ਗਿੱਲਵਾਲੀ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਗਿਲਵਾਲੀ, ਅੰਮ੍ਰਿਤਸਰ-ਤਰਨਤਾਰਨ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤੋਂ 9 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਸੁਲਤਾਨ ਵਿੰਡ ਦੇ ਇੱਕ ਵੱਡੇ ਜ਼ਿਮੀਂਦਾਰ ਨੇ ਆਪਣੀ ਧੀ ਨੂੰ, ਜੋ ਫਿਰੋਜ਼ਪੁਰ ਜਿਲ੍ਹੇ ਵਿੱਚ ਵਿਆਹੀ ਹੋਈ ਸੀ, ਆਪਣੇ ਨੇੜੇ ਰੱਖਣ ਵਾਸਤੇ ਆਪਣੇ ਜੁਆਈ ਨੂੰ ਆਪਣੀ ਮਰਜੀ ਨਾਲ ਜੂਹ ਮੱਲ ਲੈਣ ਲਈ ਕਿਹਾ। ਜਿੰਨੀ ਧਰਤੀ ਉਸ ਗਿੱਲ ਜੱਟ ਨੇ ਵੱਲ ਲਈ ਉਹ ਸੁਲਤਾਨ ਵਿੰਡ ਦੇ ਜ਼ਿਮੀਦਾਰ ਨੇ ਆਪਣੇ ਧੀ ਜੁਆਈ ਦੇ ਨਾਂ ਕਰ ਦਿੱਤੀ ਤੇ ਇਸ ਤਰ੍ਹਾਂ ਪਿੰਡ ਦਾ ਨਾਂ ‘ਗਿੱਲਵਾਲੀ’ ਪੈ ਗਿਆ । ਪਿੰਡ ਵਿੱਚ ਉਸਦੇ ਚਾਰ ਪੁੱਤਰਾਂ ਦੇ ਨਾਂ ਤੇ ਚਾਰ ਪੱਤੀਆਂ ਹਨ। ਪਿੰਡ ਵਿੱਚ ਜੱਟ ਸਿੱਖ, ਮਹਿਰੇ, ਨਾਈ, ਰਾਮਗੜ੍ਹੀਏ, ਛੀਂਬੇ, ਮਜ਼੍ਹਬੀ ਸਿੱਖ, ਬ੍ਰਾਹਮਣ, ਸਾਂਸੀ ਪਹਿਲੇ ਤੋਂ ਰਹਿੰਦੇ ਚਲੇ ਆ ਰਹੇ ਹਨ।
ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਜੱਥੇ ਨਾਲ ਇਸ ਪਿੰਡ ਦੇ ਭਾਈ ਆਸਾ ਸਿੰਘ ਵੀ ਇਸ ਧਰਮ ਯੁੱਧ ਵਿੱਚ ਸ਼ਹੀਦ ਹੋਏ ਜਿਨ੍ਹਾਂ ਦੀ ‘ ਯਾਦਗਾਰ ਪਿੰਡ ਵਿੱਚ ਕਾਇਮ ਹੈ। ਪ੍ਰਸਿੱਧ ਦੇਸ਼ ਭਗਤ, ਗਦਰੀ ਯੋਧੇ, ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ ਇਸ ਪਿੰਡ ਦੇ ਚਾਰ ਸਿੰਘਾਂ ਨੇ ਗਦਰ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਉਹਨਾਂ ਵਿਚੋਂ ਤਿੰਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਇੱਕ ਨੂੰ ਕਾਲੇ ਪਾਣੀ ਦੀ ਸਜ਼ਾ ਮਿਲੀ। ਇਹਨਾਂ ਸੂਰਬੀਰ ਯੋਧਿਆਂ ਦੀ ਯਾਦ ਵਿੱਚ ਮੁਖ ਸੜਕ ਤੇ ‘ਸ਼ਹੀਦੀ ਗੇਟ’ ਬਣਾਇਆ ਗਿਆ ਹੈ। ਇਸ ਪਿੰਡ ਨੂੰ ਇਹ ਮਾਣ ਹੈ ਕਿ ਜਦੋਂ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਸਾਉਣ ਦੀ ਵਿਉਂਤ ਬਣਾਈ ਤਾਂ * ਸੁਲਤਾਨ ਵਿੰਡ, ਚਾਟੀ ਵਿੰਡ ਤੇ ਤੁੰਗ ਪਿੰਡਾਂ ਦੇ ਗਿੱਲਵਾਲੀ ਪਿੰਡ ਦੀ ਜੂਹ ਵੀ ਉਸ ਵਿੱਚ ਸ਼ਾਮਲ ਕੀਤੀ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ