ਪੰਜਾਬ ਵਿਚ ਨਾਈ ਜਿੱਥੇ ਹਜਾਮਤ ਕਰਨ ਦਾ ਕੰਮ ਕਰਦਾ ਹੈ, ਉਥੇ ਪੁਰਾਣੇ ਸਮਿਆਂ ਵਿਚ ਤੇ ਕਿਤੇ-ਕਿਤੇ ਹੁਣ ਵੀ ਵਿਆਹ-ਸ਼ਾਦੀਆਂ ਦੀਆਂ ਗੰਢਾਂ (ਆਮੰਤਰਣ ਪੱਤਰ) ਲਿਜਾਣ, ਪਿੰਡਾਂ ਵਿਚ ਵਿਆਹਾਂ ਸਮੇਂ ਮਹਿਮਾਨਾਂ ਦੀ ਸੇਵਾ ਕਰਨ, ਸੁਨੇਹੇ ਲਿਜਾਣ, ਵਧਾਈ ਪੱਤਰ ਲਿਜਾਣ, ਬ੍ਰਾਹਮਣ ਨਾਲ ਰਲ ਕੇ ਲੋਕਾਂ ਦੇ ਕੁੜੀਆਂ ਮੁੰਡਿਆਂ ਦੇ ਰਿਸ਼ਤੇ ਲੱਭਣ, ਵਿਆਹਾਂ ਦੀਆਂ ਮਿਲਣੀਆਂ ਸਮੇਂ ਲੈਣ ਦੇਣ ਕਰਨ ਵੇਲੇ ਪਾਸ ਰਹਿਣ, ਲੋਕਾਂ ਦੇ ਨਹੇਰਨੇ (Nail cutter) ਨਾਲ ਨਹੁੰ ਕੱਟਣ, ਕੰਨ ਸਾਫ ਕਰਨ, ਦਾੜ੍ਹੀਆਂ ਤੇ ਕੱਛਾਂ ਦੇ ਵਾਲ ਮੁੰਨਣ, ਪਿੰਡਾਂ ਵਿਚ ਜਰਾਹੀ ਦਾ ਕੰਮ (Surgery), ਫੋੜੇ ਫੈਂਸੀਆਂ ਦਾ ਇਲਾਜ ਕਰਨ, ਵਿਆਹ-ਸ਼ਾਦੀਆਂ ਵਿਚ ਹਲਵਾਈ ਦਾ ਕੰਮ ਕਰਨ ਅਤੇ ਹੋਰ ਛੋਟੇ ਮੋਟੇ ਕੰਮ ਕਰਦਾ ਹੈ। ਨਾਈ ਦੀ ਪਤਨੀ (ਨਾਇਣ) ਪਿੰਡਾਂ ਵਿਚ ਡੋਲੀ ਦੇ ਨਾਲ ਕੁੜੀ ਦੇ ਸਹੁਰੇ ਘਰ ਤਕ ਜਾਂਦੀ ਰਹੀ ਹੈ ਤੇ ਕਿਤੇ ਕਿਤੇ ਹੁਣ ਵੀ ਜਾਂਦੀ ਹੈ ਅਤੇ ਮੁਕਾਣਾਂ ਸਮੇਂ ਸਿਆਪਾ ਕਰਾਉਣ ਲਈ ਨਾਲ ਲਿਜਾਇਆ ਜਾਂਦਾ ਸੀ । ਇਨ੍ਹਾਂ ਸਾਰਿਆਂ ਕੰਮਾਂ ਲਈ ਨਾਈ ਨੂੰ ਢੁਕਵੇਂ ਉਪਹਾਰ ਦਿੱਤੇ ਜਾਂਦੇ ਸਨ।
ਇਸ ਵਰਣ ਪ੍ਰਧਾਨ ਦੇਸ਼ ਵਿਚ ਨਾਈ ਦਾ ਰੁਤਬਾ ਨੀਵਾਂ ਰਿਹਾ ਹੈ; ਧੋਬੀ ਦੇ ਬਰਾਬਰ ਅਤੇ ਰਵਿਦਾਸੀਆਂ ਤੋਂ ਉੱਪਰ ਅਤੇ ਕਿਸੇ ਹੱਦ ਤਕ ਲੋਹਾਰ ਤੋਂ ਨੀਵਾਂ ਸੀ। ਪਰ ਹੁਣ ਇਹ ਗੱਲ ਨਹੀਂ ਰਹੀ ਅਤੇ ਸਮਾਜਿਕ ਪੱਖੋਂ ਨਾਈ ਵਰਗ ਕਾਫੀ ਉੱਨਤ ਹੈ।
ਇਹ ਇਕ ਵਿਵਸਾਇਕ ਜਾਤ ਹੈ ਅਤੇ ਇਸਦਾ ਕੋਈ ਪੌਰਾਣਕ ਮੂਲ ਨਹੀਂ ਹੈ। ਮਹਾਂਭਾਰਤ (8/45/6-7) ਅਨੁਸਾਰ ਪੰਜਾਬ ਵਿਚ ‘ਇਕ ਵਿਅਕਤੀ ਬ੍ਰਾਹਮਣ ਹੋ ਕੇ ਕਸ਼ੱਤਰੀ ਹੋ ਜਾਂਦਾ ਹੈ। ਉਹ ਵਾਹੀਕ, ਕਸ਼ੱਤਰੀ ਤੋਂ ਵੈਸ਼ਯ ਅਤੇ ਵੈਸ਼ਯ ਤੋਂ ਸੂਦਰ ਹੋ ਜਾਂਦਾ ਹੈ ਅਤੇ ਫਿਰ ਨਾਈ ਹੋ ਜਾਂਦਾ ਹੈ। ਨਾਈ ਤੋਂ ਫਿਰ ਬ੍ਰਾਹਮਣ ਬਣ ਜਾਂਦਾ ਹੈ। ਇਸ ਤਰ੍ਹਾਂ ਬ੍ਰਾਹਮਣ ਹੋ ਕੇ ਦਾਸ ਬਣ ਜਾਂਦਾ ਹੈ। ਇਸ ਤੱਥ ਤੋਂ ਇਹ ਸਪੱਸ਼ਟ ਹੈ ਕਿ ਇਹ ਜਾਤ ਆਰੀਆਈ ਮੂਲ ਦੀ ਹੈ ਅਤੇ ਕੇਵਲ ਕਿੱਤਾ- ਮੁਖੀ ਹੋਣ ਕਰਕੇ ਨਾਈ ਅਖਵਾਉਂਦੀ ਹੈ।
1881 ਦੀ ਜਨਗਣਨਾ ਅਨੁਸਾਰ ਡੇਰਾ ਜਾਤ ਦੇ ਖੇਤਰ (ਹੁਣ ਪਾਕਿਸਤਾਨ ਵਿਚ) ਵਿਚ ਕਈ ਨਾਈਆਂ ਨੇ ਆਪਣੇ ਆਪ ਨੂੰ ਜੱਟ ਲਿਖਵਾਇਆ। ਉਹ ਹਿੰਦੂ ਹੈ, ਸਿੱਖ ਹੈ ਅਤੇ ਮੁਸਲਮਾਨ ਵੀ। ਮੁਸਲਮਾਨ ਨਾਈਆਂ ਨੂੰ ਉਸਤਾਦ ਅਤੇ ਹਜਾਮ ਕਿਹਾ ਜਾਂਦਾ ਹੈ। ਪੱਛਮੀ ਪੰਜਾਬ ਵਿਚ ਦੇਸ਼ ਦੀ ਵੰਡ ਤੋਂ ਪਹਿਲਾਂ ਇਸਨੂੰ ‘ਜਾਜਕ’ (ਸੰਸਕ੍ਰਿਤ ਸ਼ਬਦ ਯਾਚਕ – ਯਾਚਕਾ ਕਰਨ ਵਾਲਾ) ਕਿਹਾ ਜਾਂਦਾ ਸੀ । ਇਸ ਜਾਤ ਵਿਚ ਭਗਤ ਸੈਣ ਜੀ ਹੋਏ ਹਨ, ਜੋ ਰੀਵਾ ਦੇ ਰਹਿਣ ਵਾਲੇ ਅਤੇ ਉਥੋਂ ਦੇ ਰਾਜਾ ‘ਰਾਜਾਰਾਮ’ ਦੇ ਨਾਈ ਸਨ । ਭਗਤ ਰਾਮਾਨੰਦ ਤੋਂ ਸਿੱਖਿਆ ਪਾ ਕੇ ਆਪ ਉੱਚ ਸ਼੍ਰੇਣੀ ਦੇ ਭਗਤ ਹੋਏ। ਇਨ੍ਹਾਂ ਦਾ ਸ਼ਬਦ ਧਨਾਸਰੀ ਰਾਗ ਵਿਚ ‘ਸੈਣ ਭਣੇ ਭਜ ਪਰਮਾ ਨੰਦੇ’, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।
ਹਿਸਾਰ ਜ਼ਿਲ੍ਹੇ ਵਿਚ ਨਾਈ ਸੈਣ ਭਗਤ ਨੂੰ ਪੂਜਦੇ ਹਨ, ਜਿਨ੍ਹਾਂ ਦਾ ਮੰਦਰ ਭਵਾਨੀ ਵਿਚ ਹੈ। ਸੈਣ ਭਗਤ ਬੇਭੇਰੂ ਗੋਤ ਦਾ ਸੀ। ਆਪ ਇਕ ਦਿਨ ਫ਼ਕੀਰਾਂ ਨੂੰ ਲੰਗਰ ਛਕਾਉਣ ਵਿਚ ਰੁੱਝੇ ਹੋਏ ਸਨ ਤੇ ਰਾਜੇ ਦੀ ਸੇਵਾ ਵਿਚ ਹਾਜ਼ਰ ਨਾ ਹੋ ਸਕੇ। ਕਿਹਾ ਜਾਂਦਾ ਹੈ ਕਿ ਭਗਵਾਨ ਨੇ ਉਸਦਾ ਰੂਪ ਧਾਰ ਕੇ ਰਾਜੇ ਦੀ ਸੇਵਾ ਕੀਤੀ, ਜਿਸਦਾ ਕੋਹੜ ਠੀਕ ਹੋ ਗਿਆ। ਇਸ ਤੋਂ ਪਿਛੋਂ ਭਗਤ ਸੈਣ ਨੂੰ ਆਤਮ-ਗਿਆਨ ਹੋ ਗਿਆ ਤੇ ਉਨ੍ਹਾਂ ਨੇ ਭਗਤੀ ਭਾਵ ਵਿਚ ਆਪਣਾ ਵੇਸ ਬਦਲ ਕੇ ਫ਼ਕੀਰੀ ਰੂਪ ਧਾਰਨ ਕੀਤਾ।
ਸੈਣ ਭਗਤ ਦਾ ਇਕ ਹੋਰ ਮੰਦਰ ਲਾਹੌਰ ਵਿਚ ਹੈ ਜਿੱਥੇ ਇਨ੍ਹਾਂ ਦੀ ਸਮਾਧ ਵੀ ਦੱਸੀ ਜਾਂਦੀ ਹੈ । ਜੇਠ ਦੇ ਮਹੀਨੇ ਦੇਸ਼ ਦੀ ਵੰਡ ਤੋਂ ਪਹਿਲਾਂ ਇਥੇ ਮੇਲਾ ਲਗਦਾ ਸੀ । ਸੈਣ ਭਗਤ ਦਾ ਇਕ ਡੇਰਾ ਨੂਰਮਹਿਲ ਨੇੜੇ ਪ੍ਰਤਾਬਪੁਰਾ ਵਿਚ ਵੀ ਹੈ, ਜਿੱਥੇ ਭਗਤ ਜੀ ਦੀ ਇਕ ਮੂਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਾਪਤ ਹੈ। ਦੀਵਾਲੀ ਵਾਲੇ ਦਿਨ ਵੱਡਾ ਮੇਲਾ ਲਗਦਾ ਹੈ। 1881 ਦੀ ਮਰਦਮ ਸ਼ੁਮਾਰੀ ਅਨੁਸਾਰ ਪੰਜਾਬ ਵਿਚ ਇਸ ਜਾਤ ਦੀ ਜਨਸੰਖਿਆ 342123 ਸੀ, ਜਿਸ ਵਿਚ ਹਿੰਦੂ 41 ਪ੍ਰਤੀਸ਼ਤ, ਸਿੱਖ 6% ਅਤੇ ਮੁਸਲਮਾਨ 53% ਸ਼ਾਮਿਲ ਸਨ। ਕੇਵਲ ਪਟਿਆਲਾ ਰਿਆਸਤ ਵਿਚ ਉਨ੍ਹਾਂ ਦੀ ਸੰਖਿਆ 25021 ਸੀ।
ਮਲੇਰਕੋਟਲੇ ਦੇ ਮੁਸਲਮਾਨ ਨਾਈ ਕਈ ਸੰਤਾਂ (ਹਜ਼ਰਤ ਸਾਹਿਬਾਨ) ਜਿਵੇਂ ਕਿ ਹਜ਼ਰਤ ਬੰਦਗੀ ਸਰਹਿੰਦ ਵਾਲੇ, ਸ਼ਰਫ਼ ਆਲਮ ਮਾਲੇਰਕੋਟਲਾ, ਭਿਖੇ ਸ਼ਾਹ ਜਗਰਾਉਂ ਵਾਲੇ, ਗੁਲਾਮ ਰਸੂਲ ਪਿੰਡ ਬੈਨਾ (ਲੁਧਿਆਣਾ) ਨੂੰ ਮੰਨਦੇ ਹਨ। ਮੁਸਲਮਾਨ ਨਾਈਆਂ ਨੂੰ ਹਜਾਮ ਕਹਿੰਦੇ ਹਨ (ਇਸਦਾ ਅਰਥ ਕੁਰਬਾਨੀ ਕਰਨ ਵਾਲਾ ਹੈ) ਅਤੇ ਇਸ ਤੋਂ ਹੀ ਹਜਾਮਤ ਸ਼ਬਦ ਨਿਕਲਿਆ ਹੈ।
ਕਈ ਨਾਈ ਬਹੁਤ ਹੀ ਹੁਨਰਮੰਦ ਰਸੋਈਏ ਹੁੰਦੇ ਹਨ ਅਤੇ ਅਮੀਰ ਘਰਾਣਿਆਂ ‘ਚ ਕੰਮ ਕਰਦੇ ਰਹੇ ਹਨ ਅਤੇ ਬੜੇ ਅਮੀਰ ਸਨ। ਪਾਕਿਸਤਾਨ ਦੇ ਕੋਹਾਟ ਖੇਤਰ ਵਿਚ ਇਨ੍ਹਾਂ ਨੂੰ ਡਮ ਕਹਿੰਦੇ ਹਨ ਅਤੇ ਪਠਾਣਾਂ ਨਾਲ ਆਪਸੀ ਰਿਸ਼ਤੇ ਨਾਤੇ ਕਰ ਲੈਂਦੇ ਹਨ।
ਇਸ ਜਾਤ ਦੇ ਲੋਕ ਰਵਿਦਾਸੀਆਂ ਤੇ ਬਾਲਮੀਕੀਆਂ ਦਾ ਕੰਮ ਨਹੀਂ ਕਰਦੇ ਸੀ, ਪਰ ਹੁਣ ਸਮੇਂ ਵਿਚ ਤਬਦੀਲੀ ਆਉਣ ‘ਤੇ ਸਭ ਕੁਝ ਬਦਲ ਗਿਆ ਹੈ। ਹੁਣ ਕਈ ਬਾਲਮੀਕੀ ਵੀ ਨਾਈ ਦਾ ਧੰਦਾ ਕਰਨ ਲੱਗ ਪਏ ਹਨ ਅਤੇ ਇਸ ਕੰਮ ਵਿਚ ਬੜੇ ਕੁਸ਼ਲ ਹਨ। ਫੈਸ਼ਨ ਦੇ ਇਸ ਯੁੱਗ ਵਿਚ ਨਾਈਆਂ ਦਾ ਧੰਦਾ ਬਹੁਤ ਮਹੱਤਵਪੂਰਨ ਤੇ ਲਾਭਦਾਇਕ ਵੀ ਹੈ। ਅਗਾਂਹ- ਵਧੂ ਨਾਈਆਂ ਨੇ ਬੜੇ ਪ੍ਰਸਿੱਧ ਹੇਅਰ ਕਟਿੰਗ ਸਲੋਨ ਅਤੇ ਬਿਊਟੀ ਪਾਰਲਰ ਦੇ ਨਾਵਾਂ ਅਧੀਨ ਦੁਕਾਨਾਂ ਖੋਲ੍ਹ ਕੇ ਧੰਦੇ ਨੂੰ ਉੱਨਤ ਕਰ ਲਿਆ ਹੈ।
ਨਾਭੇ ਵਿਚ ਘਗਰੇਲ ਗੋਤ ਦੇ ਨਾਈਆਂ ਦੀਆਂ ਇਸਤ੍ਰੀਆਂ ਘਗਰਾ ਪਹਿਨਦੀਆਂ ਸਨ, ਜਿਸ ਕਰਕੇ ਇਨ੍ਹਾਂ ਨੂੰ ਘਗਰੇਲ ਕਿਹਾ ਗਿਆ, ਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਬਠਿੰਡਾ ਤੋਂ ਆਏ ਸਨ । ਸਿੱਖ ਨਾਈ ਭਾਵੇਂ ਪਿੰਡਾਂ ਵਿਚ ਨਾਈ ਦਾ ਕਿੱਤਾ ਕਰਦੇ ਹਨ, ਪਰ ਉਹ ਸਿੱਖ ਰਹੁ-ਰੀਤਾਂ ਦੇ ਧਾਰਨੀ ਹਨ; ਉਨ੍ਹਾਂ ਨੂੰ ਰਾਜਾ ਕਿਹਾ ਜਾਂਦਾ ਹੈ। ਸ਼ਹਿਰਾਂ ਵਿਚ ਉਹ ਹੁਣ ਹੋਰ ਕੰਮਾਂ ਵਿਚ ਰੁਚਿਤ ਹਨ ਅਤੇ ਬੜੀ ਉੱਨਤੀ ਕੀਤੀ ਹੈ। ਕਈ ਅਫ਼ਸਰ, ਅਧਿਆਪਕ, ਸੈਨਿਕ ਅਤੇ ਸਨਅਤਕਾਰ ਵੀ ਹਨ।
ਹਿੰਦੂ ਨਾਈਆਂ ਦੇ ਪਾਕਿਸਤਾਨ ਵਿਚ ਸ਼ਾਹਪੁਰ ਜ਼ਿਲ੍ਹੇ ਵਿਚ ਤਿੰਨ ਸ਼ਾਖਾਵਾਂ ਵਿਚ ਗੋਤ ਵੰਡੇ ਹੋਏ ਸਨ 1. ਮਨਚੰਦਾ 2. ਬ੍ਰਹਮੀ (ਵਸ਼ਿਸ਼ਟ ਗੋਤਰ) 3. ਢਾਇਨ (ਭਾਰਦਵਾਜ ਗੋਤਰ), ਜਿਹੜੇ ਆਪਸ ਵਿਚ ਵਿਆਹ-ਸ਼ਾਦੀਆਂ ਕਰ ਲੈਂਦੇ ਸਨ। ਇਸ ਤੋਂ ਪਤਾ ਲਗਦਾ ਹੈ ਕਿ ਇਹ ਬ੍ਰਾਹਮਣ ਮੂਲ ਦੇ ਹਨ।
ਹਰਿਆਣੇ ਵਿਚ ਨਾਈ ਦੋ ਖਾਪਾਂ ਵਿਚ ਵੰਡੇ ਹੋਏ ਹਨ ਜਿਨ੍ਹਾਂ ਨੂੰ 1. ਬੰਭੇਰੂ 2. ਗੋਲਾ ਕਹਿੰਦੇ ਹਨ। ਇਥੇ ਨਾਈ ਸੰਸਥਾਵਾਂ ਬ੍ਰਾਹਮਣਾਂ ਦਾ ਪ੍ਰਤਿਬਿੰਬਤ ਕਰਦੀਆਂ ਹਨ ਜਦਕਿ ਹੋਰਨੀਂ ਥਾਈਂ ਇਹ ਕਸ਼ੱਤਰੀਆਂ ਵਾਂਗ ਹਨ। ਭੰਬੇਰੂ ਖਾਪ ਤੇ ਗੋਲਾ ਦੋ ਖਾਪਾਂ ਹਨ ਜਦਕਿ ਬਾਰੀ ਅੱਧੀ ਖਾਪ ਹੈ; ਇਸ ਤਰ੍ਹਾਂ ਇਥੇ ਢਾਈ ਖਾਪਾਂ ਹਨ। ਇਕ ਕਹਾਵਤ ਅਨੁਸਾਰ ਜਦੋਂ ਸ੍ਰੀ ਰਾਮ ਚੰਦਰ ਜੀ ਨੇ ਸੀਤਾ ਨਾਲ ਵਿਆਹ ਕਰਵਾਇਆ ਤਾਂ ਸਹੁਰੇ ਘਰ ਵਾਲਿਆਂ ਨੇ ਉਨ੍ਹਾਂ ਨੂੰ ਇਕ ਪਿਆਲਾ ਜਿਸ ਵਿਚ ਦੁੱਧ ਅਤੇ ਸ਼ਹਿਦ ਭਰਿਆ ਹੋਇਆ ਸੀ ਦਿੱਤਾ। ਇਸ ਰਸਮ ਨੂੰ ਮਧੂ-ਪੁਰਖ ਜਾਂ ਮਧੂਬਰਗ ਕਿਹਾ ਜਾਂਦਾ ਸੀ। ਇਸ ਮਧੂਬਰਗ ਨੂੰ ਲਿਜਾਣ ਲਈ ਇਕ ਨਾਈ ਦੀ ਲੋੜ ਪਈ। ਸ੍ਰੀ ਰਾਮ ਚੰਦਰ ਨੇ ਆਪਣੇ ਸਰੀਰ ਨਾਲ ਜਿਹੜਾ ਵਟਣਾ ਮਲਿਆ ਹੋਇਆ ਸੀ ਉਸ ਵਿਚੋਂ ਇਕ ਨਾਈ ਨੂੰ ਪੈਦਾ ਕੀਤਾ ਜਿਸਨੂੰ ਗੋਲਾ ਕਿਹਾ ਗਿਆ।
ਭੰਬੇਰੂ ਖਾਪ ਦੀ ਹੋਰ ਵੰਡ ਇਸ ਤਰ੍ਹਾਂ ਹੈ :
ਢਾਈ (21/2) ਛਾਈ (6) ਬਾਰੀ (12) ਬੁੰਜਾਹੀ (52) : ਇਹ ਸਾਰੇ 72 ਗੋਤ ਬਣਦੇ ਹਨ।
ਲਾਹੌਰੀ ਨਾਈਆਂ ਵਿਚ ਹੇਠ ਲਿਖੇ ਅਨੁਸਾਰ ਗੋਤ ਸਨ :
ਢਾਈ ਗੋਤ : ਕਪੂਰ ਗੋਤ, ਇਸ ਗੋਤ ਵਾਲੇ ਆਪਣਾ ਸੰਬੰਧ ਖੱਤਰੀਆਂ ਵਿਚੋਂ ਦੱਸਦੇ ਹਨ। ਜਦ ਕਸ਼ੱਤਰੀ ਪਦ ਦੀ ਆਵੱਸ਼ਕਤਾ ਨ ਰਹੀ ਤਾਂ ਉਹ ਜੀਵਨ ਨਿਰਬਾਹ ਕਰਨ ਲਈ ਨਾਈਆਂ ਦਾ ਧੰਦਾ ਕਰਨ ਲੱਗ ਪਏ। 0 ਜਸਢੋਲ
ਨਰਮਾਨ : ਇਸ ਗੋਤ ਦੇ ਨਾਈ ਦਿਉਤ ਮੂਲ ਦੇ ਰਾਜਪੂਤਾਂ ਤੋਂ ਹਨ।
ਛਾਈ ਗੋਤ
ਜੱਸੇ
ਮੱਝੂ : ਇਹ ਮਛੜੇ ਦਾ ਵਿਗੜਿਆ ਰੂਪ ਹੈ, ਅਤੇ ਇਹ ਆਪਣਾ ਮੂਲ ਸੰਧੂ ਜੱਟਾਂ ਤੋਂ ਦਸਦੇ ਹਨ।
ਕੰਕਰੀਆ : ਇਹ ਕੱਕੜ ਦਾ ਵਿਗੜਿਆ ਰੂਪ ਹੈ ਤੇ ਭੱਟੀਆਂ ਦੀ ਸ਼ਾਖ ਹਨ।
ਚੰਡਾਲ : ਇਹ ਭੱਟੀ ਰਾਜਪੂਤਾਂ ‘ਚੋਂ ਹਨ ਤੇ ਛੀਨੇ ਜੱਟਾਂ ਤੋਂ ਉਪਜੇ ਹਨ।
ਲੱਖੀ : ਇਨ੍ਹਾਂ ਦਾ ਸੰਬੰਧ ਭੱਟੀ ਰਾਜਪੂਤਾਂ ਨਾਲ ਹੈ।
ਪਿੱਸੀ : ਇਹ ਵੀ ਭੱਟੀ ਰਾਜਪੂਤ ਮੂਲ ਦੇ ਹਨ।
ਬਾਰੀ
ਸਰੋਤਾ
ਸਿੱਧੂ : 1. ਇਹ ਗੋਰਾਇਆ ਜੱਟਾਂ ‘ਚੋਂ ਨਿਕਲੇ ਹਨ ਜਦਕਿ ਗੋਰਾਇਆ ਸਿੱਧੂ ਜੱਟਾਂ ਵਿਚੋਂ ਨਿਕਲੇ ਹਨ। 2. ਇਕ
ਰਾਜਪੂਤ, ਜੱਟ ਤੇ ਰਾਮਗੜ੍ਹੀਆ ਗੋਤ ਵੀ ਸਿੱਧੂ ਨਾਂ ਦਾ ਮਿਲਦਾ ਹੈ। 1 ਰਿਹਾਨ : ਇਹ ਨਾ ਮੁਸਲਮਾਨ ਹਨ ਨਾ ਹਿੰਦੂ ਤੇ ਪੰਜਾਬ ਵਿਚ ਨਹੀਂ ਮਿਲਦੇ । 2. ਰਾਮਗੜ੍ਹੀਆ ਦਾ ਗੋਤ ਵੀ
ਰਿਹਾਨ ਹੈ।
ਭੂਟਾ : ਭੁਟਾ ਗੋਤ ਜੱਟਾਂ ਤੇ ਰਾਜਪੂਤਾਂ ਦਾ ਵੀ ਹੈ।
ਲਖਣਪਾਲ, ਸਲੋਪਾਲ, ਸੰਧਰਾ : ਇਹ ਤਿੰਨੇ ਗੋਤ ਭੱਟੀ ਮੂਲ ਦੇ ਹਨ। ਲੱਖਣਪਾਲ ਬ੍ਰਾਹਮਣ ਵੀ ਹਨ ਅਤੇ ਅਰੋੜੇ ਵੀ।
ਬਿਸ, ਗੋਇਆਲ, ਪਗਰਹਟ, ਕਾਲੇ
ਚਾਵਲੀ ਜਾਂ ਚਾਵਲਾ : ਇਹ ਚਾਵਲ ਨਾਂ ਦੇ ਪੁਰਖੇ ਦੇ ਉੱਤਰਾਧਿਕਾਰੀ ਹਨ ਅਤੇ ਆਪਣੇ ਆਪ ਨੂੰ ਚਾਵਲਾ ਅਖਵਾਉਂਦੇ ਹਨ।
ਹੋਰ ਗੋਤ ਇਸ ਪ੍ਰਕਾਰ ਹਨ :
ਠੂਠੀ ਚਪਣੀ, ਮੇਂਧੇ, ਗਾਂਧੀ : ਇਹ ਢਾਈ ਗੋਤਾਂ ਦੇ ਉਪ-ਗੋਤ ਹਨ। ਗਾਂਧੀ ਗੋਤ ਖਤਰੀਆਂ ਅਰੋੜਿਆਂ, ਕੰਬੋਜਾਂ ਅਤੇ ਜੱਟਾਂ ਦਾ ਵੀ ਹੈ।
ਸਾਲਫ, ਜੋਇਆ, ਕੱਲੇ, ਡਾਇਨ, ਪੰਨੀ : ਇਹ ਛਾਈ ਗੋਤਾਂ ਦੇ ਉਪ-ਗੋਤ ਹਨ। ਕੱਲੇ ਜੱਟਾਂ ਤੇ ਰਾਮਗੜ੍ਹੀਆਂ ਦਾ ਵੀ ਗੋਤ ਹੈ।
ਮਹਾਦਰ, ਲੋਰ
ਸੇਖੋਂ : ਇਹ ਜੱਟਾਂ ਦਾ ਗੋਤ ਵੀ ਹੈ।
ਸਿਲਚ, ਗੋਹਲਾਂ
ਸਨਪੋਨੇ, ਖੌਲੀ, ਕਨਕਵਾਲ
ਨਾਗੀ, ਅਮਿਆਰੇ, ਕੁਕੜ : ਇਹ ਗੋਤ ਕੰਬੋਜਾਂ, ਅਰੋੜਿਆਂ ਅਤੇ ਹੋਰ ਜਾਤਾਂ ਵਿਚ ਵੀ ਮਿਲਦਾ ਹੈ।
ਚੰਦੇਲ, ਭੰਗੂ : ਇਹ ਗੋਤ ਜੱਟਾਂ ਵਿਚ ਵੀ ਮਿਲਦਾ ਹੈ।
ਬੁਦੀਨ, ਗੌੜ : ਇਹ ਗੋਤ ਬ੍ਰਾਹਮਣਾਂ ਦਾ ਵੀ ਹੈ।
ਗੁਜਾਰੂ, ਕੰਨੀਆਂ, ਕੇਕਰੀ, ਖਟੋਲਰ, ਖੋਲਤੀ, ਮਧਵਾਨ : ਇਹ ਛੇ ਗੋਤ ਗੁਰਦਾਸਪੁਰ ਵਿਚ ਮਿਲਦੇ ਹਨ ਅਤੇ ਆਪਣੇ ਆਪ ਨੂੰ ਡੋਗਰੇ ਕਹਿੰਦੇ ਹਨ।
0 ਮੁਤਲਾਉਨੀ : ਇਹ ਗੋਤ ਵੀ ਗੁਰਦਾਸਪੁਰ ਤੇ ਕਾਂਗੜੇ ਵਿਚ ਮਿਲਦਾ ਹੈ। ਇਕ ਮਥਰਾ ਨਾਂ ਦੇ ਪ੍ਰਸਿੱਧ ਰਾਜਪੂਤ ਨੇ ਕਿਸੇ ਹੋਰ ਜਾਤ ਦੀ ਇਸਤ੍ਰੀ ਨਾਲ ਵਿਆਹ ਕਰਵਾ ਲਿਆ, ਜਿਸ ਕਾਰਨ ਉਹ ਨਾਈ ਬਣ ਗਿਆ। ਇਸ ਵਿਅਕਤੀ ਦੇ ਨਾਂ ‘ਤੇ ਇਹ ਗੋਤ ਚੱਲਿਆ। ਨਿਹਨ ਸਰਧੂਲ ਸਰਵਾਨੀ ਅਤੇ ਸੋਂਭਰਾ : ਇਹ ਚਾਰ ਗੋਤ ਕਾਂਗੜਾ ਅਤੇ ਗੁਰਦਾਸਪੁਰ ਵਿਚ ਮਿਲਦੇ ਹਨ। ਸੇਂਭਰਾ ਇਕ ਰਾਜਪੂਤ ਗੋਤ ਹੈ ਅਤੇ ਇਸਦੇ ਇਕ ਵਿਅਕਤੀ ਨੇ ਹੋਰ ਜਾਤ ਦੀ ਇਸਤ੍ਰੀ ਨਾਲ ਵਿਆਹ ਕਰਵਾ ਲਿਆ ਤੇ ਨਾਈ ਬਣ ਗਿਆ ਅਤੇ ਇਸ ਗੋਤ ਦੀ ਨੀਂਹ ਰੱਖੀ।
ਭਲਮ, ਚੌਹਾਨ, ਖਰਲ : ਇਹ ਤਿੰਨ ਮੁਸਲਮਾਨ ਨਾਈਆਂ ਦੇ ਗੋਤ ਹਨ।
ਭੱਟੀ : ਇਹ ਗੋਤ ਰਾਜਪੂਤਾਂ, ਜੱਟਾਂ, ਰਾਮਗੜੀਆਂ ਮਜ੍ਹਬੀਆਂ ਤੇ ਹੋਰ ਜਾਤਾਂ ਵਿਚ ਵੀ ਮਿਲਦਾ ਹੈ।
ਨਿਰਬਾਂਸ, ਤਨੂਰ, ਗੋਰੀਆ : ਇਹ ਤਿੰਨ ਗੋਤ ਮੁਸਲਮਾਨ ਨਾਈਆਂ ਦੇ ਹਨ। ਇਨਾਂ ਵਿਚੋਂ ਬਹੁਤੇ ਰਾਜਪੂਤ ਮੂਲ ਦੇ ਹਨ।
ਹੁਸੈਨੀ : ਨਾਈਆਂ ਦਾ ਗੋਤ ਜੋ ਮੋਹਿਆਲ ਬ੍ਰਾਹਮਣ ਮੂਲ ਦਾ ਹੈ।
ਤੁਰਕਮਾਨ : ਮੁਸਲਮਾਨ ਨਾਈਆਂ ਦਾ ਗੋਤ ਹੈ।
ਅੜਕਲਾ : ਇਹ ਸਰਸਵਤ ਬ੍ਰਾਹਮਣ ਮੂਲ ਦੇ ਮੁਸਲਮਾਨ ਨਾਈ ਹਨ।
ਘਗਰੇਲ : ਇਹ ਮੁਸਲਮਾਨ ਨਾਈਆਂ ਦਾ ਗੋਤ ਹੈ ਅਤੇ ਸੰਬੰਧ ਕਾਹਲੋਂ ਜੱਟਾਂ ਨਾਲ ਜੋੜਦੇ ਹਨ।
ਕੱਲੇ : 1. ਇਹ ਮੋਹਿਆਲ ਬ੍ਰਾਹਮਣਾਂ ਤੋਂ ਬਣੇ ਮੁਸਲਮਾਨ ਨਾਈਆਂ ਦਾ ਗੋਤ ਹੈ। 2. ਇਹ ਜੱਟ ਤੇ ਰਾਮਗੜੀਆ ਗੋਤ ਵੀ ਹੈ।
ਖੋਖਰ , ਪਿਸਤੇ, ਰੋੜਾ, ਚਿਤ, ਨਾਤੀ, ਪੈਇਲੀ, ਹੀਰਾ : ਇਹ ਸੱਤ ਗੋਤ ਮੁਸਲਮਾਨ ਨਾਈਆਂ ਦੇ ਹਨ। ਹੀਰਾ ਗੋਤ ਜੱਟਾਂ ਅਤੇ ਰਵਿਦਾਸੀਆਂ ਦਾ ਵੀ ਹੈ। ਖੋਖਰ ਗੋਤ ਜੱਟਾਂ, ਰਾਜਪੂਤਾਂ, ਕੰਬੋਜਾਂ ਅਤੇ ਕਈ ਹੋਰ ਜਾਤਾਂ ਵਿਚ ਵੀ ਮਿਲਦਾ ਹੈ।
ਮਨੀਥੇ : ਇਹ ਰਾਜਪੂਤ ਮੂਲ ਦਾ ਗੋਤ ਹੈ।
ਬਸੀ : 1881 ਦੀ ਜਨਗਣਨਾ ਅਨੁਸਾਰ ਇਸ ਗੋਤ ਦੀ ਸੰਖਿਆ 1605 ਸੀ।
ਬਾਹਗੂ : ਜਨ ਸੰਖਿਆ 2555 मी। (1881 ਈ .)
ਭੰਬੇਰੂ : 1881 ਦੀ ਜਨਗਣਨਾ ਅਨੁਸਾਰ ਇਸ ਗੋਤ ਦੀ ਉਸ ਵੇਲੇ ਦੇ ਪੰਜਾਬ ਵਿਚ ਸੰਖਿਆ 14816 ਸੀ। ਇਹ ਰਾਮਗੜ੍ਹੀਆਂ ਦਾ ਵੀ ਗੋਤ ਹੈ। ਭੰਬੇਰੂ ਇਕ ਰਿਸ਼ੀ ਹੋਇਆ ਹੈ।
ਗੋਲਾ : 1881 ਦੀ ਜਨਗਣਨਾ ਅਨੁਸਾਰ ਇਨ੍ਹਾਂ ਦੀ ਆਬਾਦੀ 10981 ਸੀ।
ਖਰਲ : ਇਹ ਇਕ ਵੱਖਰੀ ਜਾਤ ਵੀ ਹੈ।
ਖਲਰ, ਬਾਵਲਨਾ, ਡਬਲਾ, ਗੋਂਦੀਆ, ਇੰਦੌਰੀਆ, ਖਰੀਰੀ, ਖਰਕਤੇ, ਕਕਰਨੀ, ਮਹੂਰ, ਨਦਨੀਆਂ, ਫਰਬੰਦ ਆਦਿ
ਪੰਨੀ, ਭੰਬੀ : ਇਹ ਭੰਬੇਰੂ ਗੋਤ ਦੇ ਉਪ-ਗੋਤ ਹਨ।
ਗੋਰਾਇਆ ਬਾਰਾ : ਭੱਟੀ ਮੂਲ ਦੇ ਨਾਈ ਹਨ। ਗੋਰਾਇਆ ਜੱਟ ਗੋਤ ਵੀ ਹੈ।
ਨਾਗੀ : ਰਾਮਗੜ੍ਹੀਆਂ ਦਾ ਵੀ ਗੋਤ ਹੈ। ਗੋਇਲ : ਇਹ ਬਾਣੀਆਂ ਦਾ ਵੀ ਗੋਤ ਹੈ।
ਚੰਡੇਲ : ਇਹ ਰਾਜਪੂਤੀ ਮੂਲ ਦੇ ਨਾਈ ਹਨ।
ਭੁੱਲਰ : ਇਹ ਇਕ ਜੱਟ ਗੋਤ ਵੀ ਹੈ ਤੇ ਰਾਮਗੜ੍ਹੀਆ ਵੀ।
ਸੇਖੋਂ : ਇਹ ਵੀ ਇਕ ਜੱਟ ਗੋਤ ਹੈ।
ਸਿਲੈਚ, ਗੋਹਲਨ, ਦੇਹਤ, ਅੰਬ, ਹਰਦਿੱਤਾ, ਦਸੰਦ, ਇੱਛਰ, ਮਹਾਦੇਵ ਆਦਿ ਕਈ ਗੋਤ ਹਨ।
Credit – ਕਿਰਪਾਲ ਸਿੰਘ ਦਰਦੀ