ਸਿਆਲਵਾ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਸਿਆਲਵਾ, ਕੁਰਾਲੀ – ਖਿਜ਼ਰਾਬਾਦ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਕੁਰਾਲੀ ਤੋਂ 9 ਕਿਲੋਮੀਟਰ ਦੂਰ ਅਤੇ ਚੰਡੀਗੜ੍ਹ ਤੋਂ 20 ਕਿਲੋਮੀਟਰ ਦੂਰ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤੇਹਰਵੀਂ ਸਦੀ ਦੇ ਸ਼ੁਰੂ ਵਿੱਚ ਜੈਸਲਮੇਰ ਤੋਂ ਆਏ ਤਿੰਨ ਰਾਜਪੂਤ ਭਰਾਵਾਂ ਸਿਆਲ ਚੰਦ, ਫਤਿਹ ਚੰਦ ਅਤੇ ਅਕਬਰ ਚੰਦ ਨੂੰ ਇਹ ਥਾਂ ਵਧੀਆ ਚਰਾਂਦ ਤੇ ਸੁਰੱਖਿਅਤ ਹੋਣ ਕਾਰਨ ਜੱਚ ਗਈ ਅਤੇ ਉਹਨਾਂ ਇਹ ਪਿੰਡ ਘੋੜੇਵਾਹ ਪਹਾੜੀ ਰਾਜਪੂਤਾਂ ਤੋਂ ਖੋਹ ਕੇ ਇੱਥੇ ਬਣੇ ਕਿਲ੍ਹੇ ‘ਤੇ ਅਧਿਕਾਰ ਜਮਾ ਲਿਆ। ਸਿਆਲ ਚੰਦ ਦਹੀਆ ਦੇ ਨਾਂ ‘ਤੇ ਪਿੰਡ ਦਾ ਨਾਂ ਸਿਆਲਵਾ ਰੱਖਿਆ ਗਿਆ। ਉਦੋਂ ਇਹ ਪਿੰਡ 15 ਪਿੰਡਾਂ ਦੀ ਇੱਕ ਰਿਆਸਤ ਰਿਹਾ। ਬੰਦਾ ਬਹਾਦਰ ਦੀ ਸਰਹਿੰਦ ਫਤਿਹ ਉਪਰੰਤ ਇਸ ਇਲਾਕੇ ਵਿੱਚ ਸਿੱਖਾਂ ਦਾ ਪ੍ਰਭਾਵ ਵੱਧ ਗਿਆ। 1763 ਈਸਵੀ ਵਿੱਚ ਸਿੱਖਾਂ ਨੇ ਸਰਹਿੰਦ ਦੇ ਸੂਬੇਦਾਰ ਜੈਨ ਖਾਂ ਨੂੰ ਯੁੱਧ ਵਿੱਚ ਮਾਰ ਦਿੱਤਾ। ਇਸ ਤੋਂ ਬਾਅਦ ਰਿਆਸਤ ਸਿਆਲਵਾ ‘ਤੇ ਸਿੰਘਪੁਰੀਆ ਮਿਸਲ ਦੇ ਸਰਦਾਰ ਦੇਵਾ ਸਿੰਘ ਵਿਰਕ ਨੇ ਕਬਜ਼ਾ ਕਰ ਲਿਆ। ਦੇਵਾ ਸਿੰਘ ਦੇ ਲੜਕੇ ਨਰੈਣ ਸਿੰਘ ਨੇ ਪਿੰਡ ਦੇ ਦੱਖਣ ਵੱਲ ਇੱਕ ਹੋਰ ਕਿਲ੍ਹਾ, ਜੋ ਹੁਣ ਵੀ ਹੈ, ਤੇ ਪਿੰਡ ਵਿੱਚ ਇੱਕ ਠਾਕਰਦੁਆਰਾ ਬਣਵਾਇਆ। ਨਰੈਣ ਸਿੰਘ ਬੇਔਲਾਦ ਮਰਨ ਉਪਰੰਤ ਉਸ ਦੀ ਬੇਵਾ ਬਸੰਤ ਕੌਰ ਨੂੰ 10 ਹਜ਼ਾਰ ਰੁਪਏ ਸਲਾਨਾ ਪੈਨਸ਼ਨ ਦੇ ਕੇ ਅੰਗਰੇਜ਼ਾਂ ਨੇ ਇਸ ਇਲਾਕੇ ਨੂੰ ਆਪਣੇ ਰਾਜ ਨਾਲ ਮਿਲਾ ਲਿਆ। ਪਿੰਡ ਵਿੱਚ ਰਾਜਪੂਤ, ਖੱਤਰੀ, ਅਹਲੂਵਾਲੀਏ, ਸੈਂਸੀ, ਰਾਮਦਾਸੀਏ, ਲੁਹਾਰ, ਤਰਖਾਣ, ਨਾਈ, ਝਿਊਰ ਅਤੇ ਛੀਂਬੇ ਆਦਿ ਜਾਤਾਂ ਵੱਸਦੀਆਂ ਹਨ। ਕੁਝ ਘਰ ਮੁਸਲਮਾਨਾਂ ਦੇ ਹਨ। ਪਿੰਡ ਵਿੱਚ ਮਸਜਿਦ, ਗੁਰਦੁਆਰਾ, ਮੰਦਰ, ਲਾਲਾਂ ਵਾਲੇ ਪੀਰ ਅਤੇ ਪੀਰ ਨੱਥਣ ਸ਼ਾਹ ਦਾ ਮਜ਼ਾਰ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ