ਕਲਸੀਆਂ
ਸਥਿਤੀ :
ਤਹਿਸੀਲ ਰਾਏਕੋਟ ਦਾ ਇਹ ਸਰਹੱਦੀ ਪਿੰਡ ਕਲਸੀਆਂ, ਰਾਏਕੋਟ- ਮਲੇਰਕੋਟਲਾ ਸੜਕ ‘ਤੇ ਅਹਿਮਦਗੜ੍ਹ ਤੋਂ 14 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ :
ਕਿਸੇ ਸਮੇਂ ਇਹ ਨਾਭਾ ਰਿਆਸਤ ਦਾ ਮਹੱਤਵਪੂਰਨ ਪਿੰਡ ਸੀ। ਇਸ ਪਿੰਡ ਦੀ ਪ੍ਰਸਿੱਧੀ ਸੰਨਿਆਸੀਆਂ ਦੇ ਡੇਰੇ ਅਤੇ ਸ੍ਰੀ ਨਰਾਇਣ ਪੂਰੀ ਦੇ ਡੇਰੇ ਕਾਰਨ ਦੂਰ-ਦੂਰ ਤੱਕ ਹੈ। ਸੰਨਿਆਸੀਆਂ ਦੀ ਇੱਕ ਸੰਪ੍ਰਦਾਇ ਦੇ ਨਾਲ ਹੀ ਇਸ ਪਿੰਡ ਦੀ ਸ਼ੁਰੂਆਤ ਦੀ ਰਵਾਇਤ ਜੁੜ੍ਹਦੀ ਹੈ।
ਇਸ ਥਾਂ ਤੇ ਬਾਬਾ ਯਦੁਨਾਥ ਨਾਂ ਦੇ ਇੱਕ ਹੱਠਯੋਗੀ ਨੇ ਤੱਪ ਕਰਨਾ ਸ਼ੁਰੂ ਕੀਤਾ। ਉਸ ਸਮੇਂ ਇੱਥੇ ਕੋਈ ਪਿੰਡ ਨਹੀਂ ਸੀ। ਰਾਏਕੋਟ ਰਿਆਸਤ ਦੇ ਹਾਕਮ ਰਾਏ ਕਲਾ ਦੇ ਕੋਈ ਔਲਾਦ ਨਹੀਂ ਸੀ ਹੁੰਦੀ । ਕਿਹਾ ਜਾਂਦਾ ਹੈ ਕਿ ਬਾਬਾ ਯਦੁਨਾਥ ਦੇ ਆਸ਼ੀਰਵਾਦ ਨਾਲ ਉਸ ਦੇ ਘਰ ਪੁੱਤਰ ਦਾ ਜਨਮ ਹੋਇਆ। ਇਸ ਖੁਸ਼ੀ ਵਿੱਚ ਰਾਏ ਕਲਾ ਨੇ ਕਾਫ਼ੀ ਜ਼ਮੀਨ ਉਸ ਬਾਬਾ ਯਦੁਨਾਥ ਦੇ ਨਾਂ ਤੇ ਕਰ ਦਿੱਤੀ। ਹਾਕਮ ਵਲੋਂ ਮਾਨਤਾ ਮਿਲਣ ਕਰਕੇ ਉਸਦੀ ਪ੍ਰਸਿੱਧੀ ਜਲਦੀ ਹੀ ਫੈਲ ਗਈ। ਲੋਕ ਉਸਦੇ ਧੂਣੇ ਦੁਆਲੇ ਆ ਕੇ ਵੱਸਣੇ ਸ਼ੁਰੂ ਹੋ ਗਏ। ਬਾਬਾ ਯਦੁਨਾਥ ਦੇ ਸੇਵਕਾ ਵਿਚੋਂ ‘ਕਲਸੀ’ ਨਾਂ ਦਾ ਜ਼ਿਮੀਂਦਾਰ ਸੀ ਜਿਸ ਦੇ ਨਾਂ ਤੇ ਪਿੰਡ ਦਾ ਨਾਂ ‘ਕਲਸੀਆ’ ਪਿਆ।
ਇਸ ਡੇਰੇ ਤੇ ਜਨਮ ਅਸ਼ਟਮੀ ਤੇ ਸ਼ਿਵਰਾਤਰੀ ਦੇ ਪੁਰਬਾਂ ਨੂੰ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਬਾਹਰੋਂ ਸੰਗੀਤਕਾਰ ਵੀ ਆਉਂਦੇ ਹਨ ਤੇ ਲੋਕ ਬਿਨਾਂ ਕਿਸੇ ਭੇਦ ਭਾਵ ਦੇ ਹਿੱਸਾ ਲੈਂਦੇ ਹਨ। ਇਸ ਡੇਰੇ ਦਾ ਪਿੰਡ ਦੀ ਨੁਹਾਰ ਬਦਲਣ ਵਿੱਚ ਬਹੁਤ ਅਹਿਮ ਰੋਲ ਹੈ। ਕਿਸੇ ਵੇਲੇ ਮਹੰਤ ਬਾਬਾ ਬਸੰਤ ਗਿਰ ਧੂਣਾ ਲਾ ਕੇ ਬੈਠ ਗਏ ਸਨ ਅਤੇ ਉਸ ਵਕਤ ਉੱਠੇ ਜਦੋਂ ਉਨ੍ਹਾਂ ਸਕੂਲ ਦੀ ਇਮਾਰਤ ਬਣਾਉਣ ਜੋਗਾ ਧਨ ਇਕੱਠਾ ਕਰ ਲਿਆ ਸੀ।
ਇਸ ਪਿੰਡ ਵਿੱਚ ਦੂਸਰੀ ਮਹਾਨ ਹਸਤੀ ਸੰਤ ਨਰਾਇਣਪੁਰੀ ਹੋਏ ਹਨ। ਉਨ੍ਹਾਂ ਦਾ ਵੀ ਪਿੰਡ ਵਿੱਚ ਡੇਰਾ ਹੈ। ਉਹ ਬੀਮਾਰ ਅਤੇ ਰੋਗੀ ਲੋਕਾਂ ਨੂੰ ਆਪਣੀ ਚਿੱਪੀ ਵਿਚੋਂ ਪਾਣੀ ਦੇ ਕੇ ਰਾਜ਼ੀ ਕਰ ਦਿੰਦੇ ਸਨ।
ਕਲਸੀਆਂ ਵਿੱਚ ਹੋਲੀ ਵਾਲੇ ਦਿਨ ਇੱਕ ਮੇਲਾ ਭਰਦਾ ਹੈ ਜਿਸ ਨੂੰ ਭੂਆਣੇ ਦਾ ਮੇਲਾ ਕਹਿੰਦੇ ਹਨ। ਇਹ ਪਿੰਡ ਧਾਲੀਵਾਲ ਜੱਟਾਂ ਦਾ ਹੈ ਅਤੇ ਜਿੱਥੇ ਵੀ ਧਾਲੀਵਾਲਾਂ ਦੀ ਬਹੁਗਿਣਤੀ ਹੁੰਦੀ ਹੈ ਉੱਥੇ ਉਹ ਆਪਣੇ ਕਿਸੇ ਸ਼ਹੀਦ ਦੀ ਯਾਦ ਵਿੱਚ ਇਹ ਦਿਨ ਮਨਾਉਂਦੇ ਹਨ। ਇਹ ਮੇਲਾ ਤਿੰਨ ਦਿਨ ਭਰਦਾ ਹੈ। ਪਹਿਲੇ ਦਿਨ ਨੂੰ ‘ਦੀਵੇ ਕਹਿੰਦੇ ਹਨ ਅਤੇ ਉਸ ਦਿਨ ਸਮਾਧ ਤੇ ਦੀਵੇ ਜਗਾਏ ਜਾਂਦੇ ਹਨ। ਦੂਜੇ ਦਿਨ ਮਿੱਟੀ ਕੱਢੀ ਜਾਂਦੀ ਹੈ ਅਤੇ ਅਖੀਰਲੇ ਦਿਨ ਖੇਡਾਂ, ਕੁਸ਼ਤੀਆਂ ਅਤੇ ਮਨਪ੍ਰਚਾਵੇ ਦੇ ਪ੍ਰੋਗਰਾਮ ਹੁੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ