ਜਲੰਧਰ
ਇਤਿਹਾਸਕ-ਮਿਥਿਹਾਸਕ ਪਿਛੋਕੜ
ਜਨਰਲ ਕਨਿੰਘਮ ਨੇ ਪਦਮ ਪੁਰਾਣ ਦੇ ਹਵਾਲੇ ਨਾਲ ਲਿਖਿਆ ਹੈ ਕਿ ਰਾਵੀ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਦਾ ਨਾਂਅ ਜਲੰਧਰ ਸੀ, ਜਿਹੜਾ ਕਿ ਦੈਂਤ ਰਾਜਾ ਦਾਨਵ ਜਲੰਧਰ ਦੇ ਨਾਂਅ ‘ਤੇ ਪਿਆ। ਮੁਸਲਮਾਨਾਂ ਦੇ ਹਮਲਿਆਂ ਤੋਂ ਪਹਿਲਾਂ ਦੀ ਜਲੰਧਰ ਦੀ ਤਵਾਰੀਖ ਮਿਥਿਹਾਸਕ ਹੀ ਹੈ, ਜਿਸ ਅਨੁਸਾਰ ਜਲੰਧਰ ਨਾਂਅ ਦਾ ਦੈਂਤ ਐਡਾ ਵੱਡਾ ਸੀ ਕਿ ਸਿਰ ਕਾਂਗੜੇ, ਧੜ ਜਲੰਧਰ ਅਤੇ ਪੈਰ ਮੁਲਤਾਨ ਸਨ । ਮੇਰਾ ਖਿਆਲ ਹੈ ਕਿ ਜਲੰਧਰ ਇਕ ਵੱਡੇ ਕਬੀਲੇ ਦਾ ਨਾਂਅ ਸੀ, ਜੋ ਕਾਂਗੜੇ ਤੋਂ ਮੁਲਤਾਨ ਤੱਕ ਫੈਲਿਆ ਹੋਇਆ ਸੀ। ਕਨਿਸ਼ਕ ਦੇ ਰਾਜ ਸਮੇਂ ਜਲੰਧਰ ਦਾ ਜ਼ਿਕਰ ਮਿਲਦਾ ਹੈ। ਕਨਿਸ਼ਕ ਦੇ ਉੱਦਮ ਨਾਲ ਸੰਨ 100 ਦੇ ਨੇੜੇ-ਤੇੜੇ ਜਲੰਧਰ ਨੇੜੇ ਕੁਵਾਨਾ ਵਿਖੇ ਬੁੱਧ ਧਰਮ ਦੇ ਪ੍ਰਚਾਰਕਾਂ ਦੇ ਮੁਖੀਆਂ ਦੀ ਮੀਟਿੰਗ ਹੋਈ, ਜਿਸ ਵਿਚ ਬੁੱਧ ਧਰਮ ਦੇ ਗ੍ਰੰਥਾਂ ਨੂੰ ਪਾਲੀ ਜਾਂ ਮਗਧ ਭਾਸ਼ਾਵਾਂ ਦੀ ਥਾਂ ਸੰਸਕ੍ਰਿਤ ਵਿਚ ਲਿਖਣ ਦਾ ਫੈਸਲਾ ਕੀਤਾ ਗਿਆ। ਇਸ ਤਰ੍ਹਾਂ ਉੱਤਰ ਅਤੇ ਦੱਖਣੀ ਬੋਧੀ ਮੱਠਾਂ ਵਿਚ ਏਕਤਾ ਹੋ ਗਈ। ਇਸ ਤੋਂ ਬਾਅਦ ਜਲੰਧਰ ਵਿਖੇ ਰਾਜਪੂਤ ਰਾਜ ਦਾ ਵੀ ਜ਼ਿਕਰ ਮਿਲਦਾ ਹੈ, ਪਰ ਅਫਸੋਸ ਹੈ ਕਿ ਇਸ ਦਾ ਸਮਾਂ ਯਕੀਨੀ ਨਹੀਂ। ਕਨਿੰਘਮ ਨੇ ਮਹਾਂਭਾਰਤ ਦੇ ਯੁੱਧ ਵਿਚ ਸੁਸਰਾਮ ਚੰਦ ਚੰਦਰਵੰਸ਼ੀ ਰਾਜਪੂਤ, ਜਿਸ ਦਾ ਰਾਜ ਕਾਂਗੜਾ ਤੋਂ ਮੁਲਤਾਨ ਤੱਕ ਸੀ ਅਤੇ ਜੋ ਦਰਯੋਧਨ ਦੀ ਤਰਫ ਤੋਂ ਲੜਿਆ, ਆਪਣੇ ਸਾਥੀਆਂ-ਸੰਗੀਆਂ ਸਮੇਤ ਜਲੰਧਰ ਵਿਖੇ ਆਬਾਦ ਹੋ ਗਿਆ। ਇਸ ਰਿਆਸਤ ਦਾ ਨਾਂਅ ਜਲੰਧਰ ਜਾਂ ਤਰੀਗਰਤਾ ਸੀ, ਭਾਵ ਕਿ ਤਿੰਨ ਦਰਿਆਵਾਂ ਰਾਵੀ, ਬਿਆਸ ਅਤੇ ਸਤਲੁਜ ਦਾ ਇਲਾਕਾ। ਤਰੀਗਰਤਾ ਦਾ ਜ਼ਿਕਰ ਪੁਰਾਣਾ ਅਤੇ ਰਾਜ ਤਰੰਗਨੀ (ਕਸ਼ਮੀਰ ਦਾ ਇਤਿਹਾਸ) ਵਿਚ ਮਿਲਦਾ ਹੈ।
ਚੀਨੀ ਯਾਤਰੀ ਹਿਊਨਸਾਂਗ ਸੱਤਵੀਂ ਸਦੀ ਵਿਚ ਜਲੰਧਰ ਆਇਆ। ਉਸ ਸਮੇਂ ਇਹ ਰਾਜਾ ਕਨੌਜ ਦੇ ਰਾਜ ਅਧੀਨ ਸੀ ਅਤੇ ਹਰਸ਼ ਵਰਧਨ ਨੇ ਜਲੰਧਰ ਦੇ ਰਾਜਾ ਉਤੀਤੂ ਨੂੰ ਇਸ ਸੈਲਾਨੀ ਦੀ ਸੁਰੱਖਿਆ ਅਤੇ ਸੁਵਿਦਾ ਦਾ ਧਿਆਨ ਰੱਖਣ ਦੀ ਹਦਾਇਤ ਕੀਤੀ। ਕਨਿੰਘਮ ਨੇ ਬੈਜਨਾਥ ਦੇ ਮੰਦਰ ਵਿਚੋਂ ਇਕ ਸ਼ਿਲਾਲੇਖ ਲੱਭਿਆ, ਜਿਸ ਵਿਚ ਸੰਨ 804 ਵਿਚ ਜਲੰਧਰ ਦੇ ਰਾਜਾ ਦਾ ਨਾਂਅ ਜੈ ਚੰਦਰ ਲਿਖਿਆ ਹੋਇਆ ਹੈ। ਜਦੋਂ ਸੰਨ 1028 ਤੋਂ 1081 ਤੱਕ ਕਸ਼ਮੀਰ ਵਿਚ ਰਾਜਾ ਅਨੰਤ ਦਾ ਰਾਜ ਸੀ ਤਾਂ ਜਲੰਧਰ ਵਿਖੇ ਇੰਦੂ ਚੰਦਰ ਨਾਂਅ ਦਾ ਰਾਜਾ ਸੀ । ਸਨੰ 1240-42 ਦੇ ਲਾਗੇ ਜਲੰਧਰ ਦਿੱਲੀ ਦੇ ਬਾਦਸ਼ਾਹ ਬਹਿਰਾਮ ਸ਼ਾਹ ਦੇ ਅਧੀਨ ਸੀ। ਤਰੀਖ-ਏ-ਮੁਬਾਰਕ ਅਨੁਸਾਰ ਜਲੰਧਰ ਦੇ ਤੁਗਾਨ ਖਾਂ ਨੇ ਬਜਵਾੜੇ (ਹੁਸ਼ਿਆਰਪੁਰ) ਦੇ ਸਾਰੰਗ ਖਾਂ ਦੀ ਬਗਾਵਤ ਵੇਲੇ ਸੁਲਤਾਨਸ਼ਾਹ ਲੋਧੀ ਸਰਹਿੰਦ ਦੇ ਗਵਰਨਰ, ਜੋ ਕਿ ਬਹਿਲੋਲ ਖਾਂ ਦਾ ਚਾਚਾ ਸੀ, ਦੀ ਮਦਦ ਕੀਤੀ। ਸੰਨ 1421 ਵਿਚ ਜ਼ੀਰਕ ਖਾਂ ਨਾਮੀ ਜਲੰਧਰ ਦਾ ਗਵਰਨਰ ਸੀ। ਸੰਨ 1428 ਵਿਚ ਜਸਤਾਰ ਖਾਂ (ਜਥਰਥ) ਖੋਖਰ ਨੇ ਜਲੰਧਰ ‘ਤੇ ਹਮਲਾ ਕੀਤਾ, ਪਰ ਉਹ ਇਸ ਨੂੰ ਫਤਿਹ ਕਰਨ ਵਿਚ ਸਫਲ ਨਾ ਹੋਇਆ ਅਤੇ ਕਲਾਨੌਰ ਨੂੰ ਵਾਪਸ ਮੁੜ ਗਿਆ। ਉਸ ਨੇ ਸਾਲ ਕੁ ਬਾਅਦ ਇਕ ਹੋਰ ਅਸਫਲ ਯਤਨ ਕੀਤਾ। ਬਹਿਲੋਲ ਖਾਂ ਲੋਧੀ ਦੇ ਦਿੱਲੀ ਦੇ ਤਖ਼ਤ ‘ਤੇ ਬੈਠਣ ‘ਤੇ ਜਸਤਾਰ ਖਾਂ ਖੋਖਰ ਨਾਲ ਸੁਲ੍ਹਾ ਹੋ ਗਈ। ਹਮਾਯੂੰ ਦੀ ਈਰਾਨ ਤੋਂ ਵਾਪਸੀ ਵੇਲੇ ਬੈਰਮ ਖਾਂ ਨੇ ਹਰਿਆਣਾ (ਹੁਸ਼ਿਆਰਪੁਰ) ਵਿਖੇ ਅਫਗਾਨ ਫੌਜ ਨੂੰ ਕਰਾਰੀ ਹਾਰ ਦਿੱਤੀ ਅਤੇ ਜਲੰਧਰ ‘ਤੇ ਕਬਜ਼ਾ ਕਰ ਲਿਆ। ਅਕਬਰ ਨੇ ਕਾਂਗੜੇ ਦਾ ਕਿਲ੍ਹਾ ਫਤਿਹ ਕਰਕੇ ਜਲੰਧਰ ਵਿਖੇ ਕੁਝ ਸਮਾਂ ਰਿਹਾਇਸ਼ ਰੱਖੀ। ਅਕਬਰ ਦੇ ਸਮੇਂ ਜਲੰਧਰ ਵਿਖੇ ਤਾਂਬੇ ਦੇ ਸਿੱਕਿਆਂ ਦੀ ਟਕਸਾਲ ਸੀ। ਅਕਬਰ ਤੋਂ ਬਾਅਦ ਮੁਗਲ ਰਾਜ ਦੇ ਖਾਤਮੇ ਤੱਕ ਜਲੰਧਰ ਉਨ੍ਹਾਂ ਦੇ ਅਧੀਨ ਹੀ ਰਿਹਾ। ਅਫਗਾਨਾਂ ਨੇ ਮੁਗਲਾਂ ਤੋਂ ਪਹਿਲਾਂ ਜਲੰਧਰ ਦੇ ਦੁਆਲੇ ਆਪਣੀਆਂ ਬਸਤੀਆਂ ਆਬਾਦ ਕੀਤੀਆਂ, ਜਿਨ੍ਹਾਂ ਦੇ ਵੇਰਵਾ ਇਸ ਪ੍ਰਕਾਰ ਹੈ :
ਬਸਤੀ ਦਾਨਿਸ਼ਮੰਦਾਂ ਦਾ ਪੁਰਾਤਨ ਨਾਂਅ ਇਬਰਾਹੀਮਪੁਰ ਸੀ, ਜਿਹੜੀ ਕਿ ਕਾਨੀ ਕੁਰਮ ਤੋਂ ਆ ਕੇ ਸ਼ੇਖ ਅਨੁਸਾਰੀ ਨੇ ਸੰਨ 1606 ਵਿਚ ਆਬਾਦ ਕੀਤੀ। ਦਾਨਿਸ਼ਮੰਦ ਦਾ ਅਰਥ ਅਕਲਮੰਦ ਹੁੰਦਾ ਹੈ।
ਬਸਤੀ ਸ਼ੇਖ ਦਰਵੇਸ਼ ਦਾ ਪੁਰਾਤਨ ਨਾਂਅ ਸੂਰਜਾਬਾਦ ਸੀ, ਇਕ ਅਨਸਾਰੀ ਸ਼ੇਖ ਨੇ ਕਾਨੀ ਕੁਰਮ ਤੋਂ ਆ ਕੇ ਸੰਨ 1614 ਵਿਚ ਆਬਾਦ ਕੀਤੀ।
ਬਸਤੀ ਗੁਜ਼ਾਂ ਨੂੰ ਪਠਾਣਾਂ ਦੇ ਗੁਜ਼ ਨਾਂਅ ਦੇ ਫਿਰਕੇ ਨੇ ਸ਼ਾਹਜਹਾਂ ਦੇ ਸਮੇਂ ਆਬਾਦ ਕੀਤਾ। ਇਹ ਸ਼ੇਖ ਦਰਵੇਸ਼ ਦੇ ਚੇਲੇ ਸਨ । ਬਾਅਦ ਵਿਚ ਇਨ੍ਹਾਂ ਲੋਧੀਆਂ, ਸਈਅਦਾਂ ਅਤੇ ਸ਼ੇਖਾਂ ਤੋਂ ਜ਼ਮੀਨ ਖਰੀਦ ਕੇ ਆਪਣਾ ਬਾਜ਼ਾਰ ਉਸਾਰਿਆ, ਜੋ ਅੱਜ ਵੀ ਬਾਜ਼ਾਰ ਸ਼ੇਖਾਂ ਅਖਵਾਉਂਦਾ ਹੈ ।
ਬਸਤੀ ਬਾਵਾ ਖੇਲ ਦਾ ਪੁਰਾਤਨ ਨਾਂਅ ਬਾਬਾਪੁਰ ਸੀ । ਪਠਾਣਾਂ ਦੇ ਬਾਬਾ ਖੇਲ ਫਿਰਕੇ ਨੇ ਇਹ ਸੰਨ 1620 ਵਿਚ ਵਸਾਈ। ਸੰਨ 1760 ਵਿਚ ਸਿੱਖਾਂ ਨੇ ਲੁੱਟ ਕੇ ਇਸ ਨੂੰ ਬਰਬਾਦ ਕਰ ਦਿੱਤਾ, ਪਰ ਛੇਤੀ ਪੁਰਾਣੀ ਜਗ੍ਹਾ ਦੇ ਨਾਲ ਹੀ ਦੁਬਾਰਾ ਉਸਾਰੀ ਗਈ।
ਬਸਤੀ ਪੀਰਦਾਦ ਇਹ ਬਸਤੀ ਬਾਵਾ ਖੇਲ ਦੀ ਹੀ ਇਕ ਸ਼ਾਖ ਹੈ। ਬਸਤੀ ਸ਼ਾਹ ਕੁਲੀ ਇਹ ਬਸਤੀ ਸ਼ਾਹਜਹਾਂ ਦੇ ਸਮੇਂ ਬਰਕੀ ਪਠਾਣਾਂ ਨੇ ਵਸਾਈ।
ਬਸਤੀ ਸ਼ਾਹ ਇਬਰਾਹੀਮ ਇਹ ਵੀ ਸ਼ਾਹਜਹਾਂ ਦੇ ਸਮੇਂ ਬਰਕੀ ਪਠਾਣਾਂ ਨੇ ਵਸਾਈ।
ਬਸਤੀ ਮਿੱਠੂ ਸਾਹਿਬ ਪਿਸ਼ਾਵਰ ਦੇ ਲਾਗੇ ਦੇ ਖਲੀਲ ਮਤਜ਼ਈ ਪਠਾਣ, ਜਿਸ ਦਾ ਨਾਂਅ ਮਿੱਠੂ ਸਾਹਿਬ ਸੀ, ਨੇ ਬਸਤੀ ਦਰਵੇਸ਼ ਦੇ ਸਮੇਂ ਹੀ ਆਬਾਦ ਕੀਤੀ।
ਬਸਤੀ ਨੌ ਦਾ ਭਾਵ ਨਵੀਂ ਹੈ। ਇਹ ਬਸਤੀ ਸਿੱਖ ਰਾਜ ਵੇਲੇ ਆਬਾਦ ਹੋਈ ਅਤੇ ਮਹਾਰਾਜਾ ਕਪੂਰਥਲਾ ਦੀ ਮਾਲਕੀ ਹੈ।
ਅੰਗਰੇਜ਼ੀ ਰਾਜ ਦੇ ਸ਼ੁਰੂ ਹੋਣ ਸਮੇਂ ਦੇ ਜਲੰਧਰ ਸ਼ਹਿਰ ਦੇ ਵਸਨੀਕ ਅਫਗਾਨ ਸਈਅਦ, ਮੁਗਲ, ਮਲਿਕ, ਰਾਜਪੂਤ, ਅਰਾਈਂ ਅਤੇ ਖੱਤਰੀਆਂ ਨੇ ਜ਼ਮੀਨ ਦੀ ਮਾਲਕੀ ਖਰੀਦ ਕਰਕੇ ਪ੍ਰਾਪਤ ਕੀਤੀ। ਉਨ੍ਹਾਂ ਤੋਂ ਪਹਿਲੇ ਵਸਨੀਕ ਰਾਠੌਰ ਰਾਜਪੂਤ ਸਨ, ਜਿਨ੍ਹਾਂ ਇਸਲਾਮ ਧਰਮ ਕਬੂਲ ਕਰ ਲਿਆ ਅਤੇ ਆਪਣੀ ਜ਼ਮੀਨ ਵੇਚ ਦਿੱਤੀ। ਮਲਿਕ ਭਾਵੇਂ ਮੁਸਲਮਾਨ ਹਨ, ਪਰ ਆਪਣਾ ਪਿਛੋਕੜ ਗਜਨਪੁਰ ਦੇ ਇਕ ਰਾਜਪੂਤ ਮੁਖੀ ਨਾਲ ਜੋੜਦੇ ਹਨ, ਜਿਸ ਨੂੰ ਸ਼ਹਾਬ-ਉ-ਦੀਨ ਮੁਹੰਮਦ ਗੌਰੀ ਦੇ ਸਮੇਂ ਕੈਦ ਕਰਕੇ ਇਥੇ ਲਿਆਂਦਾ ਗਿਆ, ਪਰ ਬਾਦਸ਼ਾਹ ਦੇ ਘਰ ਇਕ ਪੁੱਤਰ ਦੇ ਜਨਮ ਲੈਣ ਦੀ ਖੁਸ਼ੀ ਵਿਚ ਇਸ ਨੂੰ ਛੱਡ ਦਿੱਤਾ ਗਿਆ ਅਤੇ ਇਸ ਨੂੰ ਮਲਿਕ ਦਾ ਖਿਤਾਬ ਦਿੱਤਾ ਗਿਆ। ਖੱਤਰੀਆਂ ਵਿਚੋਂ ਸਹਿਗਲ ਸਭ ਤੋਂ ਪੁਰਾਣੇ ਜ਼ਮੀਨ ਦੇ ਮਾਲਕ ਹਨ। ਉਨ੍ਹਾਂ ਵਿਚੋਂ ਕੁਝ ਮੁਸਲਮਾਨ ਬਣ ਗਏ ਹਨ । ਅਰਾਈਆਂ ਦੀ ਗਿਣਤੀ ਬਹੁਤ ਹੈ ਤੇ ਉਨ੍ਹਾਂ ਹੌਲੀ-ਹੌਲੀ ਖਰੀਦ ਕੇ ਜ਼ਮੀਨ ਪ੍ਰਾਪਤ ਕੀਤੀ ਹੈ। ਉਸ ਸਮੇਂ ਜ਼ਮੀਨ ਦੀ ਮਾਲਕੀ ਵਾਲੇ ਆਪਣੇ ਤੋਂ ਬਾਹਰ ਦੇ ਗੋਤ/ਕਬੀਲੇ ਵਾਲਿਆਂ ਨੂੰ ਜ਼ਮੀਨ ਨਹੀਂ ਖਰੀਦਣ ਦਿੰਦੇ ਸਨ। ਸਮੇਂ ਦੇ ਹਾਕਮ ਵੀ ਅਮਨ-ਅਮਾਨ ਕਾਇਣ ਰੱਖਣ ਲਈ ਠੀਕ ਸਮਝਦੇ ਸਨ ਕਿ ਇਕ ਪਿੰਡ ਜਾਂ ਸ਼ਹਿਰ ਵਿਚ ਇਕੋ ਜਾਤ/ਗੋਤ ਦੇ ਲੋਕ ਵਸਣ, ਤਾਂ ਕਿ ਆਪਸੀ ਲੜਾਈ ਤੇ ਦੰਗੇ ਫਸਾਦ ਨਾ ਹੋਣ। ਉਪਰੋਕਤ ਵੇਰਵਾ ਸਿੱਖ ਮਿਸਲਾਂ ਤੋਂ ਪਹਿਲਾਂ ਦਾ ਹੈ। ਸਿੱਖਾਂ ਦੀ ਚੜ੍ਹਤ ਵੇਲੇ ਵੀ ਜਲੰਧਰ ਦੀ ਬਹੁਤੀ ਆਬਾਦੀ ਤਕਰੀਬਨ 85 ਫੀਸਦੀ ਮੁਸਲਮਾਨ ਹੋਣ ਕਰਕੇ ਸਿੱਖਾਂ ਲਈ ਇਸ ਨੂੰ ਫਤਿਹ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਸੀ । ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਫਤਿਹ ਤੋਂ ਬਾਅਦ ਜਲੰਧਰ ਵੱਲ ਨੂੰ ਵਾਗਾਂ ਮੋੜੀਆਂ। ਜਲੰਧਰ ਤੋਂ ਪੂਰਬ ਵੱਲ ਨੂੰ ਪੰਜ ਕੁ ਮੀਲ ‘ਤੇ ਤੱਲ੍ਹਣ ਅਤੇ ਪਤਾਰਾ ਪਿੰਡਾਂ ਦੇ ਵਿਚਕਾਰ ਪਿੰਡ ਚਾਂਦਪੁਰ ਵਿਖੇ ਇਕ ਵਧੀਆ ਪਾਣੀ ਦੀ ਢਾਬ ਸੀ। ਬੰਦਾ ਸਿੰਘ ਬਹਾਦਰ ਨੇ ਇਸ ਥਾਂ ‘ਤੇ ਉਤਾਰਾ ਕੀਤਾ। ਜਲੰਧਰ ਦੇ ਫੌਜਦਾਰ ਸ਼ਮਸ਼-ਉ-ਦੀਨ ਬੰਦਾ ਸਿੰਘ ਤੋਂ ਡਰਦਾ ਰਾਵੀ ਤੋਂ ਪਾਰ ਪਹਾੜਾਂ ਵੱਲ ਚਲੇ ਗਿਆ । ਚਾਂਦਪੁਰ ਦੇ ਬੰਦਾ ਸਿੰਘ ਬਹਾਦਰ ਦੇ ਡੇਰੇ ਦੀ ਥਾਂ ਨੂੰ ਅੱਜਕੱਲ੍ਹ ਵੀ ‘ਥੇਹ ਬਾਬਾ ਬੰਦਾ ਸਿੰਘ ਬਹਾਦਰ’ ਕਹਿੰਦੇ ਹਨ ਅਤੇ ਇਸ ਥਾਂ ‘ਤੇ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਇਨਕਲਾਬੀ ਮਾਸਟਰ ਮੋਤਾ ਸਿੰਘ ਨੇ ਜਦੋਂ ਨੀਹਾਂ ਪੁਟਵਾਈਆਂ ਤਾਂ ਪੁਰਾਤਨ ਸਮੇਂ ਦੀਆਂ ਤਲਵਾਰਾਂ ਮਿਲੀਆਂ, ਜਿਹੜੀਆਂ ਉਨ੍ਹਾਂ ਨੇ ਉਸ ਸਮੇਂ ਦੇ ਬੱਬਰਾਂ (ਸੰਨ 1925) ਨੂੰ ਇਨਾਮ ਵਜੋਂ ਦੇ ਦਿੱਤੀਆਂ ਸਨ । ਬੰਦਾ ਸਿੰਘ ਬਹੁਤੀ ਦੇਰ ਇੱਧਰ ਨਾ ਠਹਿਰਿਆ ਤੇ ਮੁਗਲ ਸਰਕਾਰ ਨੇ ਈਸੇ ਖਾਂ ਮੰਝ ਨੂੰ ਜਲੰਧਰ ਨੂੰ ਠੀਕ ਤਰ੍ਹਾਂ ਵਸਾਉਣ ਦਾ ਕੰਮ ਸੌਂਪਿਆ। ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਕਈ ਸਾਲ ਸਿੱਖ ਨਾ ਉੱਠ ਸਕੇ, ਪਰ ਖਾਲਸਾ ਜਿਊਂਦਾ ਰਿਹਾ ਅਤੇ ਬੰਦਾ ਸਿੰਘ ਵਰਗੀ ਤਾਕਤ ਅਤੇ ਦਲੇਰੀ ਨਾਲ ਫੇਰ ਪੰਜਾਬ ਵਿਚ ਸਿਰ ਕੱਢ ਕੇ ਫਿਰਨ ਜੋਗਾ ਹੋ ਗਿਆ।
ਜ਼ਕਰੀਆ ਖਾਂ ਨੇ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ ਨਿਯੁਕਤ ਕੀਤਾ। ਇਹ ਬੜਾ ਚਤੁਰ ਸ਼ਾਸਕ ਸੀ, ਜੋ ਇਕ ਪਟਵਾਰੀ ਦੇ ਅਹੁਦੇ ਤੋਂ ਪੰਜਾਬ ਦਾ ਗਵਰਨਰ ਬਣਿਆ। ਇਹ ਦੋ ਹੱਥਾਂ ਵਿਚ ਤਿੰਨ ਗੋਲੇ ਉਛਾਲਣ ਦੀ ਤਰ੍ਹਾਂ ਸਿੱਖ, ਮਰਹੱਟਿਆਂ ਅਤੇ ਫਗਾਨਾਂ ਨਾਲ ਆਪਣੇ ਹਿੱਤਾਂ ਲਈ ਸੰਪਰਕ ਰੱਖਦਾ ਸੀ। ਇਹ ਸਿੱਖਾਂ ‘ਤੇ ਬੇਲੋੜਾ ਜ਼ੁਲਮ ਕਰਨ ਦੇ ਹੱਕ ਵਿਚ ਨਹੀਂ ਸੀ। ਅਹਿਮਦ ਸ਼ਾਹ ਨੇ ਸੰਨ 1756 ਵਿਚ ਕਰਤਾਰਪੁਰ, ਜੋ ਜਲੰਧਰ ਤੋਂ 9 ਮੀਲ ਪੱਛਮ ਵੱਲ ਹੈ, ਲੁੱਟ ਕੇ ਸਾੜ-ਫੂਕ ਦਿੱਤਾ। ਇਸ ਤੋਂ ਅਗਲੇ ਸਾਲ ਸਿੱਖਾਂ ਨੇ ਵਡਭਾਗ ਸਿੰਘ ਦੀ ਅਗਵਾਈ ਅਤੇ ਅਦੀਨਾ ਬੇਗ ਦੀ ਮਦਦ ਨਾਲ ਕਰਤਾਰਪੁਰ ਦਾ ਬਦਲਾ ਲਿਆ। ਸੰਨ 1758 ਵਿਚ ਅਦੀਨਾ ਬੇਗ ਦੀ ਮੌਤ ਹੋ ਗਈ। ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਜਾਰੀ ਰਹੇ ਅਤੇ ਅੰਤ ਸੰਨ 1767 ਵਿਚ ਉਸ ਨੇ ਕਾਂਗੜਾ ਦੇ ਕਟੋਚ ਰਾਜੇ ਘੁਮੰਡ ਚੰਦ ਨੂੰ ਜਲੰਧਰ ਦਾ ਫੌਜਦਾਰ (ਗਵਰਨਰ) ਮੁਕੱਰਰ ਕੀਤਾ, ਪਰ ਉਹ ਸਿੱਖਾਂ ਵਿਰੁੱਧ ਆਪਣੇ ਪੈਰ ਜਲੰਧਰ ਨਾ ਟਿਕਾ ਸਕਿਆ। ਦਰਅਸਲ ਸੰਨ 1759 ਤੋਂ ਹੀ ਜਲੰਧਰ ਦੇ ਲਾਗੇ ਸਿੰਘਾਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਸਨ। ਸਿੱਖ ਮਿਸਲਾਂ ਦੇ ਸਰਦਾਰ ਆਪਸ ਵਿਚ ਵੀ ਲੜਦੇ ਰਹਿੰਦੇ ਸਨ। ਰਾਮਗੜ੍ਹੀਆ ਜੱਸਾ ਸਿੰਘ ਨੇ ਅਦੀਨਾ ਬੇਗ ਦੀ ਸਹਾਇਤਾ ਨਾਲ ਜਲੰਧਰ ਸ਼ਹਿਰ ‘ਤੇ ਕਬਜ਼ਾ ਕਰ ਲਿਆ, ਪਰ ਦੋ ਸਾਲ ਤੱਕ ਉਹ ਪਠਾਣਾਂ ਦੀਆਂ ਬਸਤੀਆਂ ਨੂੰ ਆਪਣੇ ਅਧੀਨ ਨਾ ਕਰ ਸਕਿਆ। ਤੰਗ ਆਏ ਪਠਾਣਾਂ ਨੇ ਨਵਾਬ ਕਪੂਰ ਸਿੰਘ ਦੇ ਭਤੀਜੇ ਖੁਸ਼ਹਾਲ ਸਿੰਘ ਨੂੰ ਮਦਦ ਲਈ ਬੁਲਾ ਲਿਆ। ਸ਼ੇਖ ਦਰਵੇਸ਼ ਦੇ ਪੜਪੋਤੇ ਮੀਆਂ ਸ਼ਰਫ-ਉਦ-ਦੀਨ ਨੇ ਬਸਤੀਆਂ ਅਤੇ ਲਾਂਬੜੇ ਦਾ ਕਿਲ੍ਹਾ ਖੁਸ਼ਹਾਲ ਸਿੰਘ ਦੇ ਹਵਾਲੇ ਕਰ ਦਿੱਤਾ, ਇਹ ਸੰਨ 1762 ਦੀ ਗੱਲ ਹੈ। ਖੁਸ਼ਹਾਲ ਸਿੰਘ ਦੇ ਪੁੱਤਰ ਬੁੱਧ ਸਿੰਘ ਨੇ ਜਲੰਧਰ ਦਾ ਕਿਲ੍ਹਾ ਬਣਵਾਇਆ, ਜਿਥੇ ਇਹ ਕਿਲ੍ਹਾ ਸਥਿਤ ਸੀ, ਉਸ ਨੂੰ ਅੱਜਕੱਲ੍ਹ ਵੀ ਕਿਲ੍ਹਾ ਮੁਹੱਲਾ ਕਿਹਾ ਜਾਂਦਾ ਹੈ। ਇਹ ਮੁਹੱਲਾ ਪੁਰਾਣਾ ਅੱਡਾ ਹੁਸ਼ਿਆਰਪੁਰ (ਨੇੜੇ ਰੇਲਵੇ ਫਾਟਕ) ਤੋਂ ਪੰਜ ਪੀਰ ਚੌਕ, ਮਾਈ ਹੀਰਾਂ ਗੇਟ ਵਾਲਾ ਮੁਹੱਲਾ ਹੈ। ਅਜੇ ਵੀ ਨਾਨਕਸ਼ਾਹੀ ਇੱਟਾਂ ਦੇ ਦੋ ਮੰਜ਼ਲੇ ਮਕਾਨ ਦੇਖਣ ਨੂੰ ਮਿਲਦੇ ਹਨ। ਸਤੰਬਰ ਸੰਨ 1811 ਵਿਚ ਰਣਜੀਤ ਸਿੰਘ ਵਲੋਂ ਦੀਵਾਨ ਮੋਹਕਮ ਚੰਦ ਨੇ ਆਹਲੂਵਾਲੀਆ ਅਤੇ ਰਾਮਗੜ੍ਹੀਆ ਮਿਸਲਾਂ ਦੀ ਮਦਦ ਨਾਲ ਬੁੱਧ ਸਿੰਘ ਨੂੰ ਜਲੰਧਰੋਂ ਭਜਾ ਦਿੱਤਾ ਤੇ ਉਹ ਸਤਲੁਜ ਤੋਂ ਪਾਰ ਚਲੇ ਗਿਆ। ਦੀਵਾਨ ਮੋਹਕਮ ਚੰਦ ਨੂੰ ਜਲੰਧਰ ਦਾ ਨਾਜ਼ਮ ਮੁਕਰਰ ਕੀਤਾ ਗਿਆ। ਸੰਨ 1814 ਵਿਚ ਉਸ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਦੀਵਾਨ ਮੋਤੀ ਰਾਮ ਨੂੰ ਜਲੰਧਰ ਦਾ ਨਾਜ਼ਮ ਬਣਾਇਆ ਗਿਆ। ਸੰਨ 1819 ਵਿਚ ਉਸ ਨੂੰ ਕਸ਼ਮੀਰ ਦਾ ਗਵਰਨਰ ਬਣਾਇਆ ਗਿਆ ਤੇ ਜਲੰਧਰ ਵਿਖੇ ਉਸ ਦੀ ਥਾਂ ਉਸ ਦੇ ਪੁੱਤਰ ਕਿਰਪਾ ਰਾਮ ਨੂੰ ਨਿਯੁਕਤ ਕੀਤਾ ਗਿਆ। ਦੀਵਾਨ ਮੋਤੀ ਰਾਮ ਦੀ ਰਾਜਾ ਧਿਆਨ ਸਿੰਘ ਡੋਗਰੇ ਨਾਲ ਨਹੀਂ ਬਣਦੀ ਸੀ। ਧਿਆਨ ਸਿੰਘ ਦੇ ਕਹਿਣ ‘ਤੇ ਜਲੰਧਰ ਦੇ ਨਾਜ਼ਮ ਦੀ ਪਦਵੀਂ ਫਕੀਰ ਅਜ਼ੀਜ਼-ਉ-ਦੀਨ ਨੂੰ ਦੇ ਦਿੱਤੀ ਗਈ। ਇਕ-ਦੋ ਸਾਲ ਅਜਿਹੀਆਂ ਬਦਲੀਆਂ ਤੋਂ ਬਾਅਦ ਸ਼ੇਖ ਗੁਲਾਮ ਮਹੀ-ਉ-ਦੀਨ ਨੂੰ ਨਾਜ਼ਮ ਲਾਇਆ ਗਿਆ। ਇਹ ਬਹੁਤ ਸਖਤ ਅਤੇ ਕੁਰੱਪਟ ਬੰਦਾ ਸੀ । ਇਕ ਸਾਲ ਵਿਚ ਲੋਕਾਂ ਨੇ ਹਾਹਾਕਾਰ ਮਚਾ ਦਿੱਤੀ ਤਾਂ ਮਿਸਰ ਰੂਪ ਲਾਲ ਨੂੰ ਉਸ ਦੀ ਥਾਂ ਭੇਜਿਆ ਗਿਆ। ਉਸ ਦਾ ਮੁੱਖ ਦਫਤਰ ਹੁਸ਼ਿਆਰਪੁਰ ਸੀ। ਉਸ ਦੇ ਪ੍ਰਬੰਧ ਨੂੰ ਜਿਥੇ ਕਿਸਾਨਾਂ ਨੇ ਪਸੰਦ ਕੀਤਾ, ਉਥੇ ਮਾੜੇ ਕੰਮ ਕਰਨ ਵਾਲਿਆਂ ਦੇ ਸ਼ਾਹ ਸੂਤੇ ਗਏ। ਸੰਨ 1839 ਵਿਚ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੰਮੂ ਫੈਮਿਲੀ ਨੇ ਮਿਸਰ ਰੂਪ ਲਾਲ ਨੂੰ ਵਾਪਸ ਬੁਲਾ ਲਿਆ ਅਤੇ ਦੁਬਾਰਾ ਗੁਲਾਮ ਮਹੀ-ਉ-ਦੀਨ ਨੂੰ ਲਾ ਦਿੱਤਾ, ਉਸ ਨੂੰ ਵੀ ਡੋਗਰਿਆਂ ਨੇ ਕਸ਼ਮੀਰ ਵਿਚ ਸਿੱਖਾਂ ਨੂੰ ਦਬਾਉਣ ਲਈ ਉਨ੍ਹਾਂ ਦੀ ਮੁਸਲਮਾਨ ਫੌਜ ਨਾਲ ਬੁਲਾ ਲਿਆ ਤੇ ਉਹ ਆਪਣੇ ਪੁੱਤਰ ਸ਼ੇਖ ਇਮਾਮ-ਉ-ਦੀਨ ਨੂੰ ਚਾਰਜ ਸੰਭਾਲ ਗਿਆ, ਜਲਦੀ ਹੀ ਉਸ ਨੂੰ ਵੀ ਜਾਣਾ ਪਿਆ ਤੇ ਉਸ ਨੇ ਆਪਣੇ ਰਿਸ਼ਤੇਦਾਰਾਂ ਕਰਮ ਬਖ਼ਸ਼ ਨੂੰ ਜਲੰਧਰ ਅਤੇ ਸੰਧੀ ਖਾਂ ਨੂੰ ਹੁਸ਼ਿਆਰਪੁਰ ਦਾ ਇਲਾਕਾ ਸੰਭਾਲ ਦਿੱਤਾ । ਇਹ ਦੋਵੇਂ ਅੰਗਰੇਜ਼ਾਂ ਦੇ ਰਾਜ ਤੱਕ ਪ੍ਰਬੰਧ ਚਲਾਉਂਦੇ ਰਹੇ।
ਸੰਨ 1857 ਦੇ ਗ਼ਦਰ ਤੱਕ ਜਲੰਧਰ ਵਿਚ ਕੋਈ ਖਾਸ ਘਟਨਾ ਨਾ ਵਾਪਰੀ। ਸੰਨ 1849 ਵਿਚ ਬਿਕ੍ਰਮਾ ਸਿੰਘ ਬੇਦੀ ਊਨੇ ਵਾਲਿਆਂ ਨੇ ਬਗਾਵਤ ਵਿਚ ਹਿੱਸਾ ਲਿਆ ਤਾਂ ਉਸ ਦੇ ਇਲਾਕੇ ਦੱਖਣੀ ਅਤੇ ਮਲਸੀਆਂ ਵਿਚ ਫੌਜ ਭੇਜੀ ਗਈ। ਸੰਨ 1857 ਦੇ ਗ਼ਦਰ ਵੇਲੇ ਕਪੂਰਥਲੇ ਦੇ ਰਾਜੇ ਰਣਧੀਰ ਸਿੰਘ ਨੇ ਜਲੰਧਰ ਵਿਚ ਅਮਨ- ਅਮਾਨ ਕਾਇਣ ਰੱਖਣ ਲਈ ਅੰਗਰੇਜ਼ ਸਰਕਾਰ ਦੀ ਮਦਦ ਕੀਤੀ ਅਤੇ ਗਰਮੀਆਂ ਦੇ ਦੋ ਮਹੀਨੇ ਉਹ ਜਲੰਧਰ ਹੀ ਰਹੇ।
ਸੰਨ 1869 ਵਿਚ ਦਰਿਆ ਬਿਆਸ ‘ਤੇ ਪੁਲ ਉਸਾਰਿਆ ਗਿਆ ਅਤੇ ਇਕ ਸਾਲ ਬਾਅਦ ਸੰਨ 1870 ਵਿਚ ਫਿਲੌਰ ਲਾਗੇ ਦਰਿਆ ਸਤਲੁਜ ‘ਤੇ। ਇਸ ਤਰ੍ਹਾਂ ਜਲੰਧਰ ਰੇਲ ਰਾਹੀਂ ਅੰਮ੍ਰਿਤਸਰ ਨਾਲ ਪਹਿਲਾਂ ਜੁੜਿਆ ਤੇ ਲੁਧਿਆਣੇ ਨਾਲ ਬਾਅਦ ਵਿਚ। ਅੰਗਰੇਜ਼ਾਂ ਨੇ ਕਰਾਂਚੀ ਤੋਂ ਲਾਹੌਰ ਨੂੰ ਰੇਲ ਰਾਹੀਂ ਪਹਿਲਾਂ ਤੇ ਫੇਰ ਲਾਹੌਰ ਤੋਂ ਅੰਮ੍ਰਿਤਸਰ ਨੂੰ ਜੋੜਿਆ। ਸੰਨ 1849 ਦੇ ਲਾਗੇ ਸ਼ਹਿਰ ਵਿਚ ਸਭ ਨਾਲੀਆਂ ਖੁੱਲ੍ਹੀਆਂ ਹੀ ਸਨ। ਪੀਣ ਅਤੇ ਹੋਰ ਇਸਤੇਮਾਲ ਲਈ ਪਾਣੀ ਖੂਹਾਂ ਤੋਂ ਹੀ ਪ੍ਰਾਪਤ ਕੀਤਾ ਜਾਂਦਾ ਸੀ। ਪਾਣੀ 15 ਤੋਂ 20 ਫੁੱਟ ਡੂੰਘਾ ਸੀ । ਜਲੰਧਰ ਦੀ ਮਿਊਂਸਪੈਲਿਟੀ ਨੇ ਇਕ ਵਧੀਆ ਕੰਮ ਕੀਤਾ ਕਿ ਦੋ ਔਰਤਾਂ ਨੂੰ ਅੰਮ੍ਰਿਤਸਰ ਦੇ ਮੈਟਰਨਿਟੀ ਹਸਪਤਾਲ ਵਿਚ ਦਾਈਆਂ ਦੀ ਟ੍ਰੇਨਿੰਗ ਲਈ ਭੇਜਿਆ। ਇਹ ਇਸ ਕਰਕੇ ਜ਼ਰੂਰੀ ਸੀ ਕਿ ਖਾਨਦਾਨੀ ਦਾਈਆਂ ਬੱਚੇ ਦੀ ਪੈਦਾਇਸ਼ ਵੇਲੇ ਸਫਾਈ ਵੱਲ ਉੱਕਾ ਹੀ ਧਿਆਨ ਨਹੀਂ ਦਿੰਦੀਆਂ ਸਨ। ਨਵੇਂ ਜੰਮੇ ਬੱਚਿਆਂ ਦੀ ਸਫਾਈ ਲਈ ਮੈਲੇ ਕੱਪੜੇ, ਨਾੜੂ ਕੱਟਣ ਲਈ ਬਿਨਾਂ ਸਾਫ ਕੀਤੇ ਰੰਬੇ ਜਾਂ ਸਾਗ ਚੀਰਨ ਵਾਲੀ ਦਾਤੀ ਦਾ ਇਸਤੇਮਾਲ ਕਰਦੀਆਂ। ਬੱਚੇ ਦਾ ਬਚਣਾ ਕੁਦਰਤ ‘ਤੇ ਨਿਰਭਰ ਕਰਦਾ ਸੀ। ਬਦਕਿਸਮਤੀ ਨਾਲ ਉਨ੍ਹਾਂ ਦੋ ਵਿਚੋਂ ਜੋ ਟ੍ਰੇਨਿੰਗ ਲਈ ਗਈਆਂ, ਇਕ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮਿਊਂਸਪਲ ਕਮੇਟੀ ਹੋਰ ਔਰਤਾਂ ਨੂੰ ਫੰਡਜ਼ ਦੀ ਘਾਟ ਕਰਕੇ ਟ੍ਰੇਨਿੰਗ ਲਈ ਨਾ ਭੇਜ ਸਕੀ।
ਜਲੰਧਰ ਦਾ ਨਾਂਅ ਕੁਰਮ, ਕੁੱਲੂ ਅਤੇ ਬਿਸਤ ਦੁਆਬ ਦੇ ਮੈਦਾਨੀ ਇਲਾਕੇ ਵਿਚ ਮਿਲਦਾ ਹੈ। ਇਹ ਨਾਂਅ ਉਸ ਸਮੇਂ ਦੀ ਯਾਦ ਦਿਵਾਉਂਦਾ ਹੈ ਜਦੋਂ ਧਰਤੀ ਵਿਚ ਪਾਣੀ ਦੀਆਂ ਝੀਲਾਂ ਬਣਨਾ ਆਮ ਜਿਹੀ ਗੱਲ ਸੀ। ਇਸ ਬਾਰੇ ਕਈ ਮਿਥਿਹਾਸਕ ਕਥਾਵਾਂ ਹਨ। ਮਹਾਂਭਾਰਤ ਦੇ ਸਮੇਂ ਸਤਲੁਜ ਤੋਂ ਕਾਂਗੜਾ ਦੀਆਂ ਪਹਾੜੀਆਂ ਤੱਕ ਜਲੰਧਰ ਰਾਜ ਸੀ, ਪਰ ਇਹ ਬਰਬਾਦ ਹੋ ਗਿਆ ਤੇ ਦੁਬਾਰਾ ਜਲੰਧਰ ਨਾਥ ਨਾਂਅ ਦੇ ਇਕ ਫਕੀਰ ਨੇ ਆਬਾਦ ਕੀਤਾ। ਫਕੀਰ ਰਾਜਾ ਬਿਕਮਾਦਿਤ ਦੇ ਸਮੇਂ ਹੋਇਆ। ਇਸ ਦੇ ਤਾਲਾਵਾਂ ਅਤੇ ਮੰਦਰਾਂ ਦੀਆਂ ਕਈ ਕਥਾਵਾਂ ਹਨ।
ਇਕ ਹੋਰ ਕਥਨ ਅਨੁਸਾਰ ਸੰਨ 1343 ਵਿਚ ਇਕ ਬੜੇ ਭਾਰੀ ਹੜ੍ਹ ਨੇ ਇਸ ਸ਼ਹਿਰ ਨੂੰ ਬਰਬਾਦ ਕਰ ਦਿੱਤਾ।
ਜਲੰਧਰ ਬਾਰੇ ਗਣੇਸ਼ ਦਾਸ ਆਪਣੀ ਪੁਸਤਕ ‘ਚਾਰ ਬਾਗ਼-ਏ-ਪੰਜਾਬ’, ਜੋ ਸੰਨ 1849 ਵਿਚ ਲਿਖੀ, ਵਿਚ ਲਿਖਦਾ ਹੈ “ਕਿ ਇਹ ਸ਼ਹਿਰ ਬਹੁਤ ਪੁਰਾਣਾ ਹੈ ਅਤੇ ਪੁਰਾਣੇ ਸਮੇਂ ਵਿਚ ਇਹ ਬਹੁਤ ਵੱਡਾ ਸੀ, ਪਰ ਇਸ ਵੇਲੇ (ਸੰਨ 1849) ਵਿਚ ਇਹ ਬਾਕੀ ਸ਼ਹਿਰਾਂ ਨਾਲੋਂ ਛੋਟਾ ਹੈ। ਕਿਹਾ ਜਾਂਦਾ ਹੈ ਕਿ ਦਰਿਆ ਬਿਆਸ ਅਤੇ ਸਤਲੁਜ ਦੇ ਵਿਚਕਾਰ ਸਾਰੀ ਧਰਤੀ ਨੂੰ ਹੀ ਜਲੰਧਰ ਕਿਹਾ ਜਾਂਦਾ ਸੀ । ਇਸ ਧਰਤੀ ਨੂੰ ਤਰੇਤਾ ਯੁੱਗ ਵਿਚ ਜਲੰਧਰ ਨਾਂਅ ਦੇ ਦੈਂਤ ਨੇ ਵਸਾਇਆ ਸੀ । ਇਹ ਕਈ ਵਾਰੀ ਉਜੜਿਆ ਅਤੇ ਫੇਰ ਵਸਿਆ, ਪਰ ਇਸ ਦਾ ਨਾਂਅ ਜਲੰਧਰ ਹੀ ਰਿਹਾ। ਸ਼ਹਿਰ ਦੇ ਬਹੁਤੇ ਵਸਨੀਕ ਉੱਚ ਜਾਤੀ ਦੇ ਖੱਤਰੀ ਹਨ। ਸ਼ਹਿਰ ਦੇ ਬਾਹਰ ਸ਼ੇਰ ਸ਼ਾਹ ਸੂਰੀ ਦੇ ਵੇਲੇ ਅਫਗਾਨਾਂ ਦੀਆਂ ਬਸਤੀਆਂ ਹਨ, ਬਸਤੀ ਗੁਜ਼ਾਂ, ਬਸਤੀ ਬਾਵਾ ਖੇਲ, ਬਸਤੀ ਦਾਨਿਸ਼ਮੰਦਾਂ, ਬਸਤੀ ਮਿੱਠੂ, ਬਸਤੀ ਸ਼ਾਹ ਕੁਲੀ, ਬਸਤੀ ਨੌ ਵਗੈਰਾ । ਅਫਗਾਨਾਂ ਨੇ ਆਪਣੀਆਂ ਬਸਤੀਆਂ ਦੁਆਲੇ ਦੀਵਾਰਾਂ ਉਸਾਰ ਕੇ ਇਨ੍ਹਾਂ ਨੂੰ ਸੁਰੱਖਿਅਤ ਬਣਾਇਆ ਹੋਇਆ ਸੀ। ਜਲੰਧਰ ਵਿਚ ਬਿਜਲੀ ਖਾਂ ਦਾ ਮਕਬਰਾ ਇਕ ਖੁੱਲ੍ਹੀ ਥਾਂ ‘ਤੇ ਸਥਿਤ ਹੈ। ਇਮਾਮ ਨਾਸਿਰ-ਉ-ਦੀਨ ਦੀ ਖਾਨਗਾਹ ਅਤੇ ਸਿਕੰਦਰ ਸ਼ਾਹ ਦੀ ਦਰਗਾਹ, ਪੰਜ ਪੀਰ ਅਤੇ ਪੀਰ-ਏ-ਗੈਬ ਦੀ ਜਗ੍ਹਾ ਮੁਸਲਮਾਨਾਂ ਲਈ ਖਾਸ ਜ਼ਿਆਰਤ ਦੇ ਅਸਥਾਨ ਹਨ। ਹਿੰਦੂ ਧਰਮ ਨਾਲ ਸੰਬੰਧਿਤ ਅਸਥਾਨਾਂ ਵਿਚ ਮਾਤਾ ਕਾਲਕਾ ਅਤੇ ਮਾਤਾ ਤੁਰਤ ਫਿਰਨੀ ਦੇ ਮੰਦਰ ਹਨ। ਸ਼ਹਿਰ ਦੇ ਪ੍ਰਮੁੱਖ ਖੱਤਰੀਆਂ ਵਿਚ ਸਹਿਗਲ, ਥਾਪਰ, ਸੋਂਧੀ, ਵੱਤ, ਪੁਰੀ ਅਤੇ ਚੱਢਾ ਹਨ। ਸ਼ਹਿਰ ਦੀ ਕਾਨੂੰਗੋਈ ਸਹਿਗਲ ਅਤੇ ਥਾਪਰਾਂ ਪਾਸ ਹੈ। ਸ਼ਹਿਰ ਦੀ ਮਾਲਕੀ ਵੀ ਉੱਪਰ ਲਿਖੇ ਖੱਤਰੀਆਂ ਦੀ ਹੈ।” ਗਣੇਸ਼ ਦਾਸ ਲਾਹੌਰ ਲਾਗੇ ਦਾ ਹੋਣ ਕਰਕੇ ਜਲੰਧਰ ਬਾਰੇ ਉਸ ਨੂੰ ਬਹੁਤ ਜਾਣਕਾਰੀ ਮਲੂਮ ਨਹੀਂ ਹੁੰਦੀ, ਇਸ ਕਰਕੇ ਉਸ हे नलपठ घाठे मेधे वी लिधिभा है। S.S. THORBURN, I.C.S, FI- NANCIAL COMMISSIONER PUNJAB ते भायटी टिडिगमव ਪੁਸਤਕ PUNJAB IN PEACE AND WAR ਵਿਚ ਸੰਨ 1853 ਵਿਚ ਪੰਜਾਬ ਦੇ ਸ਼ਹਿਰਾਂ ਦੀ ਆਬਾਦੀ ਬਾਰੇ ਜੋ ਵੇਰਵਾ ਲਿਖਿਆ ਹੈ, ਉਹ ਇਸ ਪ੍ਰਕਾਰ ਹੈ:
ਅੰਮ੍ਰਿਤਸਰ = 1,22,000
ਲਾਹੌਰ = 94,000
ਮੁਲਤਾਨ = 56,000
ਪਿਸ਼ਾਵਰ = 53,000
ਉਪਰੋਕਤ ਪੁਸਤਕ ਵਿਚ ਪੰਜਾਹ ਹਜ਼ਾਰ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰਾਂ ਬਾਰੇ ਲਿਖਿਆ ਹੈ, ਜਿਸ ਤੋਂ ਇਹ ਆਸਾਨੀ ਨਾਲ ਪਤਾ ਲੱਗਦਾ ਹੈ ਕਿ ਸੰਨ 1853 ਵਿਚ ਜਲੰਧਰ ਸ਼ਹਿਰ ਦੀ ਆਬਾਦੀ ਪੰਜਾਹ ਹਜ਼ਾਰ ਤੋਂ ਘੱਟ ਸੀ। 1901 ਵਿਚ ਇਹ 54,455 ਹੋ ਗਈ। (28,908 ਪੁਰਸ਼ ਅਤੇ 25,547 ਇਸਤਰੀਆਂ) ਸੰਨ 1901 ਵਿਚ ਸ਼ਹਿਰ ਦੇ 27 ਮੁਹੱਲੇ ਸਨ, ਜਿਨ੍ਹਾਂ ਵਿਚੋਂ ਛੇ ਸ਼ਹਿਰ ਤੋਂ ਬਾਹਰ ਸਨ । ਦੋ ਸੌ ਸਾਲ ਤੋਂ ਵਧ ਸਮੇਂ ਤੋਂ ਪਹਿਲਾਂ ਦੇ 12 ਕੋਟ ਵੀ ਸਨ। ਪੁਰਾਣੀ ਆਬਾਦੀ ਵਿਚ ਦੋ-ਦੋ ਤਿੰਨ-ਤਿੰਨ ਮੰਜ਼ਿਲਾਂ ਪੱਕੇ ਮਕਾਨ ਸਨ । ਗਲੀਆਂ ਚਾਰ ਫੁੱਟ ਚੌੜੀਆਂ। ਮੁੱਖ ਗਲੀਆਂ ਵੀ ਵੀਹ ਪੰਝੀ ਫੁੱਟ ਤੋਂ ਵਧ ਚੌੜੀਆਂ ਨਹੀਂ ਸਨ।
ਅੰਗਰੇਜ਼ੀ ਰਾਜ ਵੇਲੇ ਜਲੰਧਰ ਦੂਜੇ ਦਰਜੇ ਦੀ ਮਿਊਂਸਪੈਲਿਟੀ ਸੀ। ਸੰਨ 1902 ਵਿਚ ਸਾਲਾਨਾ ਆਮਦਨ 73,034 ਰੁਪਏ ਅਤੇ ਖਰਚ 79,488 ਰੁਪਏ ਸੀ। 70 ਫੀਸਦੀ ਆਮਦਨੀ ਚੁੰਗੀ ਤੋਂ ਸੀ। 1890-91 ਤੋਂ ਹੀ ਗੰਦੇ ਪਾਣੀ ਦੇ ਨਿਕਾਸ ਵੱਲ ਧਿਆਨ ਦੇਣਾ ਸ਼ੁਰੂ ਹੋਇਆ, ਪਰ ਉਸ ਸਮੇਂ ਤੋਂ ਭਵਿੱਖ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਬਗੈਰ ਸੀਵਰੇਜ ਦਾ ਕੰਮ ਸ਼ੁਰੂ ਕਰ ਲਿਆ ਜਾਂਦਾ ਹੈ, ਜਿਹੜਾ ਕਿ ਦੋ-ਚਾਰ ਸਾਲ ਬਾਅਦ ਲੋੜਾਂ ਲਈ ਪੂਰਾ ਨਹੀਂ ਹੁੰਦਾ।
ਜਲੰਧਰ ਦੀਆਂ ਕੁਝ ਵੇਖਣਯੋਗ ਥਾਵਾਂ
ਇਮਾਮ ਨਾਸਿਰ-ਉਦੀਨ ਦੀ ਦਰਗਾਹ:
ਇਹ ਦਰਗਾਹ ਐਸ ਵੇਲੇ ਸ਼ਹਿਰ ਦੇ ਐਨ ਵਿਚਕਾਰ ਪੁਰਾਣੀ ਗੁੜ ਮੰਡੀ ਲਾਗੇ ਹੈ। ਇਮਾਮ ਨਾਸਿਰ ਹਿਜਰੀ ਸੰਨ 252 ਵਿਚ ਈਰਾਨ ਦੇ ਸ਼ਹਿਰ ਨਾਕਸ਼ ਬਲਲਾਲ ਵਿਚ ਪੈਦਾ ਹੋਏ ਤੇ ਉਹ ਫਿਰਦੇ-ਫਿਰਦੇ ਨਕੋਦਰ ਆ ਕੇ ਇਕ ਬੋਹੜ ਦੇ ਦਰੱਖਤ ਹੇਠ ਅੱਲਾ ਦੀ ਭਗਤੀ ਵਿਚ ਮਗਨ ਰਹਿਣ ਲੱਗ ਪਏ।
ਅਮਾਮ ਨਾਸਿਰ ਦੇ ਸ਼ਰਧਾਲੂਆਂ ਨੇ ਉਸ ਨੂੰ ਨਕੋਦਰ ਤੋਂ ਇਸ ਅਮਾਮ ਨਾਸਿਰ ਦੀ ਥਾਂ ‘ਤੇ ਲੈ ਆਂਦਾ। ਉਸ ਸਮੇਂ ਇਹ ਥਾਂ ਜੰਗਲ ਸੀ, ਪਰ ਹੁਣ ਐਨਾ ਭੀੜਾ ਬਾਜ਼ਾਰ ਹੈ ਕਿ ਪੈਦਲ ਹੀ ਲੰਘਣਾ ਪੈਂਦਾ ਹੈ।
ਇਕ ਕਫਨ ਚੋਰ ਦਾ ਸੁਧਾਰ ਕਰਕੇ ਇਮਾਮ ਨਾਸਿਰ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਤੇ ਉਹ ਬਾਰਾਂ ਸਾਲ ਤੱਕ ਇਮਾਮ ਨਾਸਿਰ ਦੇ ਕਦਮਾਂ ਵਿਚ ਹੀ ਰਿਹਾ। ਇਮਾਮ ਜੀ ਨੇ ਇਹ ਵਸੀਅਤ ਕੀਤੀ ਕਿ ਮੇਰੇ ਨਾਲ ਹੀ ਇਸ ਕਫਨ ਚੋਰ ਨੂੰ ਦਫਨਾਇਆ ਜਾਵੇ ਅਤੇ ਉਸ ਦੀ ਕਬਰ ਵੀ ਇਮਾਮ ਨਾਸਿਰ ਦੇ ਨਾਲ ਹੀ ਹੈ।
ਅੱਜ ਤੋਂ ਤਕਰੀਬਨ 575 ਸਾਲ ਪਹਿਲਾਂ ਬਾਬਾ ਫਰੀਦ ਸ਼ਕਰਰੀਜ ਵੀ ਇਸ ਥਾਂ ਤਸ਼ਰੀਫ ਲਿਆਏ, ਜਿਸ ਥਾਂ ਉਨ੍ਹਆਂ ਚਿੱਲਾ ਕੀਤਾ, ਉਹ ਚਿੱਲਾ ਕੋਠੜੀ ਅਜੇ ਵੀ ਮੌਜੂਦ ਹੈ। ਉਨ੍ਹਾਂ ਆਪਣੇ ਮੁਬਾਰਕ ਹੱਥਾਂ ਨਾਲ ਇਕ ਨਿੰਮ ਦਾ ਬੂਟਾ ਲਾਇਆ ਅਤੇ ਜੋ ਅਜੇ ਵੀ ਹਰਿਆ-ਭਰਿਆ ਹੈ।
ਦੇਸ਼ ਦੇ ਬਟਵਾਰੇ ਸਮੇਂ ਸੰਨ 1947 ਵਿਚ ਜਲੰਧਰ ਦੇ ਸਭ ਮੁਸਲਮਾਨ ਪਾਕਿਸਤਾਨ ਚਲੇ ਗਏ। ਇਮਾਮ ਨਾਸਿਰ ਦੀ ਦਰਗਾਹ ਵਿਚ ਹਿੰਦੂ ਤੇ ਸਿੱਖਾਂ ਨੇ ਜੋ ਪਾਕਿਸਤਾਨ ਤੋਂ ਆਏ ਸਨ, ਆਪਣੀ ਰਿਹਾਇਸ਼ ਰੱਖ ਲਈ। ਸੰਨ 1952 ਵਿਚ ਬਖ਼ਸ਼ੀ ਗੁਲਾਮ ਮੁਹੰਮਦ ਮੁੱਖ ਮੰਤਰੀ ਜੰਮੂ-ਕਸ਼ਮੀਰ ਨੇ ਗੁਲਾਮ ਉਦੀਨ ਨਾਂਅ ਦੇ ਇਕ ਮੁਸਲਮਾਨ ਨੂੰ ਕਸ਼ਮੀਰ ਤੋਂ ਲਿਆ ਕੇ ਇਸ ਥਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਦੀ ਆਪਣੀ ਰਿਹਾਇਸ਼ ਛੇ ਮਹੀਨੇ ਤੱਕ ਸਰਕਾਰੀ ਰੈਸਟ ਹਾਊਸ ਵਿਚ ਰਹੀ। ਉਹ ਹਰ ਰੋਜ਼ ਮੁੱਖ ਦਰਵਾਜ਼ੇ ਅੱਗੇ ਨਮਾਜ਼ ਪੜ੍ਹ ਕੇ ਵਾਪਸ ਚਲੇ ਜਾਂਦੇ ਰਹੇ। ਉਨ੍ਹਾਂ ਦੀ ਹਿਫਾਜ਼ਤ ਲਈ ਸਰਕਾਰ ਨੇ ਪੁਲਿਸ ਲਗਾਈ ਹੋਈ ਸੀ । ਫੇਰ ਇਸ ਮਸਜਿਦ ‘ਚੋਂ ਸ਼ਰਨਾਰਥੀਆਂ ਨੂੰ ਸਰਕਾਰੀ ਦਖਲ ਨਾਲ ਕੱਢ ਕੇ ਇਹ ਗੁਲਾਮ ਉਦੀਨ ਦੇ ਪ੍ਰਬੰਧ ਵਿਚ ਦਿੱਤੀ ਗਈ। ਉਨ੍ਹਾਂ ਦੀ ਸੰਨ 1994 ਵਿਚ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੱਯਦ ਨਾਸਿਰ ਉਦੀਨ ਇਸ ਇਤਿਹਾਸਕ ਸਥਾਨ ਦੇ ਮੱਤਵਲੀ (ਗੱਦੀ ਨਸ਼ੀਨ) ਹਨ। ਉਨ੍ਹਾਂ ਤੋਂ ਉਪਰੋਕਤ ਜਾਣਕਾਰੀ ਲੇਖਕ ਨੇ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵੇਲੇ ਜਲੰਧਰ ਸ਼ਹਿਰ ਵਿਚ ਡੇਢ ਲੱਖ ਮੁਸਲਮਾਨ ਹਨ, ਜੋ ਸੰਗਮਰਮਰ, ਨਾਈ, ਪੇਂਟਰ, ਰਿਕਸ਼ਾ ਚਾਲਕ ਆਦਿ ਦਾ ਕੰਮ ਕਰਦੇ ਹਨ।
ਜਲੰਧਰ ਡਿਸਟ੍ਰਿਕਟ ਗਜ਼ਟੀਅਰ ਦੇ ਪੰਨਾ 290 ਅਨੁਸਾਰ ਮੁਸਲਮਾਨ ਧਰਮ ਨਾਲ ਸੰਬੰਧਤ ਹੇਠ ਲਿਖੇ ਅਸਥਾਨ ਹਨ
ਮਸੀਤਾਂ
ਮਸਜਿਦ ਜਾਮਾ
ਮਸਜਿਦ ਆਲਮਗੀਰ, (ਸੰਨ 1508 ਵਿਚ ਬਣੀ)
ਮਸਜਿਦ ਹਾਫਿਜ਼ ਹਾਜੀ
ਮਸਜਿਦ ਮਿੱਠੂ ਸਾਹਿਬ ਵਾਲਾ (1609 ਵਿਚ ਬਣੀ)
ਇਮਾਮ ਨਾਸਿਰ-ਉਦੀਨ
ਦਰਗਾਹਾਂ
ਸ਼ੇਖ ਸਿਕੰਦਰ
ਸ਼ਾਹ ਆਲਮ ਉੱਲਾ ਪੰਜ ਪੀਰ
ਬਸਤੀ ਸ਼ੇਖ ਦਰਵੇਸ਼ ਵਿਚ ਸ਼ੇਖ ਦਰਵੇਸ਼ ਦੀ ਮਸਜਿਦ ਅਤੇ ਦਰਗਾਹ, ਅਫਗਾਨੀ ਭਵਨ ਉਸਾਰੀ ਦਾ ਨਮੂਨਾ ਹੈ। ਇਸੇ ਬਸਤੀ ਵਿਚ ਦੋ ਮੰਦਰ ਅਤੇ ਇਕ ਸਰੋਵਰ, ਜਿਸ ਨੂੰ ਕਿ ਢਾਬ ਬਾਬਾ ਹਰੀਦਾਸ ਕਿਹਾ ਜਾਂਦਾ ਹੈ, ਜਿਹੜੇ ਕਿ ਸੰਨ 1703 ਵਿਚ ਉਸਾਰੇ
ਗਏ। ਸਿਕੰਦਰ ਸ਼ਾਹ ਦੀ ਦਰਗਾਹ, ਬਿਜ਼ਲੀ ਖਾਂ ਦਾ ਮਕਬਰਾ, ਪੰਜ ਪੀਰ ਅਤੇ ਪੀਰ- ਏ-ਗੈਬ ਵੀ ਮੁਸਲਮਾਨਾਂ ਦੇ ਜ਼ਿਆਰਤ ਦੇ ਅਸਥਾਨ ਹਨ।
ਹਿੰਦੂ ਧਰਮ ਨਾਲ ਸੰਬੰਧਤ ਬਹੁਤ ਹੀ ਪੁਰਾਣੇ ਸਮੇਂ ਦੇ ਮੰਦਰ ਇਸ ਸ਼ਹਿਰ ਵਿਚ ਹਨ। ਸਭ ਤੋਂ ਪੁਰਾਣਾ ਤਾਂ ਜਲੰਧਰ ਦੈਂਤ ਦੀ ਗੁਫਾ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਗੁਫਾ ਰਾਹੀਂ ਜਲੰਧਰ ਦੈਂਤ ਨਿੱਤ ਹਰਿਦੁਆਰ ਇਸ਼ਨਾਨ ਕਰਨ ਜਾਂਦਾ ਸੀ, ਪਰ ਹੁਣ ਇਹ ਗੁਫਾ ਪੂਰ ਕੇ ਇਸ ਦੇ ਉੱਪਰ ਜਲੰਧਰ ਦੀ ਪਤਨੀ ਬਿੰਦਾ ਦੇਵੀ ਦਾ ਮੰਦਰ (ਛੋਟਾ ਜਿਹਾ) ਬਣਾਇਆ ਹੋਇਆ ਹੈ। ਮੰਦਰ ਦੀ ਕੰਧ ਦੇ ਨਾਲ ਬਿੰਦਾ ਦੇਵੀ ਦੀ ਮੂਰਤੀ ਬਣਾਈ ਹੋਈ ਹੈ। ਗੋਸਵਾਮੀ ਤੁਲਸੀਦਾਸ ਨੇ ਰਾਮ ਚਿਤ ਮਾਣਸ ਵਿਚ ਬਿੰਦਾ ਦੇਵੀ ਨੂੰ ਪਰਮ ਸਤੀ ਲਿਖਿਆ ਹੈ।
ਬ੍ਰਿਦਾ ਦੇਵੀ ਮੰਦਰ ਦੇ ਨਾਲ ਹੀ ਜਲੰਧਰ ਦੈਂਤ ਦਾ ਸਰੋਵਰ ਹੈ। ਇਹ ਵੀ ਪਵਿੱਤਰ ਸਰੋਵਰ ਮੰਨਿਆ ਜਾਂਦਾ ਹੈ । ਦੁਆਬਾ ਕਾਲਜ ਲਾਗੇ ਦੇਵੀ ਤਲਾਬ ਵੀ ਇਕ ਪਵਿੱਤਰ ਸਰੋਵਰ ਹੈ। ਇਹ ਸਰੋਵਰ ਸਤਾਰਵੀਂ ਸਦੀ ਵਿਚ ਬਣਿਆ। ਮੰਦਰ ਮਾਤਾ ਕਾਲਕਾ, ਮੰਦਰ ਮਾਤਾ ਤੁਰਤ ਫਿਰਨੀ, ਨੰਦੀ ਰਾਮ ਦਾ ਸਰੋਵਰ ਅਤੇ ਕਪੂਰਥਲਾ ਰੋਡ ‘ਤੇ ਇਕ ਪੱਕਾ ਸਰੋਵਰ ਵੀ ਹੈ।
ਜਲੰਧਰ ਦੇ ਗੁਫਾ ਮੰਦਰ ਤੇ ਸਰੋਵਰ ਤੋਂ ਥੋੜ੍ਹਾ ਹੱਟ ਕੇ ਇਕ ਸੁੱਕਾ ਤਲਾਅ ਹੈ। ਕਹਿੰਦੇ ਹਨ ਕਿ ਬ੍ਰਹਮਾ ਦੇ ਸਰਾਪ ਨਾਲ ਇਸ ਵਿਚ ਪਾਣੀ ਭਰਿਆ ਨਹੀਂ ਰਹਿੰਦਾ। ਸਾਰਾ ਪਾਣੀ ਧਰਤੀ ਹੇਠਾਂ ਚਲੇ ਜਾਂਦਾ ਹੈ। ਆਸ-ਪਾਸ ਦੇ ਦੁਕਾਨਦਾਰਾਂ ਨੇ ਲੇਖਕ ਨੂੰ ਦੱਸਿਆ ਕਿ ਸੰਨ 1988 ਦੇ ਹੜ੍ਹ ਵੇਲੇ ਕਿਸ਼ਨਪੁਰਾ ਮੁਹੱਲਾ ਪਾਣੀ ਵਿਚ ਡੁੱਬ ਗਿਆ ਤਾਂ ਮਿਊਂਸਪਲ ਕਮੇਟੀ ਨੇ ਪੰਪ ਲਗਾ ਕੇ ਪਾਣੀ ਸੁੱਕੇ ਤਲਾਅ ਵਿਚ ਪਾਉਣਾ ਸ਼ੁਰੂ ਕਰ ਦਿੱਤਾ ਤੇ ਸਾਰਾ ਪਾਣੀ ਧਰਤੀ ਹੇਠਾਂ ਚਲਾ ਗਿਆ। ਸੁੱਕੇ ਤਲਾਅ ਨੂੰ ਭਾਰਤ ਦੀ ਆਜ਼ਾਦੀ ਲਈ ਚੱਲੀਆਂ ਲਹਿਰਾਂ ਵਿਚ ਕਾਨਫਰੰਸਾਂ ਕਰਨ ਲਈ ਵਰਤਿਆ ਜਾਂਦਾ ਸੀ, ਕਿਉਂਕਿ ਕੰਪਨੀ ਬਾਗ (ਨਹਿਰੂ ਗਾਰਡਨ) ਵਿਚ ਕਾਨਫਰੰਸ ਕਰਨ ਦੀ ਸਰਕਾਰ ਵਲੋਂ ਆਗਿਆ ਨਹੀਂ ਦਿੱਤੀ ਜਾਂਦੀ ਸੀ ਅਤੇ ਸਿਵਾਏ ਇਸ ਸੁੱਕੇ ਤਲਾਅ ਦੇ ਵੱਡੇ- ਵੱਡੇ ਇਕੱਠ ਕਰਨ ਲਈ ਸ਼ਹਿਰ ਵਿਚ ਹੋਰ ਕੋਈ ਜਨਤਕ ਥਾਂ ਨਹੀਂ ਸੀ । ਮਾਸਟਰ ਮੋਤਾ ਸਿੰਘ ਬੱਬਰ ਅਕਾਲੀ ਲਹਿਰ ਦੇ ਮੋਢੀ, ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ ਤੇ ਸੁਭਾਸ਼ ਚੰਦਰ ਬੋਸ ਜਿਹੇ ਉੱਚ ਕੋਟੀ ਦੇ ਨੇਤਾਵਾਂ ਨੇ ਇਸ ਥਾਂ ਤੋਂ ਜਨਤਾ ਨੂੰ ਸੰਬੋਧਨ ਕੀਤਾ। ਇਸ ਸੁੱਕੇ ਤਲਾਅ ਨੂੰ ਗਾਂਧੀ ਮੰਡਪ ਵੀ ਆਖਿਆ ਜਾਂਦਾ ਹੈ।
ਕਾਫੀ ਸਮੇਂ ਤੋਂ ਜਲੰਧਰ ਸ਼ਹਿਰ ਵਿਚ ਹਰ ਸਾਲ ਕਲਾਸੀਕਲ ਸੰਗੀਤ ਦਾ ਸੰਮੇਲਨ ‘ਹਰਵੱਲਭ ਮੇਲਾ’ ਕਰਵਾਇਆ ਜਾਂਦਾ ਹੈ। ਹਰਵੱਲਭ ਬਜਵਾੜਾ (ਨੇੜੇ ਹੁਸ਼ਿਆਰਪੁਰ) ਦਾ ਸੰਗੀਤਕਾਰ ਅਤੇ ਗਵੱਈਆ ਸੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਾਂ ਦੀ ਛੋਹ ਵੀ ਜਲੰਧਰ ਸ਼ਹਿਰ ਦੀ ਧਰਤੀ ਨੂੰ ਨਸੀਬ ਹੋਈ।
ਅੱਜ ਦੇ ਸਮੇਂ ਜੇ ਕੋਈ ਸਹੀ ਮਾਨਿਆਂ ‘ਚ ਜ਼ਿਆਰਤ ਕਰਨ ਵਾਲੀ ਥਾਂ ਹੈ ਤਾਂ ਉਹ ਹੈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ। ਇਸ ਦਾ ਮਿਊਜ਼ੀਅਮ ਜਿਥੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਬਿਆਨ ਕਰਦਾ ਹੈ, ਉਥੇ ਇਸ ਦੀ ਰੈਫਰੈਂਸ ਲਾਇਬਰੇਰੀ ਸਾਰੀਆਂ ਧਿਰਾਂ ਵਲੋਂ ਜੰਗ-ਏ-ਆਜ਼ਾਦੀ ਅਤੇ ਲੋਕ ਲਹਿਰਾਂ ਵਿਚ ਪਾਏ ਯੋਗਦਾਨ ਦੀ ਕਥਾ ਬਿਆਨ ਕਰਦੀ ਹੈ। ਅੱਜਕੱਲ੍ਹ ਹਰ ਲੋਕ-ਪੱਖੀ ਹਲਚਲ ਦੀ ਸਰਗਰਮੀ ਦਾ ਕੇਂਦਰ ਵੀ ਹੈ। ਇਥੇ ਲੱਗਣ ਵਾਲਾ ਗ਼ਦਰੀ ਬਾਬਿਆਂ ਦਾ ਮੇਲਾ ਚਿੰਤਕਾਂ ਅਤੇ ਇਨਕਲਾਬੀ ਲੋਕਾਂ ਲਈ ਮਹਾਂਕੁੰਭ ਦਾ ਮਹੱਤਵ ਰੱਖਦਾ ਹੈ।
ਜਲੰਧਰ ਸ਼ਹਿਰ ਦਾ ਬਦਲਦਾ ਚਿਹਰਾ
ਗਣੇਸ਼ ਦਾਸ 1849 ਵਿਚ ਚਾਰ-ਬਾਗ-ਏ ਪੰਜਾਬ ਵਿਚ ਲਿਖਦਾ ਹੈ ਕਿ ਜਲੰਧਰ ਦੀ ਮਾਲਕੀ ਖੱਤਰੀਆਂ ਦੀ ਹੈ। ਖੱਤਰੀ ਸ਼ਬਦ ਸੰਸਕ੍ਰਿ ਦੇ ਕਸ਼ੱਤਰੀ ਦਾ ਪੰਜਾਬੀ ਰੂਪ ਹੈ। ਮਿਥਿਹਾਸਕ ਕਥਾਵਾਂ ਅਨੁਸਾਰ ਰਾਜਾ ਭਾਰਤ, ਜਿਸ ਦੇ ਨਾਂਅ ‘ਤੇ ਦੇਸ਼ ਦਾ ਨਾਂਅ ਭਾਰਤ ਵਰਸ਼ ਪਿਆ ਹੈ, ਦੀ ਔਲਾਦ ਕਸ਼ੱਤਰੀ ਕਹਾਉਂਦੀ ਸੀ । ਬੁੱਧ ਧਰਮ ਦੇ ਪ੍ਰਚਾਰ ਨਾਲ ਬਹੁਤੇ ਕਸ਼ੱਤਰੀਆਂ ਨੇ ਹਿੰਸਾ ਤਿਆਗ ਦਿੱਤੀ ਤੇ ਉਨ੍ਹਾਂ ਸਿਪਾਹਗਿਰੀ ਦਾ ਪੇਸ਼ਾ ਛੱਡ ਕੇ ਆਪਣੀ ਉਪਜੀਵਕਾ ਲਈ ਹੋਰ ਸਾਧਨ, ਵਪਾਰ, ਦੁਕਾਨਦਾਰੀ ਅਤੇ ਨੌਕਰੀ ਅਪਣਾ ਲਏ ਤੇ ਜੋ ਰਾਜ ਪ੍ਰਬੰਧ ਨਾਲ ਸੰਬੰਧਤ ਹੋ ਗਏ, ਉਹ ਰਾਜਪੂਤ ਬਣ ਗਏ। ਕਸ਼ੱਤਰੀਆਂ ਨੇ ਰਾਜਪੂਤਾਂ ਨਾਲ ਰਿਸ਼ਤੇ ਕਰਨੇ ਬੰਦ ਕਰ ਦਿੱਤੇ। ਦਿੱਲੀ ਤੋਂ ਪਰ੍ਹੇ ਰਾਜਪੂਤਾਂ ਦਾ ਜ਼ੋਰ ਹੋਣ ਕਰਕੇ ਖੱਤਰੀ ਹਿੰਦੋਸਤਾਨ ਤੋਂ ਪੰਜਾਬ ਆ ਗਏ। ਰਾਜ ਖੁੱਸਣ ਤੋਂ ਬਾਅਦ ਇਹ ਨੌਕਰੀ, ਵਪਾਰ, ਮੁਨੀਮੀ, ਮੁਣਸ਼ੀਗਿਰੀ, ਪਟਵਾਰੀ ਆਦਿ ਦੇ ਕੰਮ ਕਰਨ ਲੱਗ ਪਏ। ਰਾਜਾ ਬਿਕ੍ਰਮਾਦਿਤ, ਸਲਵਾਨ ਅਤੇ ਜੈਪਾਲ ਦੇ ਸਮੇਂ ਤੱਕ ਉਨ੍ਹਾਂ ਦਾ ਸਤਿਕਾਰ ਰਾਜਿਆਂ ਵਰਗਾ ਸੀ । ਮਹਿਮੂਦ ਗਜ਼ਨਵੀ ਦੇ ਵੇਲੇ ਪੰਜਾਬ ਦੀ ਕਤਲੋਗਾਰਤ ਅਤੇ ਜਬਰੀ ਧਰਮ ਬਦਲਣ ਦੀ ਨੀਤੀ ਤੋਂ ਬਚ ਕੇ ਇਹ ਆਪਣੀ ਸਿਆਣਪ ਨਾਲ ਹਿਮਾਲੀਆ ਦੇ ਪਹਾੜਾਂ ਵੱਲ ਚਲੇ ਗਏ, ਜਿੱਧਰ ਵੱਡੀਆਂ ਫੌਜਾਂ ਉਨ੍ਹਾਂ ਨੂੰ ਲੱਭ ਕੇ ਸ਼ਿਕਾਰ ਨਹੀਂ ਬਣਾ ਸਕਦੀਆਂ ਸਨ।
ਗੌਰੀ, ਲੋਧੀ ਅਤੇ ਚੁਗਤਾਈ ਖਾਨਦਾਨਾਂ ਵਲੋਂ ਜਦੋਂ ਹਿੰਦੋਸਤਾਨ ਨੂੰ ਆਬਾਦ ਕਰਨ ਦਾ ਵਿਚਾਰ ਬਣਿਆ ਤਾਂ ਉਨ੍ਹਾਂ ਨੂੰ ਇਸ ਸੂਝਵਾਨ ਅਤੇ ਦੂਰ-ਅੰਦੇਸ਼ ਕੌਮ ਦੀ ਲਿਆਕਤ ਦਾ ਪਤਾ ਲੱਗਾ। ਉਨ੍ਹਾਂ ਖੱਤਰੀਆਂ ਨੂੰ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿਚ ਵਪਾਰ, ਦੁਕਾਨਦਾਰੀ, ਦਰਜੀਪੁਣਾ, ਸਰਾਫੀ, ਕੱਪੜੇ ਦੀ ਕਢਾਈ ਦੇ ਕਿੱਤੇ ਅਪਨਾਉਣ ਵੱਲ ਉਤਸ਼ਾਹਿਤ ਕੀਤਾ। ਜੱਟਾਂ ਨੇ ਖੇਤੀ ਵੱਲ ਹੀ ਧਿਆਨ ਦਿੱਤਾ। ਖੱਤਰੀਆਂ ਨੂੰ ਅਰਬੀ ਅਤੇ ਫਾਰਸੀ ਜ਼ੁਬਾਨਾਂ ਦੀ ਪੜ੍ਹਾਈ ਵੱਲ ਪ੍ਰੇਰਿਆ ਗਿਆ। ਖੱਤਰੀ ਅਤੇ ਬ੍ਰਾਹਮਣ ਤੋਂ ਬਿਨਾਂ ਕਿਸੇ ਨੂੰ ਮੁਨੀਮੀ ਨਹੀਂ ਸਿਖਾਈ ਜਾਂਦੀ ਸੀ । ਜੱਟਾਂ ਨੇ ਪੜ੍ਹਾਈ ਵੱਲੋਂ ਅੱਖਾਂ ਬੰਦ ਹੀ ਰੱਖੀਆਂ । ਚੰਗੇ ਗੁਣਾਂ, ਮਾਲਿਕ ਲਈ ਵਫਾਦਾਰੀ ਕਰਕੇ ਖੱਤਰੀਆਂ ਦੀ ਸ਼ੋਭਾ ਖੂਸ਼ਬੂ ਦੀ ਤਰ੍ਹਾਂ ਫੈਲਣ ਲੱਗ ਪਈ ਤੇ ਉਹ ਆਪਣੀ ਲਿਆਕਤ ਨਾਲ ਦੀਵਾਨ ਅਤੇ ਵਜ਼ੀਰ ਬਣੇ। ਕਈ ਕਾਨੂੰਗੋ, ਪਟਵਾਰੀ, ਚੌਧਰੀ, ਆਮੀਨੀ, ਫੌਜਦਾਰੀ, ਗਿਰਦਾਵਰ, ਤਹਿਸੀਲਦਾਰ, ਸਰਿਸ਼ਟਾਚਾਰ, ਬਖ਼ਸ਼ੀ, ਮੁਣਸ਼ੀ ਆਦਿ ਬਣੇ। ਖੱਤਰੀਆਂ ‘ਚੋਂ ਬਾਹਰੀ ਸਭ ਤੋਂ ਆਪਣੇ-ਆਪ ਨੂੰ ਉੱਚ ਮੰਨਦੇ ਹਨ ਤੇ ਢਾਈ ਘਰੇ ਅਖਵਾਉਂਦੇ ਹਨ, ਭਾਵ ਕਿ ਪਿਤਾ ਦੇ ਆਪਣੇ ਗੋਤ ਅਤੇ ਪਿਤਾ ਦੀ ਮਾਂ ਦੇ ਗੋਤ ਅਤੇ ਬੱਚੇ ਦੀ ਮਾਂ ਦੇ ਗੋਤ ਨੂੰ ਛੱਡ ਕੇ ਬਾਕੀ ਬਵੰਜੀ ਵਿਚ ਰਿਸ਼ਤੇ ਕਰਦੇ ਹਨ। ਦੂਜਾ ਗਰੁੱਪ ਬਵੰਜੀ ਹੈ, ਜਿਸ ਦੀਆਂ 500 ਤੋਂ ਵੀ ਉੱਪਰ ਸ਼ਾਖਾਵਾਂ ਹਨ। ਤੀਜਾ ਗਰੁੱਪ ਖੋਖਰਾਂ ਹੈ। ਚੋਬਾ ਗਰੁੱਪ ਸਰੀਨ ਹੈ, ਜਿਨ੍ਹਾਂ ਸ਼ਰਾ-ਏ-ਆਈਨ ਨੂੰ ਪਰਵਾਨ ਕਰਕੇ ਵਿਧਵਾ ਵਿਆਹ ਦੀ ਰੀਤ ਨੂੰ ਪਰਵਾਨ ਕੀਤਾ। ਪੰਜਾਬ, ਮੁਲਤਾਨ ਅਤੇ ਸਰਹਿੰਦ ਦੇ ਇਲਾਕਿਆਂ ਵਿਚ 700 ਤੋਂ ਵੀ ਵਧ ਖੱਤਰੀਆਂ ਦੇ ਗੋਤ ਹਨ। ਖੱਤਰੀਆਂ ਦੇ ਗੋਤਾਂ ਦੀ ਵੰਡ ਬੜੀ ਗੁੰਝਲਦਾਰ ਹੈ। ‘ਢਾਈ ਘਰੇ’ ਖੱਤਰੀ ਹੋਰ ਖੱਤਰੀਆਂ ਨਾਲ ਰਿਸ਼ਤੇ ਨਹੀਂ ਕਰਦੇ। ਚਾਰ ਜਾਤੀ ਚਾਰ ਗੋਤਾਂ ਵਿਚ ਅਤੇ ਛੇ ਜਾਤੀ ਛੇ ਗੋਤਾਂ ਵਿਚ ਰਿਸ਼ਤੇ ਕਰਦੇ ਸਨ। ਇਹ ਰਿਵਾਜ ਆਰਜ਼ੀ ਹਨ। ਪ੍ਰਾਂਤ ਦੇ ਇਕ ਹਿੱਸੇ ਵਿਚ ਕੋਈ ਛੇ ਜਾਤੀ ਹੈ, ਪਰ ਦੂਜੇ ਹਿੱਸੇ ਵਿਚ ਉਹ ਬਾਰਾਂ ਜਾਤੀ ਹੈ। ‘ਪੰਜਾਬ ਕਾਸਟਸ’ ਵਿਚ ਸਰ ਡੈਕਜ਼ਿਲ ਇਬਟਸਨ ਲਿਖਦਾ ਹੈ ਕਿ ਉਸ ਨੂੰ ਮਰਦਮ-ਸ਼ੁਮਾਰੀ, ਜੋ ਸੰਨ 1881 ਵਿਚ ਹੋਈ, ਇਨ੍ਹਾਂ ਨੂੰ ਜਾਤਾਂ ਨੂੰ ਠੀਕ ਸਿਰਲੇਖ ਹੇਠ ਰੱਖਣ ਵਿਚ ਬੜੀ ਮੁਸ਼ਕਲ ਆਈ। ਇਕ ਪੰਚਾਇਤੀ ਵੰਡ ਨੂੰ ਇਕ ਵੱਖਰੀ ਕਬੀਲਾ ਦਿਖਾ ਦਿੱਤਾ, ਕਿਉਂਕਿ ਹੇਠਲੇ ਪੱਧਰ ਦੇ ਕਰਮਚਾਰੀਆਂ ਨੂੰ ਸਪੱਸ਼ਟ ਹਦਾਇਤਾਂ ਨਹੀਂ ਦਿੱਤੀਆਂ ਜਾ ਸਕੀਆਂ, ਕਿਉਂਕਿ ਉਹ ਖੁਦ ਇਨ੍ਹਾਂ ਗੱਲਾਂ ਨੂੰ ਏਨੀ ਬਰੀਕੀ ਨਾਲ ਨਹੀਂ ਸਮਝਦਾ ਸੀ।
ਜਦੋਂ ਅਲਾ-ਉ-ਦੀਨ ਖਿਲਜੀ ਨੇ ਖੱਤਰੀਆਂ ਨੂੰ ਵਿਧਵਾ ਵਿਆਹ ਦੀ ਰੀਤ ਅਪਨਾਉਣ ਤੇ ਜ਼ੋਰ ਦਿੱਤਾ ਤਾਂ ਪੱਛਮੀ ਪੰਜਾਬ ਦੇ ਖੱਤਰੀਆਂ ਨੇ ਆਪਣੀ ਵਿਰੋਧਤਾ ਪ੍ਰਗਟ ਕਰਨ ਲਈ 52 ਆਦਮੀਆਂ ਦਾ ਇਕ ਡੈਪੂਟੇਸ਼ਨ ਖਿਲਜੀ ਦੇ ਦਰਬਾਰ ਵਿਚ ਆਪਣਾ ਪੱਖ ਪੇਸ਼ ਕਰਨ ਲਈ ਭੇਜਿਆ, ਪਰ ਪੂਰਬੀ ਭਾਗ (ਸਰਹਿੰਦ) ਦੇ ਖੱਤਰੀ ਇਸ ਯਾਦ-ਪੱਤਰ ‘ਤੇ ਦਸਤਖਤ ਕਰਨ ਤੋਂ ਵੀ ਡਰਦੇ ਸਨ, ਇਸ ਲਈ ਉਨ੍ਹਾਂ ਨੂੰ ਸ਼ੱਰਾ ਆਈਨ (ਮੁਸਲਿਮ ਕਾਨੂੰਨ) ਮੰਨਣ ਵਾਲੇ ਕਿਹਾ ਗਿਆ। ਸ਼ੱਰਾ-ਆਈਨ ਵਿਗੜ ਕੇ ਬੋਲਣ ਵਿਚ ਸਰੀਨ ਬਣ ਗਿਆ। ਗਣੇਸ਼ ਦਾਸ ਨੇ ਸੰਨ 1849 ਵਿਚ ਚਾਰ-ਬਾਗ-ਏ ਪੰਜਾਬ ਨਾਮੀ ਜੋ ਪੁਸਤਕ ਲਿਖੀ, ਉਸ ਵਿਚ ਸਰੀਨ ਦਾ ਅਰਥ ਮੁੱਖ ਫਸਲ ਤੋਂ ਬਾਅਦ ਲਈ ਗਈ ਫਸਲ ਜਿਵੇਂ ਝੋਨੇ ਤੋਂ ਬਾਅਦ ਦੀ ਫਸਲ । ਯਾਦ ਪੱਤਰ ‘ਤੇ ਦਸਤਖਤ ਕਰਨ ਵਾਲੇ ਬਵੰਜਾ ਸਨ, ਜੋ ਕਿ ਬੰਜਾਹੀ ਅਖਵਾਏ। ਖੋਖਰ ਉਹ ਖੱਤਰੀ ਹਨ, ਜਿਨ੍ਹਾਂ ਖੋਖਰਾਂ ਦੀ ਬਗਾਵਤ ਵੇਲੇ ਉਨ੍ਹਾਂ ਦਾ ਸਾਥ ਦਿੱਤਾ । ਇਨ੍ਹਾਂ ਨਾਲ ਬਾਕੀ ਖੱਤਰੀ ਰਿਸ਼ਤੇ ਕਰਨੋਂ ਡਰਦੇ ਸਨ । ਬਾਹਰੀ ਖੱਤਰੀ, ਤਿੰਨ ਬਜ਼ੁਰਗਾਂ, ਮੇਹਰ ਚੰਦ, ਕਾਨ੍ਹ ਚੰਦ ਅਤੇ ਕਪੂਰ ਚੰਦ, ਜਿਹੜੇ ਕਿ ਅਕਬਰ ਦੀਆਂ ਰਾਜਪੂਤ ਰਾਣੀਆਂ ਦੇ ਪਹਿਰੇਦਾਰ ਬਣ ਕੇ ਦਿੱਲੀ ਤੇ ਆਗਰੇ ਨੂੰ ਗਏ, ਦਿਆਂ ਵੰਸ਼ਾਂ ਵਿਚੋਂ ਹਨ । ਅਕਬਰੀ ਜੱਟਾਂ ਦੀ ਤਰ੍ਹਾਂ ਇਹ ਵੀ ਬਾਕੀ ਹੋਰ ਖੱਤਰੀਆਂ ਨੂੰ ਆਪਣੇ ਤੋਂ ਹੇਠਲੇ ਦਰਜੇ ਦੇ ਸਮਝ ਕੇ ਰਿਸ਼ਤੇ ਨਹੀਂ ਕਰਦੇ। ਕੇਵਲ ਆਪਸ ਵਿਚ ਹੀ ਰਿਸ਼ਤੇ ਕਰਦੇ ਹਨ। ਖੱਤਰੀਆਂ ਵਿਚ ਮਲਹੋਤਰਾ, ਮਹਿਰਾ, ਖੰਨਾ ਅਤੇ ਕਪੂਰ ਬੜੇ ਪ੍ਰਸਿੱਧ ਗੋਤ ਹਨ। ਸੇਠ ਇਕ ਗੋਤ ਹੈ, ਜੋ ਕਿ ਅਮੀਰ ਖੱਤਰੀਆਂ ਦਾ ਜਾਂ ਜੋ ਸ਼ਾਹੂਕਾਰਾ ਕਰਦੇ ਹਨ, ਦਾ ਗੋਤ ਹੈ। ਗੁਰੂ ਨਾਨਕ ਦੇਵ ਜੀ ਬੇਦੀ ਗੋਤ ਦੇ ਵਿਚ ਪੈਦਾ ਹੋਏ। ਤੀਜੇ ਗੁਰੂ ਅਮਰਦਾਸ ਭੱਲਾ ਗੋਤ ਦੇ ਸਨ। ਗੁਰੂ ਰਾਮਦਾਸ ਤੋਂ ਬਾਅਦ ਦਸਵੇਂ ਗੁਰੂ ਤੱਕ ਸਭ ਸੋਢੀ ਸਨ । ਖੱਤਰੀਆਂ ਵਿਚੋਂ ਬਹੁਤ ਘੱਟ ਨੇ ਸਿੱਖ ਧਰਮ ਅਪਣਾਇਆ, ਉਸੇ ਤਰ੍ਹਾਂ ਰਾਜਪੂਤਾਂ ਨੇ। ਇਹ ਦੋਵੇਂ ਵਰਗ ਆਪਣੇ ਆਪ ਨੂੰ ਉੱਚਾ ਸਮਝਦੇ ਸਨ ਅਤੇ ਨੀਵੀਆਂ ਜਾਤਾਂ ਨਾਲ ਬਰਾਬਰ ਬੈਠ ਕੇ ਪ੍ਰਸ਼ਾਦ ਜਾਂ ਲੰਗਰ ਛਕਣ ਨੂੰ ਤਿਆਰ ਨਹੀਂ ਸਨ ।
ਅਕਬਰ ਦੇ ਨੌ ਰਤਨਾਂ ਵਿਚੋਂ ਟੋਡਰਮੱਲ ਵੀ ਇਕ ਖੱਤਰੀ ਸੀ, ਜਿਸ ਨੇ ਭੋਇੰ- ਪ੍ਰਬੰਧ ਨੂੰ ਬੜੀ ਖੂਬੀ ਨਾਲ ਸਿਰੇ ਚੜਾਇਆ। ਕਾਬਲ ਅਤੇ ਪਿਸ਼ਾਵਰ ਦੇ ਇਲਾਕੇ ਦੇ ਪਠਾਨ ਸਰਦਾਰ ਆਪਣੀਆਂ ਜਾਗੀਰਾਂ ਦੇ ਪ੍ਰਬੰਧ ਅਤੇ ਆਮਦਨ ਖਰਚ ਦਾ ਹਿਸਾਬ ਰੱਖਣ ਲਈ ਖੱਤਰੀਆਂ ਨੂੰ ਰੱਖਦੇ ਅਤੇ ਵਧੀਆ ਪ੍ਰਬੰਧਕ ਖੱਤਰੀਆਂ ਦੀ ਮਸ਼ਹੂਰੀ ਦੂਰ- ਦੂਰ ਤੱਕ ਫੈਲ ਜਾਂਦੀ। ਪਠਾਣਾਂ ਦੀਆਂ ਆਪਸੀ ਦੁਸ਼ਮਣੀਆਂ ਵਿਚ ਉਹ ਇਕ-ਦੂਜੇ ਦੇ ਪ੍ਰਬੰਧਕ (ਖੱਤਰੀ) ਨੂੰ ਅਗਵਾ ਕਰਕੇ ਲੈ ਜਾਂਦੇ ਅਤੇ ਭਾਰੀ ਰਕਮ ਲੈ ਕੇ ਛੱਡਦੇ।
ਹੁਸ਼ਿਆਰਪੁਰ ਡਿਸਟ੍ਰਿਕਟ ਗਜ਼ਟੀਅਰ ਦੇ ਪੰਨਾ 229 ‘ਤੇ ਟਾਂਡਾ ਉੜਮੁੜ ਦੇ ਪਠਾਣ ਮਾਲਕਾਂ ਵਲੋਂ ਖੱਤਰੀਆਂ ਨੂੰ ਆਪਣੇ ਪ੍ਰਬੰਧਕ ਮੁਕੱਰਰ ਕਰਨ ਦਾ ਜ਼ਿਕਰ ਹੈ।
ਭਾਰਤ ਦੀ 1947 ਵਿਚ ਵੰਡ ਤੋਂ ਬਾਅਦ ਪਾਕਿਸਤਾਨ ਵਲੋਂ ਹਿੰਦੂ ਅਤੇ ਸਿੱਖ ਸ਼ਰਨਾਰਥੀਆਂ ਨੂੰ ਮੁੜ ਵਸਾਉਣ ਦਾ ਕੰਮ ਐਮ.ਐਸ. ਰੰਧਾਵਾ ਜਿਹੇ ਸੂਝਵਾਨ ਅਫਸਰ ਦੀ ਨਿਗਰਾਨੀ ਹੇਠ ਸ਼ੁਰੂ ਕੀਤਾ ਗਿਆ। ਛੇ-ਸੱਤ ਹਜ਼ਾਰ ਪਟਵਾਰੀ ਜਲੰਧਰ ਸ਼ਹਿਰ ਵਿਚ ਹੀ ਇਸ ਕੰਮ ‘ਤੇ ਲਾਏ ਗਏ। ਐਮ.ਐਸ. ਰੰਧਾਵਾ ਆਪਣੀ ਸਵੈ-ਜੀਵਨੀ ਵਿਚ ਲਿਖਦੇ ਹਨ- “ਪਟਵਾਰੀ ਤਾਂ ਇਕ ਨ੍ਹੀਂ ਮਾਣ ਹੁੰਦਾ, ਐਨੇ ਪਟਵਾਰੀਆਂ ਨੂੰ ਕੰਟਰੋਲ ਕਰਨਾ ਸੌਖੀ ਗੱਲ ਨਹੀਂ ਸੀ ।” ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਐਮ.ਐਸ. ਰੰਧਾਵਾ ਤੋਂ ਲਾਇਲਪੁਰ ਖਾਲਸਾ ਕਾਲਜ ਵਾਲੀ ਜ਼ਮੀਨ ਡੀ.ਏ.ਵੀ. ਕਾਲਜ ਨੂੰ ਬਦਲਣ ‘ਤੇ ਜ਼ੋਰ ਪਾਉਣ ਲੱਗੇ, ਪਰ ਉਨ੍ਹਾਂ ਸਾਫ ਨਾਂਹ ਕਰ ਦਿੱਤੀ।
ਸੰਨ 1958 ਵਿਚ ਜਲੰਧਰ ਸਕਾਈਲਾਰਕ ਹੋਟਲ, ਤੋਂ ਮਾਡਲ ਟਾਊਨ ਤੱਕ ਖੱਬੇ ਪਾਸੇ ਤਾਂ ਅਫਸਰਾਂ ਦੀਆਂ ਕੋਠੀਆਂ ਅਤੇ ਕਲੱਬ ਬਣ ਚੁੱਕਾ ਸੀ, ਪਰ ਦੂਜੇ ਪਾਸੇ ਖੇਤਾਂ ਵਿਚ ਸਬਜ਼ੀਆਂ ਲੱਗੀਆਂ ਹੁੰਦੀਆਂ। ਸਿੰਚਾਈ ਵੀ ਟਿੰਡਾਂ ਵਾਲੇ ਖੂਹਾਂ ਨਾਲ ਹੁੰਦੀ ਸੀ । ਲਾਜਪਤ ਰਾਏ ਨਗਰ ਉਦੋਂ ਨਹੀਂ ਸੀ ਬਣਿਆ ਤੇ ਇਸ ਵਿਚੋਂ ਲੰਘਦੇ ਸੂਏ ਵਿਚ ਸਾਫ ਪਾਣੀ ਵਗਦਾ ਸੀ, ਜਿਥੇ ਲੋਕ ਸਵੇਰੇ-ਸ਼ਾਮ ਇਸ਼ਨਾਨ ਕਰਦੇ ਸਨ। ਕਪੂਰਥਲੇ ਨੂੰ ਜਾਣ ਵਾਲੀ ਸੜਕ ‘ਤੇ ਬਸਤੀ ਬਾਵਾ ਖੇਲ ਕੋਲ ਦੋ ਵੱਡੇ ਸੂਇਆਂ ‘ਤੇ ਸ਼ਾਮ ਨੂੰ ਗਰਮੀਆਂ ਦੇ ਦਿਨਾਂ ਵਿਚ ਬੜੀ ਰੌਣਕ ਹੁੰਦੀ ਸੀ । ਨਹਾਉਣ ਵਾਲਿਆਂ ਦੀ ਭੀੜ ਦੇਰ ਰਾਤ ਤੱਕ ਗਰਮੀ ਤੋਂ ਬਚਣ ਲਈ ਸੂਏ ’ਤੇ ਨਹਾਉਂਦੀ ਰਹਿੰਦੀ। ਸ਼ਹਿਰ ਤੋਂ ਮਾਡਲ ਟਾਊਨ ਨੂੰ ਟਾਂਗੇ ਅਤੇ ਲੋਕਲ ਬੱਸ ਚੱਲਦੀ ਸੀ । ਸਾਰੇ ਸ਼ਹਿਰ ਵਿਚ ਕਾਰਾਂ ਦੀ ਗਿਣਤੀ ਸੌ ਤੋਂ ਘੱਟ ਹੀ ਸੀ ਤੇ ਮੋਟਰ ਸਾਈਕਲ ਕਿਤੇ-ਕਿਤੇ ਹੀ ਦਿਖਾਈ ਦਿੰਦਾ ਸੀ। ਵੱਡੇ ਪੋਸਟ ਆਫਿਸ ਦੇ ਸਾਹਮਣੇ ਅੰਮ੍ਰਿਤਸਰ ਨੂੰ ਜਾਣ ਵਾਲੀਆਂ ਬੱਸਾਂ ਦਾ ਅੱਡਾ ਹੁੰਦਾ ਸੀ। ਅੰਮ੍ਰਿਤਸਰ ਜਾਣ ਵਾਲੀ ਬੱਸ, ਕੰਪਨੀ ਬਾਗ ਦੇ ਮੋੜ ਤੋਂ ਪੁਰਾਣੀ ਸਬਜ਼ੀ ਮੰਡੀ ਹੁੰਦੀ ਹੋਈ ਜਾਂਦੀ ਸੀ। ਉਦੋਂ ਵੀ ਸਬਜ਼ੀ ਮੰਡੀ ਵਿਖੇ ਕਦੇ-ਕਦੇ ਟਰੈਫਿਕ ਜਾਮ ਹੋ ਜਾਂਦਾ ਸੀ। ਇਨ੍ਹੀਂ ਦਿਨੀਂ ਅਸੀਂ ਤਿੰਨ ਸਾਥੀਆਂ ਨੇ ਮਾਡਲ ਟਾਊਨ ਇਕ ਕੋਠੀ ਦਾ ਅੱਧਾ ਭਾਗ 45 ਰੁਪੇ ਮਹੀਨਾ ਕਿਰਾਏ ‘ਤੇ ਲੈ ਲਿਆ। ਆਮ ਢਾਬਿਆਂ ‘ਤੇ ਰੋਟੀ 18 ਰੁਪਏ ਮਹੀਨਾ, ਪਰ ਅਸੀਂ ਪੁਰਾਣੇ ਐਸ.ਪੀ. ਦਫਤਰ ਦੇ ਸਾਹਮਣੇ ਪਹਾੜੀਆਂ ਦੇ ਢਾਬੇ ਤੋਂ ਖਾਂਦੇ। ਇਨ੍ਹਾਂ ਦੀ ਸਫਾਈ ਠੀਕ ਸੀ ਅਤੇ ਇਹ ਦੇਸੀ ਘਿਓ ਵਰਤਦੇ ਸਨ। ਇਨ੍ਹਾਂ ਦਾ ਰੇਟ 26 ਰੁਪਏ ਮਹੀਨਾ ਸੀ। ਸ਼ਹਿਰ ਵਿਚ ਸਾਈਕਲ ‘ਤੇ ਦੂਜੀ ਸਵਾਰੀ ਬਿਠਾਉਣ ਵਾਲਿਆਂ ਦਾ ਚਲਾਨ ਕਰ ਦਿੱਤਾ ਜਾਂਦਾ ਸੀ । ਐਸ.ਪੀ. ਦਫਤਰ ਦੇ ਮੋੜ ਤੋਂ ਹੀ ਮਾਡਲ ਟਾਊਨ ਨੂੰ ਬੱਸ ਅਤੇ ਟਾਂਗੇ, ਰਿਕਸ਼ੇ ਮਿਲ ਜਾਂਦੇ ਸਨ। ਕਿਰਾਇਆ ਇਕ ਆਨਾ ਸਵਾਰੀ ਹੁੰਦਾ ਸੀ।
ਸਵੇਰ ਵੇਲੇ ਕਈ ਲੋਕ ਮੂੰਹ ‘ਚ ਦਾਤਣਾਂ ਪਾਈ ਹੱਥ ਵਿਚ ਪਾਣੀ ਦੀ ਗੜਵੀ ਫੜੀ ਸ਼ਹਿਰ ਤੋਂ ਬਾਹਰ ਜੰਗਲ-ਪਾਣੀ ਜਾਂਦੇ ਤੇ ਵਗਦੇ ਖੂਹਾਂ ਜਾਂ ਸੂਏ ‘ਤੇ ਇਸ਼ਨਾਨ ਕਰਕੇ ਮੁੜਦੇ। ਚੰਗੇ ਸਟੈਂਡਰਡ ਦਾ ਹੋਟਲ ਪਲਾਜ਼ਾ ਸੀ ਤੇ ਨਾਲ ਹੀ ਰਿਹਾਇਸ਼ ਲਈ ਰੌਕਸੀ ਸੀ। ਸਕਾਈਲਾਰਕ ਸੰਨ 1969 ਵਿਚ ਬਣਿਆ ਤਾਂ ਲੋਕੀਂ ਆਖਦੇ ਸੀ ਕਿ ਇਹ ਐਡਾ ਵੱਡਾ ਹੋਟਲ ਜਲੰਧਰ ਜਿਹੇ ਸ਼ਹਿਰ ਵਿਚ ਨਹੀਂ ਚੱਲਣਾ। ਆਬਾਦੀ ਦੇ ਵਾਧੇ ਦੇ ਨਾਲ-ਨਾਲ ਲੋਕਾਂ ਕੋਲ ਧਨ ਵੀ ਬਹੁਤ ਆ ਗਿਆ। ਨਵੀਂ ਪੀੜ੍ਹੀ, ਜਿਸ ਨੇ ਸੰਨ 1947 ਤੋਂ ਬਾਅਦ ਹੋਸ਼ ਸੰਭਾਲੀ, ਖਰਚ ਵੀ ਖੁੱਲ੍ਹਦਿਲੀ ਨਾਲ ਕਰਨ ਲੱਗ ਪਈ। ਇੰਪਰੂਵਮੈਂਟ ਟਰੱਸਟ ਬਣਿਆ, ਨਵੀਆਂ ਕਲੋਨੀਆਂ ਆਬਾਦ ਕੀਤੀਆਂ। ਨਵਾਂ ਬੱਸ ਸਟੈਂਡ, ਨਵੀਆਂ ਕਚਹਿਰੀਆਂ ਅਤੇ ਹੋਰ ਕਈ ਨਵੀਆਂ ਇਮਾਰਤਾਂ ਬਣੀਆਂ । ਪ੍ਰਾਈਵੇਟ ਇਮਾਰਤਾਂ ਵੀ ਬਹੁਤ ਵੱਡੀਆਂ-ਵੱਡੀਆਂ ਬਣਨੀਆਂ ਸ਼ੁਰੂ ਹੋਈਆਂ। ਹੁਣ ਵੱਡੀਆਂ- ਵੱਡੀਆਂ ਮਾਲਾਂ ਉੱਸਰ ਰਹੀਆਂ ਹਨ। ਬਿਲਡਰ ਦੁਕਾਨ ਦੀ ਪੂਰੀ ਕੀਮਤ ਤਾਂ ਪਹਿਲਾਂ ਹੀ ਲੈ ਲੈਂਦੇ ਹਨ ਤੇ ਕਿਰਾਇਆ ਹਰ ਮਹੀਨੇ ਇਸ ਤੋਂ ਉੱਪਰ । ਕਾਲਾ ਧਨ ਇਸ ਤਰ੍ਹਾਂ ਦੀਆਂ ਮਾਡਰਨ ਮਾਲਾਂ ਵਿਚ ਖਰਚ ਹੋ ਰਿਹਾ ਹੈ।
ਜਲੰਧਰ ਸ਼ਹਿਰ ਦੀਆ ਥਾਵਾਂ ਤਸਵੀਰਾਂ
Credit – ਵਾਸਦੇਵ ਸਿੰਘ ਪਰਹਾਰ