ਘੁੰਮਣ ਕਲਾਂ
ਸਥਿਤੀ :
ਤਹਿਸੀਲ ਤਲਵੰਡੀ ਸਾਬੋ ਦਾ ਪਿੰਡ ਘੁੰਮਣ ਕਲਾਂ ਮੌੜ ਮੰਡੀ ਤੋਂ 5 ਕਿਲੋਮੀਟਰ ਦੂਰ ਮਾਨਸਾ ਵੱਲ ਨੂੰ ਬਠਿੰਡਾ-ਮਾਨਸਾ ਸੜਕ ‘ਤੇ ਅੱਧਾ ਕਿਲੋਮੀਟਰ ਦੀ ਲਿੰਕ ਸੜਕ ਨਾਲ ਜੁੜਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਘੁੰਮਣ ਗੋਤ ਦੇ ਲੋਕਾਂ ਦੀ ਵਸੋਂ ਬਹੁਤੀ ਹੋਣ ਕਰਕੇ ਪਿੰਡ ਦਾ ਨਾਂ ‘ਘੁੰਮਣ ਕਲਾਂ’ ਪਿਆ। ਪ੍ਰੰਤੂ ਅੱਜ ਕੱਲ੍ਹ ਸਿੱਧੂ ਗੋਤ ਦੇ ਜੱਟਾਂ ਦੀ ਗਿਣਤੀ ਜ਼ਿਆਦਾ ਹੈ ਜੋ ਹੰਬਲ ਦੇ ਸਿੱਧੂ ਕਹਾਉਂਦੇ ਹਨ। ਲਗਭਗ 300 ਸਾਲ ਪਹਿਲਾਂ ਹੰਬਲ ਤੋਂ ਸਿੱਧੂ ਜਿਹਨਾਂ ਨੂੰ ਹੰਬਲ ਕਿਆ ਕਿਹਾ ਜਾਂਦਾ ਸੀ ਭੈਣੀ ਤੋਂ ਉੱਠ ਕੇ ਆਏ ਤੇ ਇੱਧਰ ਵਸਣਾ ਚਾਹੁੰਦੇ ਸਨ ਪਰ ਘੁੰਮਣ ਕਿਆਂ ਨੇ ਉਨ੍ਹਾਂ ਦੀ ਮੋੜੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਕਿਹਾ ਜਾਂਦਾ ਹੈ ਕਿ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮਿਲੇ ਤੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਕਿੱਧਰੇ ਵੱਸਣ ਨਹੀਂ ਦਿੱਤਾ ਜਾ ਰਿਹਾ। ਕ੍ਰਿਪਾ ਕਰਕੇ ਸਾਡੀ ਸਹਾਇਤਾ ਕਰੋ। ਤਾਂ ਗੁਰੂ ਜੀ ਨੇ ਵਰ ਦਿੱਤਾ ਕਿ “ਤੁਹਾਡੀਆਂ ਜੜ੍ਹਾਂ ਪਤਾਲ ਵਿੱਚ ਗੱਡੀਆਂ ਗਈਆਂ ਹਨ. ਹੁਣ ਤੁਹਾਨੂੰ ਕੋਈ ਨਹੀਂ ਉਖਾੜ ਸਕਦਾ। ” ਉਸ ਤੋਂ ਬਾਅਦ ਹੰਬਲ ਕਿਆਂ ਨੇ ਘੁੰਮਣ ਕਿਆਂ ਨੂੰ ਲੜਾਈ ਕਰਕੇ ਭਜਾ ਦਿੱਤਾ ਤੇ ਆਪ ਇੱਥੇ ਟਿੱਕ ਗਏ। ਪਿੰਡ ਦੀਆਂ ਤਿੰਨ ਪੱਤੀਆਂ ਘੁੰਮਣ ਪੱਤੀ, ਚਹਿਲ ਪੱਤੀ ਤੇ ਮਾਨਾਪਤੀ ਹੈ। ਇਸ ਪਿੰਡ ਵਿੱਚ ਦੇ ਗੁਰਦੁਆਰੇ ਹਨ ਜਿਨ੍ਹਾਂ ਵਿਚੋਂ ਇੱਕ ਨਾਲ ਤਲਾਬ ਗੁਰੂਸਰ ਹੈ। ਜਿਸ ਦਾ ਸੰਬੰਧ ਗੁਰੂ ਸਾਹਿਬ ਨਾਲ ਹੈ। ਇੱਕ ਗੁਰਦੁਆਰਾ ਬਾਬਾ ਰੂੜ ਸਿੰਘ ਜੀ ਦਾ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ।
ਡੇਰਿਆਂ ਵਿੱਚੋਂ ਇੱਕ ਡੇਰਾ ਬਾਬਾ ਮੈਂਗਲ ਦਾਸ ਜੀ ਦਾ ਹੈ ਜਿੱਥੇ ਹਰ ਸਾਲ ‘ਚੇਤ ਚੌਅਦੇ’ ਨੂੰ ਮੇਲਾ ਲਗਦਾ ਹੈ। ਇਹ ਡੇਰਾ ਮਹੰਤ ਮਾਨ ਸਿੰਘ ਦੇ ਯਤਨਾਂ ਦੁਆਰਾ ਗੁਰਦੁਆਰੇ ਦਾ ਰੂਪ ਧਾਰਨ ਕਰ ਚੁੱਕਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ