ਖਨਿਆਨ
ਸਥਿਤੀ :
ਤਹਿਸੀਲ ਅਮਲੋਹ ਦਾ ਪਿੰਡ ਖਨਿਆਨ, ਅਮਲੋਹ-ਖੰਨਾ ਸੜਕ ਤੋਂ 2 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਖੰਨਾ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਿੱਚ ਰਾਜਪੂਤਾਂ ਦੀ ਜੰਜੂਆ ਬਰਾਦਰੀ ਦਾ ਬੋਲਬਾਲਾ ਹੈ। ਇਸ ਤੋਂ ਇਲਾਵਾ, ਬ੍ਰਾਹਮਣ, ਖੱਤਰੀ, ਨਾਈ, ਛੀਬੇਂ, ਘੁਮਾਰ, ਤੇਲੀ, ਬਾਲਮੀਕੀ, ਰਾਮਦਾਸੀਏ, ਤਰਖਾਣ, ਲੁਹਾਰ, ਆਦਿ ਜਾਤੀਆਂ ਦੇ ਲੋਕ ਵਸਦੇ ਹਨ।
ਇਸ ਪਿੰਡ ਵਿੱਚ ਰਾਜਪੂਤਾਂ ਦੀ ਵਸੋਂ ਬਾਰੇ ਦੱਸਿਆ ਜਾਂਦਾ ਹੈ ਕਿ ਜੰਜੂਆ ਖਾਨਦਾਨ ਦੇ ਵਡੇਰਿਆਂ ਨੇ ਜਿਹਲਮ ਦੇ ਇਲਾਕੇ ਵਿਚੋਂ ਆ ਕੇ ਜੰਮੂ ਅਤੇ ਸਿਆਲਕੋਟ (ਪਾਕਿਸਤਾਨ) ਵਿੱਚ ਰਾਜ ਸਥਾਪਤ ਕਰ ਲਿਆ। ਉਸ ਰਾਜੇ ਦੀ ਸ਼ਾਦੀ ਅਮਲੋਹ-ਨਾਭਾ ਸੜਕ ‘ਤੇ ਭਾਦਸੋਂ ਦੇ ਰਾਜਾ ਭੱਦਰਸੈਨ ਦੀ ਲੜਕੀ ‘ਬੀਬੀ ਖਾਨੋ’ ਨਾਲ ਹੋ ਗਈ। ਸ਼ਾਦੀ ਪਿੱਛੋਂ ਬੀਬੀ ਖਾਨੋ ਜੰਮੂ ਕਸ਼ਮੀਰ ਚਲੀ ਗਈ। ਦੂਰ ਹੋਣ ਕਰਕੇ ਜਦੋਂ ਕਾਫੀ ਸਮੇਂ ਪਿੱਛੋਂ ਬੀਬੀ ਖਾਨ ਆਪਣੇ ਪਿਤਾ ਭੱਦਰਸੈਨ ਨੂੰ ਮਿਲਣ ਆਈ ਤਾਂ ਉਸਨੇ ਰੋ ਕੇ ਕਿਹਾ ਕਿ ਉਸਨੂੰ ਇਤਨੀ ਦੂਰ ਕਿਉਂ ਭੇਜਿਆ ਹੈ ਜਿੱਥੋਂ ਉਹ ਛੇਤੀ ਮਿਲਣ ਨਹੀਂ ਆ ਸਕਦੀ। ਰਾਜਾ ਭਦਰਸੈਨ ਨੇ ਆਪਣੀ ਰਿਆਸਤ ਵਿੱਚੋਂ ਹੀ ਆਪਣੀ ਲੜਕੀ ਨੂੰ ਜ਼ਮੀਨ ਦੇ ਦਿੱਤੀ ਜਿਸ ਵਿੱਚ ਬਾਰਾਂ ਪਿੰਡ ਵਸਦੇ ਸਨ। ਇਹਨਾਂਵਿਚ ਰਾਮਗੜ੍ਹ, ਰਾਏਪੁਰ, ਧਰਮਗੜ੍ਹ, ਮਾਜਰਾ, ਮੰਨਾ ਸਿੰਘ ਵਾਲਾ, ਕੌਲਗੜ੍ਹ, ਚਹਿਲਾਂ ਆਦਿ ਦੇ ਨਾਂ ਵਰਨਣਯੋਗ ਹਨ। ਇਸ ਪਿੰਡ ਦਾ * ਨਾਂ ਬੀਬੀ ਖਾਨੋ ਦੇ ਨਾਂ ਤੇ ਹੀ ਪਿਆ ਜੋ ਬਾਅਦ ਵਿੱਚ ‘ਖਨਿਆਨ’ ਕਹਾਉਣ ਲੱਗ ਪਿਆ। ਇਸ ਦਾ ਕੁਲ ਰਕਬਾ 9300 ਪੱਕੇ ਵਿਘੇ ਸੀ ਅਤੇ ਇਹ ਪਿੰਡ ਉੱਚੀ ਜਗ੍ਹਾ ਤੇ ਵੱਸਿਆ ਹੋਇਆ ਹੈ। ਉਸ ਵੇਲੇ ਇੱਥੇ ਜ਼ਿਆਦਾ ਮੁਸਲਮਾਨ ਵੱਸਦੇ ਹੁੰਦੇ ਸਨ।
ਪਿੰਡ ਵਿੱਚ ਗੁਰਦੁਆਰੇ, ਮੰਦਰ ਅਤੇ ਮਸਜਿਦ ਬਹੁਤ ਪੁਰਾਣੇ ਸਮੇਂ ਦੇ ਹਨ। ਪਿੰਡ ਦੇ ਪੱਛਮ ਵੱਲ ਇੱਕ ਸੰਤ ਹਰੀਹਰ ਜੀ ਦਾ ਆਸ਼ਰਮ ਹੈ ਜਿੱਥੇ ਸਤਿਸੰਗ ਹੁੰਦਾ ਹੈ। ਅਜ਼ਾਦੀ ਦੀਆਂ ਵੱਖ ਵੱਖ ਸਮੇ ਦੀਆਂ ਲਹਿਰਾਂ ਵਿੱਚ ਪਿੰਡ ਵਾਸੀਆਂ ਨੇ ਆਪਣਾ ਯੋਗਦਾਨ ਪਾਇਆ ਅਤੇ ਜੇਲ੍ਹਾਂ ਕੱਟੀਆਂ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ