ਇਹ ਰਾਜੇ ਸਾਲਿਬਾਹਨ ਦੀ ਬੰਸ ਵਿਚੋਂ ਹਨ। ਇਸ ਰਾਜੇ ਦੇ ਪੰਦਰਾਂ ਪੁੱਤਰ ਸਨ। ਇਕ ਦਾ ਨਾਮ ਸਾਹਸੀ ਰਾਉ ਸੀ । ਸਾਂਸੀ ਗੋਤ ਦੇ ਜੱਟ ਸਾਹਸੀ ਰਾਉ ਦੀ ਬੰਸ ਵਿੱਚੋਂ ਹਨ। ਇਸ ਖਾਨਦਾਨ ਦੇ ਲੋਕਾਂ ਨੇ ਭੱਟਨੇਰ ਦੇ ਇਲਾਕੇ ਵਿੱਚੋਂ ਉੱਠਕੇ ਅਮ੍ਰਿਤਸਰ ਦੇ ਇਲਾਕੇ ਵਿੱਚ ਸਹੰਸਰਾ ਪਿੰਡ ਆਬਾਦ ਕੀਤਾ। ਇਹ ਅੰਮ੍ਰਿਤਸਰ ਤੋਂ ਹੌਲੀ-ਹੌਲੀ ਅੱਗੇ-ਅੱਗੇ ਗੁਜਰਾਂਵਾਲਾ ਤੇ ਮਿੰਟਗੁਮਰੀ ਤੱਕ ਚਲੇ ਗਏ । ਸਾਂਸੀ ਜੱਟਾਂ ਦੀ ਬਹੁਤ ਵਸੋਂ ਲਾਹੌਰ, ਅਮ੍ਰਿਤਸਰ, ਲੁਧਿਆਣਾ, ਕਰਨਾਲ, ਗੁਜਰਾਤ ਤੇ ਗੁਜਰਾਂਵਾਲਾ ਜ਼ਿਲ੍ਹਿਆਂ ਵਿੱਚ ਸੀ। ਇਹ ਆਪਣਾ ਨਿਕਾਸ ਮਾਰਵਾੜ ਅਤੇ ਅਜਮੇਰ ਦੇ ਭੱਟੀਆਂ ਵਿੱਚੋਂ ਹੋਇਆ ਦਸਦੇ ਹਨ। ਇਹ ਆਪਣਾ ਮੁਢ ਭਰਤਪੁਰ ਦੇ ਸਾਂਯ ਪਾਲ ਨਾਲ ਵੀ ਜੋੜਦੇ ਹਨ ਜਿਸ ਨੂੰ ਇਹ ਆਪਣਾ ਜਠੇਰਾ ਮੰਨ ਕੇ ਪੂਜਦੇ ਵੀ ਹਨ। ਇਕ ਹੋਰ ਰਵਾਇਤ ਅਨੁਸਾਰ ਸਾਂਸੀ ਕਬੀਲਾ ਆਪਣੇ ਪਸੂ ਚਾਰਦਾ-ਚਾਰਦਾ ਰਾਜਸਤਾਨ ਤੋਂ ਪੰਜਾਬ ਵਿੱਚ ਆਇਆ ਅਤੇ ਅੰਮ੍ਰਿਤਸਰ ਦੇ ਭੱਟੀਆਂ ਪਿੰਡ ਵਿੱਚ ਰਹਿਣ ਲੱਗਾ। ਭੱਟੀ ਇਨ੍ਹਾਂ ਦੇ ਭਾਈਚਾਰੇ ਵਿੱਚੋਂ ਹੀ ਸਨ। ਇਸ ਕੁਲ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ। ਇਸ ਦਾ ਵਡੇਰਾ ਦਾਨਾ ਕਾਲੂ ਸਾਂਸੀ ਵੀ ਸੂਰਬੀਰ ਸੀ। ਇਸ ਪਰਵਾਰ ਦਾ ਬੁੱਧਾ ਸਾਂਸੀ ਅੰਮ੍ਰਿਤ ਛੱਕ ਕੇ ਬੁੱਧ ਸਿੰਘ ਬਣਿਆ। ਰਣਜੀਤ ਸਿੰਘ ਦਾ ਵਡੇਰਾ ਚੜ੍ਹਤ ਸਿੰਘ ਸ਼ੁਕਰਚਕੀਆਂ ਮਿਸਲ ਦਾ ਸਰਦਾਰ ਸੀ। ਇਸ ਖਾਨਦਾਨ ਦਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਕ ਬਹੁਤ ਹੀ ਪ੍ਰਸਿੱਧ ਪਿੰਡ ਰਾਜਾਸਾਂਸੀ ਹੈ । ਸੰਧਾਂਵਾਲੀਏ ਸਰਦਾਰਾਂ ਦਾ ਪਿਛੋਕੜ ਵੀ ਅੰਮ੍ਰਿਤਸਰ ਹੀ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਹੀ ਨਜ਼ਦੀਕੀ ਸ਼ਰੀਕ ਸਨ। ਰਣਜੀਤ ਸਿੰਘ ਮਹਾਨ ਸ਼ਕਤੀਸ਼ਾਲੀ ਸੀ । ਹੁਣ ਸਾਰੇ ਹੀ ਸਾਂਸੀ ਜੱਟ ਆਪਣੇ ਆਪ ਨੂੰ ਭੱਟੀ ਰਾਜਪੂਤ ਸਮਝਦੇ ਹਨ। ਇਨ੍ਹਾਂ ਦੇ ਬ੍ਰਾਹਮਣਾਂ ਦੇ ਅਨੁਸਾਰ ਇਸ ਗੋਤ ਦਾ ਵਡੇਰਾ ਸਾਂਸੀ ਰਾਏ ਸੀ। ਇਸ ਨੂੰ ਸਾਹਸੀ ਰਾਉ ਵੀ ਕਹਿੰਦੇ ਸਨ। ਉਹ ਆਪਣੇ ਪੋਤੇ ਉਦਰਤ ਨਾਲ ਹੀ ਪੰਜਾਬ ਵਿੱਚ ਆਇਆ ਸੀ। ਉਦਰਤ ਦੇ ਪੁੱਤਰ ਯਾਤਰੀ ਤੇ ਸੁੰਦਰ ਨੇ ਗੋਰਾਏ ਖੇਤਰ ਦੇ ਵਿਰਕ ਜੱਟਾਂ ਨਾਲ ਰਿਸ਼ਤੇਦਾਰੀ ਪਾਈ ਅਤੇ ਹਮੇਸ਼ਾ ਲਈ ਪੰਜਾਬ ਦੇ ਜੱਟ ਭਾਈਚਾਰੇ ਵਿੱਚ ਰਲ ਗਏ । ਕਾਲੀਆ ਗੋਤ ਦੇ ਬ੍ਰਾਹਮਣ ਇਨ੍ਹਾਂ ਦੇ ਪੁਰੋਹਤ ਹੁੰਦੇ ਹਨ। ਜੋ ਭੱਟਨੇਰ ਦੇ ਇਲਾਕੇ ਵਿੱਚ ਪੁਰਾਣੇ ਵਸਨੀਕ ਹਨ। ਇਨ੍ਹਾਂ ਵਿੱਚ ਵੀ ਹੋਰ ਜੱਟਾਂ ਵਾਂਗ ਵਿਆਹ ਤੋਂ ਮਗਰੋਂ ਨਵੀਂ ਵਹੁਟੀ ਨੂੰ ਆਪਣੇ ਭਾਈਚਾਰੇ ਵਿੱਚ ਸ਼ਾਮਿਲ ਕਰਨ ਲਈ ਗੋਤ ਕਨਾਲੇ ਦੀ ਰਸਮ ਹੁੰਦੀ ਸੀ।
ਸਾਂਸੀ ਚੰਦਰਬੰਸੀ ਜੱਟ ਹਨ। ਇਸ ਬੰਸ ਦਾ ਸ਼ਿਸ਼ਕ ਜਨਪਦ ਬਹੁਤ ਪ੍ਰਸਿੱਧ ਸੀ, ਸਾਹੰਸਰਾ ਤੇ ਸਾਂਸੀ ਇਕੋ ਗੋਤ ਹੈ। ਪੱਛਮੀ ਪੰਜਾਬ ਵਿੱਚ ਇਸ ਗੋਤ ਦੇ ਕਾਫੀ ਲੋਕ ਮੁਸਲਮਾਨ ਵੀ ਬਣ ਗਏ ਸਨ । ਮਹਾਰਾਜਾ ਰਣਜੀਤ ਸਿੰਘ ਦੇ ਮਹਾਰਾਜਾ ਬਣ ਜਾਣ ਨਾਲ ਸਾਂਹਸੀ ਜੱਟਾਂ ਦੀ ਪੰਜਾਬ ਵਿੱਚ ਕਾਫੀ ਮਾਨਤਾ ਹੋ ਗਈ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਾਂਹਸੀ ਸਰਦਾਰ ਸੀ। ਰਣਜੀਤ ਸਿੰਘ ਦੇ ਵਡੇਰੇ ਗੁਜਰਾਂਵਾਲਾ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਸ਼ੁਕਰਚੱਕ ਵਿੱਚ ਰਹਿੰਦੇ ਸਨ। ਇਸਦੇ ਪਿਤਾ ਦਾ ਨਾਮ ਮਹਾਂ ਸਿੰਘ ਤੇ ਦਾਦੇ ਦਾ ਨਾਮ ਚੜ੍ਹਤ ਸਿੰਘ ਸੀ। ਮਹਾਰਾਜੇ ਰਣਜੀਤ ਸਿੰਘ ਦੇ ਪੂਰਵਜ਼ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵੇਈਂ ਪੂਈਂ ਤਹਿਸੀਲ ਖੱਡੂਰ ਸਾਹਿਬ ਵਿੱਚ ਵੀ ਕਾਫੀ ਸਮਾਂ ਰਹੇ ਸਨ।
ਮਹਾਰਾਜਾ ਰਣਜੀਤ ਸਿੰਘ ਦੇ ਸਾਂਸੀ ਖਾਨਦਾਨੀ ਕਬੀਲੇ ਬਾਰੇ ਗੁਜਰਾਂਵਾਲਾ ਜ਼ਿਲ੍ਹਾ ਦੇ ਡਿਸਟ੍ਰਿਕਟ ਗਜ਼ਟੀਅਰ ਵਿੱਚ ਲਿਖਿਆ ਹੈ ਕਿ ਗੁਜਰਾਂਵਾਲਾ ਸ਼ਹਿਰ ਦੇ ਦੁਆਲੇ ਉਨ੍ਹਾਂ ਦੇ ਪਹਿਲਾਂ ਚੌਦਾਂ ਪਿੰਡ ਸਨ ਅਤੇ ਗੁਜਰਾਂਵਾਲਾ ਸ਼ਹਿਰ ਵੀ ਉਨ੍ਹਾਂ ਦਾ ਗੋ ਸੀ। ਪਰ ਉਨ੍ਹਾਂ ਦੇ ਐਸੇ ਮਾੜੇ ਦਿਨ ਆ ਗਏ ਕਿ ਉਨ੍ਹਾਂ ਕੋਲ ਕੇਵਲ ਅੱਠ ਪਿੰਡ ਹੀ ਰਹਿ ਗਏ ਤੇ ਉਨ੍ਹਾਂ ਵਿੱਚੋਂ ਵੀ ਬਹੁਤ ਸਾਰੀ ਜ਼ਮੀਨ ਗਹਿਣੇ ਪਈ ਹੋਈ ਸੀ। ਬਾਕੀ ਪਿੰਡ ਐਮਨਾਬਾਦ ਦੇ ਦਿਵਾਨ ਤੇ ਸ਼ਹਿਰ ਦੇ ਸਰਮਾਏਦਾਰਾਂ ਨੇ ਖਰੀਦ ਲਏ ਸਨ । ਉਨ੍ਹਾਂ ਵਿੱਚ ਚੰਗੇ ਲੜਾਕੇ ਹੋਣ ਦੀ ਸਿਫਤ ਜੋ ਕਦੇ ਸੀ ਤਾਂ ਹੁਣ ਖ਼ਤਮ ਹੋ ਗਈ। ਖੇਤੀ ਵਿੱਚ ਵੀ ਉਹ ਅਸਲੋਂ ਫਾਡੀ ਹਨ । ਸਾਂਦਲ ਬਾਰ ਵਿੱਚ ਠੇੜੀ ਸਾਂਸੀ ਪਿੰਡ ਵੀ ਸਾਂਸੀ ਜੱਟਾਂ ਦਾ ਇੱਕ ਬਹੁਤ ਹੀ ਉੱਘਾ ਪਿੰਡ ਸੀ।
ਪੰਜਾਬ ਵਿੱਚ ਸਾਂਸੀ ਜੱਟ ਸਿੱਖਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਕਈ ਸਾਂਸੀ ਜੱਟ ਆਪਣੇ ਆਪ ਨੂੰ ਸੰਧਾਵਾਲੀਏ ਹੀ ਲਿਖਦੇ ਹਨ। ਸਾਹੰਸਰਾ ਗੋਤ ਦੇ ਲੋਕ ਵੀ ਇਨ੍ਹਾਂ ਦੇ ਭਾਈਚਾਰੇ ਵਿੱਚੋਂ ਹੀ ਹਨ। ਸਾਂਸੀ ਤੋਂ ਭਾਵ ਸਾਹਸੀ ਅਥਵਾ ਦਲੇਰ ਹੈ। ਸਾਂਸੀ ਬੰਸ ਦੇ ਲੋਕ ਰਾਜਾ ਸਲਵਾਨ, ਸਹੰਸਰ ਬਾਹੂ, ਦੁੱਲਾ ਭੱਟੀ ਤੇ ਜੈਮਲ ਫੱਤਾ ਨੂੰ ਭੀ ਆਪਣਾ ਵਡੇਰਾ ਮੰਨਦੇ ਹਨ।
ਮਹਾਰਾਜਾ ਰਣਜੀਤ ਸਿੰਘ ਬਰਾੜਾਂ ਦਾ ਦੋਹਤਾ ਸੀ। ਇਸ ਲਈ ਇਹ ਬਰਾੜਾਂ ਵਾਂਗ ਖੁੱਲ੍ਹਾ-ਦਿੱਲ ਤੇ ਬਹਾਦਰ ਸੀ। ਸਾਂਸੀ ਭਾਈਚਾਰੇ ਦੇ ਲੋਕਾਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਤੇ ਬਹੁਤ ਮਾਣ ਸੀ । ਸਾਂਸੀ ਜੱਟਾਂ ਦਾ ਇੱਕ ਉੱਘਾ ਤੇ ਛੋਟਾ ਗੋਤ ਹੈ। ਇਹ ਬਹੁਤ ਦਲੇਰ ਸਨ।