ਕਸੇਲ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਕਸੇਲ, ਛੇਹਰਟਾ ਝਬਾਲ ਸੜਕ ਤੋਂ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਛੇਹਰਟਾ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਹੁਤ ਹੀ ਪੁਰਾਣਾ ਹੈ ਅਤੇ ਇਸ ਦਾ ਸੰਬੰਧ ਭਗਵਾਨ ਰਾਮ ਚੰਦਰ ਜੀ ਦੀ ਮਾਤਾ ਕੌਸ਼ਲਿਆ ਦੇ ਨਾਲ ਜੋੜਿਆ ਜਾਂਦਾ ਹੈ। ਇਹ ਕੌਸ਼ਲ, ਕੌਸਲਪੁਰੀ ਤੋਂ ਵਿਗੜਦਾ ਸੰਵਰਦਾ ‘ਕਸੇਲ’ ਬਣ ਗਿਆ। ਪਿੰਡ ਵਿੱਚ ਸਭ ਤੋਂ ਪੁਰਾਣਾ ਸ਼ਿਵ ਦੁਆਰਾ ਮੰਦਰ ਰਾਜਾ ਦਸਰਥ ਦੀ ਇਸ ਰਾਣੀ ਕੌਸ਼ਲਿਆ ਦੇ ਸਮੇਂ ਦਾ ਹੈ। ਦੱਸਿਆ ਜਾਂਦਾ ਹੈ ਕਿ ਪੂਜਾ ਲਈ ਇਸ ਵਿੱਚ ਅਸਲੀ ਸ਼ਿਵਲਿੰਗ ਹੈ।
ਮੰਦਰ ਦੇ ਨਜ਼ਦੀਕ ਪੁਰਾਣਾ ਨਿੱਕੀ ਇੱਟ ਦਾ ਤਲਾਬ ਹੈ। ਕਿਹਾ ਜਾਂਦਾ ਹੈ ਕਿ ਇੱਥੇ ਪਹਿਲੇ ਖੂਹੀ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਢਿੱਡ ਵਿੱਚ ਪੀੜ ਰਹਿੰਦੀ ਸੀ ਅਤੇ ਕਿਸੇ ਸਿਆਣੇ ਨੇ ਦੱਸਿਆ ਕਿ ਕਸੇਲ ਦੀ ਖੂਹੀ ਦੇ ਪਾਣੀ ਨਾਲ ਢਿੱਡ ਪੀੜ ਦੂਰ ਹੋ ਜਾਂਦੀ ਹੈ। ਮਹਾਰਾਜੇ ਨੇ ਪਾਣੀ ਪੀਤਾ ਤੇ ਪੇਟ ਦਰਦ ਠੀਕ ਹੋ ਗਿਆ। ਮਹਾਰਾਜੇ ਨੇ ਖੁਸ਼ ਹੋ ਕੇ ਮੰਦਰ ਦੇ ਨਾਂ ਜਾਗੀਰ ਲਾਈ ਅਤੇ ਇਹ ਤਾਲਾਬ ਬਣਵਾਇਆ।
ਇਸ ਪਿੰਡ ਦੇ ਊਧਮ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਲੜਦਿਆਂ ਅਫਗਾਨਿਸਤਾਨ ਵਿੱਚ ਸ਼ਹੀਦੀ ਪਾਈ। ਹੋਰ ਪਿੰਡ ਵਾਸੀਆਂ ਨੇ ਵੱਖ ਵੱਖ ਮੋਰਚਿਆਂ ਵਿੱਚ ਹਿੱਸਾ ਲਿਆ।