ਗੜਪੁੜ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਗੜਪੁੜ, ਰਾਹੋ-ਫਿਲੌਰ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 12 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਵਾਉਂਣ ਵਾਲਾ ਸੁੱਚਾ ਨੰਦ ਔੜ ਦਾ ਵਸਨੀਕ ਸੀ ਜੋ ਇੱਥੋਂ ਅੱਧਾ ਕਿਲੋਮੀਟਰ ਦੂਰ ਹੈ। ਬੰਦਾ ਸਿੰਘ ਬਹਾਦਰ ਨੇ ਭੁਲੇਖੇ ਨਾਲ ਰਾਹੋਂ ਤੇ ਹਮਲਾ ਕਰ ਦਿੱਤਾ ਅਤੇ ਬਹੁਤ ਤਬਾਹੀ ਮਚਾਈ ਪਰ ਜਦੋਂ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਕਿ ਸੁੱਚਾ ਨੰਦ ਪਿੰਡ ਔੜ ਦਾ ਵਸਨੀਕ ਹੈ ਤਾਂ ਉਹ ਔੜ ਵੱਲ ਆਇਆ। ਇੱਥੋਂ ਦੇ ਵਸਨੀਕਾਂ ਨੂੰ ਪਤਾ ਲੱਗ ਗਿਆ ਤੇ ਬੰਦਾ ਬਹਾਦਰ ਦੇ ਔੜ ਪਹੁੰਚਣ ਤੋਂ ਪਹਿਲਾਂ ਹੀ ਇੱਥੋਂ ਦੇ ਮੁਸਲਮਾਨ ਵਸਨੀਕ ਇੱਥੋਂ ਭੱਜ ਕੇ ਦੂਜੀ ਥਾਂ ‘ਤੇ ਵਸਣ ਚਲੇ ਗਏ ਜਿਸ ਨੂੰ ਅਜ ਕਲ ਉੜਪੜ ਕਹਿੰਦੇ ਹਨ। ਪਰ ਕੁਝ ਆਦਿ ਧਰਮੀ ਲੋਕ ਇੱਥੇ ਹੀ ਰਹੇ। ਜਦੋਂ ਬੰਦਾ ਬਹਾਦਰ ਇੱਥੇ ਆਇਆ ਤਾਂ ਇਹਨਾਂ ਲੋਕਾਂ ਨੇ ਉਸਨੂੰ ਦੱਸਿਆ ਕਿ ਇੱਥੇ ਹੁਣ ਸਿਰਫ ‘ਗੁਰੂ’ ਪੁਰ ਭਰੋਸਾ ਰੱਖਣ ਵਾਲੇ ਹੀ ਬੰਦੇ ਹਨ ਅਤੇ ਜੋ ਬੰਦੇ ਪਾਪੀ ਸਨ ਉਹ ਦੌੜ ਗਏ ਹਨ। ਫਿਰ ਬੰਦਾ ਬਹਾਦਰ ਨੇ ਇੱਥੇ ਵੀ ਮੁਸਲਮਾਨਾਂ ਵਾਲੇ ਪਾਸੇ ਬਹੁਤ ਤਬਾਹੀ ਮਚਾਈ ਪਰ ਗੁਰੂ ਪੁਰ ਭਰੋਸਾ ਰੱਖਣ ਵਾਲੇ ਇੱਕ ਪਾਸੇ ਵਸਦੇ ਰਹੇ। ਇਸੇ ਕਰਕੇ ਹੀ ਇਸ ਨਗਰੀ ਦਾ ਨਾਂ ‘ਗਰੂਪੁਰ’ ਤੋਂ ਗੜਪੁੜ ਪੈ ਗਿਆ ਤੇ ਇਹ ਇੱਕ ਵੱਖਰਾ ਪਿੰਡ ਬਣ ਗਿਆ। ਇੱਥੇ ਜ਼ਿਆਦਾ ਆਦਿ ਧਰਮੀ ਲੋਕ ਤੇ ਜੱਟ ਹਨ। ਇਸ ਪਿੰਡ ਵਿੱਚ ਦੋ ਮਸੀਤਾਂ ਹਨ ਜਿਨ੍ਹਾਂ ਵਿਚੋਂ ਇੱਕ ਵਕਫ ਬੋਰਡ ਦੇ ਅਧੀਨ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ