ਨੂਰ ਮਹਿਲ
ਸਥਿਤੀ :
ਨੂਰ ਮਹਿਲ ਜਲੰਧਰ ਜ਼ਿਲ੍ਹਾ ਦੀ ਸਬ ਤਹਿਸੀਲ ਹੈ। ਇਹ ਨਕੋਦਰ – ਲੁਧਿਆਣਾ ਰੇਲਵੇ ਲਾਈਨ ਤੇ ਫਿਲੌਰ ਤੋਂ 20 ਕਿਲੋਮੀਟਰ, ਲੁਧਿਆਣਾ ਤੋਂ 34 ਕਿਲੋਮੀਟਰ ਅਤੇ ਨਕੋਦਰ ਤੋਂ 13 ਕਿਲੋਮੀਟਰ ਦੀ ਦੂਰੀ ‘ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦਿੱਲੀ ਤੋਂ ਲਾਹੌਰ ਜਾਣ ਦਾ ਰਸਤਾ ਫਲੌਰ ਤੋਂ ਨੂਰ ਮਹਿਲ, ਨਕੋਦਰ, ਕਪੂਰਥਲਾ ਤੋਂ ਹੋ ਕੇ ਜਾਂਦਾ ਸੀ। ਇਸ ਸੜਕ ‘ਤੇ ਹਰ ਤਿੰਨ ਮੀਲ ‘ਤੇ ਬੁਰਜ ਇਸ ਗੱਲ ਦੀਆਂ ਨਿਸ਼ਾਨੀਆਂ ਹਨ।
ਦੱਸਦੇ ਹਨ ਕਿ ਇਸ ਸੜਕ ‘ਤੇ ਇੱਕ ਗਰੀਬ ਮਰਦ ਇਸਤਰੀ ਜਾ ਰਹੇ ਸਨ ਕਿ ਰਸਤੇ ਵਿੱਚ ਹੀ ਬੱਚੀ ਪੈਦਾ ਹੋ ਗਈ। ਉਹਨਾਂ ਕੋਲ ਬੱਚੀ ਨੂੰ ਪਾਲਣ ਲਈ ਕੋਈ ਸਾਧਨ ਨਹੀਂ ਸਨ ਇਸ ਕਰਕੇ ਉਹ ਆਪਣੀ ਬੱਚੀ ਨੂੰ ਸਰਾਂ ਵਿੱਚ ਹੀ ਛੱਡ ਗਏ। ਪਿੱਛੋਂ ਸਰਕਾਰੀ ਕਾਫਲਾ ਆ ਰਿਹਾ ਸੀ ਤੇ ਉਹਨਾਂ ਨੇ ਬੱਚੀ ਨੂੰ ਚੁੱਕ ਲਿਆ, ਇਸ ਦਾ ਸਾਰਾ ਖਰਚਾ ਸਰਕਾਰੀ ਖਜ਼ਾਨੇ ਵਿਚੋਂ ਦੇਣਾ ਮੰਨ ਕੇ ਇਸ ਨੂੰ ਕਿਸੇ ਔਰਤ ਦੀ ਸਰਪਰਸਤੀ ਵਿੱਚ ਦੇ ਦਿੱਤਾ। ਇਸ ਬੱਚੀ ਦਾ ਨਾਂ, ਨੂਰ ਜਹਾਂ ਰੱਖਿਆ ਜੋ ਵੱਡੀ ਹੋ ਕੇ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਮਹਾਰਾਣੀ ਬਣੀ। ਇਸ ਬੱਚੇ ਦੇ ਨਾਂ ‘ਤੇ ਪਿੰਡ ਦਾ ਨਾਂ ਨੂਰ ਮਹਿਲ ਰੱਖਿਆ ਗਿਆ। ਸਰਾਂ ਜਿਸ ਵਿੱਚ ਨੂਰ ਜਹਾਂ ਦੀ ਸਰਪਰਸਤੀ ਲਈ ਗਈ ਉਹ ਅਜੇ ਵੀ ਮੌਜੂਦ ਹੈ ਤੇ ਉਸਦੇ ਦੋ ਦਰਵਾਜ਼ੇ ਲਾਹੌਰੀ ਗੇਟ ਤੇ ਦਿੱਲੀ ਗੇਟ ਇਸ ਗੱਲ ਦਾ ਪ੍ਰਤੀਕ ਹਨ ਕਿ ਲਾਹੌਰ-ਦਿੱਲੀ ਸੜਕ ਇੱਥੋਂ ਲੰਘਦੀ ਸੀ। ਜਿਸ ਜਗ੍ਹਾ ਤੇ ਨੂਰ ਜਹਾਂ ਦਾ ਜਨਮ ਸੰਨ 1621 ਵਿੱਚ ਹੋਇਆ ਉਹ ਪਿੰਡ ਸਾਡੇ ਪੰਜਾਬ ਵਿੱਚ ਨਹੀਂ ਹੈ। ਇਹ ਪਿੰਡ ਤਿੰਨ ਵਾਰੀ ਉਜੜ ਕੇ ਮੁੜ ਵੱਸਿਆ ਹੈ। ਪਹਿਲੀ ਵਾਰ 1738-39 ਵਿੱਚ ਨਾਦਰ ਸ਼ਾਹ ਨੂੰ ਟੈਕਸ ਨਾਂ ਦੇਣ ਕਾਰਨ ਉਸ ਨੇ ਪਿੰਡ ਵਿੱਚ ਅੱਗ ਲਗਵਾ ਦਿੱਤੀ ਸੀ। ਦੂਸਰੀ ਵਾਰ 1751-52 ਵਿੱਚ ਇਹੋ ਜਿਹਾ ਹੀ ਟੈਕਸ ਅਹਿਮਦ ਸ਼ਾਹ ਨੇ ਮੰਗਿਆ ਸੀ ਪਰ ਨਾਂ ਦੇਣ ਤੇ ਸਾਰਾ ਸ਼ਹਿਰ ਢਾਹ ਦਿੱਤਾ ਗਿਆ ਅਤੇ ਫਿਰ ਇੱਕ ਵਾਰ ਸਤਲੁਜ ਦਰਿਆ ਨੇ ਇਸ ਪਿੰਡ ਨੂੰ ਬਿਲਕੁਲ ਥੇਹ ਬਣਾ ਦਿੱਤਾ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ