ਕਿਸ਼ਨ ਗੜ੍ਹ
ਸਥਿਤੀ :
ਤਹਿਸੀਲ ਬੁੱਢਲਾਡਾ ਦਾ ਪਿੰਡ ਕਿਸ਼ਨ ਗੜ੍ਹ, ਬੁੱਢਲਾਡਾ – ਜਾਖਲ ਸੜਕ ਤੋਂ 9 ਕਿਲੋਮੀਟਰ ਦੀ ਦੂਰੀ ‘ਤੇ ਅਤੇ ਬਰੇਟਾਂ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਅੱਜ ਕੱਲ੍ਹ ‘ਕਿਸ਼ਨਗੜ੍ਹ ਸੇਢਾ ਸਿੰਘ’ ਕਿਹਾ ਜਾਂਦਾ ਹੈ। ਇਸ ਪਿੰਡ ਦਾ ਨਾਂ ਕਿਸ਼ਨਗੜ੍ਹ, ਧਾਰਮਿਕ ਖਿਆਲਾਂ ਅਨੁਸਾਰ ਸ੍ਰੀ ਭਗਵਾਨ ਕ੍ਰਿਸ਼ਨ ਦੇ ਨਾਮ ਤੇ ਰੱਖਿਆ ਗਿਆ ਸੀ। ਬਾਅਦ ਵਿੱਚ ਵਿਸਵੇਦਾਰਾਂ ਦੀ ਸਰਦਾਰੀ ਕਾਰਨ ਸ. ਸੇਢਾ ਸਿੰਘ ਨਾਂ ਨਾਲ ਜੋੜ ਕੇ ਕਿਸ਼ਨ ਗੜ੍ਹ ਸੇਢਾ ਸਿੰਘ ਵਾਲਾ ਕਿਹਾ ਜਾਂਦਾ ਹੈ।
ਕਿਸ਼ਨਗੜ੍ਹ ਨੂੰ ਵਿਸਵੇਦਾਰਾਂ ਦੇ ਪਿੰਡ ਵਾਲੇ ਮੁਜਾਰਿਆਂ ਦੀ ਲੜਾਈ ਨੇ ਇਤਿਹਾਸਕ ਬਣਾ ਦਿੱਤਾ ਹੈ। ਪਿੰਡ ਬਨਣ ਤੋਂ 13 ਸਾਲ ਬਾਅਦ ਸ. ਸੇਢਾ ਸਿੰਘ ਤੇ ਚੜ੍ਹਤ ਸਿੰਘ ਇਸ ਪਿੰਡ ਆ ਕੇ ਰਹਿਣ ਲੱਗ ਪਏ। ਸ. ਚੜ੍ਹਤ ਸਿੰਘ ਦੀ ਲੜਕੀ ਮਹਾਰਾਜਾ ਪਟਿਆਲਾ ਨੂੰ ਵਿਆਰੀ ਹੋਣ ਕਰਕੇ ਉਨ੍ਹਾਂ ਨੇ ਇਸ ਪਿੰਡ ਦੀ ਵਿਸਵੇਦਾਰੀ ਆਪਣੇ ਨਾਂ ਲੁਆ ਲਈ ਤੇ ਕਟਾਈ ਲੈਣ ਦਾ ਹੁਕਮ ਜਾਰੀ ਕਰਵਾ ਲਿਆ। ਇਸ ਤੋਂ ਬਾਅਦ ਜ਼ੁਲਮ ਦਾ ਦੌਰ ਜਾਰੀ ਹੋਇਆ-ਕਈਆਂ ਦੀਆਂ ਜ਼ਮੀਨਾਂ ਤੋਂ ਉਨ੍ਹਾਂ ਨੂੰ ਬੇਦਖਲ ਕਰਕੇ ਉਨ੍ਹਾਂ ਤੇ ਮੁਕੱਦਮੇ ਚਲਵਾਏ। ਵਿਸਵੇਦਾਰੀ ਨੂੰ ਖਤਮ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ। ਮੁਜਾਰਿਆਂ ਦੀ ਹਿੰਮਤ ਤੇ ਪਿੰਡ ਵਾਲਿਆਂ ਦੇ ਸਾਥ ਕਰਕੇ ਕਮਿਊਨਿਸ਼ਟ ਪਾਰਟੀ ਨੇ ਪਿੰਡ ਦੀ ਮਦਦ ਕਰਨੀ ਸ਼ੁਰੂ ਕੀਤੀ। ਕਾਂਗਰਸ ਆਗੂ ਬਾਬੂ ਬਿਰਸ਼ ਭਾਨ ਤੇ ਦੇਸ ਰਾਜ ਨੇ ਮੁਕੱਦਮਿਆਂ ਦੀ ਪੈਰਵਾਹੀ ਕਰਕੇ ਮੱਦਦ ਕੀਤੀ। ਮੁਜਾਰਿਆਂ ਵਿੱਚੋਂ ਕੁੰਢਾ ਸਿੰਘ ਸ਼ਹੀਦ ਹੋ ਗਿਆ। ਪੁਲਿਸ ਦਾ ਥਾਣੇਦਾਰ ਪ੍ਰਦੂਮਨ ਸਿੰਘ ਮਾਰਿਆ ਗਿਆ। ਇਸ ਦੇ ਬਦਲੇ ਪਿੰਡ ਤੇ ਫੌਜ ਦੀ ਚੜ੍ਹਾਈ ਕੀਤੀ ਗਈ – ਜਿਸ ਵਿੱਚ 6 ਛੋਟੇ ਟੈਂਕਾਂ ਨਾਲ ਪਿੰਡ ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਕਈ ਫੱਟੜ ਹੋਏ ਤੇ ਕਈ ਸ਼ਹੀਦ ਹੋਏ। ਅਨੇਕ ਬੰਦਿਆਂ ਤੇ ਕੇਸ ਚਲਾਏ ਗਏ। ਕੇਸਾਂ ਅਧੀਨ ਅਨੇਕ ਜੇਲ੍ਹਾਂ ਵਿੱਚ ਬੰਦ ਰਹੇ।
ਦੇਸ਼ ਆਜ਼ਾਦ ਹੋਣ ਪਿੱਛੋਂ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਨੇ ਉਸ ਸਮੇਂ ਗ੍ਰਹਿ ਮੰਤਰੀ ਡਾ. ਕਟਜੂ ਨੂੰ ਇਸ ਪਿੰਡ ਦੇ ਹਾਲਤ ਜਾਨਣ ਲਈ ਭੇਜਿਆ ਅਤੇ ਇੱਥੋਂ ਦੀ ਹਕੂਮਤ ਰਿਆਸਤ ਤੋਂ ਨਾ ਸੰਭਾਲੀ ਜਾਣ ਕਰਕੇ 1953 ਵਿੱਚ ਕੇਂਦਰ ਤੋਂ ਇੱਕ ਪੀ. ਐਸ. ਰਾਓ. ਬਤੌਰ ਪੰਜਾਬ ਦਾ ਗਵਰਨਰ ਬਣਾ ਕੇ ਭੇਜਿਆ। ਰਾਓ ਸਾਹਿਬ ਨੇ ਉਸ ਸਮੇਂ ਦੇ ਕਮਿਊਨਿਸਟਾਂ ਵਲੋਂ ਬਣਾਏ ਸਰਪੰਚ ਕਰਤਾਰ ਸਿੰਘ ਨੂੰ ਪੁੱਛਿਆ ਤੇ ਉਸਨੇ ਬੇਨਤੀ ਕੀਤੀ ਕਿ ਸਾਡਾ ਰੋਟੀ ਦਾ ਝਗੜਾ ਹੈ । ਅਸੀਂ ਇੱਥੋਂ ਦੇ ਸਦਾਉਂਦੇ ਵਿਸਵੇਦਾਰਾਂ ਨੂੰ ਵਿਸਵੇਦਾਰ ਨਹੀਂ ਮੰਨਦੇ ਕਿਉਂਕਿ ਇਹ ਪਿੰਡ ਦੇ ਵੱਸਣ ਤੋਂ 13 ਸਾਲ ਪਿੱਛੋਂ ਇੱਥੇ ਆਏ ਅਤੇ ਜਬਰਨ ਵਟਾਈ ਠੋਸੀ। ਰਾਓ ਸਾਹਿਬ ਨੇ ਪਟਵਾਰੀ ਪਾਸੋਂ ਰਿਕਾਰਡ ਦੇਖ ਕੇ ਫੈਸਲਾ ਕੀਤਾ ਕਿ 1995 ਬਿਕਰਮੀ ਸੰਮਤ ਤੋਂ ਪਹਿਲਾਂ ਦੇ ਬੇਦਖਲ ਕੀਤੇ ਮੁਜਾਰੇ 28 ਗੁਣਾ ਤੇ 1995 ਤੋਂ ਬਾਅਦ ਬੇਦਖਲ 14 ਗੁਣਾ ਮਾਮਲਾ ਦਾਖਲ ਕਰਕੇ ਮਾਲਕ ਬਣ ਸਕਦੇ ਹਨ। ਇਸ ਤਰ੍ਹਾਂ ਮੁਜਾਰਿਆਂ ਨੂੰ ਇਸ ਪਿੰਡ ਵਿੱਚ ਵਿਸਵੇਦਾਰੀ ਤੋਂ ਛੁਟਕਾਰਾ ਮਿਲਿਆ।
ਇਹ ਪਿੰਡ ਪੱਛੜਿਆ ਹੋਇਆ ਇਲਾਕਾ ਹੈ। ਬਾਬਾ ਵਜੀਦਪੁਰੀ ਦੀ ਸਮਾਧ ਪ੍ਰਤੀ ਲੋਕਾਂ ਦਾ ਕਾਫੀ ਵਿਸ਼ਵਾਸ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਤੇ ਇੱਕ ਧਰਮਸ਼ਾਲਾ ਵੀ वै।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ