ਕਾਲੀਏ ਵਾਲਾ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਕਾਲੀਏ ਵਾਲਾ, ਮੋਗਾ – ਫਿਰੋਜ਼ਪੁਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਡਗਰੂ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮੁਦਕੀ ਤੋਂ ਉੱਠ ਕੇ ਆਏ ਸਰਾਂ ਗੋਤ ਦੇ ‘ਕਾਲਾ ਸਿੰਘ ਉਰਫ ਕਾਲੇ ਨੇ ਇਸ ਪਿੰਡ ਨੂੰ ਅੱਜ ਤੋਂ ਸਵਾ ਦੋ ਸੌ ਸਾਲ ਪਹਿਲਾਂ ਵਸਾਇਆ। ਇਹ ਲੋਕ ਉਥੋਂ ‘ਕਰਮੂ ਕਾ ਪੱਤੀ’। ਵਿਚੋਂ ਉੱਠ ਕੇ ਆਏ ਸਨ ਜਿਸ ਕਰਕੇ ਇਸ ਪਿੰਡ ਨੂੰ ‘ਕਾਲੀਏ ਵਾਲਾ ਕਰਮੂ ਕਾ’ ਵੀ ਕਿਹਾ ਜਾਂਦਾ ਹੈ।
ਇਸ ਪਿੰਡ ਵਿੱਚ ਕਈ ਸਾਧ ਸੰਤ ਹੋਏ ਹਨ। ਜ਼ੀਰੇ ਦੇ ਪ੍ਰਸਿੱਧ ਸੰਤ ਸ਼ੰਕਰਾਪੁਰੀ ਇੱਥੇ ਚੰਗਾ ਸਮਾਂ ਬਤੀਤ ਕਰ ਕੇ ਗਏ ਹਨ ਜਿਨ੍ਹਾਂ ਦੀ ਯਾਦ ਵਿੱਚ ਬਹੁਤ ਵਧੀਆ ਸਮਾਧ ਬਣੀ ਹੋਈ ਹੈ। ਪਿੰਡ ਦੇ ਬਾਹਰ ਇੱਕ ਮੰਦਰ ਹੈ ਜਿਸਨੂੰ ਰਿਸ਼ੀਕੇਸ਼ ਕਿਹਾ ਜਾਂਦਾ ਹੈ। ਸ਼ੰਕਰਾਪੁਰੀ ਜ਼ਿਆਦਾਤਰ ਇੱਥੇ ਹੀ ਰਿਹਾ ਕਰਦੇ ਸਨ। ਸੰਤ ਬ੍ਰਹਮਪੁਰੀ ਅਤੇ ਉਹਨਾਂ ਦੀ ਸੰਪ੍ਰਦਾਇ ਵਿਚੋਂ ਸੰਤ ਨਰਾਇਣ ਪੁਰੀ ਵੀ ਬਹੁਤ ਵਿਦਵਾਨ ਸਨ। ਇੱਥੇ ਇੱਕ ਹੋਰ ਮਹੰਤ ਕੇਸਰ ਸਿੰਘ ਹੁੰਦੇ ਸਨ ਜਿਨ੍ਹਾਂ ਨੂੰ ਮਹਾਰਾਜਾ ਫਰੀਦਕੋਟ ਨੇ ਸਨਮਾਨ ਤੇ ਨਜ਼ਰਾਨੇ ਵਜੋਂ ਇੱਕ ਹਾਥੀ ਦਿੱਤਾ ਹੋਇਆ ਸੀ। ਸੰਤ ਫਤਿਹ ਸਿੰਘ ਵੀ ਇਸ ਪਿੰਡ ਦੇ ਪ੍ਰਸਿੱਧ ਸੰਤ ਹੋਏ ਹਨ। ਜੋ ਹਕੀਮੀ ਵੀ ਕਰਦੇ ਸਨ। ਪਿੰਡ ਵਿੱਚ ਇੱਕ ਨੌ ਗਜ਼ੇ ਦੀ ਕਬਰ ਉੱਤੇ ਵੀ ਲੋਕਾਂ ਦੀ ਬਹੁਤ ਮਾਨਤਾ ਹੈ। ਇੱਥੇ ਇੱਕ ਗੁਰਦੁਆਰਾ ‘ਜੀਵਨ ਸਰ ਹੈ ਜਿੱਥੇ ਪਹਿਲਾਂ ਸ਼ਹੀਦਾਂ ਦੀ ਮਟੀ ਹੁੰਦੀ ਸੀ। ਪਿੰਡ ਵਿਚਕਾਰ ਇੱਕ ਹੋਰ ਗੁਰਦੁਆਰਾ ਵੀ ਹੈ।
ਇਸ ਪਿੰਡ ਦੇ ਰਤਨ ਸਿੰਘ ਅਜ਼ਾਦ ਹਿੰਦ ਫੌਜ ਵਿੱਚ ਰਹੇ ਅਤੇ ਅਕਾਲੀ ਗੁਰਦਿਆਲ ਸਿੰਘ ਅਤੇ ਚੰਦ ਸਿੰਘ ਨੇ ਜੈਤੋਂ ਦੇ ਮੋਰਚੇ ਵਿੱਚ ਜ਼ੇਲ੍ਹ ਕੱਟੀ। ਇਸ ਪਿੰਡ ਵਿੱਚ ਬਰਾੜ ਤੇ ਸਰਾਂ, ਕੰਬੋਜ ਮਜ਼੍ਹਬੀ ਸਿੱਖ ਅਤੇ ਮਿਸਤਰੀ ਲੋਕਾਂ ਦੇ ਘਰ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ