ਗੁਰਾਇਆ
ਸਥਿਤੀ :
ਇਹ ਜ਼ਿਲ੍ਹਾ ਜਲੰਧਰ ਦੀ ਇੱਕ ਸੱਬ ਤਹਿਸੀਲ ਹੈ। ਇਹ ਲੁਧਿਆਣਾ – ਜਲੰਧਰ ਸੜਕ ‘ਤੇ ਸਥਿਤ ਜਲੰਧਰ ਤੋਂ 31 ਕਿਲੋ ਮੀਟਰ ਤੇ ਲੁਧਿਆਣਾ ਤੋਂ 26 ਕਿਲੋ ਮੀਟਰ ਦੂਰੀ ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਅੱਜ ਤੋਂ ਕੋਈ 375 ਸਾਲ ਪਹਿਲਾਂ ਇਹ ਇੱਕ ਨਿੱਕਾ ਜਿਹਾ 20 ਕੁ ਘਰਾਂ ਦਾ ਪਿੰਡ ਸੀ। ਬਜ਼ੁਰਗਾਂ ਮੁਤਾਬਕ ਇੱਥੇ ਪਹਿਲੇ ਢਿੱਲੋਂ ਗੋਤ ਦੇ ਲੋਕ ਆ ਕੇ ਵੱਸੇ। ਇੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਆਏ ਤੇ ਇੱਥੇ ਰਹਿੰਦੇ ਥੋੜੇ ਜਹੇ ਲੋਕਾਂ ਨੇ ਬੇਨਤੀ ਕੀਤੀ ਕਿ ਇੱਥੇ ਤਾਂ ਲੋਕ ਦਿਨੇ ਹੀ ਲੁੱਟ ਲੈਂਦੇ ਹਨ, ਤਾਂ ਗੁਰੂ ਜੀ ਨੇ ਆਖਿਆ ਕਿ ਤੁਸੀਂ ਬਾਹਰੋਂ ਆਏ ਗਰੀਬ ਗੁਰਬਿਆਂ ਨੂੰ ਪ੍ਰਸ਼ਾਦ ਛਕਾਇਆ ਕਰੋ, ਸਭ ਠੀਕ ਹੋ ਜਾਵੇਗਾ। ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਲੋਕਾਂ ਨੇ ਸੋਚਿਆ ਕਿ ਹੁਣ ਇਸ ਅਬਾਦੀ ਦਾ ਕੀ ਨਾਂ ਰੱਖਿਆ ਜਾਵੇ ਕਿਉਂਕਿ ਲੁੱਟ ਵਾਲੇ ਘੱਟ ਗਏ ਤੇ ਅਬਾਦੀ ਵੀ ਵੱਧ ਗਈ। ਕੁਝ ਸਿਆਣਿਆਂ ਨੇ ਸੁਝਾਇਆ ਕਿ ਇਸ ਦਾ ਨਾਂ ‘ਗੁਰ ਆਇਆ’ ਰੱਖਿਆ ਜਾਵੇ। ਸੋ ‘ਗੁਰ ਆਇਆ’ ਤੋਂ ਹੁਣ ਗੁਰਾਇਆ ਨਾਂ ਮਸ਼ਹੂਰ ਹੋ ਗਿਆ ਹੈ। ਸੰਨ 1928 ਤੱਕ ਇਹ 300 ਘਰਾਂ ਦਾ ਨਿੱਕਾ ਜਿਹਾ ਪਿੰਡ ਸੀ। ਦੂਸਰੀ ਧਾਰਨਾ ਇਹ ਹੈ ਕਿ ਗੁਰਾਇਆ ਗੋਤ ਤੋਂ ਪਿੰਡ ਦਾ ਨਾਂ ਪਿਆ।
ਇੱਥੇ ਇੱਕ ਪ੍ਰਾਚੀਨ ਮੰਦਰ (ਰਿਸ਼ੀ ਕੁਟੀਆ) ਹੈ। ਇਹ ਨਗਰ ਹੁਣ ਇੰਡਸਟਰੀ ਦਾ ਵੱਡਾ ਕੇਂਦਰ ਬਣ ਚੁੱਕਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ