ਡੱਲੀ
ਸਥਿਤੀ :
ਇਹ ਪਿੰਡ ਡੱਲੀ ਭੋਗਪੁਰ ਸ਼ਹਿਰ ਦੇ ਬਹੁਤ ਨੇੜੇ ਹੈ। ਜਲੰਧਰ -ਪਠਾਨਕੋਟ ਰਾਜਮਾਰਗ ਤੇ ਭੋਗਪੁਰ ਤੋਂ ਜਲੰਧਰ ਵੱਲ 2 ਕਿਲੋਮੀਟਰ ਦੀ ਦੂਰੀ ਤੇ ਸੜਕ ਦੇ ਪੱਛਮ ਵੱਲ ਇਹ ਪਿੰਡ ਡੱਲੀ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕਾਫੀ ਪੁਰਾਣਾ ਵੱਸਿਆ ਦੱਸਿਆ ਜਾਂਦਾ ਹੈ। ਡੱਲੀ ਪਿੰਡ ਤੋਂ ਥੋੜ੍ਹੀ ਦੂਰੀ ਤੇ ਪਿੰਡ ਡੱਲਾ ਵਸਿਆ ਹੋਇਆ ਹੈ। ਡੱਲੇ ਗੋਤ ਦੇ * ਇੱਕ ਮੁਸਲਮਾਨ ਭੈਣ ਭਰਾ ਨੇ ਇਹ ਪਿੰਡ ਵਸਾਏ, ਭਰਾ ਨੇ ਪਿੰਡ ਡੱਲਾ’ ਵਸਾਇਆ ਅਤੇ ਭੈਣ ਨੇ ਪਿੰਡ ‘ਡੱਲੀ’ ਵਸਾਇਆ। ਪਿੰਡ ਦੇ ਬਹੁਤੇ ਲੋਕ ਅਜ਼ਾਦੀ ਤੋਂ ਬਾਅਦ ਇੱਥੇ ਆਏ ਹਨ ਇਸ ਕਰਕੇ ਪਿੰਡ ਦੇ ਇਤਿਹਾਸ ਬਾਰੇ ਕਿਸੇ ਨੂੰ ਵੀ ਬਹੁਤੀ ਜਾਣਕਾਰੀ ਨਹੀਂ ਹੈ। ਪਿੰਡ ਵਿੱਚ ਇੱਕ ਬਹੁਤ ਪੁਰਾਣੀ ਡਿਉਡੀ ਵੀ ਮੌਜੂਦ ਹੈ। ਪਹਿਲੇ ਪਹਿਲ ਇਹ ਡਿਉਡੀ ਪਿੰਡ ਦਾ ਮੁੱਖ ਦੁਆਰ ਹੁੰਦੀ ਸੀ ਪਰ ਵਸੋਂ ਵੱਧਣ ਨਾਲ ਇਹ ਪਿੰਡ ਦੇ ਵਿਚਕਾਰ ਆ ਗਈ ਹੈ।
ਪਿੰਡ ਵਿੱਚ ਇੱਕ ਬਹੁਤ ਵਿਸ਼ਾਲ ਗੁਰਦੁਆਰਾ ਹੈ ਜੋ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੇਵਕ ਬਾਬਾ ਬਦੋਆਣਾ ਦੀ ਯਾਦ ਵਿੱਚ ਬਣਾਇਆ ਗਿਆ ਹੈ। ਬਹੁਤ ਸਮਾਂ ਪਹਿਲਾਂ ‘ਗੁਰੂ ਦੇ ਕੱਧਾਲੇ’ ਦੀ ਲੜਾਈ ਵਿੱਚ ਬਾਬਾ ਬਦੋਆਣਾ ਜ਼ਖਮੀ ਹੋ ਗਏ ਤੇ ਘੋੜੇ ਤੇ ਚੜ੍ਹ ਕੇ ਇਧਰ ਨੂੰ ਆ ਰਹੇ ਸਨ ਕਿ ਡੱਲੀ ਪਿੰਡ ਦੇ ਬਾਹਰ ਜੰਗਲ ਹੋਣ ਕਰਕੇ ਉਹਨਾਂ ਦੇ ਘੋੜੇ ਨੂੰ ਸੱਪ ਲੜ ਗਿਆ ਤੇ ਉਹ ਮਰ ਗਿਆ। ਬਾਬਾ ਬਦੋਆਣਾ ਨੇ ਵੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਹਜੂਰ ਮੈਨੂੰ ਵੀ ਹੁਣ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ। ਇਸ ਤਰ੍ਹਾਂ ਬਾਬਾ ਜੀ ਵੀ ਇੱਥੇ ਹੀ ਸਵਰਗਵਾਸ ਹੋ ਗਏ। ਪਿੰਡ ਡੱਲੀ ਵਿੱਚ ਉਹਨਾਂ ਦੀ ਸਮਾਧ ਬਣਾਈ। ਗਈ। ਪਿੰਡ ਵਾਸੀਆਂ ਨੇ ਉੱਦਮ ਕਰਕੇ ਬਾਬਾ ਬਦੋਆਣਾ ਦੀ ਯਾਦ ਵਿੱਚ ਇੱਕ ਵਿਸ਼ਾਲ ਗੁਰਦੁਆਰਾ ਬਣਾਇਆ ਹੈ। ਪਿੰਡ ਵਿੱਚ ਜ਼ਿਆਦਾ ਲੋਕ ਸੈਣੀ ਬਰਾਦਰੀ ਦੇ ਹਨ। ਵਿਦਿਅਕ ਪੱਖੋਂ ਇਹ ਪਿੰਡ ਬਹੁਤ ਵਿਕਸਤ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ