ਕੋਕਰੀ ਕਲਾਂ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਕੋਕਰੀ ਕਲਾਂ, ਮੋਗਾ – ਲੁਧਿਆਣਾ ਸੜਕ ਤੋਂ 3 ਕਿਲੋਮੀਟਰ ਦੂਰ ਹੈ ਅਤੇ ਰੇਲਵੇ ਸਟੇਸ਼ਨ ਅਜੀਤਵਾਲ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਿੱਖ ਰਾਜ ਤੋਂ ਪਹਿਲਾਂ ਇਹ ਸਾਰਾ ਮੁਸਲਮਾਨਾਂ ਦਾ ਪਿੰਡ ਸੀ ਅਤੇ ਇਸਨੂੰ ਕਿਸੇ ਖੋਖਰ ਰਾਜਪੂਤ ਨੇ ਵਸਾਇਆ ਸੀ। ਪਿੰਡ ਦੇ ਤਿੰਨ ਪਾਸੇ ਫੈਲੀ ਹੋਈ ਇੱਕ ਵੱਡੀ ਤੇ ਪੁਰਾਣੀ ਢਾਬ ਹੈ। ਖੋਖਰ ਬ੍ਰਿਜ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ ਛੱਪੜ। ਖੋਖਰ ਤੋਂ ਖੋਖਰੀ ਤੇ ਹੌਲੀ ਹੌਲੀ ਕੋਕਰੀ ਪ੍ਰਚਲਤ ਹੋ ਗਿਆ।
ਜੱਸਾ ਸਿੰਘ ਆਹਲੂਵਾਲੀਆ ਦਾ ਰਿਸ਼ਤੇਦਾਰ ਗਾਂਧੀ ਇੱਥੇ ਢਾਬ ਹੋਣ ਕਰਕੇ ਆਪਣਾ ਸਾਰਾ ਮਾਲ ਡੰਗਰ ਲੈ ਕੇ ਵੱਸ ਜਾਣ ਦੀ ਸਲਾਹ ਨਾਲ ਆ ਗਿਆ ਪਰ ਰਾਜਪੂਤਾਂ ਨੇ ਉਸਨੂੰ ਭਜਾ ਦਿੱਤਾ। ਉਸਨੇ ਆਹਲੂਵਾਲੀਏ ਸਰਦਾਰ ਕੋਲ ਆਪਣਾ ਦੁੱਖ ਰੋਇਆ। ਆਹਲੂਵਾਲੀਏ ਸਰਦਾਰ ਤੋਂ ਡਰਦੇ ਮੁਸਲਮਾਨ ਉੱਥੋਂ ਪਿੰਡ ਛਡ ਕੇ ਚਲੇ ਗਏ ਤੇ ਗਾਂਧੀ ਇਸ ਪਿੰਡ ਵਿੱਚ ਵੱਸ ਗਿਆ। ਸਭ ਤੋਂ ਪਹਿਲੇ ਇੱਥੇ ਮੋਗੇ ਤੋਂ ਗਿੱਲ ਅਤੇ ਸਾਹੋਕਿਆਂ ਤੋਂ ਸਿੱਧੂ ਆ ਕੇ ਵੱਸੇ। ਇੱਥੇ ਕੁਝ ਘਰ ਧਾਲੀਵਾਲਾਂ, ਭੁਲਰ, ਕਲੇਰ, ਚਾਹਲ, ਜੌਹਲ, ਲਿੱਤਰ, ਤਤਲੇ ਤੇ ਰਾਮਗੜ੍ਹੀਆਂ ਦੇ ਵੀ ਹਨ। ਰਾਮਦਾਸੀਏ, ਮਜ਼੍ਹਬੀ ਤੇ ਕੁਝ ਮੁਸਲਮਾਨ ਵੀ ਇਸ ਪਿੰਡ ਵਿੱਚ ਹਨ।
ਪਹਿਲੀ ਵੱਡੀ ਲੜਾਈ ਵਿੱਚ ਇਸ ਪਿੰਡ ਦੇ 66 ਬੰਦੇ ਗਏ ਸਨ ਉਹਨਾਂ ਵਿਚੋਂ ਚਾਰ ਸ਼ਹੀਦ ਹੋਏ ਸਨ। ਏਨੀ ਭਰਤੀ ਕਰਵਾਉਣ ਲਈ ਇੱਥੋਂ ਦੇ ਜ਼ੈਲਦਾਰ ਬੂੜ ਸਿੰਘ ਨੂੰ। ਅੰਗਰੇਜ਼ਾਂ ਤੋਂ ਦੋ ਮੁਰੱਬੇ ਮਿਲੇ ਸਨ। ਪਿੰਡ ਦੇ ਮਨਸ਼ਾ ਸਿੰਘ ਕਿਰਪਾਨ ਬਹਾਦਰ ਨੇ ਫੌਜ ਵਿੱਚ ਨੋਕਰੀ ਕਰਦਿਆਂ ਕਿਰਪਾਨ ਉਤਾਰਨ ਤੇ ਇਨਕਾਰ ਕਰ ਦਿੱਤਾ ਸੀ ਜਿਸ ਕਰਕੇ ਉਸਨੂੰ ਨੋਕਰੀ ਤੋਂ ਕੱਢ ਦਿੱਤਾ ਗਿਆ ਸੀ। ਈਸ਼ਰ ਸਿੰਘ ਨੇ ਪਿੰਡ ਵਿੱਚ ਆਪਣੇ ਖਰਚੇ ਤੇ ਖੱਡੀਆਂ ਤੇ ਖਾਲਸਾ ਓਟ ਮਿਡਲ ਸਕੂਲ ਖੋਹਲਿਆ। ਛੱਜੂ ਰਾਮ ਇਸ ਪਿੰਡ ਦਾ ਉੱਘਾ ਸ਼ਹੀਦ ਹੋਇਆ ਹੈ ਜਿਸ ਦੀ ਸਲਾਨਾ ਬਰਸੀ ਇੱਥੇ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਸੰਤ ਸੁੱਖਣ ਦਾਸ ਇੱਥੋਂ ਦਾ ਬਹੁਤ ਵਿਦਵਾਨ ਹੋਇਆ ਹੈ, ਜਿਸ ਦੀਆਂ ਹੱਥ ਲਿਖਤਾਂ ਸ੍ਰੀ ਰਾਮ ਵਿਲਾਸ (ਸੰਪੂਰਨ ਰਮਾਇਣ), ਨਾਨਕ ਲੀਲਾ ਤੇ ਪ੍ਰਾਚੀਨ ਕਾਵਿ ਪੁਸਤਕਾਂ ਇੱਥੋਂ ਦੇ ਗਿਆਨੀ ਮਾਨ ਸਿੰਘ ਕੋਲ ਸਾਂਭੀਆਂ ਹੋਈਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ