ਮਜਾਰਾ ਰਾਜਾ ਸਾਹਿਬ ਪਿੰਡ ਦਾ ਇਤਿਹਾਸ | Majara Sahib Village History

ਮਜਾਰਾ ਰਾਜਾ ਸਾਹਿਬ

ਮਜਾਰਾ ਰਾਜਾ ਸਾਹਿਬ ਪਿੰਡ ਦਾ ਇਤਿਹਾਸ | Majara Sahib Village History

ਸਥਿਤੀ :

ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਬੰਗਾ-ਮੁਕੰਦਪੁਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 7 ਕਿਲੋਮੀਟਰ ਦੂਰ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਕਿਹਾ ਜਾਂਦਾ ਹੈ ਕਿ ਲਾਭਾ ਨਾਂ ਦੇ ਇੱਕ ਰੰਘੜ ਨੇ ਗੁਣਾਚੌਰ ਰਿਆਸਤ ਦੇ ਰਾਜੇ ਤੋਂ ਖੇਤੀ ਕਰਨ ਲਈ ਥਾਂ ਦੀ ਮੰਗ ਕੀਤੀ। ਰਾਜੇ ਨੇ ਹੁਕਮ ਦਿੱਤਾ ਕਿ ਘੋੜਾ ਫੇਰ ਕੇ ਜਿੰਨੀ ਜ਼ਮੀਨ ਵੱਲ ਲਵੇਂ ਤੇਰੀ ਹੋ ਜਾਵੇਗੀ। ਲਾਭੇ ਨੇ 500 ਏਕੜ ਜ਼ਮੀਨ ਵੱਲ ਲਈ ਅਤੇ ਉਸ ਵਿੱਚ ਖੇਤੀ ਕਰਨ ਲੱਗਾ। ਕਿਉਂਕਿ ਉਹ ਇੱਕ ਮੁਜ਼ਾਰਾ ਸੀ, ਇਸ ਲਈ ਨਵੇਂ ਵਸੇ ਪਿੰਡ ਦਾ ਨਾਂ ‘ਲਾਭਾ ਮੁਜ਼ਾਰਾ’ ਤੋਂ ‘ਲਾਭਾ ਮਜਾਰਾ’ ਹੋ ਗਿਆ। ਹੌਲੀ ਹੌਲੀ ਇਸ ਵਿੱਚ ਨਵੀਂ ਅਬਾਦੀ ਆਉਂਦੀ ਗਈ ਤੇ ਇਸ ਦਾ ਨਾਂ ‘ਮਜਾਰਾ-ਨਵਾਂ ਆਬਾਦ’ ਬਣ ਗਿਆ ਅਤੇ ਕਹਿਣ ਵਿੱਚ ਹੁਣ ਵੀ ‘ਮਜਾਰਾ ਨੌ ਆਬਾਦ’ ਹੈ। ਅਜ ਤੋਂ 75-80 ਸਾਲ ਪਹਿਲੇ ਇੱਕ ਇੱਕ ਪ੍ਰਮਾਤਮਾ ਨੂੰ ਪਹੁੰਚੇ ਹੋਏ ਸਾਧੂ ਹੋਏ ਜਿਨ੍ਹਾਂ ਦਾ ਨਾਂ ‘ਭਗਵਾਨ ਦਾਸ’ ‘ਉਰਫ ਨਾਭ ਕੰਵਲ’ ਸੀ। ਪਰ ਪਿੰਡ ਵਾਸੀ ਉਹਨਾਂ ਨੂੰ ਪਿਆਰ ਨਾਲ ‘ਰਾਜਾ ਸਾਹਿਬ’ ਕਹਿੰਦੇ ਸਨ। ਕਿਉਂਕਿ ਉਹ ਇਸ ਇਲਾਕੇ ਵਿੱਚ ਹਰਮਨ ਪਿਆਰੇ ਸਨ। ਉਹਨਾਂ ਦੇ ਨਾਂ ਦੇ ਨਾਲ ਇਸ ਪਿੰਡ ਨੂੰ ‘ਮਜਾਰਾ ਰਾਜਾ ਸਾਹਿਬ ਕਹਿਣ ਲਗ ਪਏ। ਪਿੰਡ ਵਿੱਚ ਉਹਨਾਂ ਦਾ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਵਿੱਚ ਉਹਨਾਂ ਦੀ ਸਮਾਧ ਬਣੀ ਹੋਈ ਹੈ। ਉਹ ਇੰਨੇ ਤਿਆਗੀ ਸਨ ਕਿ ਝੜਾਵੇ ਨੂੰ ਹੱਥ ਨਹੀਂ ਲਾਉਂਦੇ ਸਨ। ਉਸ ਵੇਲੇ ਗਰੀਬਾਂ ਨੂੰ ਅਵਾਜਾਂ ਮਾਰ ਕੇ ਵੰਡ ਦੇਂਦੇ ਸਨ। ਇੱਥੇ ਹਰ ਐਤਵਾਰ ਅਤੇ ਸੰਗਰਾਂਦ ਨੂੰ ਇਕੱਠ ਹੁੰਦਾ ਹੈ ਤੇ ਭਾਦੋਂ ਦੀ ਮੱਸਿਆ ਨੂੰ ਉਹਨਾਂ ਦੀ ਬਰਸੀ ਵਾਲੇ ਦਿਨ ਭਾਰੀ ਮੇਲਾ ਲਗਦਾ ਹੈ, ਦੋ ਦਿਨ ਕੀਰਤਨ ਦਾ ਪ੍ਰਵਾਹ ਚਲਦਾ ਹੈ ਅਤੇ ਤੀਸਰੇ ਦਿਨ ਕੁਸ਼ਤੀਆ ਹੁੰਦੀਆਂ ਹਨ ਤੇ ਭਾਰਤ ਪੱਧਰ ਦੇ ਪਹਿਲਵਾਨ ਹਿੱਸਾ ਲੈਂਦੇ ਹਨ।

ਰਾਜਾ ਸਾਹਿਬ ਦੇ ਇੱਕ ਹੋਰ ਚੇਲੇ ਬਾਬਾ ਸਾਹਿਬ ਦਿਆਲ ਹੋਏ ਹਨ ਉਹਨਾਂ ਦੇ ਨਾਂ ਤੇ ਵੀ ਗੁਰਦੁਆਰਾ ਪਿੰਡ ਵਿੱਚ ਹੈ। ਇਸ ਤੋਂ ਇਲਾਵਾ ਇੱਕ ਮਸਤ ਸਾਧੂ ਪੂਰਨ ਦਾਸ ਇਸ ਪਿੰਡ ਵਿੱਚ ਵੱਸੇ ਸਨ ਜਿਹੜੇ ਕਿ ਪਹਾੜ ਤੋਂ ਆਏ ਸਨ, ਉਹਨਾਂ ਦੀ ਜਗ੍ਹਾ ਨੂੰ ਮਾਤਾ ਦੀ ਜਗ੍ਹਾ ਕਹਿੰਦੇ ਸਨ। ਇਸ ਜਗ੍ਹਾ ਦੀ ਵੀ ਕਾਫੀ ਮਾਨਤਾ ਹੈ। ਕਾਫੀ ਪਹਾੜੀ ਲੋਕ ਇਸ ਜਗ੍ਹਾ ਤੇ ਆ ਕੇ ਮੱਥਾ ਟੇਕਦੇ ਹਨ ਅਤੇ ਪੂਜਾ ਕਰਦੇ ਹਨ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!