ਚਿਟੀ
ਤਹਿਸੀਲ ਜਲੰਧਰ ਦਾ ਪਿੰਡ ਚਿਟੀ ਜਲੰਧਰ-ਉਗੀ ਸੜਕ ਤੋਂ 6 ਕਿਲੋਮੀਟਰ, ਅਤੇ ਰੇਲਵੇ ਸਟੇਸ਼ਨ ਨਕੋਦਰ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜਿੱਥੇ ਅਜ ਕਲ ਪਿੰਡ ਚਿਟੀ ਵਸਦਾ ਹੈ ਉੱਥੇ ਕਦੇ ਗਗੋਆਣਾ ਨਾਂ ਦਾ ਸ਼ਹਿਰ ਹੁੰਦਾ ਸੀ। ਹਰਦੁਆਰ ਵਿੱਚ ਚਿਟੀ ਦੇ ਵਹੀ ਖਾਤੇ ਅਜੇ ਵੀ ਗਗੋਆਣਾ ਦੇ ਨਾਂ ਥੱਲੇ ਚਲਦੇ ਹਨ ਅਤੇ ਪਿੰਡ ਵਿੱਚ ਹੋਈ ਪੁਟਾਈ ਵਿਚੋਂ ਮਿਲੀਆਂ ਚੀਜ਼ਾਂ ਅਤੇ ਮਨੁੱਖੀ ਹੱਡੀਆਂ ਵੀ ਇੱਥੇ ਪੁਰਾਤਨ ਸ਼ਹਿਰ ਹੋਣ ਦੀ ਗਵਾਈ ਦੇਂਦੀਆਂ ਹਨ। ਇਹ ਸ਼ਹਿਰ ਜ਼ਰੂਰ ਕਿਸੇ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਇਆ ਹੋਵੇਗਾ। ਦੁਬਾਰਾ ਇਸ ਥਾਂ ਨੂੰ ਹਰੀਆ ਅਤੇ ਪਦਾਰਥ ਨਾਂ ਦੇ ਦੋ ਵਿਅਕਤੀਆਂ ਨੇ ਆਬਾਦ ਕੀਤਾ। ਇਹਨਾਂ ਦੋਹਾਂ ਦਾ ਗੋਤ ਚਿਟੀ ਸੀ ਜਾਂ ਇਹ ਚਿਟੀ ਤੋਂ ਆਏ ਸਨ ਇਸ ਦਾ ਕੁਝ ਪਤਾ ਨਹੀਂ ਲਗਦਾ ਪਰ ਇਹ ਪਿੰਡ ਵਾਲੀ ਜਗ੍ਹਾ ਉਦੋਂ ਰੇਗਿਸਤਾਨ ਦੀ ਤਰ੍ਹਾਂ ਰੇਤਲਾ ਇਲਾਕਾ ਸੀ। ਜ਼ਮੀਨ ਮਾਰੂ ਹੋਣ ਕਰਕੇ ਹੀ ਬਹੁਗਿਣਤੀ ਵਸੋਂ ਪਿੰਡ ਛੱਡ ਕੇ ਬਾਰ ਨੂੰ ਚਲੀ ਗਈ ਤੇ ਉੱਥੇ ਚੱਕ 93 ਦਾ ਨਾਂ ਵੀ ਚਿਟੀ ਰੱਖਿਆ।
ਅਜ਼ਾਦੀ ਲਹਿਰਾਂ ਤੇ ਅਕਾਲੀ ਮੋਰਚਿਆਂ ਵਿੱਚ ਇਸ ਪਿੰਡ ਨੇ ਅਹਿਮ ਹਿੱਸਾ ਪਾਇਆ। ਗ਼ਦਰ ਲਹਿਰ ਗੁਰੂ ਦੇ ਬਾਗ ਅਤੇ ਜੈਤੋ ਦੇ ਮੋਰਚਿਆਂ ਵਿੱਚ ਪਿੰਡ ਵਾਸੀਆਂ ਹਰਨਾਮ ਸਿੰਘ, ਚੰਦਾ ਸਿੰਘ, ਬਾਵਾ ਸਿੰਘ, ਪਾਲ ਸਿੰਘ, ਦਸੋਂਧਾ ਸਿੰਘ ਅਤੇ ਲਚਮਣ ਸਿੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਦੇ ਜੇਲ੍ਹਾਂ ਕੱਟੀਆ।
ਸੰਤ ਹੀਰਾਂ ਦਾਸ ਇੱਥੋਂ ਦੀ ਪ੍ਰਸਿੱਧ ਹਸਤੀ ਹੋਏ ਹਨ। ਇਸ ਇਲਾਕੇ ਵਿੱਚ ਅਨੰਦ ਕਾਰਜ ਨਾਲ ਵਿਆਹ ਉਹਨਾਂ ਸ਼ੁਰੂ ਕਰਵਾਇਆ ਅਤੇ ਹੋਰ ਸਮਾਜ ਸੁਧਾਰ ਦੇ ਕੰਮ ਕੀਤੇ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ