ਕਲਾਨੌਰ
ਸਥਿਤੀ :
ਤਹਿਸੀਲ ਗੁਰਦਾਸਪੁਰ ਦਾ ਪਿੰਡ ਕਲਾਨੌਰ, ਗੁਰਦਾਸਪੁਰ-ਡੇਰਾਬਾਬਾ ਨਾਨਕ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਡੇਰਾਂ ਬਾਬਾ ਨਾਨਕ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਲਾਨੌਰ ਇੱਕ ਮਸ਼ਹੂਰ ਨਗਰ ਸੀ ਅਤੇ ਕਿਹਾ ਜਾਂਦਾ ਸੀ ਕਿ ਜਿਸ ਨੇ ਲਾਹੌਰ ਨਹੀ ਵੇਖਿਆ ਉਹ ਕਲਾਨੌਰ ਵੇਖੇ। ਇਹ ਪੁਰਾਣੇ ਸਮਿਆਂ ਵਿੱਚ ਕਾਲੇਸ਼ਵਰ (ਸ਼ਿਵ ਜੀ ਦਾ ਘਰ) ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਪੁਰਾਤਨ ਸਮਿਆਂ ਵਿੱਚ ਹਿੰਦੂ ਰਾਜਿਆਂ ਨੇ ਇਸ ਨੂੰ ਵਸਾਇਆ ਅਤੇ ਇਸ ਪਿੰਡ ਵਿੱਚ ਪਾਏ ਜਾਂਦੇ ਕਈ ਖੰਡਰ ਇਸ ਗੱਲ ਦੀ ਗਵਾਹੀ ਦੇਦੇਂ ਹਨ। ਇੱਕ ਹੋਰ ਧਾਰਨਾ ਇਹ ਹੈ ਕਿ ਪਿੰਡ ਦਾ ਨਾਂ ਦੋ ਮੁਸਲਮਾਨ ਭਰਾਵਾਂ ਕਾਲਾ ਤੇ ਨੌਰਾ ਤੋਂ ਪਿਆ ਜਿਨ੍ਹਾਂ ਨੇ ਪਿੰਡ ਦੀ ਚਾਰ ਦੀਵਾਰੀ ਨੂੰ ਬਚਾਇਆ।
ਪਿੰਡ ਤੋਂ 2 ਕਿਲੋਮੀਟਰ ਤੇ ਇੱਕ ਜਗ੍ਹਾ ਹੈ ਜਿੱਥੇ ਅਕਬਰ ਦੀ ਗੱਦੀ ਨਸ਼ੀਨੀ 1556 ਈ. ਵਿੱਚ ਹੋਈ ਸੀ। ਇਸੇ ਜਗ੍ਹਾ ਦੇ ਨਾਲ ਅਕਬਰ ਦੇ ਇੱਕ ਜਰਨੈਲ ਜਾਮਿਲ ਬੇਗ ਦੀ ਕਬਰ ਹੈ। ਇੱਥੇ ਇੱਕ ਪੀਰ ਬੁਢਣ ਸ਼ਾਹ ਦੀ ਮਜ਼ਾਰ ਵੀ ਹੈ ਜੋ ਚੰਗੀ ਹਾਲਤ ਵਿੱਚ ਹੈ। ਇਸ ਪਿੰਡ ਨੂੰ ਬੰਦਾ ਸਿੰਘ ਬਹਾਦਰ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਜਿਸਦੀ ਯਾਦ ਵਿੱਚ ਗੁਰਦੁਆਰਾ ਮੌਜੂਦ ਹੈ। ਇਹ ਪਿੰਡ ਉਜੜੇ ਹੋਏ ਥੇਹ ਤੇ ਦੁਬਾਰਾ ਵਸਾਇਆ ਗਿਆ वै।
ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਉਤਰਾਧਿਕਾਰੀ ਮਹਾਰਾਜਾ ਖੜਕ ਸਿੰਘ ਨੇ ਸ਼ਿਵ ਜੀ ਦਾ ਮੰਦਰ ਬਣਵਾਇਆ। ਮੰਦਰ ਵਿੱਚ ਬਾਬਾ ਮੰਝ ਨਾਥ ਦੀ ਸਮਾਧ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ