ਨੰਗਲ ਸ਼ਾਮਾ
ਸਥਿਤੀ :
ਨੰਗਲ ਸ਼ਾਮਾ ਪਿੰਡ ਹੁਣ ਜਲੰਧਰ ਸ਼ਹਿਰ ਵਿੱਚ ਸੰਮਿਲਤ ਹੋ ਚੁੱਕਾ ਹੈ। ਇਹ ਪਿੰਡ ਜਲੰਧਰ – ਹੁਸ਼ਿਆਰਪੁਰ ਸੜਕ ਤੋਂ 2 ਫਰਲਾਂਗ ਹੱਟਵਾਂ, ਜਲੰਧਰ ਛਾਉਣੀ ਤੋਂ 4 ਕਿਲੋਮੀਟਰ ਉੱਤਰ ਵੱਲ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਦੋ ਭਰਾ ਲੱਧਾ ਤੇ ਲਾਲ੍ਹਾ ਸਨ ਜਿਨ੍ਹਾਂ ਦੇ ਨਾਵਾਂ ‘ਤੇ ਲੱਧੇ ਵਾਲੀ ਅਤੇ ਲਾਲ੍ਹੇ ਵਾਲੀ ਵੱਸੇ ਹੋਏ ਹਨ ਅਤੇ ਉਹਨਾਂ ਦੀ ਭੈਣ ਕਾਕੀ ਦੇ ਨਾਂ ‘ਤੇ ਪਿੰਡ ਕਾਕੀ ਵੱਸਿਆ ਹੋਇਆ ਹੈ। ਇਹਨਾਂ ਦਾ ਇੱਕ ਨੌਕਰ ਸ਼ਾਮਾ ਸੀ ਜਿਸਨੂੰ ਇਹਨਾਂ ਨੇ ਇਸ ਪਿੰਡ ਦੀ ਜ਼ਮੀਨ ਦਿੱਤੀ ਹੋਈ ਸੀ। ਉਸਦੇ ਨਾਂ ’ਤੇ ਹੀ ਇਸ ਪਿੰਡ ਨੂੰ ਸ਼ਾਮੇ ਦਾ ਨੰਗਲ (ਛੋਟਾ ਪਿੰਡ) ਕਿਹਾ ਜਾਣ ਲੱਗ ਪਿਆ ਤੇ ਬਾਅਦ ਵਿੱਚ ‘ਨੰਗਲ ਸ਼ਾਮਾ’ ਬਣ ਗਿਆ।
ਇਸ ਪਿੰਡ ਦੀ ਵਿਸ਼ੇਸ਼ਤਾ ਹੈ ਕਿ ਲੋਕਾਂ ਵਿੱਚ ਇਹ ਵਿਸ਼ਵਾਸ਼ ਹੈ ਕਿ ਸਰੀਰ ਦੇ ਕਿਸੇ ਵੀ ਜੋੜ ਦੀਆਂ ਦਰਦਾਂ ਕਿੰਨੀਆਂ ਵੀ ਪੁਰਾਣੀਆਂ ਕਿਉਂ ਨਾ ਹੋਣ ਇੱਥੇ ਸੱਤ ਐਤਵਾਰ ਲਗਾਤਾਰ ਆ ਕੇ ‘ਜਨਮਾ’ ਕਰਵਾਉਣ ਨਾਲ ਹੱਟ ਜਾਂਦੀਆਂ ਹਨ। ਇੱਥੇ ਕੋਈ ਡੇਰਾ ਜਾਂ ਸੰਤ ਨਹੀਂ, ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਨਿੰਮ ਦੇ ਦਰਖਤ ਹੇਠਾਂ ਛੋਟੀਆਂ ਛੋਟੀਆਂ ਕੁਹਾੜੀਆਂ ਹਨ ਜੋ ਮਰੀਜ਼ ਵਰਤਦੇ ਹਨ। ਨਾਲ ਹੀ ਕੁਝ ਜਾਦੂਈ ਸ਼ਬਦ ਪਿੰਡ ਵਾਸੀ ਬੋਲਦਾ ਹੈ ਜਿਸ ਨਾਲ ਦਰਦਾਂ ਸੱਤ ਹਫਤਿਆਂ ਵਿੱਚ ਠੀਕ ਹੋ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਇਸ ਪਿੰਡ ‘ਤੇ ਇਹ ਬਖਸ਼ਿਸ਼ ਹੈ।
ਬਬਰ ਅਕਾਲੀ ਲਹਿਰ ਵੇਲੇ ਅੰਗਰੇਜ਼ਾਂ ਨੂੰ ਸੂਹਾਂ ਦੇਣ ਵਾਲਾ ਬੂਟਾ ਸਿੰਘ ਇਸੇ ਪਿੰਡ ਦਾ ਸੀ। ਪ੍ਰਸਿੱਧ ਪੰਜਾਬੀ ਨਾਟਕਕਾਰ ਸ੍ਰੀ ਗੁਰਦਿਆਲ ਸਿੰਘ ਫੁੱਲ ਦਾ ਜਨਮ ਵੀ ਇਸੇ ਪਿੰਡ ਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ