ਕਿੱਤਨਾ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਕਿੱਤਨਾ, ਗੜ੍ਹਸ਼ੰਕਰ – ਹੁਸ਼ਿਆਰਪੁਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਸਤਨੌਰ ਬਡੇਸਰੋਂ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲਗਭਗ ਸਵਾ ਪੰਜ ਸੌ ਸਾਲ ਪਹਿਲਾਂ ਕੇਤ ਰਾਮ ਬਜ਼ੁਰਗ ਨੇ ਪਿੰਡ ਭਾਤਪੁਰ ਤੋਂ ਆ ਕੇ ਵਸਾਇਆ ਸੀ ਤੇ ਇਸੇ ਨੇ ਹੀ ਇਸ ਪਿੰਡ ਦਾ ਨਾਂ ਕਿੱਤਨਾ ਰੱਖਿਆ। ਸ੍ਰੀ ਕੇਤ ਰਾਮ ਰਾਜਾ ਬਾਹੜ ਜੀ ਦੇ ਬਾਰਾਂ ਪੁੱਤਰਾਂ ਵਿਚੋਂ ਇੱਕ ਸੀ।
ਪਿੰਡ ਵਿੱਚ ਸ਼ਿਵ ਮੰਦਰ ਅਤੇ ਇੱਕ ਬਾਲਕ ਨਾਥ ਜੀ ਦਾ ਮੰਦਰ ਹੈ ਜਿਨ੍ਹਾਂ ਨੂੰ ਪਿੰਡ ਵਾਸੀ ਬਹੁਤ ਮੰਨਦੇ ਹਨ। ਪਿੰਡ ਦੇ ਪੱਛਮ ਵੱਲ ਇੱਕ ਮੁਸਲਮਾਨ ਫਕੱਰ ਦੀ ਖਾਨਗਾਹ ਹੈ ਜਿਸਨੂੰ ਲੋਕ ਬਾਬੇ ਮਰਜਾਨੇ ਸ਼ਾਹ ਦੀ ਕਬਰ ਨਾਲ ਪੁਕਾਰਦੇ ਹਨ, ਪੂਰਬ ਵੱਲ ਇੱਕ ਹੋਰ ਮੁਸਲਮਾਨ ਦੀ ਕਬਰ ਹੈ ਜਿੱਥੇ ਲੋਕ ਦੀਵੇ ਜਗਾਉਂਦੇ ਹਨ। ਪਿੰਡ ਦੇ ਵਿਚਕਾਰ ‘ਝੰਡੇ ਜੀ’ ਨਾਂ ਦਾ ਇੱਕ ਪਵਿੱਤਰ ਸਥਾਨ ਹੈ। ਜੋ ਬਾਬਾ ਖੜਕ ਸਿੰਘ ਨੇ ਬਣਵਾਇਆ ਸੀ। ਇਸ ਜਗ੍ਹਾ ਨਾਲ ਸੰਬੰਧਿਤ ਪਿੰਡ ਦੇ ਬਾਹਰ ਇੱਕ ਮਸੰਦਾ ਵਾਲਾ ਖੂਹ ਹੈ, ਇਹ ਵੀ ਬਾਬਾ ਖੜਕ ਸਿੰਘ ਜੀ ਨੇ ਹੀ ਲਗਵਾਇਆ ਸੀ। ਪਿੰਡ ਵਿੱਚ ਸਿੱਖਾਂ ਦਾ ਕਿਲ੍ਹਾ ਸੀ ਜੋ ਹੁਣ ਢੱਠ ਚੁੱਕਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ