ਇਸ ਭਾਈਚਾਰੇ ਦੇ ਲੋਕ ਆਪਣੇ ਆਪ ਨੂੰ ਰਾਜਪੂਤ ਮਹਿਤਾ ਕਹਿੰਦੇ ਹਨ ਅਤੇ ਮਹਿਤੋਂ ਰਾਜਪੂਤ ਕਰਕੇ ਜਾਣੇ ਜਾਂਦੇ ਹਨ। ਕਈ ਵਿਦਵਾਨ ਮਹਿਤੋਆਂ ਅਤੇ ਮਹਿਤਮਾ ਨੂੰ ਇਕ ਹੀ ਜਾਤ ਦੇ ਸਮਝਦੇ ਹਨ, ਪਰ ਇਹ ਮੰਨਿਆ ਗਿਆ ਹੈ ਕਿ ਦੋਵੇਂ ਅੱਡ-ਅੱਡ ਜਾਤਾਂ ਹਨ।
ਇਨ੍ਹਾਂ ਦੀ ਬਹੁਤੀ ਆਬਾਦੀ ਤਹਿਸੀਲ ਫਗਵਾੜਾ ਦੇ ਪੂਰਬ ਉੱਤਰ ਵਿਚ ਸਥਿਤ ਪਿੰਡਾਂ ਪਾਂਛਟਾ, ਨਰੂੜ, ਰੰਧੀਰਗੜ, ਜੱਲੋਵਾਲ ਆਦਿ ਪਿੰਡਾਂ, ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਕਈ ਪਿੰਡਾਂ, ਬਿੰਜੋ, ਭਾਮ ਆਦਿ ਅਤੇ ਜਲੰਧਰ ਜ਼ਿਲ੍ਹੇ ਦੇ ਪਿੰਡ ਡਰੌਲੀ ਅਤੇ ਉਸਦੇ ਆਸ-ਪਾਸ ਕਈ ਪਿੰਡਾਂ ਵਿਚ ਮਿਲਦੀ ਹੈ। ਕਪੂਰਥਲਾ ਜ਼ਿਲ੍ਹੇ ਦੇ ਮਹਿਤੋਂ ਕਹਿੰਦੇ ਹਨ ਕਿ ਉਹ ਜੈਪੁਰ ਦੇ ਰਾਜੇ ਜੈ ਸਿੰਘ ਸਵਾਈ ਦੇ ਪੁੱਤਰ ਜਗਨਾ ਦੇ ਉੱਤਰਾਧਿਕਾਰੀ ਹਨ, ਜਿਹੜਾ ਆਪਣੇ ਪਿਉ ਨਾਲ ਲੜ ਪਿਆ ਅਤੇ ਪੰਜਾਬ ਆ ਕੇ ਬੰਗਾ ਸ਼ਹਿਰ ਅਤੇ ਬਜੌਰਾ ਪਿੰਡ (ਹੁਸ਼ਿਆਰਪੁਰ) ਅਤੇ ਪਾਂਛਟਾ (ਕਪੂਰਥਲਾ) ਦੀ ਨੀਂਹ ਰੱਖੀ। ਇਹ ਵੀ ਰਵਾਇਤ ਹੈ ਕਿ ਰੱਤੀਜੀ ਅਤੇ ਮੱਤੀਜੀ ਦੋ ਭਰਾ ਅਯੁੱਧਿਆ ਤੋਂ ਜੰਮੂ ਆਏ ਜਿੱਥੇ ਬ੍ਰਾਹਮਣਾਂ ਨੇ ਉਨ੍ਹਾਂ ਦੀ ਸਹਾਇਤਾ ਨਾਲ ਮੁਸਲਮਾਨਾਂ ਨਾਲ ਜਲੰਧਰ ਨੇੜੇ ਲੜਾਈ ਕੀਤੀ । ਮੱਤੀਜੀ ਮਾਰਿਆ ਗਿਆ ਤੇ ਰੱਤੀਜੀ ਨੇ ਉਪਰੋਕਤ ਪਿੰਡ ਵਸਾਏ। ਇਸੇ ਤਰ੍ਹਾਂ ਇਹ ਵੀ ਕਿਹਾ ਜਾਂਦਾ ਹੈ ਕਿ ਕਿ ਮੀਆਂ ਮੋਟਾ ਨਾਂ ਦੇ ਵਿਅਕਤੀ ਨੇ ਨਰੂੜ ਪਿੰਡ ਵਸਾਇਆ। ਇਸ ਤਰ੍ਹਾਂ ਕਈ ਕਹਾਣੀਆਂ ਹਨ ਜਿਹੜੀਆਂ ਜਨ-ਸਾਧਾਰਨ ਲੋਕ ਘੜ ਲੈਂਦੇ ਹਨ, ਜਿਨ੍ਹਾਂ ਦਾ ਇਤਿਹਾਸਕ ਪ੍ਰਮਾਣ ਘੱਟ ਹੀ ਹੁੰਦਾ ਹੈ। ਪਰ ਇਹ ਨਿਰਸੰਦੇਹ ਕਿਹਾ ਜਾ ਸਕਦਾ ਹੈ ਕਿ ਮਹਿਤੋਂ ਭਾਈਚਾਰੇ ਦੇ ਲੋਕ ਰਾਜਪੂਤ ਮੂਲ ਦੇ ਹਨ ਕਿਉਂਕਿ ਉਨ੍ਹਾਂ ਦੇ ਕਈ ਗੋਤ ਰਾਜਪੂਤਾਂ ਨਾਲ ਮਿਲਦੇ ਹਨ।
ਮਹਿਤੋਂ ਲੋਕ ਜਨੇਊ ਨਹੀਂ ਪਾਉਂਦੇ ਸੀ। ਕਪੂਰਥਲੇ ਦੇ ਲੋਕ ਵਿਆਹ ਵੇਲੇ ਜਨੇਊ ਪਾ ਕੇ ਪਿਛੋਂ ਉਤਾਰ ਦਿੰਦੇ ਸਨ, ਪਰ ਸਿੱਖ ਧਰਮ ਦੇ ਅਨੁਯਾਈ ਹੋਣ ਉਪਰੰਤ ਇਹ ਰੀਤ ਮੁਕੰਮਲ ਤੌਰ ‘ਤੇ ਤਿਆਗ ਦਿੱਤੀ ਗਈ ਹੈ। ਪਹਿਲਾਂ ਹੁਸ਼ਿਆਰਪੁਰ ਦੇ ਮਹਿਤੋਂ ਵਿਧਵਾ ਵਿਆਹ ਕਰਦੇ ਸਨ ਭਾਵੇਂ ਪਤੀ ਦਾ ਵੱਡਾ ਜਾਂ ਛੋਟਾ ਭਰਾ ਹੋਵੇ ਜਦਕਿ ਕਪੂਰਥਲਾ ਜ਼ਿਲ੍ਹੇ ਵਿਚ ਇਹ ਰਿਵਾਜ ਸੀ ਕਿ ਵਿਧਵਾ ਆਪਣੇ ਜੇਠ ਨਾਲ ਵਿਆਹ ਨਹੀਂ ਕਰਵਾ ਸਕਦੀ ਸੀ।
ਚੌਹਾਨ ਅਤੇ ਤਨੀ ਗੋਤ ਦੇ ਪਰਿਵਾਰਾਂ ਦੀ ਸਤੀ ਉਨ੍ਹਾਂ ਦੇ ਪਿੰਡਾਂ ਵਿਚ ਹੈ ; ਜਸਵਾਲ, ਭੱਟੀ ਅਤੇ ਪੰਵਾਰਾਂ ਦੀ ਸਤੀ ਬੰਗਾ ਵਿਚ ਹੈ। ਮਨਹਾਸਾਂ ਦੀ ਕੋਈ ਸਤੀ ਨਹੀਂ ਪਰ ਉਹ ਆਪਣੇ ਇਕ ਪੁਰਖੇ ਮਤੀਆ ਦੀ ਪੂਜਾ ਕਰਦੇ ਹਨ। ਇਸੇ ਤਰ੍ਹਾਂ ਸਰੋਆ ਗੋਤ ਵਾਲੇ ਆਪਣੇ ਵਡੇਰੇ ਬਾਲਾ ਦੀ ਪੂਜਾ ਕਰਦੇ ਹਨ, ਸਤੀ ਦੀ ਨਹੀਂ। ਮਹਿਤੋਂ ਪਹਿਲਾਂ, ਅਸ਼ਟਮੀ ਜਾਂ ਮੱਸਿਆ ਵਾਲੇ ਦਿਨ ਦੁੱਧ ਨਹੀਂ ਰਿੜਕਦੇ ਸੀ ਬਲਕਿ ਕੱਚੇ ਦੁੱਧ ਦਾ ਦਹੀਂ ਵਰਤਦੇ ਸਨ। ਸੁਕਰਾਲ ਗੋਤ ਦੇ ਮਹਿਤੋਂ ਗੜ੍ਹਸ਼ੰਕਰ ਖੇਤਰ ਦੇ ਪਿੰਡਾਂ ਦਾ ਪਾਣੀ ਪਹਿਲਾਂ ਨਹੀਂ ਪੀਂਦੇ ਸਨ ਕਿਉਂਕਿ ਕਿਸੇ ਸਮੇਂ ਉਨ੍ਹਾਂ ਨੂੰ ਘੋੜੇਵਾਹ ਰਾਜਪੂਤਾਂ ਨੇ ਉਥੋਂ ਕੱਢ ਦਿੱਤਾ ਸੀ ਅਤੇ ਇਸੇ ਤਰ੍ਹਾਂ ਪੰਵਾਰ ਗੋਤ ਵਾਲੇ ਹਿਊਂ ਪਿੰਡ ਦਾ ਪਾਣੀ ਨਹੀਂ ਪੀਂਦੇ ਸੀ।
ਮਹਿਤੋਂ ਬੜੀ ਅੱਖੜ ਤਬੀਅਤ ਦੇ ਮਾਲਕ ਅਤੇ ਉੱਤਮ ਵਾਹੀਕਾਰ ਹਨ। ਉਨ੍ਹਾਂ ਪਾਸ ਜ਼ਮੀਨਾਂ ਘੱਟ ਸਨ ਅਤੇ ਕਈ ਵਾਰ ਮਸਾਂ ਹਲ ਦੇ ਚਾਰ ਸਿਆੜਾਂ ਜਿੰਨੇ ਚੌੜੇ ਖੇਤਾਂ ਦੇ ਮਾਲਕ ਸਨ । ਉਹ ਲੜਾਕੇ ਅਤੇ ਮੁਕੱਦਮੇਬਾਜ਼ ਸਨ ਅਤੇ ਹਦਵਾਣਿਆਂ Water Melons) ਦੀ ਖੇਤੀਬਾੜੀ ਕਰਦੇ ਰਹੇ ਹਨ। ਵਰਤਮਾਨ ਸਮੇਂ ਉਨ੍ਹਾਂ ਹੋਰ ਜ਼ਮੀਨਾਂ ਖਰੀਦ ਲਈਆਂ ਹਨ, ਵਿਦੇਸ਼ਾਂ ਵਿਚ ਵੀ ਬਹੁਤ ਗਏ ਹਨ ਜਿਸ ਕਰਕੇ ਇਹ ਬੜੇ ਖੁਸ਼ਹਾਲ ਹਨ ਅਤੇ ਉਨ੍ਹਾਂ ਦੇ ਪਿੰਡਾਂ ਤੋਂ ਉਨ੍ਹਾਂ ਵੱਲੋਂ ਕੀਤੀ ਉੱਨਤੀ ਦੀ ਝਲਕ ਮਿਲਦੀ ਹੈ। ਕਈ ਪੈਟਰੋਲ ਪੰਪਾਂ ਅਤੇ ਸ਼ੈਲਰਾਂ ਦੇ ਵੀ ਮਾਲਕ ਹਨ। ਵੱਡੇ-ਵੱਡੇ ਅਫ਼ਸਰ ਅਤੇ ਸੈਨਾ ਵਿਚ ਵੀ ਹਨ। ਸਰਦਾਰ ਸੁਰਜੀਤ ਸਿੰਘ ਮਿਨਹਾਸ ਪ੍ਰਸਿੱਧ ਅਕਾਲੀ ਨੇਤਾ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਜਿਹੜੇ ਈਮਾਨਦਾਰ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ ਅਤੇ ਡਾ. ਜੋਗਿੰਦਰ ਸਿੰਘ ਪੁਆਰ ਸਾਬਕਾ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸੇ ਬਰਾਦਰੀ ਨਾਲ ਸੰਬੰਧ ਰੱਖਦੇ ਹਨ।
ਮਹਿਤਾ ਗੋਤ
ਅਜੂਹਾ , ਅਕੂੰ, ਮਕਰਾਲ, ਸਰੋਏ : ਇਹ ਗੋਤ ਜੱਟਾਂ ਵਿਚ ਵੀ ਮਿਲਦਾ ਹੈ। ਇਨ੍ਹਾਂ ਦੀ ਸਤੀ ਗੜ੍ਹ ਸ਼ੰਕਰ ਵਿਚ ਹੈ। ਸਰਵਰੀ ¤ ਸੋਨਾ ਸੁਕਰਾਲ ਹੰਸ : ਇਹ ਗੋਤ ਜੱਟਾਂ ਤੇ ਦਲਿਤਾਂ ਵਿਚ ਵੀ ਮਿਲਦਾ ਹੈ। ਕਚੋਰੀ, ਕਰੁਧ, ਕਰਨਾਵਲ ਖਾਰਬੰਦਾ : ਇਹ ਗੋਤ ਅਰੋੜਿਆਂ ਵਿਚ ਵੀ ਮਿਲਦਾ ਹੈ। ਖੋਰੇ, ਖੁੱਤਨ, ਗਡੇਰਾ, ਘੇਡਾ, ਐਂਡ : ਇਨ੍ਹਾਂ ਦਾ ਪਿੰਡ ਮਾਹਲਪੁਰ ਲਾਗੇ ਠਾਕਰਵਾਲ ਹੈ। ਚੰਦਲਾ ਚੌਹਾਨ : ਇਹ ਗੋਤ ਰਾਜਪੂਤਾਂ, ਆਂ, ਸੁਨਿਆਰਿਆਂ, ਮਹਿਤਮਾਂ ਅਤੇ ਅਨੇਕ ਦਲਿਤ ਜਾਤਾਂ ਵਿਚ ਵੀ ਮਿਲਦਾ ਹੈ। ਜਸਵਾਲ : ਇਹ ਗੋਤ ਰਾਜਪੂਤਾਂ ਵੀ ਹੈ। ਬਹੁਤੇ ਪਿੰਡ ਭਾਮ ਵਿਚ ਰਹਿੰਦੇ ਹਨ। ਝੰਡੀ ਝਰਿਆਲ ਤੈਯਾਇਚ ਜਾਂ ਤਿਆਚ : ਇਸ ਗੋਤ ਦੇ ਲੋਕ ਪਿੰਡ ਤਹਿਸੀਲ ਗੜ੍ਹਸ਼ੰਕਰ ਵਿਚ ਕਿਸੇ ਵੇਲੇ ਮਿਲਦੇ ਸਨ, ਜਿਸ ਨੂੰ ਬਾਰ੍ਹਾ ਕਿਹਾ ਜਾਂਦਾ ਸੀ। ਤਨੀ, ਤੰਵਰ : ਇਹ ਗੋਤ ਰਾਜਪੂਤਾਂ, ਜੱਟਾਂ ਅਤੇ ਮਹਿਤਮਾਂ ਵਿਚ ਵੀ ਮਿਲਦਾ ਹੈ। ਥੰਦਲ, ਦਾਂਗੀ, ਦਿੰਗ, ਪੋਕ, ਪੰਵਾਰ : ਇਹ ਗੋਤ ਜੱਟਾਂ, ਰਾਜਪੂਤਾਂ ਤੇ ਦਲਿਤਾਂ ਵਿਚ ਵੀ ਮਿਲਦਾ ਹੈ। ਪਰਮਾਰ : ਇਹ ਗੋਤ ਰਾਜਪੂਤਾਂ ਵਿਚ ਵੀ ਮਿਲਦਾ ਹੈ। ਪੁਆਰ : ਇਹ ਗੋਤ ਰਾਜਪੂਤਾਂ ਦਾ ਵੀ ਹੈ। ਬਾਧੀ ਫੇਂਗੀ ਭੱਟੀ : ਇਹ ਗੋਤ ਰਾਜਪੂਤਾਂ, ਜੱਟਾਂ, ਤਰਖਾਣਾ ਅਤੇ ਅਨੇਕ ਦਲਿਤਾਂ ਵਿਚ ਮਿਲਦਾ ਹੈ। ਭਦਿਆਰ, ਮਹਿਦ, ਮੰਜ : ਇਹ ਗੋਤ ਰਾਜਪੂਤਾਂ ਵਿਚ ਵੀ ਮਿਲਦਾ ਹੈ। ਮਰਹਜ, ਮਰਹੱਟਾ : ਇਹ ਦੱਖਣੀ ਭਾਰਤ ਤੋਂ ਆਏ ਹਨ ਅਤੇ ਬਹੁਤੇ ਪਿੰਡ ਬਿੰਜੋ ਵਿਚ ਰਹਿੰਦੇ ਹਨ। ਔਰੰਗਜ਼ੇਬ ਵੇਲੇ ਇਹ ਪਿੰਡ ਇਨ੍ਹਾਂ ਨੇ ਜੱਟਾਂ ਤੋਂ ਖੋਹਿਆ ਸੀ। ਮਿਨਹਾਸ, ਰਾਠੌਰ : ਇਹ ਗੋਤ ਵੀ ਰਾਜਪੂਤਾਂ ਵਿਚ ਤੇ ਦਲਿਤਾਂ ਵਿਚ ਵੀ ਮਿਲਦਾ ਹੈ। ਲੂਨੀ : ਇਹ ਵੀ ਰਾਜਪੂਤਾਂ ਦਾ ਗੋਤ ਹੈ ਜੋ ਸ਼ਾਇਦ ਰਾਜਸਥਾਨ ਵਿਚੋਂ ਲੂਨੀ ਨਦੀ ਦੇ ਖੇਤਰ ਵਿਚੋਂ ਆਏ ਹਨ। ਵਰ, ਵਰਵਾਲ
ਵਿਲਾਸਰਾ : ਇਹ ਗੋਤ ਮਹਿਤਮਾਂ ਵਿਚ ਵੀ ਮਿਲਦਾ ਹੈ।
ਹੋਰ ਵੀ ਕਈ ਗੋਤ ਹਨ।
Credit – ਕਿਰਪਾਲ ਸਿੰਘ ਦਰਦੀ