ਦੁੱਲਟ ਚੌਹਾਣ ਵੰਸ ਵਿੱਚੋਂ ਹਨ। ਦੁੱਲਟ ਗੋਤ ਦਾ ਰਾਏ ਬੀਰਾ 16 (Bira) ਦਿੱਲੀ ਦੇ ਰਾਜੇ ਪ੍ਰਿਥਵੀ ਰਾਜ ਚੌਹਾਣ ਦੇ ਪਰਿਵਾਰ ਵਿਚੋਂ ਸੀ। ਰਾਏਬੀਰਾ ਪ੍ਰਿਥਵੀ ਰਾਜ ਚੌਹਾਨ ਦਾ ਛੋਟਾ ਭਰਾ ਸੀ । ਪੰਜਾਬ ਵਿੱਚ ਲੌਂਗੋਵਾਲ ਦੁਲਟਾਂ ਦਾ ਪੁਰਾਣਾ ਮੋਢੀ ਪਿੰਡ ਹੈ । ਸੰਗਰੂਰ ਜ਼ਿਲ੍ਹੇ ਵਿੱਚ ਦੁੱਲਟਾਂ ਦੇ ਕਾਫੀ ਪਿੰਡ ਹਨ। ਫਰੀਦਕੋਟ ਖੇਤਰ ਦੇ ਜੈਤੋਂ ਇਲਾਕੇ ਵਿੱਚ ਰਾਮਗੜ੍ਹ ਤੇ ਭਗਤੂਆਣ ਆਦਿ ਕਈ ਪਿੰਡਾਂ ਵਿੱਚ ਦੁੱਲਟ ਭਾਈਚਾਰੇ ਦੇ ਲੋਕ ਰਹਿੰਦੇ ਹਨ। ਮਾਝੇ ਵਿੱਚ ਜੈਤੋਂ ਸਰਜਾ ਅਤੇ ਦੁੱਲਟ ਦੋ ਵੱਡੇ ਪਿੰਡ ਦੁੱਲਟ ਭਾਈਚਾਰੇ ਦੇ ਹੀ ਹਨ।

ਪੱਛਮੀ ਪੰਜਾਬ ਦੇ ਸਾਂਦਲਬਾਰ ਖੇਤਰ ਵਿੱਚ ਲੋਹੀਆਂ ਵਾਲਾ ਤੇ ਖਾਰਾ ਪਿੰਡ ਦੁੱਲਟਾਂ ਦੇ ਹੀ ਸਨ। ਪੰਜਾਬ ਵਿੱਚ ਦੁੱਲਟ ਜੱਟਾਂ ਦੀ ਬਹੁਤੀ ਗਿਣਤੀ ਮਾਲਵੇ ਦੇ ਖੇਤਰ ਸੰਗਰੂਰ, ਨਾਭਾ ਪਟਿਆਲਾ ਤੇ ਫਰੀਦਕੋਟ ਆਦਿ ਵਿੱਚ ਹੀ ਹੈ। ਦੁੱਲਟ ਭਾਈਚਾਰੇ ਦੇ ਜੱਟ ਆਪਣੇ ਸਿੱਧ ਬਾਬਾ ਦੀਦਾਰ ਸਿੰਘ ਦੀ ਮਾਨਤਾ ਕਰਦੇ ਹਨ। ਜਿਸ ਦੀ ਸਮਾਧ ਸਾਬਕਾ ਰਿਆਸਤ ਜੀਂਦ ਤੇ ਸੰਗਰੂਰ ਦੇ ਪਿੰਡ ਮੁਰਾਦ ਖੇੜਾ ਵਿੱਚ ਸੀ। ਕਲੇਰ ਗੋਤ ਦੇ ਜੱਟ ਵੀ ਬਾਬਾ ਦੀਦਾਰ ਸਿੰਘ ਦੀ ਮਾਨਤਾ ਕਰਦੇ ਹਨ। ਐਚ. ਏ. ਰੋਜ਼ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ “ਦੁੱਲਟਾਂ ਦੇ ਇਕ ਵਡੇਰੇ ਰਾਏ ਖੰਡਾ ਪਾਸ ਦਿੱਲੀ ਦੇ ਨਜ਼ਦੀਕ ਕਾਫੀ ਜਾਗੀਰ ਸੀ। ਨਾਦਰ ਸ਼ਾਹ ਦੇ ਹਮਲੇ ਸਮੇਂ ਇਸ ਦੇ ਭਰਾ ਰਘੁਬੀਰ ਤੇ ਜੱਗੋਬੀਰ ਮਾਰੇ ਗਏ ਪਰ ਰਾਏ ਖੰਡਾ ਬੱਚਕੇ ਸੁਨਾਮ ਦੇ ਪਾਸ ਸਿਉਣਾ ਗੁਜਰੀਵਾਲਾ ਦੇ ਥੇਹ ਉੱਤੇ ਆ ਗਿਆ ਸੀ। ਉਸਨੇ ਆਪਣੇ ਦੋ ਭਾਰਵਾਂ ਦੀਆਂ ਵਿਧਵਾ ਇਸਤਰੀਆਂ ਨਾਲ ਸ਼ਾਦੀ ਕਰ ਲਈ। ਰਾਜਪੂਤ ਬਰਾਦਰੀ ਛਡਕੇ ਜੱਟ ਭਾਈਚਾਰੇ ਵਿੱਚ ਰਲ ਗਿਆ । ਉਸ ਦੀਆਂ ਔਰਤਾਂ ਦੇ ਬੱਚੇ ਨਹੀਂ ਬਚਦੇ ਸਨ । ਇਕ ਔਰਤ ਨੇ ਨੈਣਾ ਦੇਵੀ ਦੇ ਮੰਦਰ ਵਿੱਚ ਪ੍ਰਣ ਕੀਤਾ ਕਿ ਜੇ ਉਸ ਦਾ ਬੱਚਾ ਬਚ ਗਿਆ ਤਾਂ ਉਹ ਆਪਣੇ ਪੁੱਤਰ ਦੀ ਦੋ ਵਾਰ ਮੰਦਰ ਵਿੱਚ ਮੁੰਡਣ ਕਰਵਾਏਗੀ । ਇਸ ਕਾਰਨ ਬੱਚੇ ਦੀ ਅੱਲ ਦੋ-ਲਟ ਪੈ ਗਈ । ਇਹ ਦੋ-ਲਟ ਸ਼ਬਦ ਹੌਲੀ-ਹੌਲੀ ਦੁੱਲਟ ਪ੍ਰਚੱਲਤ ਹੋ ਗਿਆ” ਇਹ ਮਿਥਿਹਾਸਕ ਘਟਨਾ ਹੈ । ਦਲੇਉ, ਔਲਖ, ਬੱਲ ਤੇ ਬੋਪਾਰਾਏ ਜੱਟਾਂ ਵਾਂਗ ਦੁੱਲਟਾਂ ਵਿੱਚ ਵੀ ਛਟੀਆਂ ਖੇਡਣ ਦੀ ਰਸਮ ਪ੍ਰਚੱਲਤ ਸੀ। ਹੁਣ ਸਾਰੇ ਜੱਟ ਹੀ ਪੁਰਾਣੀਆਂ ਰਸਮਾਂ ਛੱਡ ਰਹੇ ਹਨ। ਦੁੱਲਟ ਸਾਰੇ ਹੀ ਜੱਟ ਸਿੱਖ ਹਨ। ਦੁਲੱਟ ਚੌਹਾਨ ਰਾਜਪੂਤਾਂ ਦਾ ਇੱਕ ਉਪਗੋਤ ਹੈ। ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਹੈ । ਦੁੱਲਟਾਂ ਦਾ ਵਡੇਰਾ ਚੌਹਾਨ ਯੋਧਾ-ਬਾਬਾ ਦੱਲੂ ਗੁਰੂ ਨਾਨਕ ਦਾ ਸ਼ਰਧਾਲੂ ਸੀ। ਪ੍ਰਸਿੱਧ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਵੀ ਦੁਲੱਟ ਜੱਟ ਸੀ। ਦੁਲੱਟ ਸਰਦਾਰ ਰਾਜੇ ਆਲੇ ਦੇ ਪੱਕੇ ਮਿੱਤਰ ਸਨ।
