ਪੱਦੀ ਮੱਟ ਵਾਲੀ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਪੱਦੀ ਮੱਟ ਵਾਲੀ ਬੰਗਾ – ਪਠਲਾਵਾ ਸੜਕ ਤੇ ਸਥਿਤ ਹੈ ਤੇ ਬੰਗਾ ਤੋਂ 4 ਕਿਲੋ ਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
‘ਪੱਦੀ ਮੱਟਵਾਲੀ’ ਦੇ ਪਹਿਲੇ ਵਸਨੀਕ ਮਹਿਤੋ ਸਨ ਜਿਹਨਾਂ ਨੇ ਲਗਭਗ 625 ਸਾਲ ਪਹਿਲਾਂ ਪਿੰਡ ਕਾਹਮਾ ਦੇ ਰਾਜਪੂਤ ਅਰਜਨ ਨੂੰ ਇੱਥੋਂ ਭਜਾ ਕੇ ਇੱਥੇ ਕਬਜ਼ਾ ਕਰ ਲਿਆ। ਪਿੰਡ ਦਾ ਪਹਿਲਾ ਨਾਂ ‘ਪਦਮਾਵਤੀ’ ਹੁੰਦਾ ਸੀ ਜੋ ਬਦਲਦਾ ਬਦਲਦਾ ‘ਪੱਦੀ’ ਮਸ਼ਹੂਰ ਹੋ ਗਿਆ। ਅਕਬਰ ਬਾਦਸ਼ਾਹ ਵਲੋਂ ਚਿੱਟੀ ਬੇਈ ਕੰਢੇ ਮਟ ਬਨਾਉਣ ਨਾਲ ਇਸ ਪਿੰਡ ਦਾ ਨਾਂ ‘ਪੱਦੀ ਮੱਟ ਵਾਲੀ’ ਪੈ ਗਿਆ। ਅਕਬਰ ਬਾਦਸ਼ਾਹ ਵੱਲੋਂ ਮੱਟ ਬਨਾਉਣ ਦੀ ਦੰਦ ਕਥਾ ਇਸ ਤਰ੍ਹਾਂ ਦੱਸੀ ਜਾਂਦੀ ਹੈ –
ਅਕਬਰ ਬਾਦਸ਼ਾਹ ਨੰਗੇ ਪੈਰੀਂ ਜਵਾਲਾ ਮੁਖੀ ਸੋਨੇ ਦਾ ਛਤਰ ਚੜਾਉਣ ਜਾ ਰਿਹਾ। ਸੀ ਤੇ ਰਸਤੇ ਵਿੱਚ ਇੱਥੇ ਰਾਤ ਪੈ ਗਈ। ਉਸ ਸਮੇਂ ਇਲਾਕਾ ਜੰਗਲ ਬੀਆਬਾਨ ਸੀ। ਅਕਬਰ ਦੀਆਂ ਫੌਜਾਂ ਨੇ ਤੰਬੂ ਗੱਡਣੇ ਚਾਹੇ ਪਰ ਕਿੱਲੇ ਗੱਡੇ ਨਾ ਜਾਣ ਤੇ ਘੋੜੇ ਵੀ ਬਿਮਾਣ ਹੋ ਗਏ। ਅਕਬਰ ਨੇ ਆਪਣੇ ਸਿਪਾਹੀਆਂ ਨੂੰ ਜੰਗਲ ਵਿੱਚ ਜਾ ਕੇ ਇਸ ਦਾ ਕਾਰਨ ਲੱਭਣ ਦਾ ਹੁਕਮ ਦਿੱਤਾ। ਉਹਨਾਂ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਮਹਾਤਮਾ ਹੈ ਜਿਸ ਦੇ ਆਕ ਦੁਆਲੇ ਬਹੁਤ ਸਾਰੇ ਜੰਗਲੀ ਜਾਨਵਰ ਸਹਿਮੇ ਬੈਠੇ ਹੋਏ ਹਨ। ਮਹਾਤਮਾ ਨੇ ਜਾਨਵਰਾਂ ਦੇ ਸਹਿਮੇ ਹੋਏ ਤੋਂ ਸਮਝਿਆ ਕਿ ਕੋਈ ਸ਼ਿਕਾਰੀ ਜੰਗਲ ਵਿੱਚ ਆਇਆ ਹੈ। ਇਸ ਇਲ ਤੋਂ ਅਕਬਰ ਬਾਦਸ਼ਾਹ ਖੁੱਦ ਮਹਾਤਮਾ ਕੋਲ ਗਿਆ ਅਤੇ ਦੱਸਿਆ ਕਿ ਉਹ ਸ਼ਿਕਾਰੀ ਨਹੀਂ ਬਲਕਿ ਜੰਗਲ ਵਿੱਚ ਰਾਤ ਕੱਟਣੀ ਚਾਹੁੰਦੇ ਹਨ। ਉਸ ਸਾਧੂ ਦੇ ਬਚਨਾਂ ਨਾਲ ਤੰਬੂ ਗੱਡ ਗਏ ਅਤੇ ਘੋੜੇ ਠੀਕ ਹੋ ਗਏ। ਜਿਸ ਸਮੇਂ ਅਕਬਰ ਜਵਾਲਾ ਮੁਖੀ ਤੋਂ ਵਾਪਸ ਆ ਰਿਹਾ ਸੀ ਤਾਂ ਉਸਨੇ ਇੱਥੇ ਇੱਕ ਯਾਦਗਾਰ ਬਣਾਈ ਜਿਸ ਨੂੰ ਮੱਟ ਕਿਹਾ ਜਾਂਦਾ ਹੈ। ਇਸ ਮੋਟ ਅੰਦਰ ਸ਼ਿਵਲਿੰਗ ਦੀ ਮੂਰਤੀ ਹੈ। ਇੱਥੋਂ ਦੇ ਬਚੇ ਹੋਏ ਸਮਾਨ ਨਾਲ ਖੇੜੇ (ਪੱਦੀ ਦੇ ਨਾਲ ਛੋਟਾ ਜਿਹਾ ਪਿੰਡ) ਵਿੱਚ ਇੱਕ ਮਸੀਤ ਬਣਾਈ ਜਿੱਥੇ ਮੱਟ ਬਨਾਉਣ ਵਾਲੇ ਮਜ਼ਦੂਰ ਰਹਿੰਦੇ ਸਨ। ਇਹ ਦੋਨੇ ਇਤਿਹਾਸਕ ਸਥਾਨ ਪਿੰਡ ਵਿੱਚ ਮੌਜੂਦ ਹਨ। ਮੱਟ ਵਿਖੇ ਸ਼ਿਵਰਾਤਰੀ ਦਾ ਬਹੁਤ ਭਾਰੀ ਮੇਲਾ ਲਗਦਾ ਹੈ। ਇੱਥੇ ਦੂਰ ਦੁਰਾਡਿਓਂ ਸਾਧੂ ਲੋਕ ਸੰਸਕ੍ਰਿਤ ਸਿੱਖਣ ਆਇਆ ਕਰਦੇ ਸਨ। ਇਸ ਮੱਟ ਦੇ ਮਹੰਤ ਸੁਆਮੀ 108 ਕੈਲਾਸ਼ ਨਾਥ ਸੰਮਤ 1935 ਵਿੱਚ ਕੈਲਾਸ਼ ਪਰਬਤ ਗਏ ਤਾਂ ਨਿਪਾਲ ਦਾ ਬਾਦਸ਼ਾਹ ਇਹਨਾਂ ਦਾ ਚੇਲਾ ਬਣ ਗਿਆ ਅਤੇ ਉਸਨੇ ਇੱਕ 6 ਮਣ ਕੱਚੇ ਲੋਹੇ ਦਾ ਇੱਕ ਟੱਲ ਭੇਟ ਕੀਤਾ ਜੋ ਇਸ ਸਮੇਂ ਮੱਟ ਵਿੱਚ ਮੌਜੂਦ ਹੈ। ਇਸ ਉੱਤੇ ਨਿਪਾਲੀ ਵਿੱਚ ਕੁਝ ਲਿਖਿਆ ਹੋਇਆ ਹੈ। ਅਜੀਤ ਦੇ ਸੰਪਾਦਕ ਸਾਧੂ ਸਿੰਘ ਹਮਦਰਦ ਦਾ ਜਨਮ ਇਸ ਪਿੰਡ ਵਿੱਚ ਹੋਇਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ