ਜਾਡਲਾ
ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਜਾਡਲਾ ਨਵਾਂ ਸ਼ਹਿਰ – ਚੰਡੀਗੜ੍ਹ ਸੜਕ ਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 10 ਕਿਲੋ ਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਦੱਸਿਆ ਜਾਂਦਾ ਹੈ ਕਿ ਮੁਗਲ ਹਕੂਮਤ ਦੇ ਸਮੇਂ ਜੈਪੁਰ ਸਟੇਟ ਦੇ ਕੱਛਵਾਹਾ ਸ਼ਹਿਰ ਵਿੱਚ ਕਾਲ ਪੈਣ ਕਰਕੇ ਉਥੋਂ ਦੇ ਵਾਸੀ ਕਾਫਲੇ ਦੀ ਸ਼ਕਲ ਵਿੱਚ ਕਿਸੇ ਜ਼ਰਖੇਜ਼ ਜ਼ਮੀਨ ਦੀ ਤਲਾਸ਼ ਵਿੱਚ ਰੋਪੜ ਕੋਲ ਪਹੁੰਚ ਗਏ। ਕਾਫਲੇ ਕੋਲ ਇੱਕ ਦਰਿਆਈ ਘੋੜਾ ਸੀ ਜਿਸ ਤੇ ਕਾਫਲੇ ਦਾ ਮੁਖੀ ਸਤਲੁਜ ਦੇ ਆਰ ਪਾਰ ਜਾਂਦਾ ਸੀ। ਮੁਗਲ ਨਵਾਬ ਨੂੰ ਜਦੋਂ ਇਹ ਪਤਾ ਲੱਗਾ ਤਾਂ ਉਸਨੇ ਦਰਿਆਈ ਘੋੜਾ ਲੈ ਲਿਆ ਤੇ ਕਿਹਾ ਕਿ ਇਸ ਦੇ ਬਦਲੇ ਜੋ ਮਰਜੀ ਲੈ ਲਵੋ। ਕਾਫਲੇ ਵਾਲਿਆਂ ਨੇ ਨਵਾਬ ਤੋਂ ਜ਼ਮੀਨ ਦਾ ਇੱਕ ਟੋਟਾ ਮੰਗਿਆ ਜਿਸ ਨੂੰ ਦਰਿਆ ਦੇ ਦੋਵੇਂ ਕਿਨਾਰੇ ਲੱਗਦੇ ਹੋਣ। ਨਵਾਬ ਦੇ ਹੁਕਮ ਨਾਲ ਦੋ ਸਿਆਣੇ ਦੋ ਘੋੜਿਆਂ ਤੇ ਨਿਕਲੇ ਤੇ ਸ਼ਾਮ ਤੱਕ ਜੇਹੜਾ ਇਲਾਕਾ ਉਹਨਾਂ ਨੇ ਵੱਲ ਲਿਆ ਇਹ ਉਹਨਾਂ ਦੀ ਅਮਾਨਤ ਹੋ ਗਿਆ। ਉਸ ਸਮੇਂ ਤੋਂ ਬਾਅਦ 1860 ਪਿੰਡ ਵੱਸੇ ਜਿਹਨਾਂ ਵਿਚੋਂ 930 ਪਿੰਡ ਦਰਿਆ ਦੇ ਉਸ ਪਾਰ ਅਤੇ 930 ਦੋਆਬਾ ਦੀ ਧਰਤੀ ਦੇ ਸਨ।
ਬਾਬਾ ਭਜੋ ਨੇ ਇਹ ਪਿੰਡ ਵਸਾਇਆ ਜਿੱਥੇ ਜੰਡ ਲੱਗਾ ਹੋਇਆ ਸੀ ਉੱਥੇ ਡੇਰਾ ਲਾ ਲਿਆ ਤੇ ਪਿੰਡ ਦਾ ਨਾਂ ਜਾਡਲਾ ਰੱਖ ਦਿੱਤਾ । ਬਾਬਾ ਭਜੋ ਦੇ ਚਾਰ ਪੁੱਤਰ ਹੋਏ। ਜਦੋਂ ਉਹ ਜਵਾਨ ਹੋਏ ਤਾਂ ਔਰੰਗਜ਼ੇਬ ਦਾ ਰਾਜ ਸੀ। ਜਬਰੀ ਮੁਸਲਮਾਨ ਬਨਾਉਣ ਦੀ ਲਹਿਰ ਜ਼ੋਰਾਂ ਤੇ ਸੀ। ਜਿਹੜਾ ਮੁਸਲਮਾਨ ਨਹੀਂ ਬਣਦਾ ਸੀ ਉਸਨੂੰ ਜਾਇਦਾਦ ਤੋਂ ਦਖਲ ਕਰ ਦਿੱਤਾ ਜਾਂਦਾ ਸੀ। ਇਸ ਦੁੱਖ ਭਰੇ ਸਮੇਂ ਵਿੱਚ ਵੱਡੇ ਭਰਾ ਨੇ ਆਪਣੇ ਤਿੰਨ ਭਰਾਵਾਂ ਨੂੰ ਪਹਾੜ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਛੱਡ ਦਿੱਤਾ ਤੇ ਖੁਦ ਜਾਇਦਾਦ ਦੀ ਮਾਲਕੀ ਬਰਕਰਾਰ ਰੱਖਣ ਕਾਰਨ ਮੁਸਲਮਾਨ ਬਣ ਗਿਆ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਕੁਝ ਹਾਲਾਤ ਸੁਧਰ ਗਏ, ਵੱਡੇ ਭਰਾ ਨੇ ਛੋਟੇ ਭਰਾਵਾਂ ਨੂੰ ਬੁਲਾ ਕੇ ਜ਼ਮੀਨ ਦਾ ਹਿੱਸਾ ਦੇ ਦਿੱਤਾ। ਇਸ ਮੁਸਲਮਾਨ ਹੋਏ ਧਰਮੀ ਭਰਾ ਦੀ ਔਲਾਦ 1947 ਦੇ ਦੰਗਿਆਂ ਤੋਂ ਦੋ ਕੁ ਮਹੀਨੇ ਬਾਅਦ ਆਪਣੇ ਭਰਾਵਾਂ ਤੋਂ ਸਦਾ ਲਈ ਜੁਦਾ ਹੋ ਗਈ।
ਪਿੰਡ ਦੇ ਰਾਜਪੂਤ ਠਾਕੁਰ ਦੁਆਰੇ ਦੀ ਮਾਨਤਾ, ਖੱਤਰੀ ਸ਼ਿਵਦੁਆਲੇ ਦੀ ਮਾਨਤਾ ਅਤੇ ਬ੍ਰਾਹਮਣ ਦੇਵੀ ਭਵਨ ਦੀ ਮਾਨਤਾ ਕਰਦੇ ਹਨ। ਸਿੱਖ ਰਾਜਪੂਤਾਂ ਦੇ ਦੋ ਗੁਰਦੁਆਰੇ ਹਨ, ਹਰੀਜਨਾਂ ਦੇ ਦੋ ਰਵੀਦਾਸ ਮੰਦਰ ਹਨ, ਇੱਕ ਧਰਮਸ਼ਾਲਾ ਬਾਲਮੀਕਾਂ ਦੀ ਹੈ। ਪਿੰਡ ਵਿੱਚ ਦੋ ਖਾਨਗਾਹਾਂ ਹਨ। ਜੇਠ ਹਾੜ ਦੇ ਮਹੀਨੇ ਰੋਸ਼ਨੀ ਦਾ ਮੇਲਾ ਲੱਗਦਾ ਹੈ ਤੇ ਸਾਰਾ ਪਿੰਡ ਇਸ ਦੀ ਮਾਨਤਾ ਕਰਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ