ਮੁਧੋਂ ਸੰਗਤੀਆ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਮੁਧੋਂ ਸੰਗਤੀਆ, ਕੁਰਾਲੀ – ਰੂਪਨਗਰ ਸੜਕ ਤੋਂ 7 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਕੁਰਾਲੀ ਤੋਂ ਵੀ 7 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਕ ਮੁਸਲਮਾਨ ਪਠਾਣ ਦੇ ਦੋ ਪੁੱਤਰ ਸਨ। ਉਹਨਾਂ ਵਿਚੋਂ ਇੱਕ ਦਾ ਨਾਂ ਸੰਗਤੀਆ ਸੀ। ਸੰਗਤੀਏ ਨੇ ਆਪਣੀ ਜ਼ਮੀਨ ਵੰਡ ਕੇ ਆਪਣੇ ਨਾਂ ‘ਤੇ ‘ਮੁਧੋਂ ਸੰਗਤੀਆ’ ਵਸਾਇਆ। ਉਸਦੇ ਭਤੀਜਿਆਂ ਨੇ ਮੁਧੋਂ ਮਸਤਾਨਾ ਤੇ ਮੁਧੋਂ ਭਾਗ ਸਿੰਘ ਪਿੰਡ ਵਸਾਏ। 1767 ਵਿੱਚ ਸਿੱਖ ਮਿਸਲਾਂ ਵੇਲੇ ਜੈਨ ਖਾਂ ਮਾਰਿਆ ਗਿਆ ਅਤੇ ਇਹ ਪਠਾਣ ਪਿੰਡ ਛੱਡ ਕੇ ਬੱਸੀ ਪਠਾਣਾਂ ਚਲੇ ਗਏ। ਕੁਝ ਚਿਰ ਬਾਅਦ ਪਿੰਡ ਦੁਬਾਰਾ ਵਸਾਇਆ ਗਿਆ ਅਤੇ ਇਹਨਾਂ ਲੋਕਾਂ ਨੂੰ ਵਾਪਸ ਲਿਆਉਂਦਾ ਗਿਆ।
ਪਿੰਡ ਦੇ ਨਾਂ ਬਾਰੇ ਇੱਕ ਹੋਰ ਕਹਾਣੀ ਪ੍ਰਚਲਤ ਹੈ। ਪਿੰਡ ਵਿੱਚ ਇੱਕ ਸੰਗਤੀਆ ਆਦਮੀ ਸੀ ਜੋ ਸਾਧਾਂ, ਭਗਤਾਂ ਦੀ ਬੜੀ ਸੇਵਾ ਕਰਦਾ ਹੁੰਦਾ ਸੀ। ਇੱਕ ਵਾਰ ਨੌਵੇਂ ਪਾਤਸ਼ਾਹ ਦੇ ਸਿੱਖ ਬਾਬਾ ਹਸਤ ਲਾਲ ਜੀ ਇੱਥੇ ਆਏ। ਉਹਨਾਂ ਪਾਸ ਇੱਕ ਘੋੜਾ ਸੀ। ਘੋੜਾ ਸੰਗਤੀਏ ਨੇ ਪਿੱਪਲ ਦਾ ਖੁੰਡ ਗੱਡ ਕੇ ਬੰਨ੍ਹ ਦਿੱਤਾ। ਇਹ ਪਿੱਪਲ ਦਾ ਖੁੰਡ ਹਰਾ ਹੋ ਗਿਆ। ਫਿਰ ਸੰਗਤੀਆ ਹਸਤ ਲਾਲ ਬਾਬੇ ਦਾ ਸਿੱਖ ਬਣ ਗਿਆ। ਸੰਗਤੀਏ ਨੇ ਬਾਬਾ ਜੀ ਨੂੰ ਕਿਹਾ ਕਿ ਮੇਰੀ ਕੋਈ ਵੀ ਔਲਾਦ ਨਹੀਂ ਹੈ। ਇਸ ਤੇ ਹਸਤ ਲਾਲ ਜੀ ਨੇ ਕਿਹਾ ਕਿ ਇਹ ਸਾਰਾ ਪਿੰਡ ਤੇਰਾ ਹੀ ਹੈ ਤੇ ਇਹ ਪਿੰਡ ਤੇਰੇ ਹੀ ਨਾਂ ‘ਤੇ ਵਜੇਗਾ। ਇਸੇ ਕਰਕੇ ਇਸ ਪਿੰਡ ਦਾ ਨਾਂ ‘ਮੁਧੋਂ ਸੰਗਤੀਆ’ ਪੈ ਗਿਆ। ਪਿੰਡ ਵਿੱਚ ਬਾਬਾ ਹਸਤ ਲਾਲ ਦੀ ਜਗ੍ਹਾ ਵੀ ਹੈ। ਜਿਸ ਦੀ ਕਾਫੀ ਮਾਨਤਾ ਹੈ।
ਪਿੰਡ ਵਿੱਚ ਹਰੀਜਨਾਂ ਤੇ ਜੱਟਾਂ ਦੀ ਅਬਾਦੀ ਬਰਾਬਰ ਹੈ। ਪਿੰਡ ਦੇ 6 ਵਿਅਕਤੀਆਂ ਨੇ ਅਜ਼ਾਦ ਹਿੰਦ ਫੌਜ ਵਿੱਚ ਭਾਗ ਲਿਆ। ਪਿੰਡ ਵਿੱਚ ਸ਼ਹੀਦਾਂ ਦੀ ਸਮਾਧ ਹੈ ਜਿਹੜੇ ਕਿ ਮਿਸਲਾਂ ਅਤੇ ਜੈਨ ਖਾਂ ਦੀ ਲੜਾਈ ਵਿੱਚ ਮਾਰੇ ਗਏ ਸਨ। ਪਿੰਡ ਵਿੱਚ ਗੁੱਗਾ ਪੀਰ ਦੀ ਮਾੜੀ ਹੈ ਜਿੱਥੇ ਗੁੱਗਾ ਨੌਮੀ ਵਾਲੇ ਦਿਨ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ