ਫੂਲੇਵਾਲਾ
ਸਥਿਤੀ :
ਤਹਿਸੀਲ ਮੁਕਤਸਰ ਦਾ ਪਿੰਡ ਫੂਲੇਵਾਲਾ, ਮਲੋਟ- ਮੁਕਤਸਰ ਸੜਕ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਤੇ ਰੇਲਵੇ ਸਟੇਸ਼ਨ ਮੁਕਤਸਰ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਾਬਾ ਫੂਲਾ ਸਿੰਘ ਬਰਾੜ ਦੇ ਨਾਂ ਤੇ ਵੱਸਿਆ ਹੈ। ਬਾਬਾ ਫੂਲਾ ਸਿੰਘ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਗਊਆਂ ਚਰਾਂਦਾ ਸੀ ਅਤੇ ਸੌਣ ਲੱਗਿਆਂ ਸੋਟੀ ਸਿਰਹਾਣੇ ਰੱਖ ਕੇ ਸੌਂਦਾ ਸੀ। ਜੋ ਮੁਸਲਮਾਨ ਗਊਆਂ ਚਰਾਉਣ ਆਉਂਦੇ ਉਹਨਾਂ ਨੂੰ ਨਠਾ ਦੇਂਦਾ ਸੀ। ਇੱਕ ਦਿਨ ਸੁੱਤੇ ਬਾਬੇ ਨੂੰ ਮੁਸਲਮਾਨਾਂ ਨੇ ਮਾਰ ਦਿੱਤਾ। ਬਾਬਾ ਜੀ ਦੀ ਸਮਾਧ ਪਿੰਡ ਦੇ ਛੱਪੜ ਦੇ ਕਿਨਾਰੇ ‘ਤੇ ਹੈ ਅਤੇ ਲੋਕ ਇੱਥੇ ਦੁੱਧ ਚੜਾਉਂਦੇ ਹਨ ਅਤੇ ਹਰ ਸਾਲ ਹਾੜ ਦੇ ਮਹੀਨੇ ਪਿੰਡ ਵਾਲੇ ਇੱਥੇ ਅਖੰਡ ਪਾਠ ਰਖਾਉਂਦੇ ਹਨ।
ਪਿੰਡ ਦੇ ਇਸੇ ਛੱਪੜ ਦੇ ਕੰਢੇ ਸੰਤ ਕਾਲਾ ਸਿੰਘ ਦੀ ਸਮਾਧ ਵੀ ਹੈ। ਇਹਨਾਂ ਦੀ ਪਿੰਡ ਵਿੱਚ ਬਹੁਤ ਮਾਨਤਾ ਹੈ। ਇਹ ਸਿਰਫ ਦਾਲ ਰੋਟੀ ਖਾਂਦੇ ਸਨ ਤੇ ਲੋਕੀ ਆਪੇ ਇਹਨਾਂ ਨੂੰ ਦੇ ਆਉਂਦੇ ਸਨ ਇਹ ਕਦੀ ਕਿਸੇ ਦੇ ਘਰ ਨਹੀਂ ਜਾਂਦੇ ਸਨ। ਸੱਪ ਉਹਨਾਂ ਦੇ ਉਪਰ ਤੁਰੇ ਫਿਰਦੇ ਸਨ। ਉਹਨਾਂ ਦੇ ਡੇਰੇ ਦੀਆਂ ਲਕੜੀਆਂ ਪਿੰਡ ਵਾਲੇ ਨਹੀਂ ਜਲਾਉਂਦੇ। ਜਿਸ ਨੇ ਉਹ ਲਕੜੀਆਂ ਬਾਲੀਆਂ ਉਸਦੀ ਕਾਫੀ ਹਾਨੀ ਹੋਈ।
ਇਸ ਪਿੰਡ ਵਿੱਚ ਬਾਬਾ ਮਲੂਕ ਸਿੰਘ ਨਾਮਧਾਰੀ ਵੀ ਆ ਕੇ ਰਹੇ ਜੋ ਅੰਗਰੇਜ਼ ਦੀਆਂ ਜ਼ੇਲ੍ਹਾਂ ਵਿੱਚ ਕਈ ਸਾਲ ਬੰਦ ਰਹੇ ਤੇ ਜ਼ੁਲਮ ਸਹੇ। ਇੱਥੇ 10 ਮਾਘ ਨੂੰ ਨਾਮਧਾਰੀ ਇਕੱਠੇ ਹੁੰਦੇ ਹਨ ਤੇ ਉਹਨਾਂ ਦੀ ਯਾਦ ਮਨਾਉਂਦੇ ਹਨ।
ਇੱਥੇ ਸੰਤ ਅਮਰ ਨਾਥ ਦਾ ਡੇਰਾ ਵੀ ਹੈ ਜੋ ਨਾਥਾਂ ਵਿੱਚੋਂ ਸਨ। ਇਹ ਡੇਰਾ 4 5 ਏਕੜ ਵਿੱਚ ਹੈ ਅਤੇ ਇੱਥੇ ਕਈ ਵਾਰੀ ਕਾਫੀ ਸਾਧੂਆਂ ਦਾ ਇਕੱਠ ਵੀ ਹੋਇਆ ਹੈ ਤੇ ਇਹ ਵੱਡਿਆਂ ਦੀ ਯਾਦ ਮਨਾਉਂਦੇ ਹਨ।
ਇਸ ਪਿੰਡ ਤੇ ਮੁਸਲਮਾਨਾਂ ਦੇ ਸਮੇਂ ਧਾੜਵੀਆਂ ਦੇ ਹਮਲੇ ਹੁੰਦੇ ਰਹਿੰਦੇ ਸਨ ਪਰ ਬਰਾੜਾਂ ਨੇ ਸਦਾ ਟਾਕਰਾ ਕਰਕੇ ਮੁਸਲਮਾਨਾਂ ਨੂੰ ਪਛਾੜ ਦਿੱਤਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ