ਕੋਟਲਾ ਨਿਹੰਗ ਪਿੰਡ ਦਾ ਇਤਿਹਾਸ | Kotla Nihang Village History

ਕੋਟਲਾ ਨਿਹੰਗ

ਕੋਟਲਾ ਨਿਹੰਗ ਪਿੰਡ ਦਾ ਇਤਿਹਾਸ | Kotla Nihang Village History

ਸਥਿਤੀ :

ਤਹਿਸੀਲ ਰੂਪ ਨਗਰ ਦਾ ਪਿੰਡ ਕੋਟਲਾ ਨਿਹੰਗ, ਰੂਪ ਨਗਰ – ਕੁਰਾਲੀ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਰੂਪ ਨਗਰ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਰੋਪੜ ਤੋਂ ਕੇਵਲ 1 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪਿੰਡ ‘ਕੋਟਲਾ ਨਿਹੰਗ’ ਇੱਕ ਇਤਿਹਾਸਕ ਪਿੰਡ ਹੈ। ਇਹ ਪਿੰਡ ਪਠਾਣਾਂ ਨੇ ਆਬਾਦ ਕੀਤਾ ਸੀ। ਇਸ ਪਠਾਣ ਖਾਨਦਾਨ ਦਾ ਮੋਢੀ ਸ਼ਾਹ ਸੁਲੇਮਾਨ ਖਾਂ, ਤੈਮੂਰ ਦੇ ਨਾਲ ਹਿੰਦ ਆਇਆ ਸੀ। ਪਿੰਡ ਦਾ ਨਾਂ ਨਿਹੰਗ ਖਾਂ ਦੇ ਨਾਂ ਤੇ ‘ਕੋਟਲਾ ਨਿਹੰਗ ਪਿਆ। ਇਹ ਪਠਾਣ ਟੱਬਰ ਸਿੱਖ ਗੁਰੂਆਂ ਦਾ ਸ਼ਰਧਾਲੂ ਸੀ। ਇਸ ਪਿੰਡ ਵਿੱਚ ਗੁਰੂ ਹਰਿਗੋਬਿੰਦ ਸਾਹਿਬ, 1635 ਈ. ਵਿਚ, ਗੁਰੂ ਹਰਿ ਰਾਇ ਸਾਹਿਬ ਤੇ ਬਾਬਾ ਗੁਰਦਿੱਤਾ ਜੀ 1661 ਤੇ 1665 ਈ. ਵਿੱਚ ਅਤੇ ਗੁਰੂ ਗੋਬਿੰਦ ਸਿੰਘ ਜੀ ਤਿੰਨ ਵਾਰੀ, ਪਹਿਲੀ ਵਾਰ 1745 ਬਿਕਰਮੀ ਵਿਚ, ਦੂਜੀ ਵੇਰ ਆਨੰਦਪੁਰ ਸਾਹਿਬ ਛੱਡਣ ਪਿੱਛੋਂ ਆਏ। ਆਖਰੀ ਫੇਰੀ ਸਮੇਂ ਦੋ ਵੱਡੇ ਸਾਹਿਬਜ਼ਾਦੇ, ਕੁਝ ਸਿੰਘ ਤੋਂ ਬਾਬਾ ਬੱਚਿਤਰ ਸਿੰਘ ਜਖ਼ਮੀ ਹਾਲਤ ਵਿੱਚ ਉਹਨਾਂ ਦੇ ਨਾਲ ਸਨ। ਗੁਰੂ ਜੀ ਨੇ ਬਾਬਾ ਬਚਿੱਤਰ ਸਿੰਘ ਨੂੰ ਨਿਹੰਗ ਖਾਂ ਦੇ ਸਪੁਰਦ ਕੀਤਾ ਤੇ ਆਪ ਚਮਕੌਰ ਸਾਹਿਬ ਲਈ ਹਨ। ਗਏ। ਨਿਹੰਗ ਖਾਂ ਦਾ ਪੁੱਤਰ ਆਲਮ ਖਾਂ ਰਸਤਾ ਦਿਖਾਉਣ ਲਈ ਉਹਨਾਂ ਦੇ ਨਾਲ ਗਿਆ . ਬਚਿੱਤਰ ਸਿੰਘ ਦੀ ਦੇਖ ਭਾਲ ਨਿਹੰਗ ਖਾਨ ਨਾਲ ਉਹਨਾਂ ਦੀ ਬੇਟੀ ਮੁਮਤਾਜ਼ ਬੇਗਮ ਕਰ ਰਹੀ ਸੀ । ਮੁਗ਼ਲ ਫੌਜਾਂ, ਜੋ ਪਿੱਛਾ ਕਰ ਰਹੀਆਂ ਸਨ, ਨੇ ਨਿਹੰਗ ਖਾਂ ਦੇ ਕਿਲ੍ਹੇ ਦੀ ਤਲਾਬੀ ਲਈ। ਹਰ ਕਮਰੇ ਦੀ ਤਲਾਸ਼ੀ ਲਈ ਗਈ। ਜਦ ਉਸ ਕਮਰੇ ਦੀ ਤਲਾਸ਼ੀ ਕੀਤੀ ਜਾਣ ਲੱਗੀ ਜਿਸ ਵਿੱਚ ਜਖ਼ਮੀ ਬਚਿੱਤਰ ਸਿੰਘ ਸੀ ਤਾਂ ਨਿਹੰਗ ਖਾਂ ਨੇ ਕਿਹਾ ਕਿ ਇੱਥੇ ਮੇਰੀ ਬੇਟੀ ਤੇ ਦਾਮਾਦ ਹਨ। ਮੁਮਤਾਜ਼ ਦੀ ਅਵਾਜ਼ ਸੁਣ ਕੇ ਹਾਕਮਾਂ ਨੇ ਤਲਾਸ਼ੀ ਨਾ ਲਈ। ਬਚਿੱਤਰ ਸਿੰਘ ਇੱਥੇ ਹੀ ਸੁਰਗਵਾਸ ਹੋ ਗਏ। ਮੁਮਤਾਜ਼ ਨੇ ਸਾਰੀ ਉਮਰ ਵਿਆਹ ਨਾ ਕਰਵਾਇਆ ਤੇ ਬਚਿੱਤਰ ਸਿੰਘ ਨੂੰ ਹੀ ਆਪਣਾ ਪਤੀ ਸਮਝਿਆ। ਕਿਹਾ ਜਾਂਦਾ ਹੈ ਕਿ ਉਹ 136 ਸਾਲ ਦੀ ਉਮਰ ਤੱਕ ਜਿਉਂਦੀ ਰਹੀ।

ਇਸ ਪਿੰਡ ਵਿੱਚ ਤਿੰਨ ਇਤਿਹਾਸਕ ਅਸਥਾਨ ਹਨ। ਇੱਕ ਗੁਰਦੁਆਰਾ ਭੱਠਾ ਸਾਹਿਬ, ਦੂਜਾ ਗੁਰੂ ਗੋਬਿੰਦ ਸਿੰਘ ਜੀ ਦੇ ਪਾਲਕ ਬੇਟੇ ਬਾਬਾ ਜ਼ੋਰਾ ਸਿੰਘ ਦਾ ਗੁਰਦੁਆਰਾ ਤੇ ਤੀਸਰਾ ਭਾਈ ਬਚਿੱਤਰ ਸਿੰਘ ਦਾ ਸ਼ਹੀਦੀ ਅਸਥਾਨ ਹੈ। ਗੁਰਦੁਆਰਾ ਭੱਠਾ ਸਾਹਿਬ ਹਰ ਸੰਗਰਾਂਦ ਨੂੰ ਭਾਰੀ ਮੇਲਾ ਲੱਗਦਾ ਹੈ। ਤਿੰਨਾਂ ਅਸਥਾਨਾਂ ‘ਤੇ ਸਲਾਨਾ ਮੇਲੇ ਲੱਗਦੇ ਹਨ।

ਇਸ ਪਿੰਡ ਦੀ ਅੱਧੀ ਜ਼ਮੀਨ ਦੇ ਮਾਲਕ ਪਠਾਣ ਜਗੀਰਦਾਰ ਸਨ। ਇਸ ਜ਼ਮੀਨ ਦਾ ਬਹੁਤਾ ਹਿੱਸਾ ਸੈਣੀ ਮੌਰੂਸੀ ਮੁਜ਼ਾਰਿਆਂ ਕੋਲ ਸੀ। ਪਿੰਡ ਦਾ ਕਾਫੀ ਹਿੱਸਾ ਰੋਪੜ ਨਗਰ ਪਾਲਿਕਾ ਅਧੀਨ ਆ ਗਿਆ ਹੈ। ਪਿੰਡ ਵਿੱਚ ਸਾਰੀਆਂ ਬਰਾਦਰੀਆਂ ਦੇ ਲੋਕ ਹਨ। ਵਧੇਰੇ ਗਿਣਤੀ ਸੈਣੀ ਬਰਾਦਰੀ ਦੀ ਹੈ। 40 ਪ੍ਰਤੀਸ਼ਤ ਹਰੀਜਨ ਜਿਨ੍ਹਾਂ ਵਿੱਚ ਰਾਮਦਾਸੀਏ ਤੇ ਬਾਲਮੀਕੀ ਦੋਵੇਂ ਸ਼ਾਮਲ ਹਨ। ਇਸ ਪਿੰਡ ਦੇ ਬਾਲਮੀਕੀਆਂ ਨੇ ਇਸਾਈ ਧਰਮ ਅਪਣਾ ਲਿਆ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!