ਬਿਰਕ
ਸਥਿਤੀ :
ਤਹਿਸੀਲ ਫਿਲੌਰ ਦਾ ਇਹ ਪਿੰਡ ਬਿਰਕ, ਫਗਵਾੜਾ – ਗੁਰਾਇਆ ਸੜਕ ਤੋਂ 1 ਕਿਲੋਮੀਟਰ ਪੂਰਬ ਵੱਲ ਹੈ ਤੇ ਗੁਰਾਇਆ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਇਹ ਪਿੰਡ ਤਿਮਰਲਿੰਗ ਬਾਦਸ਼ਾਹ ਜਿਸ ਨੂੰ ਤਿਮੂਰ ਲਿੰਗ ਵੀ ਆਖਦੇ ਹਨ ਦੇ ਸਮੇਂ ਵਸਾਇਆ। ਉਸ ਸਮੇਂ ਫਗਵਾੜੇ ਦੇ ਮੀਏ ਮੁਸਲਮਾਨ ਤੇ ਬੜਾ ਪਿੰਡ ਦੇ ਗੁਲਾਬ ਸਿੰਘ ਦਾ ਪਸ਼ੂਆਂ ਨੂੰ ਚਰਾਉਣ ਤੇ ਬਹੁਤ ਝਗੜਾ ਰਹਿੰਦਾ ਸੀ, ਦੋਵੇਂ ਪਿੰਡ ਵਾਲੀ ਜਗ੍ਹਾ ਤੇ ਆਪਣਾ ਹੱਕ ਜਮਾਉਂਦੇ ਸਨ। ਇਸ ਝਗੜੇ ਨੂੰ ਨਿਪਟਾਉਣ ਲਈ ਬਾਦਸ਼ਾਹ ਤਿਮੂਰ ਨੇ ਨਾਨੂ ਖੱਤਰੀ ਜਿਸ ਦਾ ਗੋਤ ਬਿਰਕ ਸੀ, ਨੂੰ ਇੱਥੇ ਬਿਠਾ ਦਿੱਤਾ। ਉਸ ਦੇ ਨਾਲ ਇੱਕ ਪੰਡਤ ਗੋਕਲ ਚੰਦ ਤੇ ਉਸਦਾ ਰਥਵਾਨ ਇੱਕ ਅਰਾਈਂ ਸੀ। ਨਾਨੂ ਦੇ ਚਾਰ ਪੁੱਤਰ ਸਨ ਤੇ ਪਿੰਡ ਦੀਆਂ ਚਾਰ ਪੱਤੀਆਂ ਮਾਲੋ ਬਿਰਕ, ਜ਼ਾਹਦਪੁਰ, ਬਹੌਦੀਪੁਰ ਤੇ ਨੂਰਪੂਰ ਸਨ। ਨਾਨੂ ਦੇ ਸਾਲੇ ਭਾਗ ਸਿੰਘ ਨੇ ਨਵਾਂ ਸ਼ਹਿਰ ਕੋਲ ਬੀਰੋਵਾਲ ਪਿੰਡ ਵਸਾਇਆ। ਇਸ ਪਿੰਡ ਵਿੱਚ ਸਭ ਨਾਨੂ ਦੀ ਔਲਦ ਹਨ। ਇਸ ਕਰਕੇ ਸਭ ਬਿਰਕ ਹਨ ਤੇ ਪਿੰਡ ਦਾ ਨਾਂ ਬਿਰਕ ਹੈ ਅਤੇ ਇਸ ਨੂੰ ਬਿਰਕਾਂ ਵੀ ਆਖਦੇ ਹਨ।
ਇਸ ਪਿੰਡ ਦੇ ਲੋਕ ਕਾਫੀ ਧਾਰਮਿਕ ਖਿਆਲਾਂ ਦੇ ਹੋਣ ਕਰਕੇ ਇੱਥੇ 6 ਗੁਰਦੁਆਰੇ ਤੇ ਤਿੰਨ ਮੰਦਰ ਹਨ। ਇੱਥੇ ਦਾ ਸ਼ਿਵਦੁਆਲਾ 275 ਸਾਲ ਪਹਿਲਾਂ ਸਾਵਨ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਆਪਣੀ ਸੁੱਖਣਾ ਪੂਰੀ ਹੋਣ ‘ਤੇ ਬਣਾਇਆ ਸੀ। ਇੱਥੋਂ ਦੇ ਬਾਬਾ ਫੂਲਾ ਸਿੰਘ ਦੇ ਗੁਰਦੁਆਰੇ ਹਰ ਸਾਵਣ ਮਹੀਨੇ ਜੋੜ ਮੇਲਾ ਲੱਗਦਾ ਹੈ, ਇਸ ਪਿੰਡ ਦਾ ਦੁਸਹਿਰਾ ਵੀ ਮਸ਼ਹੂਰ ਹੈ।
ਇਸ ਪਿੰਡ ਦੇ ਦੋ ਵਿਅਕਤੀ ਪਾਖਰ ਸਿੰਘ ਅਤੇ ਗੁਲਾਮ ਮੁਹੰਮਦ ਅਜ਼ਾਦ ਹਿੰਦ ਫੌਜ ਵਿੱਚ ਰਹੇ ਅਤੇ ਹੋਰ ਵੀ ਕਈਆਂ ਨੇ ਆਜ਼ਾਦੀ ਲਈ ਜੇਲ੍ਹਾਂ ਕੱਟੀਆਂ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ