ਤੇਲੀ ਦਾ ਅਰਥ ਹੈ ਕਿ ਕਿਸੇ ਉਤਪਾਦ ਤੋਂ ਤੇਲ ਕੱਢਣ ਵਾਲਾ, ਜਿਵੇਂ ਸਰ੍ਹੋਂ, ਤੋਰੀਆ, ਮੂੰਗਫਲੀ, ਵੜੇਵਿਆਂ (ਕਪਾਹ ਦੇ ਬੀਜਾਂ) ਆਦਿ ਵਿਚੋਂ। ਜਿਸ ਉਪਕਰਨ ਰਾਹੀਂ ਇਹ ਤੇਲ ਕੱਢਦਾ ਸੀ, ਉਸਨੂੰ ਕੋਹਲੂ ਕਿਹਾ ਜਾਂਦਾ ਸੀ ਅਤੇ ਕੋਹਲੂ ਨੂੰ ਬਲਦ ਗੇੜਦਾ ਸੀ। ਪੰਜ ਛੇ ਦਹਾਕੇ ਪਹਿਲਾਂ ਪਿੰਡ ਵਿਚ ਇਹ ਬੜਾ ਵਧੀਆ ਕਾਰੋਬਾਰ ਸੀ, ਪਰ ਮਸ਼ੀਨੀ ਯੁੱਗ ਕਾਰਨ ਕੋਹਲੂਆਂ ਦੀ ਥਾਂ ਹੁਣ ਮਸ਼ੀਨਾਂ ਨੇ ਲੈ ਲਈ ਹੈ ਅਤੇ ਹੁਣ ਇਹ ਕੰਮ ਹੋਰ ਜਾਤਾਂ ਦੇ ਲੋਕ ਵੀ ਕਰਨ ਲਗ ਪਏ ਹਨ। ਤੇਲੀ ਰੂੰ ਪਿੰਜਣ ਦਾ ਕੰਮ ਵੀ ਕਰਦਾ ਸੀ ਤੇ ਇਸਨੂੰ ਪੇਂਜਾ ਕਿਹਾ ਜਾਂਦਾ ਸੀ । ਪਾਕਿਸਤਾਨ ਦੇ ਜ਼ਿਲ੍ਹਿਆਂ ਡੇਰਾ ਗਾਜ਼ੀ ਖਾਂ ਅਤੇ ਮੁਜ਼ੱਫਰਗੜ੍ਹ ਵਿਖੇ ਇਸਨੂੰ ਚਾਕੀ ਕਿਹਾ ਜਾਂਦਾ ਹੈ; ਅਤੇ ਕਈ ਥਾਈਂ ਰੋਗਨਕਸ਼ ਜਾਂ ਰੋਗਨਹਾਰ ਵੀ ਕਿਹਾ ਜਾਂਦਾ ਹੈ। ਇਹ ਕਪੜੇ ਧੋਣ ਵਾਲਾ ਸਾਬਣ ਵੀ ਬਣਾਉਂਦਾ ਹੈ ਤੇ ਸਾਬਣਗਰ ਕਿਹਾ ਜਾਂਦਾ ਹੈ, ਅਤੇ ਕਈ ਥਾਈਂ ਨਮਦੇ ਬਣਾਉਂਦਾ ਹੈ ਤੇ ਇਸ ਕਰਕੇ ਨਮਦਾਸਾਜ਼ ਕਿਹਾ ਜਾਂਦਾ ਹੈ।
ਤੇਲੀਆਂ ਦਾ ਧੰਦਾ ਮਿੱਟੀ ਦਾ ਤੇਲ ਆਉਣ ਕਾਰਨ ਕੁਝ ਮੰਦਾ ਪੈ ਗਿਆ ਤੇ ਮੁਜ਼ਾਰੇ ਬਣ ਕੇ ਖੇਤੀ ਦਾ ਕੰਮ ਕਰਨ ਲਗ ਪਏ ਹਨ। ਪਟਿਆਲੇ ਅਤੇ ਅੰਮ੍ਰਿਤਸਰ ਦੇ ਤੇਲੀ ਤਿੰਨ ਸ਼੍ਰੇਣੀਆਂ ਵਿਚ ਵੰਡੇ ਹੋਏ ਸਨ ਅਤੇ ਉਨ੍ਹਾਂ ਨੂੰ ਲਾਹੌਰੀ ਸਿਰਹੰਦੀ ਅਤੇ ਬਾਗਰੀ ਕਿਹਾ ਜਾਂਦਾ ਸੀ ਅਤੇ ਜੀਂਦ ਰਿਆਸਤ ਵਿਚ ਬਾਗਰੀ, ਦੇਸੀ, ਮੁਲਤਾਨੀ ਤੇ ਨਾਗੋਰੀ ਕਹੇ ਜਾਂਦੇ ਸਨ।
ਮੁਸਲਮਾਨ ਤੇਲੀ ਆਪਣਾ ਮੁੱਢ ਬਾਬਾ ਹੱਸੂ ਤੋਂ ਦਸਦੇ ਹਨ, ਜਿਸਨੇ ਕੋਹਲੂ ਦੀ ਕਾਢ ਕੱਢੀ ਸੀ, ਜਿਸ ਦੀ ਦਰਗਾਹ ਲਾਹੌਰ ਦੇ ਚੌਕ ਕੰਡਾ ਅਤੇ ਸਿਆਲਕੋਟ ਵਿਚ ਸੀ।
ਜੀਂਦ ਸ਼ਹਿਰ ਵਿਚ ਤੇਲੀਆਂ ਦਾ ਇਕ ‘ਚਿੱਤੜਾ’ ਹੈ ਅਤੇ ਇਸਦੇ ਅਧੀਨ ਕਈ ਵੱਡੇ ਪਿੰਡਾਂ ਦੇ ‘ਟੱਪੇ’ ਆਉਂਦੇ ਹਨ, ਇਥੇ ਬੈਠ ਕੇ ਇਹ ਆਪਣੇ ਫੈਸਲੇ ਕਰਦੇ ਹਨ।
ਇਬਸਟਨ ਲਿਖਦਾ ਹੈ, “ਤੇਲੀਆਂ ਦੇ ਕਈ ਗੋਤ ਜਿਵੇਂ ਬਡਗੁੱਜਰ, ਭੱਟੀ, ਚੌਹਾਨ, ਪੰਵਾਰ ਅਤੇ ਤੰਵਰ ਆਵੱਸ਼ਕ ਤੌਰ ‘ਤੇ ਰਾਜਪੂਤ ਮੂਲ ਦੇ ਹਨ । ਹੋਰ ਜਿਵੇਂ ਗਿੱਲ, ਜੱਟ ਹਨ, ਕੈਥ, ਪਠਾਨ ਅਤੇ ਹੋਰ ਜਾਤਾਂ ਹਨ।” (A Glossary of Tribes And Castes, Part-III, p. 464)
ਤੇਲੀਆਂ ਵਿਚ ਸਰੋਹਾ ਜਾਂ ਸਰੋਇਆ, ਖੋਖਰ, ਘੁੰਮਣ ਜਾਂ ਤਉਣੀ, ਬਾਗਰੀ, ਘਮਣ, ਚਾਹਿਲ, ਚੌਹਾਨ, ਝਮਟ, ਤਾਹਿਮ, ਤੂਰ, ਪੂਰੇਵਾਲ, ਲੰਘੇਹ, ਆਦਿ ਹੋਰ ਗੋਤ ਹਨ ਜੋ ਜੱਟਾਂ ਤੋਂ ਤੇਲੀ ਬਣੇ ਹਨ। ਸਾਹਨੀ, ਸੋਂਧੀ, ਧਵਨ, ਬਸੀਨ, ਮਹਿੰਦਰੂ, ਮਲਕ, ਆਦਿ ਖੱਤਰੀਆਂ ਤੋਂ ਬਣੇ ਤੇਲੀ ਹਨ। ਖੋਖਰ, ਗਹਿਲੋਤ, ਮੰਝ, ਰਾਠੌਰ ਆਦਿ ਗੋਤਾਂ ਦੇ ਲੋਕ ਰਾਜਪੂਤਾਂ ਤੋਂ ਹਨ। ਕਾਲੀਆ, ਗੌੜ, ਨਿਗਾਹਾ ਆਦਿ ਬ੍ਰਾਹਮਣਾਂ ਤੋਂ ਬਣੇ ਹਨ। ਹੋਰ ਜਾਤਾਂ ਛੀਂਬੇ, ਕੁਰੈਸ਼ੀ, ਮਹਿਤੋਆਂ ਦੇ ਲੋਕਾਂ ਨੇ ਵੀ ਤੇਲੀਆਂ ਦੇ ਧੰਦੇ ਨੂੰ ਅਪਣਾਇਆ ਹੈ।
‘ਤੇਲੀ ਜਾਤ ਵਿਚ ਵੇਲੇ-ਵੇਲੇ ਸਿਰ ਤੇਲੀ ਧੰਦੇ ਵਜੋਂ ਭਰਤੀ ਹੁੰਦੀ ਰਹੀ ਹੈ। ਪਹਿਲੇ-ਪਹਿਲ ਇਸ ਧੰਦੇ ਨੂੰ ਕਰਨਾ ਸਮਾਜਕ ਬੋਲ-ਚਾਲ ਪਾਉਣੀ ਸੀ, ਤੇਲੀ ਉਨ੍ਹਾਂ ਨਾਲ ਖਾਂਦੇ ਤੇ ਹੁੱਕਾ ਪੀਂਦੇ ਸਨ, ਪਰ ਉਨ੍ਹਾਂ ਨੂੰ ਦੋ ਜਾਂ ਤਿੰਨ ਪੀੜ੍ਹੀਆਂ ਪਿਛੋਂ ਆਪਸੀ ਵਿਆਹ ਸ਼ਾਦੀਆਂ ਕਰਨ ਦਿੱਤੀਆਂ ਜਾਂਦੀਆਂ ਸਨ।
ਤੇਲੀਆਂ ਦਾ ਸਮਾਜਕ ਰੁਤਬਾ ਜੁਲਾਹਿਆਂ ਦੇ ਬਰਾਬਰ ਦਾ ਰਿਹਾ ਹੈ, ਜਿਨ੍ਹਾਂ ਨਾਲ ਇਹ ਕਦੇ ਸੰਬੰਧਤ ਵੀ ਮਿਲਦੇ ਹਨ, ਪਰ ਹੁਣ ਇਹ ਸਾਰਾ ਕੁਝ ਬਦਲ ਰਿਹਾ ਹੈ। ਦਰਅਸਲ ਤੇਲੀ ਕੋਈ ਜਾਤ ਨਹੀਂ ਹੈ, ਕੇਵਲ ਧੰਦਾ-ਮੁਖੀ ਜਾਤ ਹੈ।
ਤੇਲੀਆਂ ਦਾ ਧੰਦਾ ਕੋਹਲੂ ਦੀ ਬਜਾਏ ਮਸ਼ੀਨਾਂ ਨਾਲ ਹੋਣ ਲਗ ਪਿਆ ਹੈ ਅਤੇ ਕਈ ਤੇਲੀ ਅਜੇ ਵੀ ਇਸੇ ਧੰਦੇ ਨਾਲ ਜੁੜੇ ਹੋਏ ਹਨ ਜਿਹੜੇ ਵੱਡੇ ਪੈਮਾਨੇ ਤੇ ਤੇਲ ਕੱਢਣ ਦਾ ਕੰਮ ਕਰਦੇ ਹਨ। ਜਿਨ੍ਹਾਂ ਨੇ ਇਸ ਧੰਦੇ ਨੂੰ ਛੱਡਿਆ, ਉਹ ਹੋਰ ਧੰਦਿਆਂ ਨੂੰ ਕਰਨ ਲਗ ਪਏ ਹਨ। ਪੇਂਜੇ ਕਿਤੇ ਕਿਤੇ ਪਿੰਡਾਂ ਤੇ ਸ਼ਹਿਰਾਂ ਵਿਚ ਅਜੇ ਵੀ ਮਿਲਦੇ ਹਨ। ਉਨ੍ਹਾਂ ਵਿਚੋਂ ਵੀ ਕਈਆਂ ਨੇ ਹੋਰ ਵਿਵਸਾਏ ਅਪਣਾ ਲਏ ਹਨ।
Credit – ਕਿਰਪਾਲ ਸਿੰਘ ਦਰਦੀ