ਕਿੱਲਿਆਂ ਵਾਲੀ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਕਿੱਲਿਆਂ ਵਾਲੀ, ਮਲੋਟ- ਡਬਵਾਲੀ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਡਬਵਾਲੀ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ ਸਵਾ ਦੋ ਸੌ ਸਾਲ ਪਹਿਲਾਂ ਪਿੰਡ ਵਾਲੀ ਥਾਂ ਤੇ ਸੰਘਣੇ ਵਣਾਂ ਵਾਲੇ ਜੰਗਲ ਸਨ। ਇੱਥੇ ਪਥਰਾਲੇ ਪਿੰਡ ਦੇ ਸਰਾਂ ਗੋਤ ਦੇ ਜੱਟ ਪਸ਼ੂ ਚਾਰਨ ਵਾਸਤੇ ਆਇਆ ਕਰਦੇ ਸਨ। ਸੰਘਣੀ ਛਾਂ ਵੇਖ ਕੇ ਉਹ ਵਣਾਂ ਥੱਲੇ ਆਪਣੇ ਪਸ਼ੂ ਬੰਨਣ ਲਈ ਕਿੱਲੇ ਗੱਡ ਦਿਆ ਕਰਦੇ ਸਨ। ਬਾਬਾ ਜੀਤਾ ਸਿੰਘ ਨੂੰ ਇਹ ਥਾਂ ਚੰਗੀ ਲੱਗੀ ਅਤੇ ਉਹ ਪਰਿਵਾਰ ਸਮੇਤ ਇੱਥੇ ਵੱਸਣ ਲਈ ਆ ਗਿਆ। ਉਸਦੇ ਨਾਲ ਭਾਈ ਗੋਤ ਦੇ ਜੱਟ ਬਜ਼ੁਰਗ ਬਾਬੇ ਚੇਤਨ ਸਿੰਘ ਨੇ ਵੀ ਇੱਥੇ ਵਸੇਬਾ ਕਰ ਲਿਆ। ਪਹਿਲੇ ਪਹਿਲੇ ਤੰਬੂਆਂ ਵਿੱਚ ਹੀ ਗੁਜ਼ਾਰਾ ਕੀਤਾ ਤੇ ਕਿੱਲੇ ਗੱਡੇ। ਸਾਰੀ ਜਗ੍ਹਾ ਤੇ ਕਿੱਲੇ ਗੱਡਣ ਕਰਕੇ ਪਿੰਡ ਦਾ ਨਾਂ ‘ਕਿੱਲਿਆਂ ਵਾਲੀ’ ਪੈ ਗਿਆ। ਬਾਅਦ ਵਿੱਚ ਦੋਹਾਂ ਬਜ਼ੁਰਗਾਂ ਨੇ ਅੱਧੀ ਅੱਧੀ ਜ਼ਮੀਨ ਵੰਡ ਲਈ।
ਪਿੰਡ ਵਿੱਚ ਦੋ ਗੁਰਦੁਆਰੇ ਤੇ ਇੱਕ ਡੇਰਾ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਡੇਰੇ ਦੀ ਸਮਾਧ ਅਤੇ ਸੰਤ ਹਰਦੇਵ ਸਿੰਘ ਦੀ ਸਮਾਧ ਦੀ ਪਿੰਡ ਵਿੱਚ ਬਹੁਤ ਮਾਨਤਾ ਹੈ। ਸੰਤ ਹਰਦੇਵ ਸਿੰਘ ਅਜ਼ਾਦ ਹਿੰਦ ਫੌਜ ਵਿੱਚ ਰਹੇ ਅਤੇ ਬਾਅਦ ਵਿੱਚ ਸਾਰੀ ਉਮਰ ਮੌਨ ਧਾਰੀ ਰਖਿਆ ਸੀ। ਮੁਸਲਮਾਨ ਫਕੀਰ ਬਾਬੇ ਨੌਗਜ਼ੇ ਦੀ ਕਬਰ ਦਾ ਵੀ ਪਿੰਡ ਵਿੱਚ ਮਹੱਤਵਪੂਰਨ ਸਥਾਨ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ