ਕੁੰਭੜਾ
ਸਥਿਤੀ :
ਤਹਿਸੀਲ ਮੁਹਾਲੀ ਦਾ ਪਿੰਡ ਕੁੰਭੜਾ, ਚੰਡੀਗੜ੍ਹ – ਸਰਹੰਦ ਸੜਕ ਤੋਂ 1 ਕਿਲੋਮੀਟਰ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 15 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ ਪੌਣੇ ਚਾਰ ਸੌ ਸਾਲ ਪਹਿਲਾਂ ਬੈਦਬਾਨਾਂ ਦੇ ਚਾਰ ਭਰਾਵਾਂ ਨੇ ਧਨੌਰੇ (ਦਿੱਲੀ ਦੇ ਨਜ਼ਦੀਕ) ਤੋਂ ਆ ਕੇ ਚਾਰ ਪਿੰਡ ਕੁੰਭੜਾ, ਸੋਹਾਣਾ, ਮੌਲੀ ਅਤੇ ਮਟੋਰ ਵਸਾਏ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਕੁੰਭ ਨੂੰ ਜਾਂਦੇ ਹੋਏ ਇਸ ਪਿੰਡ ਦਾ ਨਾਂ ਕੁੰਭੜਾ ਰੱਖਿਆ ਸੀ। ਜਦੋਂ ਗੁਰੂ ਜੀ ਸਿੱਖੀ ਦੇ ਪ੍ਰਚਾਰ ਹਿੱਤ ਗੁਰਦੁਆਰਾ ਅੰਬ ਸਾਹਬਿ ਵਿਖੇ ਠਹਿਰੇ ਹੋਏ ਸਨ ਤਾਂ ਇਸ ਪਿੰਡ ਦੀ ਇੱਕ ਗਰੀਬ ਮਾਈ ਪਿੰਡ ਦੀ ਸੰਗਤ ਨਾਲ ਗੁਰੂ ਜੀ ਦੇ ਦਰਸ਼ਨਾਂ ਲਈ ਆਈ। ਉਸ ਨੇ ਗੁਰੂ ਜੀ ਲਈ ਇੱਕ ਖੱਦਰ ਦੀ ਚਾਦਰ ਤੇ ਕੁਝ ਰੋਟੀਆਂ ਪਕਾ ਕੇ ਨਾਲ ਲਿਆਂਦੀਆਂ। ਗੁਰੂ ਜੀ ਦੇ ਦਰਬਾਰ ਦੀ ਮਹਿਮਾ ਵੇਖ ਕੇ ਗਰੀਬ ਮਾਈ ਆਪਣੀ ਭੇਟਾ ਦੇਣ ਤੋਂ ਝੱਕ ਗਈ ਅਤੇ ਦੀਵਾਨ ਤੋਂ ਇੱਕ ਪਾਸੇ ਖੜੀ ਹੋ ਗਈ ਅਤੇ ਮਨ ਵਿੱਚ ਹੀ ਅਰਾਧਨਾ ਕਰਦੀ ਰਹੀ। ਗੁਰੂ ਜੀ ਸ਼ਾਮ ਵੇਲੇ ਉਚੇਚੇ ਤੌਰ ‘ਤੇ ਮਾਈ ਵੱਲ ਆਏ ਤੇ ਦੋਵੇਂ ਚੀਜ਼ਾਂ ਮੰਗ ਲਈਆਂ। ਉਦੋਂ ਪਿੰਡ ਦੀ ਸੰਗਤ ਦੀ ਪ੍ਰਾਰਥਨਾ ’ਤੇ ਗੁਰੂ ਜੀ ਨੇ ਇਸ ਪਿੰਡ ਨੂੰ ਕੁੰਭੜਾ ਨਾਂ ਬਖਸ਼ਿਆ।
ਇਸ ਪਿੰਡ ਨੇ ਆਪਣੀਆਂ ਹੱਦਾਂ ਦਿਲੇ ਰਾਮ ਚੌਧਰੀ ਦੀ ਸਰਦਾਰੀ ਥੱਲੇ ਵਧਾਈਆਂ। ਉਹਨਾਂ ਉਸ ਵੇਲੇ ਦੇ ਹਾਕਮਾਂ ਨੂੰ ਕਰ ਦੇਣਾ ਬੰਦ ਕਰ ਦਿੱਤਾ। ਜਿੱਥੇ ਇਸ ਵੇਲੇ ਜ਼ਿਲ੍ਹਾ ਜੇਲ੍ਹ ਚੰਡੀਗੜ੍ਹ ਹੈ ਉਹ ਇਲਾਕਾ ਜਿੱਤ ਕੇ ਪਿੰਡ ਵਿੱਚ ਮਿਲਾਇਆ। ਇਸ ਨੂੰ ਨਿਜ਼ਾਮਪੁਰ ਕੁੰਭੜਾ ਕਹਿੰਦੇ ਹਨ ਤੇ ਜਿੱਤ ਦੀ ਖੁਸ਼ੀ ਵਿੱਚ ਉਦਾਸੀ ਸਿੱਖ ਡੇਰੇ (ਘੀਹੜ) ਨੂੰ ਜੋ ਚੰਡੀਗੜ੍ਹ ਜੇਲ੍ਹ ਦੇ ਨਾਲ ਹੈ, ਕਾਫ਼ੀ ਜ਼ਮੀਨ ਦਾਨ ਵਜੋਂ ਦਿੱਤੀ । ਰਵਾਇਤ ਮੁਤਾਬਕ ਪਿੰਡ ਵਾਸੀਆਂ ਵਿਚੋਂ ਹੀ ਕਿਸੇ ਨੂੰ ਇੱਥੋਂ ਦੀ ਮਹੰਤੀ ਸੌਂਪੀ ਜਾਂਦੀ ਹੈ।
ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਨੇ ਪਿੰਡ ਵਿੱਚ ਪਹਿਲਾ ਗੁਰਦੁਆਰਾ ਬਣਾਇਆ। ਦੂਜਾ ਗੁਰਦੁਆਰਾ ਮਾਤਾ ਰਾਜ ਕੌਰ ਜੀ ਧਰਮ ਪਤਨੀ ਸ੍ਰੀ ਰਾਮ ਰਾਇ ਜੀ ਦੀ ਯਾਦ ਵਿੱਚ ਹੈ। ਪਿੰਡ ਵਿੱਚ ਛੇ ਮੰਦਰ, ਮੁਸਲਮਾਨਾਂ ਦਾ ਪੀਰਖਾਨਾ ਤੇ ਤਕੀਆ ਹੈ। ਬਾਬਾ ਮੱਲ ਦਾਸ ਜੀ, ਬਾਬਾ ਲਾਲ ਦਾਸ ਜੀ, ਬਾਬਾ ਨੀਮ ਨਾਥ ਜੀ, ਫਕੀਰ ਗਜ਼ਨੀ ਸ਼ਾਹ ਦੀਆਂ ਯਾਦਗਾਰਾਂ ਵੀ ਪਿੰਡ ਵਿੱਚ ਮੌਜੂਦ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ