਰ ਕਰਨ ਵਾਲੇ ਲੋਕਾਂ ਨੂੰ ਕੁਝ ਨਫ਼ਰਤ ਦੀ ਨਿਗਾਹ ਨਾਲ ਵੇਖਿਆ ਗਿਆ ਅਤੇ ਉਨ੍ਹਾਂ ਦੇ ਧੰਦੇ ਨੂੰ ਘਟੀਆ ਸਮਝਿਆ ਗਿਆ, ਜਦਕਿ ਜਾਤ-ਇਤਿਹਾਸ ਵਿਚ ਹਲ ਚਲਾਉਣ ਵਾਲੇ ਨੂੰ ਹਮੇਸ਼ਾ ਸ਼ੂਦਰ ਕਿਹਾ ਜਾਂਦਾ ਸੀ । ਖਾਸ ਕਰਕੇ ਬ੍ਰਾਹਮਣਾਂ, ਕਸ਼ੱਤਰੀਆਂ ਅਤੇ ਰਾਜਪੂਤਾਂ ਵੱਲੋਂ। ਪਰ ਸਿੱਖ ਕਾਲ ਤੋਂ ਖੇਤੀ ਦੇ ਧੰਦੇ ਨੂੰ ਸਤਿਕਾਰ ਮਿਲਣ ਲੱਗ ਪਿਆ। ਅੰਗਰੇਜ਼ਾਂ ਵੇਲੇ ਇਸ ਧੰਦੇ ਨੂੰ ਸਭ ਤੋਂ ਉੱਤਮ ਦਰਜਾ ਹਾਸਿਲ ਹੋਇਆ। ਭੂਮੀ ਪ੍ਰਾਪਤੀ ਹੋਣ ‘ਤੇ ਲੁਬਾਣਿਆਂ ਦਾ ਸਮਾਜਕ ਰੁਤਬਾ ਉੱਚਾ ਹੋਇਆ ਅਤੇ ਸਮਾਜਕ ਗਤੀਸ਼ੀਲਤਾ ਦੇ ਉੱਥਾਨ ਲਈ ਇਨ੍ਹਾਂ ਨੇ ਵਾਹੀਕਾਰ ਜਾਤਾਂ ਵਿਚ ਸ਼ਾਮਿਲ ਹੋਣ ਲਈ ਕੋਸ਼ਿਸ਼ਾਂ ਕੀਤੀਆਂ ਅਤੇ 1906 ਵਿਚ ਅੰਬਾਲਾ, ਜਲੰਧਰ, ਹੁਸ਼ਿਆਰਪੁਰ, ਫੀਰੋਜ਼ਪੁਰ, ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਗੁਜਰਾਤ ਅਤੇ ਗੁਜਰਾਂਵਾਲਾ ਜ਼ਿਲ੍ਹਿਆਂ ‘ਚ ਇਨ੍ਹਾਂ ਨੂੰ ਖੇਤੀ ਕਰਨ ਵਾਲੇ ਵੰਸ਼ਾਂ ਵਿਚ ਸ਼ਾਮਿਲ ਕਰ ਲਿਆ ਗਿਆ।’ 1911 ਈ. ਵਿਚ 63.14 ਪ੍ਰਤੀਸ਼ਤ ਲੁਬਾਣੇ ਖੇਤੀ ਦਾ ਕੰਮ ਕਰਦੇ ਸਨ। ਵਾਧੂ ਸਮੇਂ ਵਿਚ ਇਹ ਰੱਸੇ ਵੱਟਣ, ਟਾਟ, ਘਾਹ ਦੀਆਂ ਚਟਾਈਆਂ ਅਤੇ ਸਣ ਦੀ ਸੂਤਲੀ ਬਣਾਉਣ ਅਤੇ ਪਸ਼ੂਆਂ ਨੂੰ ਵੇਚਣ ਦਾ ਧੰਦਾ ਕਰਦੇ ਸਨ।”
ਲੁਬਾਣੇ ਬਹੁਤ ਵਧੀਆ ਸੈਨਿਕ ਹਨ। ਮੈਦਾਨ ਵਿਚ ਜਮਕੇ ਲੜਦੇ ਹਨ। ਪਹਿਲੇ ਵਿਸ਼ਵ ਯੁੱਧ ਵੇਲੇ ਇਨ੍ਹਾਂ ਨੇ ਸੈਨਾ ਵਿਚ ਭਰਤੀ ਲਈ ਅੰਗਰੇਜ਼ਾਂ ਦੀ ਬੜੀ ਸਹਾਇਤਾ ਕੀਤੀ ਤੇ ਵੱਧ ਤੋਂ ਵੱਧ ‘ਰਕਰੂਟ’ ਦਿੱਤੇ ਤੇ ਇਨ੍ਹਾਂ ਸੇਵਾਵਾਂ ਬਦਲੇ ਇਨ੍ਹਾਂ ਨੂੰ ਸਰਕਾਰ ਨੇ ਗੁਜਰਾਤ, ਸ਼ੇਖੂਪੁਰਾ, ਮੁਲਤਾਨ, ਸ਼ਾਹਪੁਰ, ਲਾਹੌਰ ਅਤੇ ਮਿੰਟਗੁਮਰੀ ਵਿਚ ਜ਼ਮੀਨਾਂ ਦਿੱਤੀਆਂ ਅਤੇ ਇਨ੍ਹਾਂ ਨੇ ਬੜੀ ਮਿਹਨਤ ਨਾਲ ਛੇਤੀ ਹੀ ਇਨ੍ਹਾਂ ਮਿਲੀਆਂ ਜ਼ਮੀਨਾਂ ਨੂੰ ਉਪਜਾਊ ਬਣਾ ਲਿਆ। ਸ: ਅਜੀਤ ਸਿੰਘ ਸਰਹੱਦੀ ਜੋ ਉਸ ਵੇਲੇ ਪੰਜਾਬ ਅਸੈਂਬਲੀ ‘ਚ ਵਿਧਾਨਕਾਰ ਸਨ, ਨੇ ਲਾਇਲਪੁਰ ਆਦਿ ਦੇ ਜ਼ਿਲ੍ਹਿਆਂ ਵਿਚ ਵਸਦੇ ਲੁਬਾਣਿਆਂ ਨੂੰ ਵਾਹੀਕਾਰ ਵੰਸ਼ਾਂ ਵਿਚ ਸ਼ਾਮਿਲ ਕਰਨ ਲਈ ਕੋਸ ਲੜਿਆ ਅਤੇ ਇਨ੍ਹਾਂ ਦੀ ਖੇਤੀ ਵਿਚ ਲਗਨ ਅਤੇ ਮਿਹਨਤ ਨੂੰ ਵੇਖਦਿਆਂ ਸਰਕਾਰ ਨੇ ਇਨ੍ਹਾਂ ਨੂੰ ਮਿੰਟਗੁਮਰੀ ਜ਼ਿਲ੍ਹੇ ਵਿਚ 1937 ਈ. ਵਿਚ ਅਤੇ ਲਾਇਲਪੁਰ ਵਿਚ 1938 ਈ. ਨੂੰ ਵਾਹੀਕਾਰ ਦੇਸ਼ਾਂ ਵਿਚ ਸ਼ਾਮਿਲ ਕਰ ਲਿਆ।” ਸਮਾਜਕ ਪੱਧਰ ਉੱਚਾ ਹੋਣ ‘ਤੇ ਇਨ੍ਹਾਂ ਨੇ ਵਿੱਦਿਆ ਵੱਲ ਵੀ ਧਿਆਨ ਦਿੱਤਾ। 1891 ਈ. ਵਿਚ ਇਹ ਕੇਵਲ 1 ਪ੍ਰਤੀਸ਼ਤ ਪੜ੍ਹੇ-ਲਿਖੇ ਲੋਕ ਸਨ ਜਦਕਿ 1921 ਵਿਚ ਇਹ 3 ਪ੍ਰਤੀਸ਼ਤ ਪੜ੍ਹੇ-ਲਿਖੇ ਸਨ । ਇਹ ਪੜ੍ਹੇ-ਲਿਖੇ ਲੋਕ ਸਰਕਾਰੀ ਸੇਵਾਵਾਂ ਵਿਚ, ਸਿਵਲ ਪ੍ਰਸ਼ਾਸਨ, ਸੈਨਾ ਅਤੇ ਪੁਲਿਸ ਵਿਚ ਭਰਤੀ ਹੋਏ। ਕੁਝ ਗਜ਼ਟਡ ਅਫਸਰ ਵੀ ਬਣੇ। ਬਹੁਤ ਸਾਰੇ ਲੁਬਾਣੇ ਵਕੀਲ, ਡਾਕਟਰ ਅਤੇ ਅਧਿਆਪਕ ਬਣੇ।” ਇਹ ਸਨਅਤ, ਵਪਾਰ ਅਤੇ ਆਧੁਨਿਕ ਆਵਾਜਾਈ (Transport) ਦੇ ਧੰਦਿਆਂ ਨੂੰ ਵੀ ਕਰਨ ਲੱਗ ਪਏ।” ਸਿੰਧ ਦੇ ਥੱਲੇ ਵਾਲੇ ਪਾਸੇ ਲੁਬਾਣਿਆਂ ਦੀ ਬੜੀ ਸੰਖਿਆ ਆਬਾਦ ਸੀ ਤੇ ਸਿੱਖ ਰਾਜ ਵੇਲੇ ਮੋਨੇ ਸਿੱਖ ਕਹਾਉਂਦੇ ਸਨ, ਬਹਾਵਲਪੁਰ ਵਿਚ ਇਹ ਹਿੰਦੂ ਸਨ। ਬਹਾਵਲਪੁਰ ਵਿਚ 1881 ਦੀ ਜਨਗਣਨਾ ਅਨੁਸਾਰ 4317 ਦੀ ਸੰਖਿਆ ਵਿਚ ਇਹ ਜੱਟ ਗਿਣੇ ਗਏ।” ਇਹ ਬਹੁਤੇ ਸਿੱਖ ਤੇ ਹਿੰਦੂ ਹਨ ਅਤੇ ਬਹੁਤ ਥੋੜ੍ਹੇ ਮੁਸਲਮਾਨ ਹਨ। ਇਸ ਅਨੁਸਾਰ ਕੁਲ ਸੰਖਿਆ (1881 ਈ.) 48489 ਵਿਚੋਂ 30 ਪ੍ਰਤੀਸ਼ਤ ਸਿੱਖ ਸੀ ਬਾਕੀ ਸਾਰੇ ਹਿੰਦੂ ਸਨ, ਸਿਵਾਏ 1500 ਮੁਸਲਮਾਨਾਂ ਦੇ।” 1921 ਈ. ਦੀ ਜਨਗਣਨਾ ਅਨੁਸਾਰ ਇਨ੍ਹਾਂ ਦੀ ਸੰਖਿਆ 56316 ਸੀ।
ਪੰਜਾਬ ਵਿਚ ਇਨ੍ਹਾਂ ਦੀਆਂ ਤਿੰਨ ਸ਼੍ਰੇਣੀਆਂ ਹਨ (ੳ) ਮੁਸਲਾ ਲੁਬਾਣਾ (ਅ) ਲੁਧਿਆਣੇ ਦੇ ਲੁਬਾਣੇ (ੲ) ਬਹਾਵਲਪੁਰ ਦੇ ਲੁਬਾਣੇ। ਮੁਸਲਾ ਲੁਬਾਣਾ ਇਨ੍ਹਾਂ ਨੂੰ ਲੁਧਿਆਣੇ ਦੇ ਲੁਬਾਣਿਆ ਨੇ ਕਿਹਾ ਹੈ। ਲੁਧਿਆਣੇ ਦੇ ਬੇਟ ਖੇਤਰ ਵਿਚ ਇਨ੍ਹਾਂ ਦੇ ਪੂਰੇ 7 ਪਿੰਡ ਹਨ ਅਤੇ ਕੁਝ ਹੋਰ ਵਿਚ ਇਨ੍ਹਾਂ ਦੀ ਆਬਾਦੀ ਹੈ। ਇਹ ਮੁਸਲਾ ਲੁਬਾਣਿਆਂ ਨਾਲ ਪਹਿਲੇ ਸਮਿਆਂ ਵਿਚ ਘੱਟ ਮੇਲ ਜੋਲ ਰਖਦੇ ਸਨ ਪਰ ਹੁਣ ਅਜੇਹਾ ਨਹੀਂ।
‘ਸਿਆਲਕੋਟ ਅਤੇ ਗੁਜਰਾਤ ਦੇ ਜ਼ਿਲ੍ਹਿਆਂ ਵਿਚ ਰਹਿੰਦੇ ਰਹੇ ਲੁਬਾਣਿਆਂ ਦਾ ਸਮਾਜਕ ਪੱਧਰ ਉੱਚਾ ਸੀ ਤੇ ਹੋਰ ਖੇਤੀ ਕਰਦੀਆਂ ਜਾਤਾਂ ਵਿਚ ਵਿਆਹ-ਸ਼ਾਦੀਆਂ ਕਰ ਲੈਂਦੇ ਸਨ। ਇਸਦਾ ਅਰਥ ਇਹ ਨਹੀਂ ਕਿ ਉਨ੍ਹਾਂ ਦਾ ਸਮਾਜਕ ਪੱਧਰ ਬਹੁਤ ਉੱਚਾ ਸੀ, ਕਿਉਂਕਿ ਫੀਰੋਜ਼ਪੁਰ ਵਿਚ ਬੌਰੀਏ ਜੱਟਾਂ ਨਾਲ ਆਪਸੀ ਵਿਆਹ-ਸ਼ਾਦੀਆਂ ਕਰ ਲੈਂਦੇ ਸਨ।”
ਲੁਬਾਣਿਆਂ ਦੀਆਂ ਸਮਾਜਕ ਰਸਮਾਂ ਹਰ ਜ਼ਿਲ੍ਹੇ ਵਿਚ ਵੱਡੀ ਪੱਧਰ ‘ਤੇ ਵੱਖਰੀਆਂ-ਵੱਖਰੀਆਂ ਹੀ ਨਹੀਂ ਹਨ ਬਲਕਿ ਹਰ ਜ਼ਿਲ੍ਹੇ ਵਿਚ ਵੀ ਅਜਿਹਾ ਹੈ। ਇਹ ਰਿਵਾਜਾਂ ਵਿਚ ਵਿਭਿੰਨਤਾ ਜਿਵੇਂ ਕਿ ਲੁਬਾਣੇ ਆਪ ਮੰਨਦੇ ਹਨ ਜਾਤ ਦੇ ਮਿਸ਼ਰਤ ਮੂਲ ਕਰਕੇ ਹੈ। ਪਰ ਇਹ ਵਿਭਿੰਨਤਾ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਉਹ ਲਗਭਗ ਇਕੋ ਜਿਹੇ ਰਿਵਾਜਾਂ ਦੇ ਧਾਰਨੀ ਬਣ ਰਹੇ ਹਨ। ਕੁਝ ਚਿਰ ਪਹਿਲਾਂ ਲੁਧਿਆਣੇ ਦੇ ਲੁਬਾਣੇ ਲੜਕੀ ਦਾ ਵਿਆਹ ਫੇਰਿਆਂ ਦੀ ਰਸਮ ਨਾਲ ਕਰਦੇ ਸਨ, ਪਰ ਵਿਧਵਾ ਦਾ ਪੁਨਰ ਵਿਆਹ ਮੁਸਲਮਾਨੀ ਰਸਮ ਨਿਕਾਹ ਅਨੁਸਾਰ ਕਰਦੇ ਸਨ। ਆਰੀਆ ਸਮਾਜ ਇਸ ਗੜਬੜ ਵਾਲੀਆਂ ਰਸਮਾਂ ਦੇ ਵਿਰੁੱਧ ਸੀ।” ਪਰ ਇਹ ਰਿਵਾਜ ਸੌ ਸਵਾ ਸੌ ਸਾਲ ਪਹਿਲਾਂ ਸਨ । ਹੁਣ ਇਨ੍ਹਾਂ ਰਿਵਾਜਾਂ ਵਿਚ ਇਕਸਾਰਤਾ ਹੈ । ਅਤੇ ਲੁਧਿਆਣਾ ਜ਼ਿਲ੍ਹੇ ਦੇ ਲਗਭਗ ਸਾਰੇ ਲੁਬਾਣੇ ਹੀ ਸਿੱਖ ਹਨ ਤੇ ਉਹ ਸਿੱਖ ਰਹੁ-ਰੀਤਾਂ ਦੀ ਸਖ਼ਤੀ ਨਾਲ ਪਾਲਨਾ ਕਰਦੇ ਹਨ। ਪਹਿਲਾਂ ਇਨ੍ਹਾਂ ਵਿਚ ਸਤੀ ਦੀ ਰਸਮ ਵੀ ਹੁੰਦੀ ਸੀ ਪਰ ਹੁਣ ਪੂਰਨ ਤੌਰ ‘ਤੇ ਇਹ ਖ਼ਤਮ ਹੋ ਚੁੱਕੀ ਹੈ।
ਵਪਾਰ ਕਰਨ ਨਾਲ ਇਨ੍ਹਾਂ ਦੀ ਮਾਇਕ ਅਵਸਥਾ, ਉਸ ਵੇਲੇ ਦੇ ਜੱਟਾਂ ਤੇ ਹੋਰ ਵਾਹੀਕਾਰ ਵੰਸ਼ਾਂ ਨਾਲੋਂ ਚੰਗੀ ਸੀ,
ਪਰ ਉਸ ਵੇਲੇ ਦੇ ਸਮਾਜਕ ਚਲਨ ਨੂੰ ਵੇਖਦਿਆਂ ਇਨ੍ਹਾਂ ਦੇ ਘੁੰਮ ਫਿਰ ਕੇ ਵਪਾਰ ਕਰਨ ਨੂੰ ਮਾੜਾ ਸਮਝਿਆ ਜਾਂਦਾ ਸੀ, ਹਾਲਾਂਕਿ ਦੂਸਰੀਆਂ ਵਾਹੀਕਾਰ ਜਾਤਾਂ ਵੀ ਆਮ ਤੌਰ ‘ਤੇ ਪਸ਼ੂਚਾਰਕ ਸਨ ਤੇ ਆਪਣੇ ਪਸ਼ੂਆਂ ਦੇ ਵੱਗਾਂ ਨੂੰ ਚਾਰਨ ਲਈ ਦੂਰ-ਦੂਰ ਤਕ ਲੈ ਜਾਂਦੇ ਸਨ। ਐਨ ਇਸ ਸਮੇਂ ਦੇ ਗੁੱਜਰਾਂ ਵਾਂਗ। ਵਪਾਰ ਅਫ਼ਗਾਨਿਸਤਾਨ ਅਤੇ ਖਾੜੀ ਦੇ ਦੇਸ਼ਾਂ ਤਕ ਕਰਦੇ ਵੇਖੇ ਜਾਂਦੇ ਸਨ, ਸ਼ਾਇਦ ਇਸ ਤੋਂ ਵੀ ਅੱਗੇ। ਸਮੁੰਦਰੀ ਜਹਾਜ਼ ਰਾਹੀਂ ਵਪਾਰ ਕਰਨ ਬਾਰੇ ਸਾਨੂੰ ਇਕ ਸਿੱਖ ਮੱਖਣ ਸ਼ਾਹ ਲੁਬਾਣੇ ਦਾ ਪਤਾ ਲਗਦਾ ਹੈ; ਹੋਰ ਲੋਕ ਵੀ ਜ਼ਰੂਰ ਇਸ ਵਿਧੀ ਦੁਆਰਾ ਵਪਾਰ ਕਰਦੇ ਹੋਣਗੇ। ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ, ਮੱਖਣ ਸ਼ਾਹ ਜ਼ਿਲ੍ਹਾ ਜਿਹਲਮ ਦੇ ਪਿੰਡ ਟਾਂਡਾ ਦਾ ਵਸਨੀਕ ਲੁਬਾਣਾ ਸਿੱਖ ਵਪਾਰੀ ਸੀ। ਅਠਵੇਂ ਸਤਿਗੁਰੂ ਦੇ ਜੋਤੀ ਜੋਤ ਸਮਾਉਣ ਪਿਛੋਂ ਬਕਾਲੇ ਵਿਚ ਅਨੇਕ ਦੰਭੀ ਆਪਣੇ ਆਪ ਨੂੰ ਗੁਰੂ ਸਿੱਧ ਕਰਨ ਲਈ ਗੱਦੀਆਂ ਲਾ ਕੇ ਬੈਠੇ ਸਨ। ਇਸ ਨੇ ਵਾਸਤਵ ਗੁਰੂ ਦੇ ਗੁਣ ਵੇਖ ਕੇ ਚੇਤ ਸੰਮਤ 1722 ਵਿਚ ਸੰਗਤ ਨੂੰ ਦੱਸਿਆ ਕਿ ਸਤਿਗੁਰੂ ਤੇਗ਼ ਬਹਾਦਰ ਸ੍ਰੀ ਗੁਰੂ ਨਾਨਕ ਦੇਵ ਦੇ ਸਿੰਘਾਸਨ ਦੇ ਵਾਰਿਸ ਹਨ, ਜਿਨ੍ਹਾਂ ਨੂੰ ਗੁਰੂ ਹਰਿਕ੍ਰਿਸ਼ਨ ਜੀ ਨੇ ‘ਬਾਬਾ ਬਕਾਲਾ’ ਆਖਿਆ ਹੈ।”
ਭੈ-ਭਰਪੂਰ ਅਤੇ ਅਤਿ ਭਿਆਨਕ ਸਮੇਂ ਜਦ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ, ਤਾਂ ਉਨ੍ਹਾਂ ਦਾ ਸਰੀਰ ਸਾਂਭਣ ਵਾਲਾ ਕੋਈ ਨਹੀਂ ਸੀ, ਪਰ ਇਸ ਸਮੇਂ ਵੀ ਬਹਾਦਰ ਲੁਬਾਣਿਆ, ਲੱਖੀ ਰਾਏ ਅਤੇ ਨਗਾਹੀਆ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਗੁਰੂ ਸਾਹਿਬ ਦੇ ਧੜ ਨੂੰ ਲੁਕਾ ਕੇ ਲੈ ਗਏ ਤੇ ਆਪਣੇ ਘਰ, ਜਿੱਥੇ ਹੁਣ ਗੁਰਦੁਆਰਾ ਰਕਾਬ ਗੰਜ ਹੈ, ਸਰੀਰ ਨੂੰ ਜਮ੍ਹਾਂ ਕੀਤੇ ਰੂੰ ਦੇ ਢੇਰ ਵਿਚ ਰੱਖ ਕੇ ਅਗਨ ਭੇਂਟ ਕਰ ਦਿੱਤਾ ਤਾਂ ਜੋ ਕਿਸੇ ਨੂੰ ਗੁਰੂ ਸਾਹਿਬ ਦੇ ਸਸਕਾਰ ਦਾ ਭਰਮ ਪੈਦਾ ਨਾ ਹੋਵੇ । ਬੰਦੇ ਬਹਾਦਰ ਦੇ ਨਾਲ ਰਲ ਕੇ ਵੀ ਕਈ ਲੁਬਾਣੇ ਸਿੰਘ ਮੁਗ਼ਲ ਫ਼ੌਜਾਂ ਨਾਲ ਲੜੇ ਜਿਹਾ ਕਿ ਸਾਨੂੰ ਕੇਸਰ ਸਿੰਘ ਛਿੱਬਰ ਦਸਦਾ ਹੈ :
ਸੋ ਗਏ, ਜਿਨ ਜਾਇ ਧਾਮ ਕੀਤੀ ਏਹੁ ਸਲਾਹ !
ਭਾਈ। ਮਾਲ ਵੇਚੋ ਹਥਿਆਰ ਖਰੀਦੋ ਖਾਹਮਖਾਹ!
ਅਤੇ ਕਬੀਲੇ ਛੱਡੀਏ ਪਹਾੜੀ ਚਾੜ੍ਹਿ!
ਹਥਿਆਰ, ਘੋੜੇ ਖਰੀਦ ਕਰਿ ਹੋਇ ਆਵੋ ਸਵਾਰ (੧੧)
ਕਉਰ ਸਿੰਘ, ਬਾਜ ਸਿੰਘ, ਭਗਵੰਤ ਸਿੰਘ ਤੀਨੋਂ ਹੀ ਆਏ!
ਸੋ ਤੀਨੋ ਭਏ ਸਿਰਦਾਰ ਬੰਦੇ ਸਾਹਿਬ ਵਧਾਏ।
ਆਪ ਚੜ੍ਹਿਆ ਨਾਲਿ ਹੋਆ, ਮਾਰੇ ਦੁਇ ਤੀਨ ਤੁਰਕਾਂ ਦੇ ਗਾਉ।
ਪੜ ਗਈ ਧੁੰਮ ਪ੍ਰਗਟਿਆ ਗੁਰੂ ਬੰਦਾ ਸਾਹਿਬ ਨਾਉ।”
ਲੁਬਾਣਿਆਂ ਨੇ ਅਕਾਲੀ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਵਿਚ ਚੋਖਾ ਹਿੱਸਾ ਪਾਇਆ ਹੈ। ਗੁਰੂ ਕੇ ਬਾਗ਼, ਭਾਈ ਫੇਰੂ ਅਤੇ ਜੈਤੋ ਦੇ ਮੋਰਚਿਆਂ ਵਿਚ ਭਾਗ ਲਿਆ ਹੈ। ਬਾਵਾ ਹਰਨਾਮ ਸਿੰਘ (1915-1981) 3 ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ 1970 ਈ. ਦੇ ਸ ਪ੍ਰਕਾਸ਼ ਸਿੰਘ ਬਾਦਲ ਦੇ ਮੰਤਰੀ ਮੰਡਲ ਵਿਚ ਰਾਜ ਮੰਤਰੀ ਖੇਤੀ ਅਤੇ ਜੰਗਲਾਤ ਬਣਾਇਆ ਗਿਆ। ਸੰਤ ਪ੍ਰੇਮ ਸਿੰਘ ਜੀ ਮੁਰਾਲੇ (ਤਹਿਸੀਲ ਖਾਰੀਆਂ, ਜ਼ਿਲ੍ਹਾ ਗੁਜਰਾਤ) ਵਾਲੇ ਸਿੱਖ ਜਗਤ ਵਿਚ ਮਹਾਨ ਸੰਤ ਹੋਏ ਹਨ, ਜਿਨ੍ਹਾਂ ਦਾ ਡੇਰਾ ਹੁਣ ਬੇਗੋਵਾਲ (ਕਪੂਰਥਲਾ) ਵਿਖੇ ਹੈ। ਇਸ ਡੇਰੇ ਦਾ ਪ੍ਰਬੰਧ ਬੀਬੀ ਜਗੀਰ ਕੌਰ ਪਾਸ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਬਾਦਲ ਮੰਤਰੀ ਮੰਡਲ ਵਿਚ ਮੰਤਰੀ ਰਹਿ ਚੁੱਕੇ ਹਨ। ਬਲਬੀਰ ਸਿੰਘ ਮਿਆਣੀ ਵੀ ਐੱਮ.ਐੱਲ.ਏ. ਰਹੇ ਹਨ। ਡਾਕਟਰ ਰਤਨ ਸਿੰਘ ਅਜਨਾਲਾ ਅਕਾਲੀ ਐੱਮ.ਪੀ. ਹਨ ਅਤੇ ਉਨ੍ਹਾਂ ਦਾ ਪੁੱਤਰ ਐੱਮ.ਐੱਲ.ਏ. । ਸੰਤ ਪ੍ਰੇਮ ਸਿੰਘ ਵੀ ਛੇ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ 1937 ਵਿਚ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਸਨ। ਤਿੰਨ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਹਨ : ਸ: ਸ਼ੇਰ ਸਿੰਘ (1926), ਸ: ਗਹਿਣਾ ਸਿੰਘ (1933 ਅਤੇ 1939) ਅਤੇ ਸ: ਮੱਖਣ ਸਿੰਘ। ਇਕ ਹੋਰ ਮਹਾਨ ਸ਼ਖਸੀਅਤ ਅਤੇ ਵਿਦਵਾਨ ਸਵਰਗੀਯ ਗਿਆਨੀ ਚੇਤ ਸਿੰਘ (ਜਨਮ 1902) ਵੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਰਹਿ ਚੁੱਕੇ ਹਨ ਜਿਨ੍ਹਾਂ ਦਾ ਨਾਂ ਸਿੱਖ-ਜਗਤ ਵਿਚ ਬੜੇ ਮਾਣ ਨਾਲ ਲਿਆ ਜਾਂਦਾ ਹੈ । ਸੰਤ ਮਾਨ ਸਿੰਘ ਪਿਹੋਵਾ (ਹਰਿਆਣਾ, ਜ਼ਿਲ੍ਹਾ ਕੁਰੂਕਸ਼ੇਤਰ) ਵਾਲੇ ਜਿਨ੍ਹਾਂ ਵਿਦਿਅਕ ਅਦਾਰੇ ਵੀ ਸਥਾਪਤ ਕੀਤੇ ਹਨ ਅਤੇ ਸਰਦਾਰ ਸਰਦਾਰਾ ਸਿੰਘ ਸਾਬਕਾ ਚੀਫ਼ ਇੰਜੀਨੀਅਰ ਸਿੰਚਾਈ ਵਿਭਾਗ ਪੰਜਾਬ, ਲੁਬਾਣਾ ਜਾਤ ਨਾਲ ਸੰਬੰਧਤ ਹਨ।
ਵਰਤਮਾਨ ਸਮੇਂ ਲੁਬਾਣੇ ਵਕੀਲ, ਅਧਿਆਪਕ, ਅਫ਼ਸਰ ਅਤੇ ਜ਼ਮੀਨਾਂ ਦੇ ਮਾਲਕ ਹਨ। ਉਹ ਵੱਡੀ ਸੰਖਿਆ ਵਿਚ ਵਿਦੇਸ਼ਾਂ ਵਿਚ ਗਏ ਹਨ ਅਤੇ ਉਥੇ ਕਮਾਈ ਕਰਕੇ ਉਨ੍ਹਾਂ ਪੰਜਾਬ ਵਿਚ ਜ਼ਮੀਨਾਂ ਖਰੀਦ ਲਈਆਂ ਹਨ ਅਤੇ ਹੋਰ ਕਈ ਧੰਦਿਆਂ ਨੂੰ ਅਪਣਾ ਲਿਆ ਹੈ। ਇਨ੍ਹਾਂ ਦੀ ਸਮਾਜਕ ਪੱਧਰ ਕਿਸੇ ਵੀ ਪੰਜਾਬ ਦੀ ਵਾਹੀਕਾਰ ਜਾਤ ਬਰਾਦਰੀ ਦੇ ਬਰਾਬਰ ਹੈ। ਸਿੱਖੀ ਸਰੂਪ ਨੂੰ ਵੀ ਇਨ੍ਹਾਂ ਨੇ ਸਾਂਭਿਆ ਹੋਇਆ ਹੈ ਅਤੇ ਇਨ੍ਹਾਂ ਦੇ ਬੱਚੇ ਘੱਟ ਹੀ ਵਾਲ ਮੁਨਾਉਂਦੇ ਹਨ।
Credit – ਕਿਰਪਾਲ ਸਿੰਘ ਦਰਦੀ