Bhungarni Village History | ਭੁੰਗਰਨੀ ਪਿੰਡ ਦਾ ਇਤਿਹਾਸ

ਭੁੰਗਰਨੀ

ਕਰਾਂਤੀਕਾਰੀ ਦੇਸ਼ ਭਗਤਾਂ ਦਾ ਪਿੰਡ

ਪਿੰਡ ਭੁੰਗਰਨੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦ ਬਸਤ ਨੰਬਰ 283 ਹੈ। ਇਸ ਦਾ ਰਕਬਾ 491 ਹੈਕਟੇਅਰ ਹੈ। ਹੁਸ਼ਿਆਪੁਰ ਜ਼ਿਲ੍ਹੇ ਦੇ ਵੱਡੇ ਅਤੇ ਮਸ਼ਹੂਰ ਪਿੰਡਾਂ ਵਿੱਚੋਂ ਇਹ ਇੱਕ ਕਰਾਂਤੀਕਾਰੀ ਦੇਸ਼ ਭਗਤਾਂ ਦਾ ਪਿੰਡ ਹੈ। ਇਸ ਪਿੰਡ ਬਾਰੇ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 919 ‘ਤੇ ਲਿਖਿਆ ਹੈ

“ਜ਼ਿਲ੍ਹਾ ਅਤੇ ਤਹਿਸੀਲ ਹੁਸ਼ਿਆਰਪੁਰ ਦਾ ਇੱਕ ਪਿੰਡ ਭੁੰਗਰਨੀ, ਜੋ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ਦਸ ਮੀਲ ਦੱਖਣ ਵੱਲ ਹੈ। ਇਸ ਪਿੰਡ ਦੀ ਆਬਾਦੀ ਵਿੱਚ ਗੁਰੂ ਹਰਿ ਰਾਏ ਸਾਹਿਬ ਦਾ ਗੁਰਦੁਆਰਾ ਹੈ। ਇੱਥੋਂ ਦੇ ਰਾਜਪੂਤਾਂ ਨੇ ਗੁਰੂ ਸਾਹਿਬ ਨੂੰ ਕਈ ਦਿਨ ਪ੍ਰੇਮ ਨਾਲ ਠਹਿਰਾਇਆ ਅਤੇ ਉਪਦੇਸ਼ ਸੁਣਿਆ।”

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਹਰਿ ਰਾਏ ਸਾਹਿਬ ਨੂੰ ਆਖਿਆ ਸੀ ਕਿ ਉਹ ਆਪਣੇ ਨਾਲ ਹਰ ਸਮੇਂ 2200 ਘੋੜ ਸਵਾਰ ਸ਼ਸਤਰਧਾਰੀ ਰੱਖਣ। ਸੋ ਗੁਰੂ ਹਰਿ ਰਾਏ ਸਾਹਿਬ ਦੇ ਆਉਣ ਨਾਲ ਐਨੇ ਘੋੜਿਆਂ, ਫੌਜ ਅਤੇ ਹੋਰ ਸ਼ਰਧਾਲੂਆਂ ਦੀ ਸੇਵਾ ਸੰਭਾਲ ਕਰਨੀ ਆਮ ਬੰਦਿਆਂ ਲਈ ਸੌਖੀ ਨਹੀਂ ਸੀ। ਇਸ ਪਿੰਡ ਦੇ ਰਾਜਪੂਤ ਉਸ ਸਮੇਂ ਵੀ ਕਾਫ਼ੀ ਖੁਸ਼ਹਾਲ ਸਨ। ਸਿੱਖ ਮਿਸਲਾਂ ਦੇ ਸਮੇਂ ਇਹ ਪਿੰਡ ਕਰੋੜ ਸਿੰਘੀਆਂ ਮਿਸਲ ਦੇ ਸਰਦਾਰ ਬਘੇਲ ਸਿੰਘ ਦੇ ਅਧੀਨ ਸੀ, ਜਿਸ ਨੇ ਹਰਿਆਣਾ (ਹੁਸ਼ਿਆਰਪੁਰ ਤੋਂ ਦਸੂਹੇ ਵਾਲੀ ਸੜਕ ‘ਤੇ 10 ਮੀਲ ਦੂਰ) ਨੂੰ ਆਪਣੀ ਰਾਜਧਾਨੀ ਬਣਾਇਆ ਸੀ।

Bhungarni Village History | ਭੁੰਗਰਨੀ ਪਿੰਡ ਦਾ ਇਤਿਹਾਸ

ਸਰਕਾਰ ਬਘੇਲ ਸਿੰਘ ਦੀ ਫ਼ੌਜ ਵਿੱਚ ਇਸ ਇਲਾਕੇ ਦੇ ਬਹੁਤ ਸਾਰੇ ਰਾਜਪੂਤ ਸਨ, ਖਾਸ ਤੌਰ ‘ਤੇ ਪਿੰਡ ਚੁਖਿਆਰਾ ਜ਼ਿਲ੍ਹਾ ਜਲੰਧਰ ਦੇ ਤਿੰਨ ਸਕੇ ਭਰਾ ਜੀਵਨ ਸਿੰਘ, ਕਰਮ ਸਿੰਘ ਅਤੇ ਭਾਗ ਸਿੰਘ। ਸਰਦਾਰ ਬਘੇਲ ਸਿੰਘ ਨੇ ਜਦੋਂ ਸੰਮਤ 1847 ਵਿੱਚ ਦਿੱਲੀ ਫਤਿਹ ਕੀਤੀ ਤਾਂ ਸਰਦਾਰ ਜੀਵਨ ਸਿੰਘ ਉਸ ਦੀ ਫ਼ੌਜ ਦਾ ਮੁੱਖ ਜਰਨੈਲ ਸੀ। ਐਚਟਰ-ਲੋਨੀ ਨਾਮੀ ਇੱਕ ਅੰਗਰੇਜ਼ ਅਫਸਰ ਨੇ ਇਸ ਸਮੇਂ ਦਿੱਲੀ ‘ਤੇ ਕਬਜ਼ਾ ਕਰਨਾ ਚਾਹਿਆ ਤਾਂ ਇਨ੍ਹਾਂ ਤਿੰਨਾਂ ਭਰਾਵਾਂ ਨੇ ਬੜੀ ਦਲੇਰੀ ਨਾਲ ਅੰਗਰੇਜ਼ ਫੌਜ ਨੂੰ ਹਰਾ ਦਿੱਤਾ। ਇਹਨਾਂ ਦੀ ਬਹਾਦਰੀ ਤੋਂ ਖੁਸ਼ ਹੋ ਕੇ ਬਘੇਲ ਸਿੰਘ ਨੇ ਇਹਨਾਂ ਨੂੰ ਇੱਕ ਲੱਖ ਰੁਪਏ ਸਾਲਾਨਾ ਦੀ ਜਗੀਰ ਜਲੰਧਰ ਦੁਆਬ ਵਿੱਚ ਦਿੱਤੀ। ਇਹਨਾਂ ਨੇ ਇਸ ਇਲਾਕੇ ਵਿੱਚ ਕਈ ਕਿਲ੍ਹੇ ਉਸਰਵਾਏ, ਜਿਨ੍ਹਾਂ ’ਚੋਂ ਮੁੱਖ ਪਿੰਡ ਚੁਖਿਆਰਾ, ਧੀਰਪੁਰ ਬੋਹਣ, ਦਿਹਾਣਾ, ਭੁੰਗਰਨੀ, ਹਾਰਟਾ, ਮੁਖਲੀਆਣਾ, ਹੇੜੀਆਂ, ਚੱਗਰਾਂ ਅਤੇ ਰਾਜੇਵਾਲ ਸਨ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਬਘੇਲ ਸਿੰਘ ਦੀ ਮਿਸਲ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਤਾਂ ਇਹਨਾਂ ਸਰਦਾਰਾਂ ਦੀ ਜਗੀਰ ਇੱਕ ਲੱਖ ਰੁਪਏ ਸਾਲਾਨਾ ਤੋਂ ਘਟਾ ਕੇ ਕੇਵਲ ਸੋਲਾਂ ਹਜ਼ਾਰ ਰੁਪਏ ਸਾਲਾਨਾ ਕਰ ਦਿੱਤੀ।

ਪਿੰਡ ਭੁੰਗਰਨੀ ਦੇ ਕਿਲ੍ਹੇ ਵਾਲੇ ਸ. ਸਰਦਾਰ ਜੀਵਨ ਸਿੰਘ ਸਰੋਆ ਦੇ ਹੀ ਰਿਸ਼ਤੇ-ਨਾਤੇ ਵਾਲੇ ਸਨ। ਅੱਜ ਵੀ ਇਲਾਕੇ ਵਿੱਚ ਇਹਨਾਂ ਨੂੰ ਕਿਲ੍ਹੇ ਵਾਲੇ ਸਰਦਾਰ ਹੀ ਕਹਿੰਦੇ ਹਨ। ਇਸੇ ਕਿਲ੍ਹੇ ਦੇ ਖੰਡਰਾਂ ਦੀਆਂ ਕੁਝ ਕੁ ਨਿਸ਼ਾਨੀਆਂ ਹੀ ਬਾਕੀ ਹਨ। ਅਗਲੀਆਂ ਪੀੜ੍ਹੀਆਂ ਨੇ ਕਿਲ੍ਹੇ ਵਾਲੀ ਥਾਂ ਵੰਡ ਵੰਡ ਕੇ ਆਪਣੇ ਮਕਾਨ ਬਣਾ ਲਏ। ਹਨ। ਦੱਸਦੇ ਹਨ ਕਿ ਭੁੰਗਰਨੀ ਦੇ ਸਰੋਆ ਸਰਦਾਰਾਂ ਨੇ ਬਾਬਾ ਸਾਹਿਬ ਸਿੰਘ ਬੇਦੀ ਤੋਂ ਅਮ੍ਰਿਤ ਛਕਿਆ ਸੀ। ਇਹਨਾਂ ਸਰਦਾਰਾਂ ਨੂੰ ਸਰਕਾਰ ਬਘੇਲ ਸਿੰਘ ਵੱਲੋਂ ਖਾਲਸਾਈ ਫ਼ੌਜਾਂ ਦੀ ਮਦਦ ਲਈ ਪਰਵਾਨੇ ਮਿਲਦੇ ਹੀ ਰਹਿੰਦੇ ਸਨ । ਇੱਕ ਪਰਵਾਨੇ ਵਿੱਚ ਇਹਨਾਂ ਨੂੰ ਮਾਹਲਪੁਰ ਵਿਖੇ ਖਾਲਸਾਈ ਫ਼ੌਜ ਲਈ ਪਾਣੀ, ਅਫੀਮ ਅਤੇ ਸ਼ਹਿਦ ਦਾ ਪ੍ਰਬੰਧ ਕਰਨ ਦਾ ਹੁਕਮ ਹੋਇਆ। ਮਾਹਲਪੁਰ ਵਿਖੇ ਅਦੀਨਾ ਬੇਗ ਅਤੇ ਸਿੰਘਾਂ ਵਿਚਕਾਰ ਜੰਗ ਹੋਈ ਸੀ, ਜਿਸ ਵਿੱਚ ਸਿੰਘ ਜੇਤੂ ਹੋਏ ਸਨ ਅਤੇ ਅਦੀਨਾ ਬੇਗ ਨੇ ਸਿੰਘਾਂ ਨੂੰ ਇਕ ਹਜ਼ਾਰ ਰੁਪਏ ਕੜਾਹ ਪ੍ਰਸ਼ਾਦ ਲਈ ਨਜ਼ਰਾਨਾ ਭੇਟ ਕਰਕੇ ਅਪਣੀ ਖਲਾਸੀ ਕਰਾਈ ਸੀ। ਅਫੀਮ ਅਤੇ ਸ਼ਹਿਦ ਦੀ ਵਰਤੋਂ ਜੰਗ ਵਿੱਚ ਫੱਟੜ ਹੋਇਆਂ ਦੇ ਜ਼ਮਖਾਂ ‘ਤੇ ਲਾਉਣ ਲਈ ਕੀਤੀ ਜਾਂਦੀ ਸੀ । ਇਸ ਤਰ੍ਹਾਂ ਦੇ ਬਹੁਤ ਸਾਰੇ ਪਰਵਾਨੇ ਫਾਰਸੀ ਲਿਪੀ ਵਿੱਚ ਲਿਖੇ ਹੋਏ ਸਨ, ਜੋ ਇਹਨਾਂ ਦਾ ਇੱਕ ਰਿਸ਼ਤੇਦਾਰ ਕਾਲਰੇ ਦਾ ਮਾਸਟਰ ਸੰਤੋਖ ਸਿੰਘ ਲੈ ਗਿਆ ਸੀ ਤੇ ਉਸ ਦੀ ਅਚਾਨਕ ਮੌਤ ਤੋਂ ਬਾਅਦ ਉਨ੍ਹਾਂ ਦੀ ਔਲਾਦ ਨੇ ਰੱਦੀ ਸਮਝ ਕੇ ਸੁੱਟ ਦਿੱਤੇ।

Bhungarni Village History | ਭੁੰਗਰਨੀ ਪਿੰਡ ਦਾ ਇਤਿਹਾਸ

ਭੁੰਗਰਨੀ ਪਿੰਡ ਵਿੱਚ ਸਰੋਆ, ਪਰਮਾਰ, ਪਰਹਾਰ ਅਤੇ ਮਿਨਹਾਸ ਗੋਤ ਦੇ ਰਾਜਪੂਤ ਹਨ। ਪਿੰਡ ਦੇ ਮੋਢੀ ਦਾ ਸਰੋਆ ਹੀ ਮੰਨੇ ਜਾਂਦੇ ਹਨ । ਬਾਕੀ ਦੇ ਤਾਂ ਆਪਣੇ ਨਾਨਕਿਆਂ ਦੀ ਜ਼ਮੀਨ ਮਿਲਣ ਕਰਕੇ ਹੀ ਆਏ ਹਨ। ਪਰਹਾਰ ਗੋਤ ਵਾਲੇ ਪਿੰਡ ਕਰਨਾਣਾ ਜ਼ਿਲ੍ਹਾ ਨਵਾਂਸ਼ਹਿਰ ਤੋਂ ਆ ਕੇ ਵਸਣ ਬਾਰੇ ਆਪ ਹੀ ਦੱਸਦੇ ਹਨ।

ਇਸ ਪਿੰਡ ਦੇ ਮੋਢੀ ਗੋਤ ਸਰੋਆ ਦੇ ਸਨ । ਸਰੋਆ ਚੌਹਾਨ ਵੰਸ਼ ਦੀ ਹੀ ਇੱਕ ਸ਼ਾਖ ਹੈ। ਗੁਜਰਾਤੀ ਭਾਸ਼ਾ ਵਿੱਚ ਸਿਰੋਹੀ ਦਾ ਅਰਥ ਤਲਵਾਰ ਹੈ। ਦੇਵ ਰਾਜ ਚੌਹਾਨ ਨਾਮੀ ਇੱਕ ਰਾਜਪੂਤ ਨੇ ਆਬੂ ਸ਼ਹਿਰ ਤੋਂ 40 ਕੋਹ ਦੀ ਦੂਰੀ ‘ਤੇ ਤਲਵਾਰ ਦੇ ਜ਼ੋਰ ਨਾਲ ਇੱਕ ਨਗਰ ਜਿੱਤਿਆ ਅਤੇ ਇਸ ਦਾ ਨਾਂਅ ਸਿਰੋਹੀ ਰੱਖਿਆ। ਉਸ ਦੀ ਔਲਾਦ ਨੂੰ ਸਿਰੋਹੀਆ ਆਖਣ ਲੱਗ ਪਏ, ਜੋ ਬੋਲਣ ਵਿੱਚ ਸਿਰੋਆ ਹੋ ਗਿਆ।

ਹੁਸ਼ਿਆਰਪੁਰ ਸਿੰਘ ਦੁਲੇਹ ਦੀ ਪੁਸਤਕ ‘ਜੱਟਾਂ ਦਾ ਇਤਿਹਾਸ ਦੇ ਪੰਨਾ 113 ਅਨੁਸਾਰ “ਸ਼ਾਹ ਸਰੋਆ ਦੇ ਪੰਜ ਪੁੱਤਰ ਸੰਘਾ ਮੱਲ੍ਹੀ, ਢਿੱਲੋਂ, ਢੀਂਡਸੇ ਅਤੇ ਦੁਸਾਂਝ ਸਨ, ਜਿਨ੍ਹਾਂ ਤੋਂ ਜੱਟਾਂ ਦੇ ਇਹ ਪੰਜ ਮਸ਼ਹੂਰ ਗੋਤ ਹਨ।”

ਸਮਾਂ ਪਾ ਕੇ ਭੂਪ ਸਿੰਘ ਸਰੋਆ ਨਾਮੀਂ ਰਾਜਾ ਪੰਜ ਸੌ ਸਵਾਰ ਲੈ ਕੇ ਦੁਆਬਾ ਵਿੱਚ ਆਇਆ ਅਤੇ ਰਾਜਾ ਸਹਾਏ ਚੰਦ ਜਸਵਾਲ ਕੋਲ ਨੌਕਰੀ ਕਰ ਲਈ। ਕਿਸੇ ਲੜਾਈ ਵਿੱਚ ਭੂਪ ਸਿੰਘ ਮਾਰਿਆ ਗਿਆ ਅਤੇ ਉਸ ਦੀ ਔਲਾਦ ਇੱਕ ਦੁੱਧ ਪੀਂਦਾ ਲੜਕਾ ਗੋਪਾਲ ਸਿੰਘ ਹੀ ਸੀ। ਡਰੋਲੀ ਕਲਾਂ ਜ਼ਿਲ੍ਹਾ ਜਲੰਧਰ ਦੇ ਉਸ ਦੇ ਰਿਸ਼ਤੇਦਾਰ ਇਸ ਬੱਚੇ ਨੂੰ ਆਪਣੇ ਪਾਸ ਲੈ ਆਏ ਅਤੇ ਬੜੀ ਅੱਛੀ ਤਰ੍ਹਾਂ ਉਸ ਦੀ ਪਾਲਣਾ- ਪੋਸ਼ਣਾਂ ਕੀਤੀ। ਵੱਡਾ ਹੋ ਕੇ ਗੋਪਾਲ ਸਿੰਘ ਹਰ ਤਰ੍ਹਾਂ ਲਾਇਕ ਨਿਕਲਿਆ । ਡਰੋਲੀ ਕਲਾਂ ਵਾਲਿਆਂ ਨੇ ਆਪਣੀ ਜਗੀਰ ਵਿੱਚੋਂ ਉਸ ਨੂੰ ਕੁਝ ਜ਼ਮੀਨ ਗੁਜ਼ਾਰੇ ਲਈ ਦੇ ਦਿੱਤੀ ਅਤੇ ਉਸ ਨੇ ਪਿੰਡ ਚੁਖਿਆਰਾ ਦੀ ਨੀਂਹ ਰੱਖੀ। ਲੇਖਕ ਤਿੰਨ ਕੁ ਸਾਲ ਪਹਿਲਾਂ ਕਸਬਾ ਅੰਬ ਵਿਖੇ ਰਿਆਸਤ ਜਸਵਾਂ ਦੇ ਮੌਜੂਦਾ ਰਾਜਾ ਨੂੰ ਮਿਲਣ ਗਏ ਤਾਂ ਸਰੋਆ ਗੋਤ ਦੇ ਜਠੇਰਿਆਂ ਦੀ ਜਗ੍ਹਾ ਦੇਖੀ।

ਪੰਜਾਬ ਦੇ ਮਾੜੇ ਦਿਨਾਂ ਵਿੱਚ ਸ. ਗੁਰਚਰਨ ਸਿੰਘ ਟੌਹੜਾ ‘ਤੇ ਅੱਤਵਾਦੀਆਂ ਨੇ ਗੋਲੀਆਂ ਦੀ ਵਾਛੜ ਕੀਤੀ ਤਾਂ ਉਨ੍ਹਾਂ ਦਾ ਅੰਗ ਰੱਖਿਅਕ ਉਨ੍ਹਾਂ ਦੇ ਉੱਪਰ ਲਿਟ ਗਿਆ ਅਤੇ ਸਾਰੀਆਂ ਗੋਲੀਆਂ ਉਸ ਦੇ ਸਰੀਰ ‘ਤੇ ਲੱਗੀਆਂ ਤੇ ਸ੍ਰੀ ਟੌਹੜਾ ਸਾਹਿਬ ਬਚ ਗਏ। ਇਹ ਜਵਾਨ ਚੁਖਿਆਰਾ ਪਿੰਡ ਦਾ ਸਰੋਆ ਰਾਜਪੂਤ ਸੀ।

Bhungarni Village History | ਭੁੰਗਰਨੀ ਪਿੰਡ ਦਾ ਇਤਿਹਾਸ

ਭੁੰਗਰਨੀ ਪਿੰਡ ਦੀਆਂ ਦੋ ਹੀ ਪੱਤੀਆਂ ਹਨ। ਪੱਤੀ ਰਾਜਪੂਤਾਂ ਅਤੇ ਪੱਤੀ ਸੈਣੀਆਂ। ਰਾਜਪੂਤਾਂ ਨਾਲੋਂ ਸੈਣੀਆਂ ਦੀ ਗਿਣਤੀ ਤਿੰਨ ਗੁਣਾ ਹੈ। ਇਸ ਪਿੰਡ ਦੇ ਸੈਣੀ ਬਹੁਤ ਹੀ ਮਿਹਨਤੀ ਹਨ ਅਤੇ ਬਹੁਤੇ ਤਾਂ ਵਿਦੇਸ਼ਾਂ ਨੂੰ ਚਲੇ ਗਏ ਹਨ। ਸੰਨ 1947 ਤੋਂ ਪਹਿਲਾਂ ਕੁਝ ਘਰ ਮੁਸਲਮਾਨ ਅਰਾਈਆ ਦੇ ਵੀ ਹੁੰਦੇ ਸਨ, ਜੋ ਸੁੱਖ ਸਵੀਲੀ ਪਾਕਿਸਤਾਨ ਨੂੰ ਚਲੇ ਗਏ ਸਨ। ਇਤਿਹਾਸਕ ਗੁਰਦੁਆਰਾ ਗੁਰੂ ਹਰਿ ਰਾਏ ਵਾਲੀ ਥਾਂ ‘ਤੇ ਇਹ ਵੀ ਕਿ ਇੱਕ ਜਗ੍ਹਾ ਬਣਾ ਕੇ ਉੱਥੇ ਚਰਾਗ ਜਗਾਉਂਦੇ ਹੁੰਦੇ ਸਨ। ਗੁਰਦਵਾਰਾ ਸਾਹਿਬ ਉਸਾਰਨ ਵਿੱਚ ਇਨ੍ਹਾਂ ਨੇ ਅੜਚਨ ਪਾਈ ਅਤੇ ਕੇਸ ਅਦਾਲਤ ਵਿੱਚ ਲੈ ਗਏ। ਕੇਸ ਲਾਹੌਰ ਹਾਈਕੋਰਟ ਤੱਕ ਗਿਆ ਤਾਂ ਅਰਾਈਆਂ ਦੇ ਨੰਬਰਦਾਰ ਰਹਿਮਤ ਅਲੀ ਨੇ ਬਿਆਨ ਦੇ ਦਿੱਤਾ ਕਿ ਇਹ ਜਗ੍ਹਾ ਸਿੱਖਾਂ ਦੀ ਹੈ ਤੇ ਉਨ੍ਹਾਂ ਨੂੰ ਹੀ ਦੇ ਦਿੱਤੀ ਜਾਵੇ। ਇਸ ਵੇਲੇ ਜਗ੍ਹਾ ‘ਤੇ ਬਹੁਤ ਹੀ ਸ਼ਾਨਦਾਰ ਗੁਰਦਵਾਰਾ ਸਾਹਿਬ ਹੈ, ਜਿਸ ਵਿੱਚ ਪਿੰਡ ਦੇ ਵਿਦੇਸ਼ ਵੱਸਦੇ ਲੋਕਾਂ ਦਾ ਵੱਡਾ ਯੋਗਦਾਨ ਹੈ। ਪਿੰਡ ਵਿੱਚ ਪੰਦਰਾਂ- ਵੀਹ ਘਰ ਸਾਂਹਸੀਆਂ ਦੇ ਵੀ ਹਨ।

ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਵਿੱਚ ਇਸ ਪਿੰਡ ਦਾ ਵਿਸ਼ੇਸ਼ ਥਾਂ ਹੈ ਆਈ ਐੱਨ ਏ ਵਿੱਚ ਸ਼ਾਮਿਲ ਹੋਣ ਵਾਲੇ ਹੇਠ ਲਿਖੇ ਸਨ:

  1. ਬਿਕ੍ਰਮਾ ਸਿੰਘ ਪੁੱਤਰ ਪ੍ਰਦੁਮਣ ਸਿੰਘ
  2. ਕਿਸ਼ਨ ਸਿੰਘ ਪੁੱਤਰ ਪ੍ਰਦੁਮਣ ਸਿੰਘ
  3. ਬਿਸ਼ਨ ਸਿੰਘ ਪੁੱਤਰ ਜਮੀਅਤ ਸਿੰਘ
  4. ਕਰਤਾਰ ਸਿੰਘ ਪੁੱਤਰ ਪੰਜਾਬ ਸਿੰਘ
  5. ਲੱਖਾ ਸਿੰਘ ਪੁੱਤਰ ਜਵਾਲਾ ਸਿੰਘ

ਬਿਕਰਮਾ ਸਿੰਘ ਪੁੱਤਰ ਪ੍ਰਦੁਮਣ ਸਿੰਘ ਮਸ਼ਹੂਰ ਕਾਮਰੇਡ ਜਰਨੈਲ ਸਿੰਘ ਦੇ ਵੱਡੇ ਭਰਾ ਸਨ। ਬਿਕਰਮਾ ਸਿੰਘ ਸਿੰਘਾਪੁਰ ਵਿਖੇ ਠੇਕੇਦਾਰ ਸਨ । ਉਹ ਆਪਣਾ ਕਾਰੋਬਾਰ ਛੱਡ ਕੇ ਸੁਭਾਸ਼ ਚੰਦਰ ਬੋਸ ਨਾਲ ਮਿਲ ਕੇ ਹੋਰ ਹਿੰਦੁਸਤਾਨੀਆਂ ਨੂੰ ਆਜ਼ਾਦੀ ਦੀ ਲਹਿਰ ਨਾਲ ਜੋੜਨ ਵਿੱਚ ਜੁਟ ਗਏ। ਉਹ ਸੁਭਾਸ਼ ਚੰਦਰ ਬੋਸ ਦੇ ਪੀ ਏ ਸਨ । ਮੌਲਾਨਾ ਅਬੁਲ ਕਲਾਮ ਆਜ਼ਾਦ ਮੈਮੋਰੀਅਲ ਅਜਾਇਬ ਘਰ ਦਿੱਲੀ ਵਿਖੇ ਨੇਤਾ ਜੀ ਦੇ ਨਾਲ ਸ. ਬਿਕਰਮਾ ਸਿੰਘ ਦੀ ਫੋਟੋ ਵੀ ਹੈ। ਉਨ੍ਹਾਂ ਆਪਣੇ ਦੋਸਤਾਂ-ਮਿੱਤਰਾਂ ਤੋਂ ਆਈ ਐੱਨ ਏ. ਲਈ ਧਨ ਵੀ ਹਾਸਲ ਕੀਤਾ। ਓ ਪੀ ਰਲਹਣ ਦੀ “ਹੁਸ਼ਿਆਰਪੁਰ ਦੇ ਹੀਰੋ” ਨਾਮੀਂ ਪੁਸਤਕ ਦੇ ਪੰਨਾ 230 ਅਨੁਸਾਰ ਬੇਅੰਤ ਸਿੰਘ ਪੁੱਤਰ ਮੁਣਸ਼ੀ ਰਾਮ ਪਿੰਡ ਨਡਾਲੋਂ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੋ ਹਜ਼ਾਰ ਡਾਲਰ ਫੰਡ ਲਈ ਦਿੱਤਾ । ਇਸ ਤਰ੍ਹਾਂ ਸ. ਬਿਕਰਮਾ ਸਿੰਘ ਨੇ ਫੰਡ ਇਕੱਠਾ ਕਰਨ ਲਈ ਆਪਣਾ ਪੂਰਾ ਜ਼ੋਰ ਲਾਇਆ । ਸ. ਬਿਕਰਮਾ ਸਿੰਘ ਤੋਂ ਛੋਟੇ ਭਰਾ ਸ. ਕਿਸ਼ਨ ਸਿੰਘ ਦਾ ਨਾਂਅ ਲਖਨਊ ਬੰਬ ਕੇਸ ਵਿੱਚ ਸੀ ਤਾਂ ਉਹ ਹੁਸ਼ਿਆਰੀ ਨਾਲ ਸਿੰਘਾਪੁਰ ਚਲੇ ਗਏ। ਉੱਥੇ ਉਹ ਦੇਸ਼ ਦੀ ਆਜ਼ਾਦੀ ਦੇ ਕਾਰਜ ਵਿੱਚ ਹੀ ਰੁਝੇ ਰਹੇ।

ਸੰਨ 1942 ਵਿੱਚ ਜਦੋਂ ਉਹ ਵਾਪਸ ਆਏ ਤਾਂ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਸਭ ਤੋਂ ਛੋਟੇ ਭਰਾ ਕਾਮਰੇਡ ਜਰਨੈਲ ਸਿੰਘ ਦੀਆਂ ਰਗਾਂ ਵਿੱਚ ਵੀ ਕ੍ਰਾਂਤੀਕਾਰੀ ਖੂਨ ਸੀ । ਉਹ ਸ਼ੁਰੂ ਤੋਂ ਹੀ ਕਮਿਊਨਿਸਟ ਪਾਰਟੀ ਨਾਲ ਜੁੜੇ ਸਨ ਅਤੇ ਆਖਰੀ ਦਮ ਤੱਕ ਪਾਰਟੀ ਦੇ ਵਫਾਦਾਰ ਰਹੇ। ਉਨ੍ਹਾਂ ਤਕਰੀਬਨ 18 ਸਾਲ ਜੇਲ੍ਹ ਕੱਟੀ। ਸਰਕਾਰ ਨੇ ਉਨ੍ਹਾਂ ਨੂੰ ਪੈਨਸ਼ਨ ਦੀ ਪੇਸ਼ਕਸ ਕੀਤੀ, ਪਰ ਉਨ੍ਹਾਂ ਠੁਕਰਾ रिंडी।

ਸ. ਪ੍ਰਤਾਪ ਸਿੰਘ ਕੈਰੋਂ ਪਿੰਡ ਮੋਨਾ ਕਲਾਂ ਆਏ ਅਤੇ ਕਾਮਰੇਡ ਨੂੰ ਸੁਨੇਹਾ ਭੇਜਿਆ ਕਿ ਤੁਹਾਡੇ ਸਾਥੀ ਠਾਕਰ ਵਰਿਆਮ ਸਿੰਘ ਊਨੇ ਵਾਲੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ, ਤੁਸੀਂ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਜਾਓ। ਤੁਹਾਨੂੰ ਕੋਈ ਚੰਗਾ ਅਹੁਦਾ ਦਿੱਤਾ ਜਾਵੇਗਾ । ਕਾਮਰੇਡ ਨੇ ਆਪਣੀ ਪਾਰਟੀ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਤ ਕਿਸ਼ੋਰੀ ਲਾਲ, ਕਾਮਰੇਡ ਚਰਨ ਸਿੰਘ ਲੁਟੇਰਾ ਕਲਾਂ, ਹਰਕਿਸ਼ਨ ਸਿੰਘ ਸੁਰਜੀਤ, ਬਾਬਾ ਭਗਤ ਸਿੰਘ ਬਿਲਗਾ ਅਕਸਰ ਭੁੰਗਰਨੀ ਆਇਆ ਜਾਇਆ ਕਰਦੇ ਸਨ । ਕਾਮਰੇਡ ਹਰਬੰਸ ਸਿੰਘ ਕਰਨਾਣਾ ਇਹਨਾਂ ਦੇ ਮਾਮੇ ਦੇ ਪੁੱਤਰ ਸਨ । ਹਰਬੰਸ ਸਿੰਘ ਕਰਨਾਣਾ ਅਤੇ ਉਹਨਾਂ ਦਾ ਭਤੀਜਾ ਮਿਲਖੀ ਸਿੰਘ ਰੂਸ ਵਿੱਚ ਸਨ। ਮਿਲਖਾ ਸਿੰਘ ਦੀ ਉਥੇ ਬਿਮਾਰੀ ਨਾਲ ਮੌਤ ਹੋ ਗਈ।

ਬਾਬਾ ਭਗਤ ਸਿੰਘ ਬਿਲਗਾ ਨੂੰ ਮਿਲਖਾ ਸਿੰਘ ਦੇ ਪਾਸਪੋਰਟ ‘ਤੇ ਹਿੰਦੁਸਤਾਨ ਭੇਜਿਆ ਗਿਆ। ਕਾਰਮੇਡ ਜਰਨੈਲ ਸਿੰਘ ਕਈ ਸਾਲ ਭਗੌੜੇ ਰਹੇ। ਸਰਕਾਰ ਨੇ ਉਨ੍ਹਾਂ ਦੀ ਜਾਇਦਾਦ ਦੀ ਕੁਰਕੀ ਦੇ ਆਰਡਰ ਕਰ ਦਿੱਤੇ। ਕਾਮਰੇਡ ਹੁਰਾਂ ਦੇ ਮਿੱਤਰ ਨੇ ਇਹਨਾਂ ਆਰਡਰਾਂ ‘ਤੇ ਅਮਲ ਹੋਣ ਤੋਂ ਪਹਿਲਾਂ ਹੀ ਕਾਮਰੇਡ ਵੱਲੋਂ ਆਪਣੀ ਜ਼ਮੀਨ ਆਪਣੀ ਘਰਵਾਲੀ ਦੇ ਨਾਂਅ ਕਰਨ ਦੀ ਕਾਰਵਾਈ ਕਰ ਕੇ ਜਾਇਦਾਦ ਕੁਰਕ ਹੋਣ ਤੋਂ ਬਚਾ ਲਈ।

Bhungarni Village History | ਭੁੰਗਰਨੀ ਪਿੰਡ ਦਾ ਇਤਿਹਾਸ

ਆਜ਼ਾਦੀ ਘੁਲਾਟੀਏ

ਕਾਮਰੇਡ ਜਰਨੈਲ ਸਿੰਘ ਆਪਣੇ ਸਿਰੜ ਅਤੇ ਪਾਰਟੀ ਲਈ ਵਫਾਦਾਰੀ ਲਈ ਪੰਜਾਬ ਭਰ ਵਿੱਚ ਮਸ਼ਹੂਰ ਸੀ। ਇਸ ਤੋਂ ਇਲਾਵਾ ਦੇਸ਼ ਦੀ ਆਜ਼ਾਦੀ ਨਾਲ ਸਬੰਧਤ ਕ੍ਰਾਂਤੀਕਾਰੀ ਲਹਿਰਾਂ ਵਿੱਚ ਇਸ ਪਿੰਡ ਦੇ ਇੰਦਰ ਸਿੰਘ ਪੁੱਤਰ ਨੰਦ ਸਿੰਘ ਨੇ ਸਵਾ ਸਾਲ ਦੀ ਜੇਲ੍ਹ ਕੱਟੀ। ਇੰਦਰ ਸਿੰਘ ਪੁੱਤਰ ਗੁਲਾਬ ਸਿੰਘ ਨੇ ਭਾਈ ਫੇਰੂ ਮੋਰਚੇ ਵਿੱਚ ਹਿੱਸਾ ਲੈਣ ਕਰਕੇ 2 ਸਾਲ ਦੀ ਕੈਦ ਅਤੇ 200 ਰੁਪਏ ਜੁਰਮਾਨਾ ਭਰਿਆ। ਸ਼ੇਰ ਸਿੰਘ ਪੁੱਤਰ ਨਿਹਾਲ ਸਿੰਘ ਨੂੰ ਨਾਮਧਾਰੀ ਲਹਿਰ ਵਿੱਚ ਹਿੱਸਾ ਲੈਣ ਕਰਕੇ ਇਕ ਸਾਲ ਦੀ ਸਜ਼ਾ ਹੋਈ। ਕੁਝ ਸਾਲ ਪਹਿਲਾਂ ਕਾਰਗਿਲ ਯੁੱਧ ਵਿਚ ਇਸ ਪਿੰਡ ਦੇ ਹੌਲਦਾਰ ਗਿਆਨ ਸਿੰਘ ਪੁੱਤਰ ਬਿਸ਼ਨ ਸਿੰਘ ਸ਼ਹੀਦ ਹੋਏ।

ਡਾਕਟਰ ਹਰਦੇਵ ਸਿੰਘ ਪਰਿਹਾਰ

ਇਸ ਪਿੰਡ ਦੇ ਅਮਰੀਕਾ ਵਿੱਚ ਵੱਸਦੇ ਡਾਕਟਰ ਹਰਦੇਵ ਸਿੰਘ ਪਰਿਹਾਰ ਦਾ ਪਿੰਡ ਦੀ ਉੱਨਤੀ ਵਿੱਚ ਯੋਗਦਾਨ ਪਰਵਾਸੀ ਭਾਰਤੀਆਂ ਲਈ ਇਕ ਮਿਸਾਲ ਹੈ। ਉਨ੍ਹਾਂ ਪਿੰਡ ਦੀਆਂ ਗਲੀਆਂ ਨੂੰ ਸੀਮੈਂਟ ਦੀਆਂ ਇੱਟਾਂ ਨਾਲ ਪੱਕੀਆਂ ਕਰਨ ਲਈ 28 ਲੱਖ ਰੁਪਏ, ਸੋਲਰ ਲਾਈਟਾਂ ਲਾਉਣ ਲਈ 18 ਲੱਖ ਰੁਪਏ ਅਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਬਹੁਤ ਸਾਰਾ ਗੁਪਤਦਾਨ ਕੀਤਾ ਹੈ। ਪਿੰਡ ਦੇ ਹਾਈ ਸਕੂਲ ਦੇ ਕਮਰੇ, ਲਾਇਬਰੇਰੀ ਅਤੇ ਥੜ੍ਹਾ ਜਿੱਥੇ ਪਿੰਡ ਦੇ ਬਜ਼ੁਰਗ ਬੈਠ ਕੇ ਗੱਪ-ਸ਼ੱਪ ਮਾਰਦੇ ਹਨ ਆਦਿ ਬਣਾਉਣ ਲਈ ਕਾਫੀ ਪੈਸਾ ਖਰਚ ਕੀਤਾ ਹੈ। ਹਰ ਮਹੀਨੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਕਾਫ਼ੀ ਪੈਸਾ ਭੇਜਦੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਡਾਕਟਰ ਹਰਦੇਵ ਸਿੰਘ ਪਰਿਹਾਰ ਤਕਰੀਬਨ ਡੇਢ ਕਰੋੜ ਰੁਪਿਆ ਪਿੰਡ ਦੀ ਭਲਾਈ ਲਈ ਖਰਚ ਕਰ ਚੁੱਕਾ ਹੈ। ਉਹ ਨਾ ਤਾਂ ਬਹੁਤੇ ਧਾਰਮਿਕ ਕੰਮਾਂ ਵਿੱਚ ਤੇ ਨਾ ਹੀ ਸਿਆਸੀ ਕੰਮਾਂ ਵਿੱਚ ਹਿੱਸਾ ਲੈਂਦੇ ਹਨ।

ਪਿੰਡ ਦੀ ਵੱਡੀ ਸਮੱਸਿਆ

ਪਿੰਡ ਦੀ ਮੁਰੱਬੇਬੰਦੀ ਸੰਨ 1972 ਵਿੱਚ ਹੋਈ ਸੀ ਅਤੇ ਇਸ ਦੇ ਆਧਾਰ ‘ਤੇ ਲੋਕਾਂ ਜ਼ਮੀਨ ਦੇ ਨਵੇਂ ਟੱਕਾਂ ਦੇ ਕਬਜ਼ੇ ਕਰਕੇ ਆਪਣੀ ਵਾਹੀ ਸ਼ੁਰੂ ਕਰ ਦਿੱਤੀ । ਪਿੰਡ ਦੇ ਕੁਝ ਬੰਦਿਆਂ ਨੈ ਇਸ ਚੱਕਬੰਦੀ ਵਿਰੁੱਧ ਹਾਈਕੋਰਟ ਵਿੱਚ ਅਪੀਲ ਕਰ ਦਿੱਤੀ। ਸੰਨ 1988 ਵਿੱਚ ਹਾਈਕੋਰਟ ਨੇ ਸਟੇਅ ਦੇ ਦਿੱਤਾ, ਪਰ ਉਸ ਤੋਂ ਬਾਅਦ 19 ਸਾਲ ਬੀਤ ਜਾਣ ‘ਤੇ ਵੀ ਕੋਈ ਫੈਸਲਾ ਨਹੀਂ ਕੀਤਾ। 1972 ਵਾਲੀ ਚੱਕਬੰਦੀ ਦਾ ਰਿਕਾਰਡ ਮੀਂਹਾਂ ਨਾਲ ਖਰਾਬ ਹੋ ਗਿਆ। ਮਹਿਕਮੇ ਵਾਲਿਆਂ ਨੇ ਕਿਸੇ ‘ਤੇ ਵੀ ਇਸ ਦੀ ਜ਼ਿੰਮੇਵਾਰੀ ਨਹੀਂ ਪਾਈ। ਲੋਕ ਜ਼ਮੀਨਾਂ ਖਰੀਦ-ਵੇਚ ਰਹੇ ਹਨ। ਰਜਿਸਟਰੀ ਹੋਰ ਨੰਬਰਾਂ ਦੀ (ਚੱਕਬੰਦੀ ਤੋਂ ਪਹਿਲਾਂ ਦੇ) ਅਤੇ ਕਬਜ਼ੇ ਹੋਰ ਨੰਬਰਾਂ ਦੇ ਰਹੇ ਹਨ। ਕੰਮ ਚੱਲੀ ਜਾ ਰਿਹਾ ਹੈ। ਪਟਵਾਰੀ ਦਾ ਕਹਿਣਾ ਹੈ ਕਿ ਜੇ ਕਿਤੇ ਹਾਈਕੋਰਟ ਨੇ ਫੈਸਲਾ ਇਧਰ-ਉੱਧਰ ਕਰ ਦਿੱਤਾ ਤਾਂ ਪਿੰਡ ਦਾ ਅੱਲਾ ਹੀ ਬੇਲੀ ਹੋਵੇਗਾ।

ਪੰਜਾਬ ਦੇ ਸਾਰੇ ਕਿਲ੍ਹਿਆਂ ਦੀ ਤਰ੍ਹਾਂ ਭੁੰਗਰਨੀ ਦਾ ਕਿਲ੍ਹਾ ਵੀ ਅੰਗਰੇਜ਼ ਰਾਜ ਸਥਾਪਤ ਹੋਣ ‘ਤੇ ਅੰਗਰੇਜ਼ ਸ਼ਾਸਕਾਂ ਦੇ ਹੁਕਮਾਂ ਨਾਲ ਢਾਹਿਆ ਗਿਆ ਸੀ। ਭੁੰਗਰਨੀ ਕਿਲ੍ਹੇ ਵਾਲੇ ਸਰਦਾਰਾਂ ਨੇ ਅੰਗਰੇਜ਼ਾਂ ਵਿਰੁੱਧ ਮੁੱਦਕੀ, ਸਭਰਾਵਾਂ ਆਦਿ ਦੀਆਂ ਲੜਾਈਆਂ ਵਿੱਚ ਹਿੱਸਾ ਲਿਆ ਸੀ। ਅੰਗਰੇਜ਼ਾਂ ਨੇ ਜਦੋਂ ਜਗੀਰਾਂ ਦੀ ਪੜਤਾਲ ਕੀਤੀ ਤਾਂ ਉਨ੍ਹਾ ਭੁੰਗਰਨੀ ਵਾਲੇ ਸਰਦਾਰਾਂ ਦੀ ਜਗੀਰ ਜ਼ਬਤ ਕਰਕੇ ਕੇਵਲ ਉਨ੍ਹਾਂ ਦੇ ਗੁਜ਼ਾਰੇ ਜੋਗੀ ਹੀ ਜ਼ਮੀਨ ਉਨ੍ਹਾਂ ਪਾਸ ਰਹਿਣ ਦਿੱਤੀ। ਇਸ ਤਰ੍ਹਾਂ ਉਨ੍ਹਾਂ ਲਈ ਆਪਣਾ ਪੁਰਾਣਾ ਠਾਠ- ਬਾਠ ਰੱਖਣਾ ਮੁਸ਼ਕਲ ਹੋ ਗਿਆ। ਇਸੇ ਕਰਕੇ ਸਰਦਾਰ ਬਿਕ੍ਰਮਾ ਸਿੰਘ ਨੇ ਅੰਗਰੇਜ਼ ਸਰਕਾਰ ਵਿਰੁੱਧ ਸੁਭਾਸ਼ ਚੰਦਰ ਬੋਸ ਦਾ ਸਾਥ ਦਿੱਤਾ। ਜਿਸ ਡਾਕਟਰ ਹਰਦੇਵ ਸਿੰਘ ਸਿੰਘ ਪਰਹਾਰ ਦੇ ਸ਼ੁੱਭ ਕਰਮਾਂ ਦੀ ਮੈਂ ਪ੍ਰੰਸਸਾ ਕੀਤੀ ਹੈ ਉਹ ਕਿਸੇ ਵੀ ਤਰ੍ਹਾਂ ਮੇਰੇ ਰਿਸ਼ਤੇਦਾਰ ਨਹੀਂ ਹਨ। ਚੰਗੇ ਕੰਮ ਕਰਨ ਵਾਲਿਆ ਦਾ ਜ਼ਿਕਰ ਕਰਨਾ ਮੈਂ ਆਪਣਾ ਨੈਤਿਕ ਫਰਜ਼ ਸਮਝਦਾ ਹਾਂ। ਇਸ ਨਾਲ ਹੋਰਨਾਂ ਨੂੰ ਵੀ ਅਜਿਹੇ ਬਣਨ ਦੀ ਪ੍ਰੇਰਣਾ ਮਿਲਦੀ ਹੈ।

 

 

Credit – ਵਾਸਦੇਵ ਸਿੰਘ ਪਰਹਾਰ

Leave a Comment

error: Content is protected !!