ਪਾਲਦੀ
ਦੇਸ਼ ਭਗਤਾਂ ਤੇ ਸੰਗਰਾਮੀਆਂ ਦਾ ਪਿੰਡ
ਪਿੰਡ ਪਾਲਦੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦਬਸਤ ਨੰਬਰ 99 ਅਤੇ ਰਕਬਾਜ਼ਮੀਨ 207 ਹੈਕਟੇਅਰ ਹੈ। ਇਹ ਮਾਹਿਲਪੁਰ ਤੋਂ ਫਗਵਾੜੇ ਨੂੰ ਜਾਣ ਵਾਲੀ ਸੜਕ ‘ਤੇ ਤਿੰਨ ਕੁ ਮੀਲ ‘ਤੇ ਹੈ। ਇਹ ਪਿੰਡ ਪਹਿਲਾਂ ਬੈਂਸ ਗੋਤ ਦੇ ਜੱਟਾਂ ਨੇ ਆਬਾਦ ਕੀਤਾ ਸੀ,ਪਰ ਸਮਾਂ ਪਾ ਕੇ ਮਿਨਹਾਸ ਗੋਤ ਦੇ ਰਾਜਪੂਤਾਂ ਨੇ ਆਦਮਪੁਰ ਹਵਾਈ ਅੱਡੇ ਦੇ ਨਾਲ ਲੱਗਦੇ ਪਿੰਡ ਕੰਦੋਲਾ ਦੀ ਜ਼ਮੀਨ ਬਦਲੇ ਪਾਲਦੀ ਦੀ ਜ਼ਮੀਨ ਵਟਾ ਲਈ। ਮਿਨਹਾਸ ਗੋਤ ਵਾਲਿਆਂ ਦਾ ਆਪਣੇ ਡਮੁੰਡਾ ਪਿੰਡ ਵਾਲੇ ਸ਼ਰੀਕਾਂ ਨਾਲ ਜ਼ਮੀਨ ਦਾ ਝਗੜਾ ਹੀ ਰਹਿੰਦਾ ਸੀ। ਮਿਨਹਾਸ ਗੌਤ ਵਾਲਿਆਂ ਦੇ ਇਕ ਬਜ਼ੁਰਗ ਅਸ਼ੂਪਾਲ ਇਕ ਵਾਰੀ ਆਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਨੂੰ ਜਾਂਦਾ ਪਾਲਦੀ ਪਿੰਡ ਠਹਿਰਿਆ। ਬੈਂਸਾਂ ਨੇ ਉਸ ਦੀ ਚੰਗੀ ਆਓ-ਭਗਤ ਕੀਤੀ। ਹੌਲੀ-ਹੌਲੀ ਇਹ ਦੋਸਤ ਬਣ ਗਏ। ਕੰਦੋਲਾ ਪਿੰਡ ਦੀ ਜ਼ਮੀਨ ਪਾਲਦੀ ਦੇ ਮੁਕਾਬਲੇ ਕਿਤੇ ਵਧ ਉਪਜਾਊ ਸੀ। ਮਿਨਹਾਸ ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਹ ਆਪਣੇ ਸ਼ਰੀਕਾਂ ਨਾਲ ਨਿੱਤ ਦੀ ਲੜਾਈ ਤੋਂ ਤੰਗ ਹੈ ਤੇ ਤੁਸੀਂ ਸਾਡੇ ਨਾਲ ਜ਼ਮੀਨ ਵਟਾ ਲਵੋ । ਉਹ ਮੰਨ ਗਏ ਤੇ ਕੰਦੋਲਾ ਆ ਗਏ। ਕੰਦੋਲਾ ਪਿੰਡ ਪੂਰਾ ਬੈਂਸ ਜੱਟਾਂ ਦੀ ਮਾਲਕੀ ਹੈ। ਪ੍ਰਸਿੱਧ ਇਤਿਹਾਸਕਾਰ ਇਬਟਸਨ ਦੇ उहाले (A Glossary of the tribes and casstes of Punjab, Vol-III, page 274) ਅਨੁਸਾਰ ਪਹਿਲਾਂ ਸਾਰੇ ਕਬੀਲੇ ਦਾ ਗੌਤ ਜਮਵਾਲ ਸੀ । ਉਨ੍ਹਾਂ ਵਿਚੋਂ ਜੋ ਖੇਤੀ ਕਰਨ ਲੱਗ ਪਏ, ਉਨ੍ਹਾਂ ਨੂੰ ਜੰਮੂ ਰਾਜ ਘਰਾਣੇ ਵਾਲੇ ਨਫਰਤ ਨਾਲ ਮਿਨਹਾਸ ਕਹਿਣ ਲੱਗ ਪਏ। ਜੰਮੂ ਤੋਂ ਇਹ ਸਿਆਲਕੋਟ ਵੱਲ ਨੂੰ ਆ ਗਏ। ਸਿਆਲਕੋਟ ਤੋਂ ਇਕ ਬੀਰਮ ਦੇਵ ਮਿਨਹਾਸ ਰਾਜਪੂਤ ਬਾਬਰ ਦੀ ਫੌਜ ਵਿਚ ਭਰਤੀ ਹੋ ਗਿਆ। ਉਹ ਆਪਣੀ ਯੋਗਤਾ ਨਾਲ ਬਾਬਰ ਦੇ ਮਨਜ਼ੂਰ-ਏ-ਨਜ਼ਰਾਂ ਵਿਚੋਂ ਇਕ ਬਣ ਗਿਆ। ਤੋੜਕੇ ਬਾਬਰੀ (VOL-III PAGE 462) ਵਿਚ ਬਾਬਰ ਲਿਖਦਾ ਹੈ-
“ਜਦੋਂ ਗਾਜ਼ੀ ਖਾਂ ਦੀ ਕੋਈ ਖਬਰ ਨਾ ਮਿਲੀ ਤਾਂ ਅਸੀਂ ਤਾਰਦੀ ਖਾਂ ਦੇ ਨਾਲ ਬੀਰਮ ਦੇਵ ਮਿਨਹਾਸ ਨੂੰ ਜਾਣ ਦਾ ਹੁਕਮ ਦਿੱਤਾ ਕਿ ਜਿਥੇ ਵੀ ਗਾਜ਼ੀ ਖਾਂ ਮਿਲੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ।”
ਬਾਬਰ ਦੀ ਫੌਜ ਵਿਚ ਬੀਰਮ ਦੇਵ ਦਾ ਚੰਗਾ ਰੁਤਬਾ ਹੋਣਾ ਹੈ ਨਹੀਂ ਤਾਂ ਆਮ ਸਿਪਾਹੀਆਂ ਦੇ ਨਾਂਅ ਬਾਬਰ ਨੂੰ ਕਿਥੋਂ ਯਾਦ ਹੋਣੇ ਸਨ। ਇਹ ਗਾਜ਼ੀ ਖਾਂ ਦੋਲਤ ਖਾਂ ਲੋਧੀ ਦਾ ਪੁੱਤਰ ਸੀ। ਦੌਲਤ ਖਾਂ ਲੋਧੀ ਬਾਬਰ ਤੋਂ ਡਰਦਾ ਸੁਲਤਾਨਪੁਰ ਲੋਧੀ ਛੱਡ ਕੇ ਕਿਲ੍ਹਾ ਮਲੋਤ (ਜੋ ਹਰਿਆਣੇ ਤੋਂ 6 ਕੁ ਮੀਲ ਉੱਤਰ ਵੱਲ ਇਕ ਸੁਰੱਖਿਅਤ ਥਾਂ ਸੀ) ਆ ਗਿਆ। ਦੌਲਤ ਖਾਂ ਲੋਧੀ ਨੇ ਹਥਿਆਰ ਸੁੱਟਣ ਵਿਚ ਹੀ ਆਪਣੀ ਭਲਾਈ ਸਮਝੀ ਤੇ ਉਸ ਦਾ ਪੁੱਤਰ ਗਾਜ਼ੀ ਖਾਂ ਪਹਾੜ ਵੱਲ ਨੂੰ ਭੱਜਣ ਵਿਚ ਸਫਲ ਹੋ ਗਿਆ।
ਸੌ ਕੁ ਸਾਲ ਪਹਿਲਾਂ ਪਿੰਡ ਪਾਂਛਟਾ ਦੇ ਠਾਕਰ ਨਗੀਨਾ ਰਾਮ ਪਰਮਾਰ ਨੇ ‘ਇਇਤਹਾਸ ਦੁਆਬਾ ਰਾਜਪੂਤ’ ਨਾਮੀ ਕਿਤਾਬ ਬੜੀ ਖੋਜ ਕਰਕੇ ਲਿਖੀ ਸੀ। ਉਹ ਮਿਨਹਾਸ ਗੋਤ ਦਾ ਇਤਿਹਾਸ ਲੱਭਣ ਲਈ ਹਰਦਵਾਰ ਦੇ ਪਾਂਡਿਆਂ ਦੀਆਂ ਵਹੀਆਂ ਦੀ ਪੜਤਾਲ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੀਰਮ ਦੇਵ ਮਿਨਹਾਸ ਦੀ ਕੁਝ ਔਲਾਦ ਸਿਆਲਕੋਟ ਲਾਗੇ ਦੇ ਪਿੰਡ ਬਾਰਾਮੰਗਾ ਵਿਚ ਹੈ। ਠਾਕਰ ਨਗੀਨਾ ਰਾਮ ਪਰਮਾਰ ਉਥੇ ਪਹੁੰਚੇ ਤਾਂ ਉਹ ਬੜੇ ਖੁਸ਼ ਹੋਏ ਕਿ ਸਾਡੇ ਪਿਛੋਕੜ ਦੀ ਪੜਤਾਲ ਹੋ ਰਹੀ ਹੈ। ਉਨ੍ਹਾਂ ਕੋਲ ਜੋ ਰਿਕਾਰਡ ਸੀ, ਉਸ ਤੋਂ ਠਾਕਰ ਨਗੀਨਾ ਰਾਮ ਪਰਮਾਰ ਦੀ ਤਸੱਲੀ ਹੋ ਗਈ ਕਿ ਬੀਰਮ ਦੇਵ ਦੇ ਪੁੱਤਰ ਕੈਲਾਸ਼ ਚੰਦ ਸਨ, ਜਿਸ ਨੇ ਜਸਵਾਂ ਦੇ ਰਾਜੇ ਹਰੀ ਚੰਦ ਪਾਸ ਨੌਕਰੀ ਕਰ ਲਈ ਤੇ ਉਸ ਨੂੰ ਹਾਰਟਾ ਬਡਲਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਲਾਕਾ ਗੁਜ਼ਾਰੇ ਲੀ ਮਿਲਿਆ। ਕੈਲਾਸ਼ ਦੇ ਪੰਜ ਪੁੱਤਰ ਸਨ (1. ਕਤੀ, 2. ਮਤੀ, 3. ਅਸ਼ੂਪਾਲ, 4. ਜਤੀ, 5. ਵਤੀ)। ਇਨ੍ਹਾਂ ਵਿਚੋਂ ਜਤੀ ਅਤੇ ਵਤੀ ਦੀ ਔਲਾਦ ਤਾਂ ਸਿਆਲਕੋਟ ਵਿਚ ਸੀ । ਮਤੀ ਇਕ ਬ੍ਰਾਹਮਣ ਦੀਆਂ ਗਊਆਂ ਮੁਸਲਮਾਨਾਂ ਤੋਂ ਛੁਡਾਉਂਦਾ ਡਰੋਲੀ ਕਲਾਂ ਵਿਖੇ ਸ਼ਹੀਦ ਹੋ ਗਿਆ ਸੀ, ਜਿਸ ਦੀ ਯਾਦਗਾਰ ਅੱਜ ਤੱਕ ਉਥੇ ਹੈ। ਕਤੀ ਦੀ ਔਲਾਤ ਪਿੰਡ ਡਰੋਲੀ ਕਲਾਂ ਆਬਾਦ ਕੀਤਾ ਅਤੇ ਅਸ਼ੂਪਾਲ ਨੇ ਪਿੰਡ ਪਾਲਦੀ ਵਸਾ ਲਿਆ। ਇਕ ਧਾਰਨਾ ਇਹ ਵੀ ਹੈ ਕਿ ਅਸ਼ੂਪਾਲ ਨੂੰ ਆਮ ਕਰਕੇ ਪਾਲ ਹੀ ਕਿਹਾ ਜਾਂਦਾ ਸੀ ਤੇ ਇਸ ਪਾਲ ਤੋਂ ਪਾਲਦੀ ਬਣਿਆ ਜਚਦਾ ਵੀ ਹੈ।
ਅਠਾਰ੍ਹਵੀਂ ਸਦੀ ਦੇ ਮੱਧ ਵਿਚ ਅਦੀਨਾ ਬੋਗ ਅਤੇ ਸਿੰਘਾਂ ਦੀ ਪਿੰਡ ਮਾਹਲਪੁਰ ਵਿਖੇ ਇਕ ਲੜਾਈ ਹੋਈ, ਜਿਸ ਵਿਚ ਅਦੀਨਾ ਬੇਗ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਅਤੇ ਉਸ ਨੇ ਸਿੰਘਾਂ ਨੂੰ ਇਕ ਹਜ਼ਾਰ ਰੁਪਏ ਕੜਾਹ ਪ੍ਰਸ਼ਾਦ ਲਈ ਦੇ ਕੇ ਆਪਣੀ ਜਾਨ ਛੁਡਾਈ। ਇਸ ਲੜਾਈ ਵਿਚ ਪਾਲਦੀ ਦੇ ਕੁਝ ਸਿੰਘ ਸ਼ਾਮਲ ਸਨ, ਉਨ੍ਹਾਂ ਵਿਚੋਂ ਇਕ ਦੀ ਬਾਂਹ ਕੱਟੀ ਗਈ ਸੀ । ਲੋਕੀਂ ਉਸ ਨੂੰ ਜੰਗੀ ਆਖਣ ਲੱਗ ਪਏ। ਉਸ ਤੋਂ ਬਾਅਦ ਉਸ ਦੀ ਔਲਾਦ ਦੀ ਅੱਲ ਹੀ ਜੰਗੀ ਬਣ ਗਈ। ਮਾਣ ਵਾਲੀ ਗੱਲ ਹੋਣ ਕਰਕੇ ਇਹ ਆਪਣੇ ਨਾਂਅ ਦੇ ਨਾਲ ਜੰਗੀ ਬੜੇ ਫ਼ਖਰ ਨਾਲ ਲਿਖਦੇ ਹਨ। ਇਸ ਜੰਗੀ ਪਰਿਵਾਰ ਕੋਲ ਬਹੁਤ ਜ਼ਮੀਨ ਜਾਇਦਾਦ ਅਤੇ ਧਨ ਸੀ। ਸੰਨ 1928 ਵਿਚ ਇਨ੍ਹਆਂ ਕੋਲ ਦੋ ਫੋਰਡ ਕਾਰਾਂ ਸਨ। ਜਦੋਂ ਪਹਿਲੀ ਵਾਰ ਇਹ ਕਾਰਾਂ ਪਿੰਡ ਆਈਆਂ ਤਾਂ ਲਾਗੇ ਦੇ ਪਿੰਡਾਂ ਦੇ ਲੋਕ ਇਹ ਅਜੀਬ ਕਿਸਮ ਦੀਆਂ ਵਾਹਨ ਗੱਡੀਆਂ ਦੇਖਣ ਆਉਂਦੇ ਸਨ। ਇਸੇ ਜੰਗੀ ਪਰਿਵਾਰ ਵਿਚੋਂ ਮਹਾਦਾਨੀ ਸਰਦਾਰ ਨਗੀਨਾ ਸਿੰਘ ਹੋਏ ਸਨ। ਇਹ ਬੱਡੋਂ ਵਾਲੇ ਸ੍ਰੀ ਕੁੰਦਨ ਸਿੰਘ ਦੇ ਬਹਿਨੋਈ ਸਨ। ਇਹ ਦੋਵੇਂ ਸਾਂਝੀ ਠੇਕੇਦਾਰੀ ਬੜੀ ਉੱਚ ਪੱਧਰ ਦੀ ਕਰਦੇ ਸਨ। ਇਨ੍ਹਾਂ ਬੰਗਾਲ ਅਤੇ ਬਿਹਾਰ ਵਿਚ ਰੇਲਵੇ ਲਾਈਨਾਂ ਬਣਾਉਣ ਤੋਂ ਇਲਾਵਾ ਹੋਰ ਵੀ ਵੱਡੇ-ਵੱਡੇ ਕੰਮ ਕੀਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਂਦ ਵਿਚ ਆਈ ਤਾਂ ਇਸ ਦਾ ਕੰਮ ਕਾਰ ਸ਼ੁਰੂ ਕਰਨ ਲਈ ਇਕ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿਚ ਮਹਾਰਾਜਾ ਪਟਿਆਲਾ, ਨਾਭਾ ਅਤੇ ਹੋਰ ਰਈਸ ਸਰਦਾਰ ਅਤੇ ਜਗੀਰਦਾਰ ਸ਼ਾਮਲ ਹੋਏ। ਸੈਕਟਰੀ ਵਲੋਂ ਕਮੇਟੀ ਦਾ ਕੰਮ ਚਲਾਉਣ ਲਈ ਮਾਇਆ ਦਾਨ ਕਰਨ ਦੀ ਅਪੀਲ ‘ਤੇ ਮਹਾਰਾਜਾ ਪਟਿਆਲਾ ਨੇ 25 ਹਜ਼ਾਰ ਰੁਪਏ ਅਤੇ ਉਸ ਤੋਂ ਬਾਅਦ ਮਹਾਰਾਜ ਨਾਭਾ ਨੇ 15 ਹਜ਼ਾਰ ਰੁਪਏ ਲਿਖਵਾਏ। ਇਕ ਸਫੇਦ ਖੱਦਰ ਦੇ ਕੱਪੜਿਆਂ ਵਾਲੇ ਬਜ਼ੁਰਗ ਨੇ ਜਦੋਂ ਕਿਹਾ ਕਿ ਮੇਰਾ ਇਕ ਸਵਾ ਲੱਖ ਰੁਪਿਆ ਲਿਖ ਲਵੋ ਤਾਂ ਸਭ ਲੋਕ ਹੈਰਾਨੀ ਨਾਲ ਉਨ੍ਹਾਂ ਵੱਲ ਦੇਖਣ ਲੱਗ ਪਏ। ਸੈਕਟਰੀ ਵੀ ਹੈਰਾਨ ਹੋਇਆ ਕਿ ਮਹਾਰਾਜਿਆਂ ਤੋਂ ਕਿਤੇ ਵਧ ਰਕਮ ਲਿਖਵਾਉਣ ਵਾਲਾ ਇਹ ਸ਼ਖ਼ਸ ਕੌਣ ਹੈ। ਸੈਕਟਰੀ ਉਨ੍ਹਾਂ ਕੋਲ ਆ ਕੇ ਹੋਲੀ ਦੇਣੀ ਪੁੱਛਣ ਲੱਗਾ ਕਿ ਸਿੰਘਾਂ ਵਾਲਾ ਸਵਾ ਲੱਖ ਕਿ ਸੱਚ ਮੁੱਚ ਦਾ ਸਵਾ ਲੱਖ। ਇਹ ਸਾਦੇ ਕੱਪੜਿਆਂ ਵਾਲੇ ਬਜ਼ੁਰਗ ਸਰਦਾਰ ਕੁੰਦਨ ਸਿੰਘ ਬੱਡੋਂ ਵਾਲੇ ਸਨ । ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਨੂੰ ਮਹਾਦਾਨੀ ਦਾ ਇਕ ਪ੍ਰਮਾਣ ਪੱਤਰ ਦਿੱਤਾ ਸੀ। ਇਹ ਇਕ ਲੱਖ ਰੁਪਿਆ ਸਰਦਾਰ ਨਗੀਨਾ ਸਿੰਘ ਪਾਲਦੀ ਅਤੇ ਸ੍ਰੀ ਕੁੰਦਨ ਸਿੰਘ ਬੱਡੋਂ ਵਾਲਿਆਂ ਦਾ ਸਾਂਝਾ ਸੀ।
ਸੰਤ ਅਤਰ ਸਿੰਘ ਮਸਤੂਆਣੇ ਵਾਲੇ ਟਾਟਾ ਨਗਰ ਗਏ ਅਤੇ ਉਨ੍ਹਾਂ ਨੇ ਮਸਤੂਆਣਾ ਵਿਖੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਮਾਇਆ ਦੀ ਅਪੀਲ ਕੀਤੀ। ਟਾਟਾ ਨਗਰ ਸ਼ਹਿਰ ਦੇ ਬਿਸਟੂ ਪੁਰ ਨਗਰ ਦਾ ਗੁਰਦੁਆਰਾ ਇਨ੍ਹਾਂ ਦੋਵਾਂ ਸਰਦਾਰਾਂ ਨੇ ਹੀ ਉਸਾਰਿਆ ਸੀ । ਸ. ਨਗੀਨਾ ਸਿੰਘ ਹੁਰੀਂ ਸੰਤਾਂ ਨੂੰ ਵੱਖਰੇ ਕਰਕੇ ਪੁੱਛਣ ਲੱਗੇ ਕਿ ਕਿੰਨੀ ਕੁ ਮਾਇਆ ਦੀ ਲੋੜ ਹੈ। ਸੰਤਾਂ ਨੇ ਕਿਹਾ ਕਿ ਮਾਇਆ ਤਾਂ ਬਹੁਤ ਲੱਗਣੀ ਹੈ ਤੁਸੀਂ ਜਿੰਨੀ ਦੇਣੀ ਹੈ ਦੇ ਦਿਓ। ਸ. ਨਗੀਨਾ ਸਿੰਘ ਹੁਰਾਂ ਫੇਰ ਕਿਹਾ ਕਿ ਮਹਾਰਾਜ ਦੱਸੋ ਤਾਂ ਸਹੀ ਕਿ ਅੰਦਾਜ਼ਨ ਕਿੰਨਾ ਕੁ ਖਰਚ ਹੋਣਾ ਹੈ? ਸੰਤਾਂ ਨੇ ਕਿਹਾ ਕਿ ਤਕਰੀਬਨ ਵੀਹ ਹਜ਼ਾਰ ਰੁਪਏ ਦਾ ਅੰਦਾਜ਼ਾ ਹੈ। ਸ. ਨਗੀਨਾ ਸਿੰਘ ਨੇ ਕਿਹਾ ਕਿ ਵੀਹ ਹਜ਼ਾਰ ਰੁਪਏ ਤਾਂ ਅਸੀਂ ਹੀ ਦੇ ਦਿੰਦੇ ਹਾਂ ਤਾਂ ਕਿ ਆਪ ਜੀ ਨੂੰ ਮਾਇਆ ਲਈ ਅਪੀਲ ਨਾ ਕਰਨੀ ਪਵੇ। ਉਸ ਸਮੇਂ ਪੰਜਾਬ ਵਿਚ ਲੈਂਟਰ ਪਾਉਣ ਦਾ ਰਿਵਾਜ਼ ਨਹੀਂ ਸੀ। ਵੱਡੀਆਂ ਇਮਾਰਤਾਂ ਲਈ ਲੰਮੇ-ਲੰਮੇ ਗਾਰਡਰਾਂ ਦੀ ਲੋੜ ਸੀ, ਜੋ ਕਿ ਪੰਜਾਬ ਵਿਚ ਨਹੀਂ ਮਿਲਦੇ ਸਨ । ਮਸਤੂਆਣਾ ਗੁਰਦੁਆਰੇ ਵਿਚ ਲੱਗੇ ਲੰਮੇ ਗਾਰਡਰ ਵੀ ਇਨ੍ਹਾਂ ਨੇ ਟਾਟਾ ਨਗਰ ਤੋਂ ਰੇਲ ਰਾਹੀਂ ਭੇਜੇ ਸਨ । ਸ. ਨਗੀਨਾ ਸਿੰਘ ਅਤੇ ਸ. ਕੁੰਦਨ ਸਿੰਘ ਵਿਚ ਐਨੀ ਬਣਦੀ ਸੀ ਕਿ ਇਕ ਵਲੋਂ ਕੀਤੇ ਦਾਨ ‘ਤੇ ਦੂਜਾ ਕਿੰਤੂ-ਪ੍ਰੰਤੂ ਨਹੀਂ ਸੀ ਕਰਦਾ। ਪਠਾਨਕੋਟ ਤੋਂ ਪਾਲਮਪੁਰ ਵਾਲੀ ਰੇਲਵੇ ਲਾਈਨ ਦਾ ਕੰਮ ਵੀ ਇਨ੍ਹਾਂ ਨੇ ਕੀਤਾ। ਉਸ ਸਮੇਂ ਪਾਲਮਪੁਰ ਵਿਖੇ ਗੁਰਦੁਆਰਾ ਇਨ੍ਹਾਂ ਨੇ ਬਣਵਾਇਆ।
ਪਾਲਦੀ ਦੇ ਸ. ਮਈਆ ਸਿੰਘ ਸੰਨ 1900 ਵਿਚ ਕੈਨੇਡਾ ਗਏ। ਬਜ਼ੁਰਗਾਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਪਾਸਪੋਰਟ ਦੀ ਬਜਾਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਇਕ ਪਛਾਣ-ਪੱਤਰ ਲੈ ਕੇ ਹੀ ਬਦੇਸ਼ ਜਾਇਆ ਜਾ ਸਕਦਾ ਸੀ । ਮਈਆ ਸਿੰਘ ਹੁਰੀਂ ਪਿੰਡੋਂ ਪੈਦਲ ਹੀ 17 ਮੀਲ ਸਫਰ ਕਰਕੇ ਹੁਸ਼ਿਆਰਪੁਰ ਪਹੁੰਚੇ, ਉਥੇ ਡੀ.ਸੀ. ਦਫਤਰੋਂ ਪਛਾਣ-ਪੱਤਰ ਲੈ ਕੇ ਜਲੰਧਰ ਨੂੰ ਰੇਲ ਗੱਡੀ ਚੜ੍ਹ ਗਏ। ਜਲੰਧਰ ਤੋਂ ਕਲਕੱਤੇ ਨੂੰ ਰੇਲ ਗੱਡੀ ਰਾਹੀਂ ਅਤੇ ਉਥੋਂ ਸਮੁੰਦਰੀ ਜਹਾਜ਼ ਰਾਹੀਂ ਵੈਨਕੂਵਰ ਕੈਨੇਡਾ ਪਹੁੰਚੇ। ਉਥੇ ਇਕ ਲੱਕੜ ਦੀ ਮਿੱਲ ਵਿਚ ਮਜ਼ਦੂਰੀ ਦਾ ਕੰਮ ਕਰਨ ਲੱਗ ਪਏ। ਕੁਝ ਸਾਲਾਂ ਵਿਚ ਇਨ੍ਹਾਂ ਪੰਜ ਹਿੱਸੇਦਾਰਾਂ ਨੇ ਪਹਿਲਾਂ ਮਿੱਲ ਲੀਜ਼ ‘ਤੇ ਲਈ ਅਤੇ ਫੇਰ ਖਰੀਦ ਹੀ ਲਈ। ਹਿੱਸੇਦਾਰਾਂ ਨਾਲ ਨਿਭਦੀ ਨਾ ਦੇਖ ਕੇ ਇਨ੍ਹਾਂ ਨੇ ਇਕੱਲਿਆਂ ਹੀ ਮਿਲ ਲੈ ਲਈ। ਪਹਿਲੀ ਵਿਸ਼ਵ ਜੰਗ 1914 ਵਿਚ ਸ਼ੁਰੂ ਹੋ ਗਈ। ਲੱਕੜ ਦੀ ਮੰਗ ਬਹੁਤ ਹੀ ਵਧ ਗਈ। ਇਨ੍ਹਾਂ ਮਿੱਲ ਤੋਂ ਇਲਾਵਾ ਬਹੁਤ ਸਾਰਾ ਰਕਬਾ ਜੰਗਲ ਦਾ ਵੀ ਖਰੀਦ ਲਿਆ, ਜਿਸ ਵਿਚ ਧਰਤੀ ਦੇ ਹੋਂਦ ਵਿਚ ਆਉਣ ਸਮੇਂ ਦੇ ਕੀਮਤੀ ਲੱਕੜ ਦੇ ਦਰੱਖਤ ਸਨ। ਮਈਆ ਸਿੰਘ ਕੈਨੇਡਾ ਦੇ ਪਹਿਲੇ ਪੰਜ ਅਮੀਰਾਂ ਵਿਚੋਂ ਇਕ ਬਣ ਗਏ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿਕਟੋਰੀਆ ਆਈਲੈਂਡ ਜੋ ਵੈਨਕੂਵਰ ਤੋਂ ਨੇੜੇ ਹੀ ਹੈ, ਵਿਖੇ ਉਨ੍ਹਾਂ ਪਾਲਦੀ ਨਾਂਅ ਦਾ ਪਿੰਡ ਵਸਾਇਆ। ਪਿੰਡ ਦਾ ਨਕਸ਼ਾ ਪਹਿਲਾਂ ਹੀ ਸੋਚ-ਸਮਝ ਕੇ ਆਉਣ ਵਾਲੇ ਸਮੇਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਬਣਵਾ ਲਿਆ। 1948 ਵਿਚ ਸ. ਮਈਆ ਸਿੰਘ ਪੰਜਾਬ ਆਏ ਤਾਂ ਕੈਨੇਡਾ ਸਰਕਾਰ ਨੇ ਆਪਣੇ ਦਿੱਲੀ ਵਿਖੇ ਸਥਿਤ ਹਾਈ ਕਮਿਸ਼ਨਰ ਨੂੰ ਉਨ੍ਹਾਂ ਦਾ ਬਤੌਰ ਖਾਸ ਮਹਿਮਾਨ ਖਿਆਲ ਰੱਖਣ ਲਈ ਆਖਿਆ। ਹਾਈ ਕਮਿਸ਼ਨਰ ਨੇ ਉਨ੍ਹਾਂ ਨੂੰ ਦੋ ਕਾਰਾਂ ਮੁਹੱਈਆ ਕੀਤੀਆਂ। 1948 ਵਿਚ ਹੀ ਮਈਆ ਸਿੰਘ ਨੇ ਮਾਹਿਲਪੁਰ ਕਾਲਸਾ ਕਾਲਜ ਨੂੰ ਇਕ ਲੱਖ ਰੁਪਿਆ ਦਾਨ ਕੀਤਾ। ਪਾਂਛਟਾ ਵਿਚ ਕੁੜੀਆਂ ਦਾ ਸਕੂਲ ਤੇ ਪਾਲਦੀ ਵਿਖੇ ਰੂਰਲ ਹੈਲਥ ਸੈਂਟਰ ਬਣਵਾਇਆ। ਇਸ ਰੂਰਲ ਹੈਲਥ ਸੈਂਟਰ ਦਾ ਉਦਘਾਟਨ ਸ੍ਰੀ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਨੇ ਕਰਦੇ ਸਮੇਂ ਸ੍ਰੀ ਮਈਆ ਸਿੰਘ ਦੇ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ।
ਸ. ਮਈਆ ਸਿੰਘ ਵਿਚ ਕੁਝ ਅਜਿਹੇ ਗੁਣ ਸਨ ਜੋ ਆਮ ਬੰਦਿਆਂ ਵਿਚ ਨਹੀਂ ਹੁੰਦੇ। ਭਾਵ ਉਨ੍ਹਾਂ ਦਾ ਕੱਦ 5 ਫੁੱਟ 3 ਇੰਚ ਸੀ ਪਰ ਜਿਸਮ ਬੜਾ ਤਕੜਾ ਸੀ । ਬਤੌਰ ਮਜ਼ਦੂਰ ਕੰਮ ਕਰਦਿਆਂ ਉਹ ਮਾਲਕਾਂ ਦੀਆਂ ਚੰਗੀਆਂ ਨਜ਼ਰਾਂ ਵਿਚ ਆਪਣੀ ਸਖਤ ਮਿਹਨਤ ਕਰਕੇ ਆਏ। ਭਾਵੇਂ ਉਸ ਪਾਸ ਬਹੁਤ ਧੰਨ ਆਇਆ ਪਰ ਉਸ ਦੇ ਹਿਰਦੇ ਵਿਚ ਗਰੀਬੀ ਸੀ। ਜਦੋਂ ਉਹ ਪਾਲਦੀ ਆਏ ਤਾਂ ਲੋਕਾਂ ਨੇ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਪਿੰਡ ਵਿਚ ਇਕ ਗੇਟ ਬਣਾ ਕੇ ਉਸ ‘ਤੇ ਮਹਾਂਦਾਨੀ ਮਈਆ ਸਿੰਘ ਲਿਖਣ ਦਾ ਵਿਚਾਰ ਬਣਾਇਆ। ਸ. ਮਈਆ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਉਸ ਤੋਂ ਪਹਿਲਾਂ ਹੋਏ ਮਹਾਂਦਾਨੀ ਸ. ਨਗੀਨਾ ਸਿੰਘ ਜੰਗੀ ਦਾ ਨਾਂਅ ਉਨ੍ਹਾਂ ਤੋਂ ਪਹਿਲਾਂ ਲਿਖਿਆ ਜਾਵੇ। ਕੁਝ ਲੋਕਾਂ ਨੇ ਉਨ੍ਹਾਂ ਕੋਲ ਪਿੰਡ ਦੇ ਭਾਈ ਮੰਗਲ ਸਿੰਘ ਵਾਲੇ ਗੁਰਦੁਆਰੇ ਦੇ ਮਹੰਤ ਦੀ ਸ਼ਿਕਾਇਤ ਕੀਤੀ ਕਿ ਤੁਹਾਡੇ ਵਲੋਂ ਭੇਜਿਆ ਪੈਸਾ ਮਹੰਤ ਲੋਕਾਂ ਨੂੰ ਵਿਆਜ ‘ਤੇ ਦੇ ਦਿੰਦਾ ਹੈ ਤੇ ਕੁਝ ਪੈਸਾ ਲੋਕਾਂ ਨੇ ਮਾਰ ਹੀ ਲਿਆ ਹੈ, ਤੁਸੀਂ ਮਹੰਤ ਤੋਂ ਹਿਸਾਬ ਕਿਤਾਬ ਪੁੱਛੋ । ਸ. ਮਈਆ ਸਿੰਘ ਨੇ ਲੋਕਾਂ ਨੂੰ ਕਿਹਾ “ਮੈਂ ਗੁਰੂ ਘਰ ਦਾ ਰਿਣੀ ਸੀ, ਮੈਂ ਤਾਂ ਆਪਣਾ ਕਰਜ਼ਾ ਵਾਪਸ ਕੀਤਾ ਹੈ। ਕਰਜ਼ਾ ਵਾਪਸ ਕਰਨ ਵਾਲਾ ਸ਼ਾਹ ਤੋਂ ਕਿਵੇਂ ਪੁੱਛ ਸਕਦਾ ਹੈ ਕਿ ਉਸ ਵਲੋਂ ਮੋੜਿਆ ਕਰਜ਼ਾ ਸ਼ਾਹ ਨੇ ਕਿਥੇ ਖਰਚ ਕੀਤਾ ਹੈ।” ਇਹੋ ਜਿਹੇ ਮਸਕੀਨ ਸੁਭਾਅ ਦੇ ਸਨ ਸ. ਮਈਆ ਸਿੰਘ। 1955 ਵਿਚ ਉਹ ਪਾਲਦੀ ਵਿਖੇ ਹੀ ਅਕਾਲ ਪੁਰਖ ਨੂੰ ਪਿਆਰੇ ਹੋ ਗਏ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੇ ਸਾਰੀ ਜਾਇਦਾਦ ਇਆਸ਼ੀ ਵਿਚ ਉਡਾ ਦਿੱਤੀ। ਅੱਜ ਕਲ੍ਹ ਪਾਲਦੀ ਪਿੰਡ ਇੱਧਰ ਵੀ ਤੇ ਕੈਨੇਡਾ ਵਿਚ ਵੀ ਬੇਰੌਣਕਾ ਹੈ।
ਵੈਸੇ ਤਾਂ ਸਾਰਾ ਦੁਆਬਾ ਹੀ ਬਦੇਸ਼ ਚਲਾ ਗਿਆ ਹੈ ਪਰ ਪਾਲਦੀ ਵਿਚ ਤਾਂ ਵੱਡੀਆਂ-ਵੱਡੀਆਂ ਪੁਰਾਣੀਆਂ ਬਿਲਡਿੰਗਾਂ ਖਾਲੀ ਪਈਆਂ ਹਨ। ਕਈ ਲੋਕ ਤਾਂ ਵੀਹ-ਵੀਹ ਸਾਲ ਤੋਂ ਵੀ ਪਿੰਡ ਨਹੀਂ ਆਏ।
ਜੰਗੀ ਪਰਿਵਾਰ ਨੇ ਸੰਨ 1928 ਵਿਚ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੂੰ ਲਿਆ ਕੇ ਮਿਡਲ ਸਕੂਲ ਦੀ ਨੀਂਹ ਰਖਵਾਈ ਜੋ ਕੁਝ ਸਾਲਾਂ ਬਾਅਦ ਹਾਈ ਅਤੇ ਅੱਜਕੱਲ੍ਹ ਹਾਇਰ ਸੈਕੰਡਰੀ ਹੈ। ਇਸ ਦਾ ਪ੍ਰਬੰਧ ਕੇਵਲ ਜੰਗੀ ਪਰਿਵਾਰ ਦੀ ਕਮੇਟੀ ਹੀ ਕਰਦੀ ਹੈ, ਕਿਉਂਕਿ ਸਕੂਲ ਲਈ ਜ਼ਮੀਨ ਅਤੇ ਬਿਲਡਿੰਗ ਦਾ ਸਾਰਾ ਖਰਚ ਉਨ੍ਹਾਂ ਹੀ ਕੀਤਾ ਸੀ । ਆਲੇ-ਦੁਆਲੇ ਦੇ ਪਿੰਡਾਂ ਦੇ ਵਿਦਿਆਰਥੀ ਜੋ ਇਸ ਸਕੂਲੋਂ ਪੜ੍ਹ ਕੇ ਬਦੇਸ਼ਾਂ ਨੂੰ ਗਏ ਹਨ, ਇਸ ਸਕੂਲ ਨੂੰ ਕਾਫ਼ੀ ਰਕਮ ਦੇ ਰਹੇ ਹਨ। ਇਹ ਸਕੂਲ ਫੁੱਟਬਾਲ ਅਤੇ ਹੋਰ ਖੇਡਾਂ ਵਿਚ ਪੰਜਾਬ ਭਰ ਵਿਚ ਮਸ਼ਹੂਰ ਹੈ। ਕਈ ਖਿਡਾਰੀ ਤਾਂ ਨੈਸ਼ਨਲ ਲੈਵਲ ਤੱਕ ਵੀ ਪਹੁੰਚੇ ਹਨ। ਸਕੂਲ ਦੇ ਨਾਲ ਇਕ ਵਧੀਆ ਸਟੇਡੀਅਮ ਵੀ ਹੈ।
ਦੇਸ਼ ਦੀ ਆਜ਼ਾਦੀ ਅਤੇ ਗੁਰਦੁਆਰਿਆਂ ਦੇ ਸੁਧਾਰ ਲਈ ਚੱਲੀਆਂ ਲਹਿਰਾਂ ਵਿਚ ਵੀ ਇਸ ਪਿੰਡ ਦੇ ਵਾਸੀਆਂ ਨੇ ਪੂਰਾ ਯੋਗਦਾਨ ਪਾਇਆ। ਸੰਨ 1921 ਤੋਂ ਚੱਲੀ ਬੱਬਰ ਅਕਾਲੀ ਲਹਿਰ, ਜਿਸ ਨੇ ਅੰਗਰੇਜ਼ ਸਰਕਾਰ ਦੀਆਂ ਜੜ੍ਹਾਂ ਹਿਲਾਕੇ ਰੱਖ ਦਿੱਤੀਆਂ ਸਨ, ਦੁਆਬੇ ਦੇ ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਅਤੇ ਰਿਆਸਤ ਕਪੂਰਥਲਾ ਤੱਕ ਹੀ ਸੀਮਤ ਸੀ । ਬੱਬਰ ਇਸ ਇਲਾਕੇ ਵਿਚ ਖੁੱਲ੍ਹੇਆਮ ਜਲਸੇ ਕਰਦੇ ਅਤੇ ਅੰਗਰੇਜ਼ ਸਰਕਾਰ ਵਿਰੁੱਧ ਤਕਰੀਰਾਂ ਕਰਦੇ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਸਟੇਜ ‘ਤੇ ਉੱਤਰ ਕੇ ਭੀੜ ਵਿਚ ਗਾਇਬ ਹੋ ਜਾਂਦੇ । ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਅਸਫਲ ਰਹਿੰਦੀ। ਬੱਬਰਾਂ ਲਈ ਪਾਲਦੀ ਪਿੰਡ ਇਕ ਸੁਰੱਖਿਅਤ ਠਾਹਰ ਸੀ। ਪਿੰਡ ਦੀ ਜੂਹ ਵਿਚ ਬਹੁਤ ਝਿੜੀਆਂ ਅਤੇ ਬੂਝੇ, ਨੜੇ ਵਗੈਰਾ ਸਨ, ਜੋ ਲੁਕਣ ਲਈ ਵਧੀਆ ਠਿਕਾਣੇ ਸਨ। ਰਾਤ ਵੇਲੇ ਬੱਬਰਾਂ ਨੂੰ ਠਹਿਰਾਉਣ ਲਈ ਵੱਡੇ-ਵੱਡੇ ਮਕਾਨ ਸਨ। ਇਸ ਪਿੰਡ ਦੇ ਜਥੇਦਾਰ ਤੇਜਾ ਸਿੰਘ ਪਾਸ ਬੱਬਰ ਠਹਿਰਿਆ ਕਰਦੇ ਸਨ। ਵਾਅਦਾ ਮੁਆਫ ਗਵਾਹ ਆਸਾ ਸਿੰਘ ਨੇ ਬੱਬਰ ਅਕਾਲੀ ਟਰਾਇਲ ਕੇਸ ਵਿਚ ਬਿਆਨ ਦਿੱਤਾ- ‘ਭਾਈ ਕਿਸ਼ਨ ਸਿੰਘ ਨੇ ਮੈਨੂੰ ਬਹਿਬਲਪੁਰ ਤੋਂ ਮਾਹਲ ਗਹਿਲੇ ਨੂੰ ਧੰਨਾ ਸਿੰਘ ਨੂੰ ਲਿਆਉਣ ਲਈ ਘੱਲ ਦਿੱਤਾ ਅਤੇ ਕਿਹਾ ਕਿ ਉਹ ਪਾਲਦੀ ਜਥੇਦਾਰ ਤੇਜਾ ਸਿੰਘ ਦੇ ਘਰ ਮਿਲਣ। ਮੈਂ ਪਹਿਲਾਂ ਝਿੱਕੇ ਲਧਾਣੇ ਪੁੱਜਿਆ ਅਤੇ ਉਥੋਂ ਮਿਸਤਰੀ ਸ਼ੇਰ ਸਿੰਘ ਨੂੰ ਭੇਜ ਕੇ ਧੰਨਾ ਸਿੰਘ ਨੂੰ ਬੁਲਾਇਆ। ਅਸੀਂ ਪਾਲਦੀ ਜਥੇਦਾਰ ਤੇਜਾ ਸਿੰਘ ਦੇ ਘਰ ਕਿਸ਼ਨ ਸਿੰਘ ਨੂੰ ਆ ਮਿਲੇ । ਉਥੇ ਬੱਬਰ ਕਰਮ ਸਿੰਘ ਦੌਲਤਪੁਰ, ਕਰਮ ਸਿੰਘ ਝਿੰਗੜ, ਉਦੈ ਸਿੰਘ ਰਾਮਗੜ੍ਹ ਝੁੰਗੀਆਂ ਅਤੇ ਧੰਨਾ ਸਿੰਘ ਬਹਿਬਲਪੁਰ ਵੀ ਆਏ ਹੋਏ ਸਨ’ ਇਸ ਬਿਆਨ ਤੋਂ ਸਾਫ ਜਾਹਰ ਹੁੰਦਾ ਹੈ ਕਿ ਸਿਰਕੱਢ ਬੱਬਰ ਇਸ ਪਿੰਡ ਆਇਆ-ਜਾਇਆ ਕਰਦੇ ਸਨ ਅਤੇ ਉਨ੍ਹਾਂ ਦੀ ਕਿਸੇ ਨੇ ਮੁਖਬਰੀ ਨਾ ਕੀਤੀ। ਸਰਦਾਰ ਨਗੀਨਾ ਸਿੰਘ ਦੇ ਛੋਟੇ ਭਰਾ ਸ: ਬਚਿੱਤਰ ਸਿੰਘ ਜੈਲਦਾਰ ਸਨ । ਆਲੇ- ਦੁਆਲੇ ਦੇ ਜੈਲਦਾਰਾਂ ਦੀ ਤਰ੍ਹਾਂ ਉਹ ਅੰਗਰੇਜ਼ ਅਫ਼ਸਰਾਂ ਦੇ ਝੋਲੀਚੁੱਕ ਨਹੀਂ ਸਨ।
ਸ. ਨਗੀਨਾ ਸਿੰਘ ਨੇ ਬੱਬਰਾਂ ਨੂੰ ਪੰਜ ਸੌ ਰੁਪਏ ਦਿੱਤੇ ਸਨ, ਜਿਸ ਨਾਲ ਅੱਠ ਪਿਸਤੌਲ ਖਰੀਦੇ ਗਏ ਸਨ । ਇਹ ਬੱਬਰ ਸੁੰਦਰ ਸਿੰਘ ਮਖਸੂਸਪੁਰੀ ਨੇ ਆਪਣੀ ‘ਬੱਬਰ ਅਕਾਲੀਆਂ ਦਾ ਇਤਿਹਾਸ’ ਨਾਮੀ ਕਿਤਾਬ ਵਿਚ ਲਿਖਿਆ ਹੈ। ਸਰਕਾਰ ਨੂੰ ਕਿਸੇ ਤਰ੍ਹਾਂ ਸੂਹ ਮਿਲ ਗਈ ਤਾਂ ਸ. ਨਗੀਨਾ ਸਿੰਘ ‘ਤੇ ਵੀ ਨਜ਼ਰ ਰੱਖੀ ਜਾਣ ਲੱਗੀ। ਪੰਜ ਸੌ ਰੁਪਏ ਉਸ ਸਮੇਂ ਮਾਅਨੇ ਰੱਖਦੇ ਸਨ ਅਤੇ ਬੱਬਰਾਂ ਨੂੰ ਸਿਰ ‘ਤੇ ਕਫਨ ਬੰਨ੍ਹ ਕੇ ਡਾਕੇ ਮਾਰ ਕੇ ਵੀ ਐਨੀ ਰਕਮ ਨਹੀਂ ਸੀ ਮਿਲਦੀ।
ਜੈਤੋ ਦੇ ਮੋਰਚੇ ਵਿਚ ਇਸ ਪਿੰਡ ਦੇ ਹੇਠ ਲਿਖੇ ਵਿਅਕਤੀਆਂ ਨੇ ਸ਼ਾਂਤਮਈ ਰਹਿੰਦੇ ਹੋਏ ਪੁਲਿਸ ਦੀਆਂ ਡਾਂਗਾਂ ਦੀ ਮਾਰ ਸਹੀ ਅਤੇ ਘੋੜਿਆਂ ਦੇ ਖੁਰਾਂ ਹੇਠ ਲਿਤਾੜੇ ਗਏ। ਨਾਲੇ ਕੈਦ ਵੀ ਕੱਟੀ, ਬਿਸ਼ਨ ਸਿੰਘ ਪੁੱਤਰ ਤੇਜਾ ਸਿੰਘ 20 ਮਹੀਨੇ, ਗੱਜਣ ਸਿੰਘ ਕੇਹਰ ਪੁੱਤਰ ਹੀਰਾ ਸਿੰਘ ਜੇਲ੍ਹ ਵਿਚ ਮੌਤ, ਗੱਜਣ ਸਿੰਘ ਪੁੱਤਰ ਹਰੀ ਸਿੰਘ ਤਿੰਨ ਸਾਲ ਤਿੰਨ ਮਹੀਨੇ, ਹਜ਼ਾਰਾ ਸਿੰਘ ਪੁੱਤਰ ਮੱਲਾ ਸਿੰਘ ਇਕ ਸਾਲ ਨੌ ਮਹੀਨੇ । ਗੱਜਣ ਸਿੰਘ ਦੀ ਮੌਤ ਜੇਲ੍ਹ ਵਿਚ ਪੁਲਿਸ ਦੀਆਂ ਡਾਂਗਾਂ ਦੀ ਮਾਰ ਕਾਰਨ ਹੋਈ, ਪਰ ਕਿਸੇ ਨੇ ਕੋਈ ਸਾਰ ਨਾ ਲਈ। ਸੰਤ ਰਣਜੀਤ ਸਿੰਘ ਹੁਰਾਂ ਦੇ ਉੱਦਮ ਨਾਲ ਇਸ ਸ਼ਹੀਦ ਦੀ ਯਾਦ ਵਿਚ ਪਾਲਟੀ ਬੱਸ ਅੱਡੇ ਉੱਤੇ ਇਕ ਸ਼ਾਨਦਾਰ ਗੁਰਦੁਆਰਾ ਬਣਾਇਆ ਗਿਆ ਹੈ।
Credit – ਵਾਸਦੇਵ ਸਿੰਘ ਪਰਹਾਰ