ਉਸਮਾਨ ਖੇੜਾ
ਸਥਿਤੀ :
ਤਹਿਸੀਲ ਅਬਹੋਰ ਦਾ ਪਿੰਡ ਉਸਮਾਨ ਖੇੜਾ, ਅਬੋਹਰ – ਗੰਗਾ ਨਗਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਸ੍ਰੀ ਗੰਗਾ ਨਗਰ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲੁਬਾਣੇ ਗੋਤ ਦੇ ਮੁਸਲਮਾਨ ਉਸਮਾਨ ਖਾਂ ਨੇ ਅੱਜ ਤੋਂ ਲਗਭਗ ਦੋ ਸੌ ਸਾਲ ਪਹਿਲਾਂ ਬੱਧਾ ਸੀ ਤੇ ਪਿੰਡ ਦਾ ਨਾਂ ਵੀ ਆਪਣੇ ਨਾਂ ‘ਤੇ ਹੀ ਰੱਖ ਲਿਆ ਸੀ। 1893 ਈ. ਵਿੱਚ ਫੂਲ ਮਹਿਰਾਜ ਦੇ ਰਹਿਣ ਵਾਲੇ ਔਲਖ ਗੋਤ ਦੇ ਜੱਟਾਂ, ਲਾਲ ਸਿੰਘ, ਪੰਜਾਬ ਸਿੰਘ ਤੇ ਭਗਵਾਨ ਸਿੰਘ ਨੇ ਇੱਥੇ ਜ਼ਮੀਨ ਖਰੀਦ ਲਈ ਤੇ ਉਹਨਾਂ 1907 ਈ. ਵਿੱਚ ਇੱਥੇ ਆ ਡੇਰੇ ਲਾਏ। ਜਾਤੀ ਭੇਦ ਕਾਰਨ ਸਿੱਖਾਂ ਨੇ ਆਪਣੀ ਢਾਣੀ ਚਾਰ ਸੌ ਗਜ਼ ਦੀ ਵਿੱਥ ‘ਤੇ ਕਾਇਮ ਕੀਤੀ। ਦੇਸ਼ ਦੀ ਵੰਡ ਸਮੇਂ ਅਸਲੀ ਉਸਮਾਨ ਖੇੜਾ ਬਿਲਕੁਲ ਉਜੜ ਗਿਆ ਤੇ ਉਹਨਾਂ ਦੀ ਥਾਂ ਜ਼ਿਲ੍ਹਾ ਲਾਹੌਰ ਤੋਂ ਸੰਧੂ ਜੱਟਾਂ ਨੇ ਜ਼ਮੀਨ ਅਲਾਟ ਕਰਵਾਈ ਅਤੇ ਆਪਣੀ ਆਬਾਦੀ ਸਿੱਖਾਂ ਦੀ ਆਬਾਦੀ ਕੋਲ ਹੀ ਕੀਤੀ ਤੇ ਮੁਸਲਮਾਨਾਂ ਦੀ ਆਬਾਦੀ ਵਾਲੀ ਥਾਂ ਇੱਕ ਥੇਹ ਬਣ ਕੇ ਰਹਿ ਗਈ। ਜੱਟ ਸਿੱਖਾਂ ਤੋਂ ਬਿਨ੍ਹਾਂ ਪਿੰਡ ਵਿੱਚ ਰਾਏ ਸਿੱਖ, ਨਾਇਕ ਹਰੀਜਨ ਵੀ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ