ਉਭਾ
ਸਥਿਤੀ :
ਤਹਿਸੀਲ ਮਾਨਸਾ ਦਾ ਪਿੰਡ ਉਭਾ, ਮਾਨਸਾ – ਬਰਨਾਲਾ ਸੜਕ ਤੋਂ 13 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸਦਾ ਸਿੰਘ ਵਾਲਾ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੰਦ ਕਥਾ ਅਨੁਸਾਰ ਸਵਾ ਕੁ ਤਿੰਨ ਸੌ ਸਾਲ ਪਹਿਲਾਂ ਇਹ ਪਿੰਡ ਜੋਗੇ ਤੋਂ ਆਏ ਸਿੱਧੂ ਗੋਤ ਦੇ ਬਜ਼ੁਰਗ ‘ਉੱਭਾ’ ਦੇ ਪੋਤਰੇ ਮਰ੍ਹਾਜ ਨੇ ਬਣਾਇਆ। ਉਸ ਨੇ ਆਪਣੇ ਦਾਦੇ ‘ਉੱਭਾ’ ਦੇ ਨਾਂ ਤੇ ਹੀ ਪਿੰਡ ਦਾ ਨਾਂ ਰੱਖ ਦਿੱਤਾ। ਇਸ ਦੇ 7 ਪੁੱਤਰ ਸਨ ਜਿਨ੍ਹਾਂ ਵਿੱਚੋਂ 4 ਤਾਂ ਇੱਥੇ ਹੀ ਰਹਿ ਗਏ ਅਤੇ ਬਾਕੀ ਤਿੰਨਾਂ ਵਿੱਚੋਂ ਇੱਕ ਨੇ ਕੋਲ ਕੋਲ ਖਾਂਨੇ ਨਾ ਦੇ 5 ਪਿੰਡ ਮਾਈਸਰ ਖਾਨਾ, ਰਾਏਖਾਨਾ, ਖਸੋਖਾਨ, ਧਨ ਸਿੰਘ ਖਾਨਾ ਆਦਿ ਪਿੰਡ ਬੰਨੇ। ਸੁੱਖੂ ਨਾਂ ਦੇ ਦੂਜੇ ਪੁੱਤਰ ਨੇ ਸੁੱਖਲੱਧੀ ਤੇ ਤੀਜੇ ਕੋਰਾ ਨੇ ‘ਕੋਰੇਆਣਾਂ’ ਆਦਿ ਪਿੰਡ ਵਸਾਏ। ਮੁਸਲਮਾਨਾਂ ਦੇ ਹਮਲਿਆਂ ਤੇ ਲੁੱਟ ਖੋਹ ਕਾਰਨ ਇਹ ਪਿੰਡ ਉੱਜੜ ਗਿਆ।
ਨੇੜੇ ਦੀ ਥੇਹ ਤੋਂ ਉੱਠ ਕੇ ਆਏ ਪੀਰ ਕੋਟ ਵਾਲਿਆਂ ਨੇ ਕੁੱਝ ਕੁ ਸਮੇਂ ਬਾਅਦ ਇਸ ਪਿੰਡ ਨੂੰ ਫੇਰ ਅਬਾਦ ਕਰ ਲਿਆ ਅਤੇ ਆਪਣੀ ਵਿਸਵੇਦਾਰੀ ਸਥਾਪਤ ਕਰ ਲਈ ਜੋ ਕਿ ਸੌ ਕੁ ਸਾਲ ਤੋਂ ਵੱਧ ਚੱਲੀ। ਸਿੱਧੂ ਗੋਤ ਦੇ ਦੋ ਪੁੱਤਰ ਠੰਡ ਤੇ ਬਾਜਾ ਫੇਰ ਇਸ ਪਿੰਡ ਵਿੱਚ ਵੱਸੇ ਅਤੇ ਇੱਥੇ ਸਿੱਧੂਆਂ ਦੀਆਂ ਹੀ ਵਧੇਰੇ ਨੰਬਰਦਾਰੀਆਂ ਹਨ। ਪਿੰਡ ਦੇ ਵਸਨੀਕ ਵੀ ਵਧੇਰੇ ਕਰਕੇ ਸਿੱਧੂ ਗੋਤ ਦੇ ਹੀ ਹਨ।
ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਨੇ ਆਪਣੀ ਰਿਆਸਤ ਦੀ ਸਥਾਪਨਾ ਤੋਂ ਬਾਅਦ ਇਸ ਪਿੰਡ ਨੂੰ ਬਰਨਾਲੇ ਦੀ ਥਾਂ ਨਜ਼ਾਮਤ (ਜ਼ਿਲ੍ਹਾ) ਬਣਾਉਣ ਲਈ ਇੱਕ ਕਿਲ੍ਹਾ ਉਸਾਰਨਾ ਚਾਹਿਆ ਅਤੇ ਪਾਣੀ ਦੀ ਘਾਟ ਲਈ ਇੱਕ ਖੂਹ ਵੀ ਪੁਟਵਾਇਆ ਜੋ ਕਿ ਹੁਣ ਤੱਕ ਖੰਡਰ ਵਾਂਗ ਮੌਜੂਦ ਹੈ। ਬਾਅਦ ਵਿੱਚ ਇਸ ਪਿੰਡ ਨੂੰ ਜ਼ਿਲ੍ਹਾ ਬਣਾਉਣ ਦਾ ਵਿਚਾਰ ਹੱਟ ਗਿਆ। ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਹੈ। ਇੱਥੋਂ ਦੇ ਵਸਨੀਕ ਮਾਈ ਮੱਟ ਦੀ ਪੂਜਾ ਕਰਦੇ ਹਨ। ਇੱਥੋਂ ਦੀ ਇੱਕ ਕੁੜੀ ਬਿਮਲਾ ਦੇਵੀ, ਦੁਰਗਾ, ਮਾਂ ਦੀ ਉਪਾਸ਼ਕ ਹੈ ਤੇ ਮਾਤਾ ਦੇ ਨਾਂ ਨਾਲ ਬਹੁਤ ਪ੍ਰਸਿੱਧ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ