ਗੰਢੂ, ਗਿੱਲ ਤੇ ਝੱਜ ਵਰਯਾਹਾ ਰਾਜਪੂਤ ਹਨ । ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ । ਇਹ ਬਿਨੇਪਾਲ 8 ਦੀ ਬੰਸ ਵਿੱਚੋਂ ਹਨ । ਇਹ ਰਾਜੇ ਜੱਗਦੇਉ ਪਰਮਾਰ ਨਾਲ ਬਾਰਵੀਂ ਸਦੀ ਦੇ ਆਰੰਭ ਵਿੱਚ ਭੱਟਨੇਰ ਤੋਂ ਉੱਠ ਕੇ ਆਏ । ਗੰਢੂ, ਮਾਂਗਟ, ਝੱਜ, ਮੰਡੇਰ, ਪਰਮਾਰ ਆਦਿ ਕਬੀਲਿਆਂ ਦੀ ਸਹਾਇਤਾ ਨਾਲ ਰਾਜੇ ਜੱਗਦੇਉ ਨੇ ਮਹਿਮੂਦ ਗਜ਼ਨਵੀ ਦੇ ਪੜੋਤੇ ਨੂੰ ਹਾਰ ਦੇਕੇ ਦਰਿਆ ਸਤਲੁਜ ਦੇ ਖੇਤਰ ਲੁਧਿਆਣੇ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਇਸ ਸਮੇਂ ਗੰਢੂ ਕਬੀਲੇ ਦੇ ਲੋਕ ਇਸੜੂ ਤੇ ਇਸ ਦੇ ਆਲੇ-ਦੁਆਲੇ ਆਬਾਦ ਹੋ ਗਏ। ਮਾਦਪੁਰ ਵਿੱਚ ਇਨ੍ਹਾਂ ਦੇ ਜਠੇਰੇ ਦਾ ਵਖੂਆ ਹੈ । ਦਿਵਾਲੀ ਤੇ ਵਿਆਹ ਸ਼ਾਦੀ ਦੀ ਸਮੇਂ ਇਸ ਦੀ ਮਾਨਤਾ ਕੀਤੀ ਜਾਂਦੀ ਹੈ । ਜ਼ਿਲ੍ਹਾ ਲੁਧਿਆਣਾ ਵਿੱਚ ਖੰਨੇ ਦੇ ਪਾਸ ਵੀ ਇਕ ਪਿੰਡ ਗੰਡੂਆਂ ਹੈ । ਸੁਨਾਮ ਦੇ ਨਜ਼ਦੀਕ ਵੀ ਗੰਢੂ ਗੋਤ ਦਾ ਇਕ ਪੁਰਾਣਾ ਪਿੰਡ ਗੰਢੂਆਂ ਹੈ । ਇਸ ਪਿੰਡ ਦੇ ਹੀ ਦੋ ਬਜ਼ੁਰਗਾਂ ਨੇ ਆਪਣੇ ਸਾਰੇ ਲਾਣੇ ਨੂੰ ਨਾਲ ਲੈ ਕੇ ਮਾਨਸਾ ਦੇ ਖੇਤਰ ਵਿੱਚ ਮੋਹੜੀ ਗੜ ਕੇ ਗੰਢੂ ਕਲਾਂ ਤੇ ਗੰਢੂ ਖੁਰਦ ਦੋ ਨਵੇਂ ਪਿੰਡ ਵਸਾਏ ਸਨ । ਲੁਧਿਆਣੇ ਜ਼ਿਲ੍ਹੇ ਦੇ ਮਾਦਪੁਰ ਪਿੰਡ ਦੇ ਬਿਨੇਪਾਲ ਜੱਟ ਵੀ ਗੰਢੂਆਂ ਦੀ ਬਰਾਦਰੀ ਵਿਚੋਂ ਹਨ ।

ਗੰਢੂ ਗੋਤ ਦੇ ਜੱਟ ਮਾਲਵੇ ਦੇ ਲੁਧਿਆਣਾ, ਸੰਗਰੂਰ ਤੇ ਮਾਨਸਾ ਦੇ ਜ਼ਿਲ੍ਹਿਆਂ ਵਿੱਚ ਹੀ ਵਸਦੇ ਹਨ । ਇਹ ਸਾਰੇ ਜੱਟ ਸਿੱਖ ਹੀ ਹਨ । ਪੰਜਾਬ ਵਿੱਚ ਗੰਢੂ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ । ਇਹ ਬਹੁਤਾ ਉਘਾ ਗੋਤ ਨਹੀਂ ਹੈ । ਗੰਢੂ ਤੇ ਬਿਨੇਪਾਲ ਇੱਕੋ ਭਾਈਚਾਰੇ ਵਿੱਚੋਂ ਹਨ । ਜੱਟਾਂ ਦੇ ਬਹੁਤੇ ਗੋਤ ਵਡੇਰਿਆਂ ਦੇ ਨਾਮ ਤੇ ਹੀ ਹਨ । ਕਈ ਗੋਤ ਕੋਈ ਅੱਲ ਪੈਣ ਕਾਰਨ ਵੀ ਪ੍ਰਚਲਤ ਹੋ ਗਏ ਹਨ । ਜੱਟਾਂ ਨੂੰ ਉਨ੍ਹਾਂ ਦੇ ਗੋਤ ਦੇ ਨਾਮ ਤੇ ਹੀ ਪਿੰਡ ਵਿੱਚ ਬੁਲਾਇਆ ਜਾਂਦਾ ਸੀ । ਕਈ ਪਿੰਡ ਇਕੋ ਗੋਤ ਦੇ ਹੀ ਹੁੰਦੇ ਸਨ ਪਰ ਕੁਝ ਪਿੰਡਾਂ ਵਿੱਚ ਇੱਕ ਤੋਂ ਵੱਧ ਗੋਤ ਦੇ ਲੋਕ ਵੀ ਰਹਿੰਦੇ ਹਨ। ਹਿੰਦੂ, ਸਿੱਖ ਜੱਟ ਆਪਣਾ ਗੋਤ ਛੱਡ ਕੇ ਹੀ ਵਿਆਹ ਸ਼ਾਦੀ ਕਰਦੇ ਸਨ ਪਰ ਮੁਸਲਮਾਨ ਜੱਟ ਆਪਣੇ ਸੁੱਕੇ ਚਾਚੇ ਜਾਂ ਸੱਕੇ ਮਾਮੇ ਦੀ ਲੜਕੀ ਨਾਲ ਵੀ ਸ਼ਾਦੀ ਕਰ ਲੈਂਦੇ ਸਨ । ਸਾਇੰਸ ਅਨੁਸਾਰ ‘ਕਜ਼ਨ ਮੈਰਿਜ’ ਠੀਕ ਨਹੀਂ ਹੈ । ਬਹੁਤੇ ਗੰਢੂ ਜੱਟ ਸਿੱਖ ਹੀ ਹਨ ।
