ਬਾਸੀ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ। ਇਨ੍ਹਾਂ ਦੇ ਵਡੇਰੇ ਮੱਧ ਏਸ਼ੀਆ ਤੋਂ ਉੱਠਕੇ ਯੂਨਾਨ, ਇਰਾਨ ਆਦਿ ਦੇਸ਼ਾਂ ਵਿੱਚ ਕਾਫੀ ਘੁਮ ਫਿਰਕੇ, ਸਿੰਧ ਤੇ ਦਿੱਲੀ ਵਿੱਚ ਆਏ। ਫਿਰ ਅੱਗੇ ਚਲ ਕੇ ਪੰਜਾਬ ਵਿੱਚ ਪਹੁੰਚ ਗਏ । ਬਾਸੀ ਗੋਤ ਦਾ ਮੋਢੀ ਜਰਜਤ ਸੀ। ਗੋਪਾਲਪੁਰ ਜ਼ਿਲ੍ਹਾ ਲੁਧਿਆਣੇ ਵਿੱਚ ਇਨ੍ਹਾਂ ਦੇ ਵਡੇਰੇ ਤੁਲਾ ਦਾ ਮੱਟ ਹੈ। ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਅਤੇ ਦਿਵਾਲੀ ਦੇ ਮੌਕੇ ਬਾਸੀ ਭਾਈਚਾਰੇ ਦੇ ਲੋਕ ਆਪਣੇ ਵਡੇਰੇ ਦੇ ਨਾਮ ਤੇ ਉਥੇ ਮਿੱਟੀ ਕੱਢਦੇ ਹਨ। ਕੁਝ ਬਾਸੀ ਜੱਟ ਫਿਰੋਜ਼ਪੁਰ, ਮੋਗੇ, ਸੁਨਾਮ ਅਤੇ ਫਰੀਦਕੋਟ ਆਦਿ ਖੇਤਰਾਂ ਵਿੱਚ ਵੀ ਵਸਦੇ ਹਨ । ਲੁਧਿਆਣੇ ਦੇ ਖੇਤਰ ਵਿੱਚ ਬਾਸੀ ਗੋਤ ਦੇ ਜੱਟ ਕਾਫੀ ਹਨ। ਜਰਜਤ ਦੀ ਬੰਸ ਵਿੱਚੋਂ ਜਮੀਤਾ, ਚੂਹਾ ਤੇ ਯੋਗੀ ਵੀ ਕਾਫੀ ਪ੍ਰਸਿੱਧ ਸਨ। ਚੂਹੇ ਦੀ ਬੰਸ ਦੇ ਲੋਕ ਲੁਧਿਆਣੇ ਦੇ ਪ੍ਰਸਿੱਧ ਪਿੰਡ ਪੁੜੈਣ ਵਿੱਚ ਆਬਾਦ ਹਨ। ਅਬੋਹਰ ਦੇ ਇਲਾਕੇ ਵਿੱਚ ਵੀ ਇੱਕ ਪਿੰਡ ਬਹਾਵਲ ਬਾਸੀਆਂ ਹੈ । ਮੁਸਲਮਾਨਾਂ ਦੇ ਰਾਜ ਵਿੱਚ ਬਾਸੀ ਗੋਤ ਦੇ ਜੱਟ ਕਾਫੀ ਗਿਣਤੀ ਵਿੱਚ ਮੁਸਲਮਾਨ ਬਣਕੇ ਮੁਸਲਮਾਨ ਭਾਈਚਾਰੇ ਵਿੱਚ ਰਲਮਿਲ ਗਏ ਸਨ। ਇਕ ਬਾਸੀਆਂ ਪਿੰਡ ਲੁਧਿਆਣੇ ਦੇ ਖੇਤਰ ਵਿੱਚ ਮੁੱਲਾਂਪੁਰ ਦਾਖੇ ਦੇ ਨਜ਼ਦੀਕ ਹੈ। ਇਹ ਵੀ ਬਾਸੀ ਗੋਤ ਦੇ ਜੱਟਾਂ ਦਾ ਪਿੰਡ ਹੈ।

ਇਸ ਪਿੰਡ ਨੂੰ ਬਾਸੀਆਂ ਬੇਟ ਕਹਿੰਦੇ ਹਨ। ਰਾਏਕੋਟ ਦੇ ਨਜ਼ਦੀਕ ਵੀ ਇੱਕ ਬਸੀਆਂ ਪਿੰਡ ਹੈ। ਇੱਕ ਬੱਸੀ ਪਿੰਡ ਜ਼ਿਲ੍ਹਾ ਪਟਿਆਲਾ ਵਿੱਚ ਵੀ ਹੈ। ਪੰਜਾਬ ਵਿੱਚ ਬਸੀਆਂ ਨਾਮ ਦੇ ਕਈ ਪਿੰਡ ਹਨ। ਮਾਲਵੇ ਵਿੱਚ ਬਾਸੀ ਗੋਤ ਦੇ ਜੱਟ ਕਾਫੀ ਹਨ। ਦੁਆਬੇ ਵਿੱਚ ਬੰਡਾਲਾ ਬਾਸੀ ਗੋਤ ਦਾ ਬਹੁਤ ਹੀ ਉੱਘਾ ਪਿੰਡ ਹੈ ਪ੍ਰਸਿੱਧ ਕਮਿਊਨਿਸਟ ਲੀਡਰ ਹਰਕ੍ਰਿਸ਼ਨ ਸਿੰਘ ਸੁਰਜੀਤ ਬੰਡਾਲੇ ਪਿੰਡ ਦਾ ਬਾਸੀ ਜੱਟ ਹੈ। ਦੁਆਬੇ ਵਿੱਚੋਂ ਬਾਸੀ ਭਾਈਚਾਰੇ ਦੇ ਬਹੁਤੇ ਲੋਕ ਬਦੇਸ਼ਾਂ ਵਿੱਚ ਵੀ ਗਏ ਹਨ। ਮਾਝੇ ਵਿੱਚ ਬਾਸੀ ਗੋਤ ਦੇ ਜੱਟ ਬਹੁਤ ਹੀ ਘੱਟ ਹਨ । ਬਾਸੀ ਜੱਟ ਹਿੰਦੂ ਵੀ ਹੁੰਦੇ ਹਨ ਅਤੇ ਖੱਤਰੀ ਵੀ ਹੁੰਦੇ ਹਨ। ਪੰਜਾਬ ਵਿੱਚ ਬਾਸੀ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ । ਬਾਸੀ ਜੱਟ ਪੰਜਾਬ ਦੇ ਪ੍ਰਾਚੀਨ ਕਬੀਲਿਆਂ ਵਿੱਚੋਂ ਹਨ। ਜੱਟਾਂ, ਖੱਤਰੀਆਂ ਤੇ ਰਾਜਪੂਤਾਂ ਦੇ ਕਾਫੀ ਗੋਤ ਸਾਂਝੇ ਹਨ। ਪਿਛੋਕੜ ਵੀ ਸਾਂਝਾ ਹੈ। ਰਾਜਪੂਤ 137 ਵੀ ਖੱਤਰੀਆਂ ਤੋਂ ਮਗਰੋਂ ਹੀ ਪੈਦਾ ਹੋਏ ਹਨ । ਜੱਟ ਆਰੀਆਂ ਦੀ ਹੀ ਉਲਾਦ ਹਨ। ਸਿੱਥੀਅਨ ਵੀ ਆਰੀਏ ਹੀ ਸਨ।
