ਦਿਉਲ ਜੱਟਾਂ ਦਾ ਇੱਕ ਛੋਟਾ ਗੋਤ ਹੈ । ਇਹ ਜੱਗਦੇਉ ਪੰਵਾਰ ਦੀ ਬੰਸ ਵਿੱਚੋਂ ਹਨ । ਇਨ੍ਹਾਂ ਦਾ ਮੁੱਢ ਵੀ ਲੁਧਿਆਣਾ ਜ਼ਿਲ੍ਹਾ ਹੀ ਹੈ । ਇਹ ਬਹੁਤੇ ਮਾਲਵੇ ਵਿੱਚ ਹੀ ਹਨ । ਲੁਧਿਆਣੇ ਵਿੱਚ ਸਾਹਨੇਵਾਲ ਤੇ ਡਾਂਗੋ, ਫਰੀਦਕੋਟ ਵਿੱਚ ਢੀਮਾਂ ਵਾਲੀ, ਬਠਿੰਡੇ ਵਿੱਚ ਕੇਸਰ ਸਿੰਘ ਵਾਲਾ ਅਤੇ ਸੰਗਰੂਰ ਵਿੱਚ ਬਜੀਦਗੜ੍ਹ, ਬਾਲੀਆਂ ਆਦਿ ਵਿੱਚ ਵੀ ਇਹ ਕਾਫੀ ਵਸਦੇ ਹਨ । ਇਹ ਲੁਧਿਆਣੇ ਤੋਂ ਹੀ ਮਾਲਵੇ ਤੇ ਮਾਝੇ ਵੱਲ ਗਏ ਹਨ । ਅੰਮ੍ਰਿਤਸਰ ਦੇ ਖੇਤਰ ਵਿੱਚ ਦਿਉਲ ਜੱਟ ਕਾਫੀ ਹਨ। ਮਾਝੇ ਦੇ ਪ੍ਰਸਿੱਧ ਪਿੰਡ ਵਲਟੋਹਾ ਵਿੱਚ ਇਕ ਪੱਤੀ ਦਿਉਲ ਜੱਟਾਂ ਦੀ ਹੈ । ਦੁਆਬੇ ਵਿੱਚ ਦਿਉਲ ਜੱਟ ਬਹੁਤ ਘੱਟ ਹਨ ।
ਦਿਉਲ ਗੋਤ ਦਾ ਮੋਢੀ ਜੱਗਦੇਉ ਬੰਸੀ ਦੇਵਲ ਸੀ। ਇਸ ਗੋਤ ਦੇ ਲੋਕ ਔਲਖ, ਸੇਖੋਂ, ਬੋਪਾਰਾਏ ਤੇ ਦਲਿਉ ਜੱਟਾਂ ਨੂੰ ਆਪਣੇ ਭਾਈਚਾਰੇ ਵਿੱਚੋਂ ਮੰਨਦੇ ਹਨ। ਦਿਉਲ ਤੇ ਦੇਵਲ ਇਕੋ ਹੀ ਗੋਤ ਹੈ । ਉਚਾਰਨ ਵਿੱਚ ਹੀ ਫਰਕ ਹੈ। ਪ੍ਰਸਿੱਧ ਐਕਟਰ ਧਰਮਿੰਦਰ ਸਾਹਨੇਵਾਲ ਦਾ ਦਿਉਲ ਜੱਟ ਹੈ। ਮਹਾਨ ਵਿਦਿਅਕ ਮਾਹਿਰ ਪ੍ਰਿੰਸੀਪਲ ਇਕਬਾਲ ਸਿੰਘ ਵੀ ਪਿੰਡ ਬੋਪਾਰਾਏ ਕਲਾਂ ਦਾ ਦਿਉਲ ਜੱਟ ਸੀ। ਪੰਜਾਬ ਵਿੱਚ ਦਿਉਲ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਲੁਧਿਆਣੇ ਖੇਤਰ ਵਿੱਚੋਂ ਕਾਫੀ ਦਿਉਲ ਅਮਰੀਕਾ ਤੇ ਕੈਨੇਡਾ ਆਦਿ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ। ਦਿਉਲ ਪਰਮਾਰਾਂ ਦਾ ਇਕ ਉਪਗੋਤ ਹੀ ਹੈ।

ਰਾਜੇ ਜੱਗਦੇਉ ਦੇ ਸਮੇਂ 1160 ਈਸਵੀਂ ਤੱਕ ਪੰਜਾਬ ਵਿੱਚ ਪਰਮਾਰਾਂ ਦਾ ਬੋਲ-ਬਾਲਾ ਸੀ । ਰਾਜੇ ਜੱਗਦੇਉ ਪਰਮਾਰ ਦੀ ਮੌਤ ਮਗਰੋਂ ਜੱਗਦੇਉ ਬੰਸੀ ਦੇਉਲ, ਦੇਉਲ, ਔਲਖ, ਸੇਖੋਂ, ਕੱਕੜ ਤੇ ਗੁਰਮ ਆਦਿ 21 ਗੋਤੀ ਰਾਜਪੂਤ ਘਰਾਣੇ ਮੁਸਲਮਾਨ ਰਾਜਿਆਂ ਦਾ ਟਾਕਰਾ ਕਰਦੇ-ਕਰਦੇ ਆਖ਼ਰ ਹਾਰ ਗਏ । ਉਹ ਭੂਮੀਏ ਬਣਕੇ ਵੱਸਣ ਲੱਗੇ। 1225 ਈਸਵੀ ਦੇ ਲਗਭਗ ਖਾਨਦਾਨ ਗੁਲਾਮਾਂ ਦੇ ਬਾਦਸ਼ਾਹ ਸ਼ਮਸਦੀਨ ਇਲਤਮਸ਼ ਦੇ ਸਮੇਂ ਉਹ ਬੁਰੀ ਤਰ੍ਹਾਂ ਹਾਰ ਕੇ ਮਲਵਈ ਜੱਟਾਂ ਵਿੱਚ ਵੀ ਰਲਮਿਲ ਗਏ । ਆਪਣੇ ਵਡੇਰਿਆਂ ਦੇ ਨਾਮ ਤੇ ਆਪਣੇ ਨਵੇਂ ਗੋਤ ਰੱਖ ਲਏ । ਕੁਝ ਪਛੜੀਆਂ ‘ਤੇ ਦਲਿਤ ਜਾਤੀਆਂ ਵਿੱਚ ਸ਼ਾਮਿਲ ਹੋ ਗਏ ਸਨ । ਦਿਉਲ ਜੱਗਦੇਉ ਬੰਸੀ ਜੱਟਾਂ ਦਾ ਉੱਘਾ ਤੇ ਛੋਟਾ ਗੋਤ ਹੈ । ਦਿਉਲਾਂ ਦੀ ਗਰਦਨ ਛੋਟੀ ਤੇ ਅੱਖਾਂ ਮੋਟੀਆਂ ਹੁੰਦੀਆਂ ਹਨ । ਲੁਧਿਆਣੇ ਖੇਤਰ ਵਿੱਚ ਡਾਂਗੋ, ਖੱਡਰੂ ਤੇ ਸੁਖ ਦੌਲਤ ਆਦਿ ਦਿਉਲਾਂ ਦੇ ਪ੍ਰਸਿੱਧ ਪਿੰਡ ਹਨ ।
