ਕੋਕਰੀ ਫੂਲਾ ਸਿੰਘ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਕੋਕਰੀ ਫੂਲਾ ਸਿੰਘ, ਮੋਗਾ-ਲੁਧਿਆਣਾ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਅਜੀਤਵਾਲ ਤੋਂ 4 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਇਤਿਹਾਸ ਅੰਦਾਜ਼ੇ ਅਨੁਸਾਰ ਸਵਾ ਦੋ ਸੌ ਸਾਲ ਪੁਰਾਣਾ ਹੈ। ਸੰਤ ਲਖਮੀਰ ਸਿੰਘ ਪਿੰਡ ਕੋਕਰੀ ਕਲਾਂ ਤੋਂ ਦੂਰ ਇੱਕ ਉਜਾੜ ਵਿੱਚ ਭਜਨ ਬੰਦਗੀ ਕਰਦੇ ਹੁੰਦੇ ਸਨ ਜਿਨ੍ਹਾਂ ਦੀ ਸੇਵਾ ਬਾਬਾ ਬੂੜਾ ਸਿੰਘ ਕੋਕਰੀ ਕਲਾਂ ਤੋਂ ਆ ਕੇ ਕਰਦੇ ਸਨ। ਇੱਕ ਦਿਨ ਬਾਬਾ ਬੂੜਾ ਸਿੰਘ ਨੇ ਦੂਰ ਆਉਣ ਦੀ ਔਖਿਆਈ ਦੱਸੀ ਤੇ ਕਿਹਾ ਕਿ ਪਿੰਡ ਵਿੱਚ ਆਸਨ ਹੋਵੇ ਤਾਂ ਚੰਗਾ ਹੈ। ਜਿਸ ਦੇ ਉੱਤਰ ਵਿੱਚ ਸੰਤ ਲਖਮੀਰ ਸਿੰਘ ਨੇ ਕਿਹਾ ਕਿ ਮੈਂ ਤਾਂ ਪਿੰਡ ਦੀ ਸੱਥ ਵਿੱਚ ਬੈਠਾ ਹਾਂ। ਪਿੰਡ ਵਾਲਿਆਂ ਦਾ ਵਿਸ਼ਵਾਸ਼ ਹੈ ਕਿ ਸੰਤ ਲਖਮੀਰ ਸਿੰਘ ਜੀ ਦੀ ਭਵਿੱਖਬਾਣੀ ਕਰਕੇ ਇਹ ਪਿੰਡ ਬੱਝਾ ਹੈ ਜਿਸਨੂੰ ਪਿੱਛੋਂ ਜਾ ਕੇ ਬਾਬਾ ਫੂਲਾ ਸਿੰਘ ਨੇ ਵਸਾਇਆ ਅਤੇ ਆਪਣੇ ਨਾਮ ‘ਤੇ ਪਿੰਡ ਦਾ ਨਾਮ ਕੋਕਰੀ ਫੂਲਾ ਸਿੰਘ ਰੱਖਿਆ। ਪਿੰਡ ਵਿੱਚ ਭਾਗ ਪੱਤੀ ਤੇ ਬੀਨਾ ਪੱਤੀ ਦੋਵੇਂ ਬਾਬਾ ਫੂਲਾ ਸਿੰਘ ਦੀ ਇਕਲੌਤੀ ਪੁੱਤਰੀ ਦੀ ਸੰਤਾਨ ਦੀਆਂ ਪੱਤੀਆਂ ਹਨ।
ਇਹ ਪਿੰਡ ਨਿਆਏ ਸ਼ਾਸਤਰ ਦੇ ਜਗਿਆਸੂਆਂ ਲਈ ਵਿਦਿਆ ਦਾ ਕੇਂਦਰ ਹੈ। ਇੱਥੇ ਅਨੇਕਾਂ ਨੇ ਵਿਦਿਆ ਪ੍ਰਾਪਤ ਕਰਕੇ ਸੰਤ ਪਦਵੀ ਨੂੰ ਪ੍ਰਾਪਤ ਕੀਤਾ। ਇੱਥੋਂ ਦੇ ਸੰਤ ਉਤਮ ਸਿੰਘ, ਪੰਡਤ ਮਿਸ਼ਰਾ ਸਿੰਘ ਅਤੇ ਪੰਡਤ ਭਾਨ ਸਿੰਘ ਬਹੁਤ ਪਹੁੰਚੇ ਹੋਏ ਸੰਤ ਵਿਦਵਾਨ ਸਨ ਜਿਨ੍ਹਾਂ ਦੀ ਵਿਦਵਤਾ ਦਾ ਸਿੱਕਾ ਕਾਸ਼ੀ ਦੇ ਵਿਦਵਾਨ ਵੀ ਮੰਨਦੇ ਸਨ। ਇਹਨਾਂ ਕੋਲ 40-50 ਤੱਕ ਅਤੇ ਕਦੀ 100 ਤੱਕ ਵੀ ਵਿਦਿਆਰਥੀ ਇਸ ਪਿੰਡ ਦੇ ਬਾਹਰ ਬਣੀ ਇਮਾਰਤ ਵਿੱਚ ਰਹਿ ਕੇ ਗਿਆਨ ਪ੍ਰਾਪਤ ਕਰਦੇ ਸਨ। ਸੰਤ ਸੁਹੇਲ ਸਿੰਘ ਸੰਸਕ੍ਰਿਤ ਦੇ ਨਾਲ ਗੁਰਬਾਣੀ ਦੇ ਵਿਦਵਾਨ ਸਨ। ਸੰਤ ਪ੍ਰੇਮ ਸਿੰਘ ਜੈਤੋ ਦੇ ਛੇਵੇਂ ਜਥੇ ਦੇ ਜਥੇਦਾਰ ਬਣ ਕੇ ਗਏ ਸਨ ਉਹਨਾਂ ਨੂੰ ਨਾਭਾ ਬੀੜ ਜ਼ੇਲ੍ਹ ਵਿੱਚ ਡੇਢ ਸਾਲ ਰੱਖ ਕੇ ਤਸੀਹੇ ਦਿੱਤੇ ਗਏ ਸਨ। ਇਸ ਪਿੰਡ ਦਾ ਗਰੀਬ ਸਿੰਘ ਕਾਮਾਗਾਟਾਮਾਰੂ ਜਹਾਜ਼ ਦੇ ਸਿਪਾਹੀਆਂ ਵਿੱਚ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ