ਕੁਹਾਲੀ
ਸਥਿਤੀ :
ਤਹਿਸੀਲ ਅਜਨਾਲਾ ਦਾ ਪਿੰਡ ਕੁਹਾਲੀ, ਚੋਗਾਵਾਂ-ਅੰਮ੍ਰਿਤਸਰ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ। ਇਸ ਪਿੰਡ ਵਿੱਚ ‘ਅੋਲਖ’ ਗੋਤ ਦੇ ਲੋਕਾਂ ਦੀ ਬਹੁਗਿਣਤੀ ਕਰਕੇ ਪਿੰਡ ਦਾ ਨਾਂ ‘ਔਲਖਾਂ ਵਾਲੀ’ ਸੀ ਜੋ ਵਿਗੜਦਾ ਅਤੇ ਛੋਟਾ ਹੁੰਦਾ ‘ਕੁਹਾਲੀ’ ਜਾਂ ‘ਕੋਹਾਲੀ’ ਬਣ ਗਿਆ। ਪਿੰਡ ਦੇ ਜਾਗੋ ਅਤੇ ਭਾਗੋ ਦੋ ਭਰਾਵਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਸ਼ਾਮਲ ਹੋ ਕੇ ਸ਼ਾਹਜਹਾਨ ਬਾਦਸ਼ਾਹ ਦੀਆਂ ਫੌਜਾਂ ਨਾਲ ਮੁਕਾਬਲਾ ਕੀਤਾ ਸੀ। ਉਹਨਾਂ ਦੀ ਯਾਦ ਵਿੱਚ ‘ਜਾਗੋ ਸ਼ਹੀਦ ਗੁਰਦੁਆਰਾ ਬਣਿਆ ਹੋਇਆ ਹੈ। ਭਾਗੋ ਦੇ ਖਾਨਦਾਨ ਵਿਚੋਂ ਰਿਟਾਇਰਡ ਚੀਫ ਏਅਰ ਮਾਰਸ਼ਲ ਸ. ਅਰਜਨ ਸਿੰਘ ਹਨ।
ਪਿੰਡ ਦੇ ਚਾਰੇ ਪਾਸੇ ਸ਼ਹੀਦਾਂ ਦੀ ਜਗ੍ਹਾ ਹੈ ਜਿਵੇਂ ਸ਼ਹੀਦ ਜਾਗੋ, ਬਾਬਾ ਕੱਸੇਆਣਾ, ਲੱਲੂਆਣਾ, ਬਾਬਾ ਭਾਈ ਦਰੀਆ। ਇੱਥੇ ਮਾਘੀ ਦੇ ਅਵਸਰ ਤੇ ਮੇਲਾ ਲਗਦਾ ਹੈ। ਪਿੰਡ ਵਿੱਚ 8 ਗੁਰਦੁਆਰੇ, ਦੋ ਮੰਦਰ, ਦੋ ਤਕੀਏ (ਮੀਰਾ ਬਾਦਸ਼ਾਹ ਦੇ ਤਕੀਏ ਤੇ ਭਾਦਰੋਂ ਦੇ ਐਤਵਾਰ ਮੇਲਾ ਲਗਦਾ ਹੈ) ਅਤੇ ਬਾਬਾ ਮੇਹਰ ਦਾਸ ਦਾ ਸਥਾਨ ਹੈ। ਪਿੰਡ ਵਿੱਚ ਇੱਕ ਪੁਰਾਣਾ ਤਲਾਅ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣਵਾਇਆ ਗਿਆ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ