ਬੈਹਣੀਵਾਲ ਜੱਟ ਇੰਡੋ ਸਕਿਥੀਅਨ ਜਾਤੀ ਵਿਚੋਂ ਹਨ। ਇਹ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਖੇਤਰ ਤੋਂ ਚਲਕੇ ਅਫਗਾਨਸਤਾਨ ਰਾਹੀਂ ਈਸਵੀ ਸੰਨ ਤੋਂ ਕਈ ਸੌ-ਸਾਲ ਪਹਿਲਾਂ ਭਾਰਤ ਵਿੱਚ ਆਏ। ਫਿਰ ਹੌਲੀ-ਹੌਲੀ ਪੰਜਾਬ, ਹਰਿਆਣੇ ਤੇ ਰਾਜਸਤਾਨ ਦੇ ਖੇਤਰਾਂ ਵਿੱਚ ਦੂਰ-ਦੂਰ ਤੱਕ ਫੈਲ ਗਏ। ਪਹਿਲਾਂ-ਪਹਿਲ ਇਸ ਕਬੀਲੇ ਨੂੰ ਬੈਨ ਕਿਹਾ ਜਾਂਦਾ ਸੀ। ਇਸ ਬੰਸ ਦਾ ਪ੍ਰਸਿੱਧ ਰਾਜਾ ਚਕਵਾ ਬੈਨ ਹੋਇਆ ਹੈ ਜਿਸ ਦੇ ਰਾਜ ਦੇ ਖੰਡਰਾਤ ਹਰਿਆਣੇ ਤੇ ਰਾਜਸਤਾਨ ਵਿੱਚ ਮਿਲਦੇ ਹਨ। ਪ੍ਰਸਿੱਧ ਇਤਿਹਾਸਕਾਰ ਤੇ ਖੋਜੀ ਕਾਰਲਾਇਲ ਨੇ ਵੀ ਇੱਕ ਚਕਵਾਂ ਬੈਨ ਰਾਜੇ ਬਾਰੇ ਵਰਣਨ ਕੀਤਾ ਹੈ। ਸੰਤ ਵਿਸਾਖਾ ਸਿੰਘ ਨੇ ਆਪਣੀ ਕਿਤਾਬ ਮਾਲਵਾ ਇਤਿਹਾਸ ਵਿੱਚ ਬੈਹਣੀਵਾਲਾਂ ਬਾਰੇ ਲਿਖਿਆ ਹੈ ਕਿ ਇਹ ਪਿਸ਼ੌਰ ਦੇ ਜ਼ਿਲ੍ਹੇ ਵਿੱਚੋਂ ਤਖਤ ਬਾਹੀ ਤੋਂ ਆਏ ਸਨ । ਪਹਿਲਾਂ ਇਨ੍ਹਾਂ ਨੂੰ ਬਾਹ ਜੱਟ ਕਿਹਾ ਜਾਂਦਾ ਸੀ । ਬਾਹਕ, ਬੈਹਿਣੀਵਾਲ, ਬਹਿਕਪੁਰ ਆਦਿ ਇਨ੍ਹਾਂ ਦੇ ਵਸਾਏ ਹੋਏ ਪਿੰਡ ਸਨ । ਸਭ ਤੋਂ ਪਹਿਲਾਂ ਮੋਗੇ ਦੇ ਇਲਾਕੇ ਵਿੱਚ ਇਨ੍ਹਾਂ ਬਾਹ ਲੋਕਾਂ ਨੇ ਹੀ ਵਹਿਣੀਵਾਲ ਦੀ ਕੋਕਰੀ ਵਸਾਈ । ਬਾਹ ਜਾਂ ਬੈਨੀ ਕਬੀਲੇ ਦੇ ‘ ਦੇ ਲੋਕ ਬਹੁਤ ਹੀ ਬਹਾਦਰ’ ‘ ਤੇ ਖਾੜਕੂ ਸਨ। ਇਨ੍ਹਾਂ ਨੇ ਬੀਕਾਨੇਰ ਦੇ 4 ਹਿੱਸੇ ਤੇ ਆਪਣਾ ਕਬਜ਼ਾ ਕਰ ਲਿਆ ਸੀ। ਹਰਿਆਣੇ ਤੇ ਵੀ ਇਨ੍ਹਾਂ ਦੀ ਚੌਧਰ ਸੀ।

ਪੰਜਾਬ ਤੇ ਮਾਨਸਾ ਜ਼ਿਲ੍ਹੇ ਵਿੱਚ ਵੀ ਇਨ੍ਹਾਂ ਦਾ ਇੱਕ ਉੱਘਾ ਪਿੰਡ ਵਹਿਣੀਵਾਲ ਹੈ। ਸੰਗਰੂਰ ਤੇ ਪੱਟਿਆਲੇ ਦੇ ਇਲਾਕਿਆਂ ਵਿੱਚ ਵੀ ਬੈਹਣੀਵਾਲ ਭਾਈਚਾਰੇ ਦੇ ਕਾਫੀ ਲੋਕ ਵਸਦੇ ਹਨ। ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ ਵਿੱਚ ਬੈਹਣੀਵਾਲ ਹਿੰਦੂ ਜਾਟ ਹਨ। ਬੈਹਣੀਵਾਲ ਜੱਟ ਹਲਕਾ ਨੂਰਪੁਰ ਬੇਦੀ ਪਿੰਡ ਬਜਰੂੜ ਜ਼ਿਲ੍ਹਾ ਰੋਪੜ ਵਿੱਚ ਵੀ ਵਸਦੇ ਹਨ । ਲੁਧਿਆਣੇ ਜ਼ਿਲ੍ਹੇ ਵਿੱਚ ਵੀ ਬੈਹਣੀਵਾਲਾਂ ਦੇ ਕੁਝ ਪਿੰਡ ਹਨ। ਬੇਨੀਪਾਲ ਗੋਤ ਦੇ ਲੋਕਾਂ ਦਾ ਭਾਈਚਾਰਾ ਗੰਡੂਆਂ ਨਾਲ ਹੈ। ਇਨ੍ਹਾਂ ਦਾ ਬੈਹਣੀਵਾਲਾਂ ਨਾਲ ਗੋਤ ਨਹੀਂ ਰਲਦਾ। ਬੈਹਣੀਵਾਲ ਗੋਤ ਦੇ ਲੋਕ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ। ਬੈਹਨੀਵਾਲ ਰਾਜਪੂਤ ਕੇਵਲ ਮਿੰਟਗੁਮਰੀ ਖੇਤਰ ਵਿੱਚ ਵੀ ਵਸਦੇ ਹਨ। ਸਿਆਲਕੋਟ ਇਲਾਕੇ ਦੇ ਬੈਹਣੀਵਾਲ ਬਹੁ-ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਦੇ ਬੈਹਣੀਵਾਲ ਬਹੁਤੇ ਸਿੱਖ ਹੀ ਹਨ। ਬੈਹਣੀਵਾਲ ਹਰਿਆਣੇ ਦੇ ਸਿਰਸਾ, ਹਿਸਾਰ, ਰੋਹਤਕ ਤੇ ਅੰਬਾਲਾ ਖੇਤਰਾਂ ਵਿੱਚ ਵੀ ਕਾਫੀ ਆਬਾਦ ਹਨ। ਬੈਹਣੀਵਾਲ ਉੱਤਰ ਪ੍ਰਦੇਸ਼ ਵਿੱਚ ਵੀ ਵਸਦੇ ਹਨ।
ਬੈਹਣੀਵਾਲ ਨਾਗਬੰਸੀ ਤੇ ਸ਼ਿਵ ਮਹਾਂਦੇਉ ਦੇ ਭਗਤ ਸਨ। ਹਰਿਆਣੇ ਤੇ ਬੀਕਾਨੇਰ ਖੇਤਰ ਦੇ ਬੈਹਣੀਵਾਲ ਹਿੰਦੂ ਜਾਟ ਹਨ। ਬੈਹਣੀਵਾਲ 4 ਗੋਤ ਦੇ ਲੋਕ ਗਿਣਤੀ ਵਿੱਚ ਘੱਟ ਹਨ ਪਰ ਦਲੇਰ ਬਹੁਤ ਹਨ। ਇਨ੍ਹਾਂ ਨੇ 1857 ਈਸਵੀ ਵਿੱਚ ਅੰਗਰੇਜ਼ਾਂ ਵਿਰੁੱਧ ਵੀ ਬਗ਼ਾਵਤ ਕੀਤੀ ਸੀ। ਪੰਜਾਬ ਦੇ ਮਾਲਵਾ ਖੇਤਰ ਵਿੱਚ ਬੈਹਣੀਵਾਲ ਭਾਈਚਾਰੇ ਦੇ ਲੋਕ ਕਾਫੀ ਗਿਣਤੀ ਵਿੱਚ ਆਬਾਦ ਹਨ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਬੈਹਣੀਵਾਲਾਂ ਨੂੰ ਭੱਟੀ ਰਾਜਪੂਤ ਮੰਨਦਾ ਹੈ। ਇਹ ਵਿਚਾਰ ਗਲਤ ਹੈ। ਬੈਹਣੀਵਾਲ ਸ਼ਿਵ ਗੋਤਰੀ 44 ਨਾਲ ਸੰਬੰਧ ਜੋੜਦੇ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਬੈਹਣੀਵਾਲ ਜੱਟਾਂ ਦੀ ਗਿਣਤੀ 11378 ਸੀ। ਕੇਵਲ 43 ਬੈਹਣੀਵਾਲ ਹੀ ਉੱਚ ਜਾਤੀ ਦੇ ਰਾਜਪੂਤ ਸਨ। ਕਰੇਵੇ ਦੀ ਰਸਮ ਜੱਟ ਤੇ ਦਲਿਤ ਜਾਤੀਆਂ ਵਿੱਚ ਹੀ ਹੁੰਦੀ ਸੀ। ਰਾਜਪੂਤ ਤੇ ਹੋਰ ਉੱਚ ਜਾਤੀਆਂ ਵਿੱਚ ਕਰੇਵੇ ਦੀ ਰਸਮ ਨਹੀਂ ਹੁੰਦੀ ਸੀ । ਪੱਛਮੀ ਪੰਜਾਬ ਵਿੱਚ ਬਹਿਣੀਵਾਲ ਮੁਸਲਮਾਨ ਸਨ। ਪੂਰਬੀ ਪੰਜਾਬ ਵਿੱਚ ਬੈਹਣੀਵਾਲ ਜੱਟਾਂ ਦੀ ਗਿਣਤੀ ਘੱਟ ਹੀ ਹੈ। ਹਰਿਆਣੇ ਤੇ ਰਾਜਸਤਾਨ ਵਿੱਚ ਕਾਫੀ ਹੈ। ਬੈਹਣੀਵਾਲ ਖਾੜਕੂ ਜੱਟ ਕਬੀਲਾ ਸੀ।
ਪਾਣਨੀ ਨੇ ਜੱਟ ਸ਼ਬਦ ਦੀ ਵਰਤੋਂ ਈਸਾ ਤੋਂ 500 ਸਾਲ ਪਹਿਲਾਂ ਕੀਤੀ ਸੀ। ਵੇਦਾਂ ਤੇ ਮਹਾਂਭਾਰਤ ਵਿੱਚ ਵੀ ਜੱਟ ਕਬੀਲਿਆਂ ਦਾ ਵਰਣਨ ਹੈ। ਰਾਜਪੂਤਾਂ ਦਾ ਕੋਈ ਹਵਾਲਾ ਨਹੀਂ ਹੈ। ਪੰਜਾਬ ਨੂੰ ਸਪਤਸਿੰਧੂ ਕਿਹਾ ਜਾਂਦਾ ਸੀ । ਸਰਸਵਤੀ ਨਦੀ ਦੇ ਕਿਨਾਰੇ ਹੀ ਭਾਰਤ ਦੀ ਪ੍ਰਾਚੀਨਤਮ ਸਭਿਅਤਾ ਵਧੀ ਤੇ ਫੁੱਲੀ ਸੀ। ਕਿਸੇ ਸਮੇਂ ਸਰਸਵਤੀ ਨਦੀ ਦਾ ਬਹਾਉ ਹਿਮਾਲਾ ਤੋਂ ਲੈਕੇ ਹਰਿਆਣਾ, ਰਾਜਸਤਾਨ ਤੇ ਗੁਜਰਾਤ ਤੱਕ ਸੀ। ਭਾਰਤ ਵਿੱਚ ਵਹਿਣੀਵਾਲ, ਕੰਗ, ਬੈਂਸ, ਮਾਨ ਤੇ ਵਿਰਕ ਕਬੀਲੇ ਈਸਾ ਤੋਂ ਕਈ ਸੌ ਸਾਲ ਪਹਿਲਾਂ ਮੱਧ ਏਸ਼ੀਆ ਤੋਂ ਆਗੇ ਸੱਪਤਸਿੰਧੂ ਖੇਤਰ ਵਿੱਚ ਆਬਾਦ ਹੋ ਗਏ ਸਨ। ਭਾਰਤ ਵਿੱਚ ਆਬਾਦ ਹੋਣ ਲਈ ਇਨ੍ਹਾਂ ਕਬੀਲਿਆਂ ਨੂੰ ਸਥਾਨਕ ਲੋਕਾਂ ਨਾਲ ਕਈ ਲੜਾਈਆਂ ਵੀ ਲੜਨੀਆਂ ਪਈਆਂ। ਬੈਹਣੀਵਾਲ ਜੱਟਾਂ ਦਾ ਪ੍ਰਸਿੱਧ ਤੇ ਪ੍ਰਾਚੀਨ ਗੋਤ ਹੈ। ਬੀਕਾਨੇਰ ਖੇਤਰ ਵਿੱਚ ਕਿਸੇ ਸਮੇਂ ਵਹਿਣੀਵਾਲਾਂ ਪਾਸ 150 ਪਿੰਡ ਸਨ। ਇਹ ਬਹੁਤ ਸ਼ਕਤੀਸ਼ਾਲੀ ਜੱਟ ਸਨ। ਇਹ ਕਾਫੀ ਉੱਘਾ ਗੋਤ ਹੈ । ਪਲੀਨੀ ਇਨ੍ਹਾਂ ਨੂੰ, ਬੈਨੇਵਾਲ ਲਿਖਦਾ ਹੈ।
