ਕੋਟ ਖਾਲਸਾ
ਸਥਿਤੀ :
ਪਿੰਡ ਕੋਟ ਖਾਲਸਾ ਅੰਮ੍ਰਿਤਸਰ-ਅਟਾਰੀ ਸੜਕ ਤੇ ਖਾਲਸਾ ਕਾਲਜ ਦੇ ਦੱਖਣ ਵੱਲ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਦੀਆਂ ਪੁਰਾਣਾ ਇਹ ਪਿੰਡ ਸੱਯਦ ਮੁਹਿਮੂਦ ਨੇ ਵਸਾਇਆ ਸੀ ਤੇ ਇਸ ਦਾ ਪੁਰਾਣਾ ਨਾਂ ‘ਕੋਟ ਸੱਯਦ ਮਹਿਮੂਦ’ ਸੀ। ਸੰਨ 1948 ਵਿੱਚ ਇਸ ਦਾ ਨਾਂ ਤਬਦੀਲ ਕਰਕੇ ‘ਕੋਟ ਖਾਲਸਾ’ ਰੱਖਿਆ ਗਿਆ। ਇਸ ਪਿੰਡ ਦਾ ਰਕਬਾ 7 ਮੁੱਰਬਾ ਮੀਲ ਹੈ। ਇੱਥੇ ਪਹਿਲਾਂ ਸੱਯਦ ਮੁਸਲਮਾਨ ਰਹਿੰਦੇ ਸਨ, ਜੱਟ ਇੱਥੇ ਸਿੱਖ ਰਾਜ ਵੇਲੇ ਆਏ।
ਮਹਾਰਾਜਾ ਰਣਜੀਤ ਸਿੰਘ ਨੇ ਇਸ ਪਿੰਡ ਨੂੰ ਜਿੱਤ ਕੇ ਫੌਜ ਦੇ ਇੱਕ ਅਫਸਰ ਸ. ਵੀਰ ਸਿੰਘ ਨੂੰ ਇੱਥੇ ਜਾਗੀਰ ਦਿੱਤੀ। ਉਸ ਦਾ ਸਪੁੱਤਰ ਸ. ਜੈ ਸਿੰਘ ਸੀ, ਜਿਸ ਦੇ ਅੱਗੋਂ ਸੱਤ ਪੁੱਤਰ ਅਤੇ ਇੱਕ ਲੜਕੀ ਬੀਬੀ ਰੂਪ ਕੌਰ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੀ ਤੀਜੀ ਪਤਨੀ ਬਣੀ। ਇਸ ਤਰ੍ਹਾਂ ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਸਹੁਰੇ ਕਰਕੇ ਪ੍ਰਸਿੱਧ ਹੋਇਆ। ਇਸ ਪਰਿਵਾਰ ਦੇ ਸੰਬੰਧਤ ਵਿਅਕਤੀ ਸਰਕਾਰੀਆ ਅਖਵਾਉਂਦੇ ਸਨ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਜਰਨੈਲਾਂ ਨੂੰ ਸਰਕਾਰੀਆ ਦਾ ਖਿਤਾਬ ਦਿੰਦੇ ਸਨ। ਬੀਬੀ ਰੂਪ ਕੌਰ ਦਾ ਸਭ ਤੋਂ ਛੋਟਾ ਭਰਾ ਸ. ਭੂਪ ਸਿੰਘ ਮਹਾਰਾਜਾ ਦੀ ਫੌਜ ਵਿੱਚ ਕੁਮੇਦਾਨ (ਕਮਾਂਡਰ) ਸੀ ਜੋ 1840 ਵਿੱਚ ਦੱਰਾ ਖੈਬਰ ਵਿੱਚ ਸ਼ਹੀਦ ਹੋ ਗਿਆ। ਉਸਦੀ ਤਸਵੀਰ ਇੱਕ ਪੱਥਰ ਤੇ ਉਕੱਰੀ ਅਜੇ ਵੀ ਲਾਹੌਰ ਦੇ ਅਜਾਇਬ ਘਰ ਵਿੱਚ ਸ਼ੁਸੋਭਿਤ ਹੈ। ਸ. ਭੂਪ ਸਿੰਘ ਤੋਂ ਪਿੱਛੇ ਉਸਦਾ ਲੜਕਾ ਖੁਸ਼ਹਾਲ ਸਿੰਘ ਕੁਮੇਦਾਨ ਬਣਿਆ। ਉਹਨਾਂ ਦਾ ਸਪੁੱਤਰ ਸ. ਕੋਝਾ ਸਿੰਘ ਅੰਗਰੇਜ਼ਾਂ ਸਮੇਂ ਕੁਰਸੀ ਨਸ਼ੀਨ ਸੀ। ਅੰਗਰੇਜ਼ਾਂ ਵੇਲੇ ਇਸ ਪਰਿਵਾਰ ਦੀ 40 ਹਜ਼ਾਰ ਰੁਪਏ ਸਲਾਨਾ ਦੀ ਜਾਗੀਰ ਜ਼ਬਤ ਕਰ ਲਈ ਗਈ ਪਰ ਜ਼ਮੀਨ ਵਿੱਚ ਸਰਕਾਰੀਆ ਪਰਿਵਾਰ ਅੱਧ ਦਾ ਮਾਲਕ ਰਿਹਾ। ਪਹਿਲੇ ਵਿਸ਼ਵ ਯੁੱਧ ਵਿੱਚ ਸ. ਕੋਝਾ ਸਿੰਘ ਦਾ ਸਪੁੱਤਰ ਸ. ਅਜਾਇਬ ਸਿੰਘ ਵਾਇਸਰਾਇ ਕਮਿਸ਼ਨਡ ਅਫਸਰ ਬਣੇ। 1935 ਈ ਵਿੱਚ ਉਹਨਾਂ ਨੂੰ ਸਰ ਬਹਾਦਰ ਦਾ ਖਿਤਾਬ ਮਿਲਿਆ। ਪਿੰਡ ਦਾ ਨਾਂ ਉਹਨਾਂ ਨੇ ਹੀ ਤਬਦੀਲ ਕਰਵਾਇਆ ਤੇ ਖਾਲਸਾ ਕਾਲਜ ਵਿੱਚ ਪੜ੍ਹਨ ਵਾਲੇ ਸਿੱਖਾਂ ਦੇ ਬੱਚਿਆਂ ਦੀ ਫੀਸ ਵੀ ਮੁਆਫ ਕਰਵਾਈ। ਇਸ ਸੰਸਾਰ ਪ੍ਰਸਿੱਧ ਖਾਲਸਾ ਕਾਲਜ ਖੋਲ੍ਹਣ ਲਈ ਇਸ ਪਿੰਡ ਨੇ ਜ਼ਮੀਨ ਦਿੱਤੀ ਅਤੇ ਇਸ ਕਾਲਜ ਨੇ ਕਈ ਮਹਾਨ ਸ਼ਖਸ਼ੀਅਤਾਂ ਪੈਦਾ ਕੀਤੀਆਂ। ਇਸ ਪਿੰਡ ਦੀ ਇਹ ਇੱਕ ਮਹਾਨ ਦੇਣ ਹੈ।
ਇਸ ਪਿੰਡ ਵਿੱਚ ਇਸਲਾਮਾਬਾਦ, ਗੁਰੂ ਤੇਗ ਬਹਾਦਰ ਨਗਰ, ਇੰਦਰਾ ਕਾਲੋਨੀ, ਨਾਨਕਪੁਰਾ ਬਾਬਾ ਰਾਮ ਸਿੰਘ ਕਾਲੋਨੀ ਤੇ ਲਾਭ ਨਗਰ ਆਦਿ ਇਸ ਪਿੰਡ ਦੀ ਜ਼ਮੀਨ ਵਿਚੋਂ ਹੀ ਬਣੀਆਂ ਹਨ। ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਤੋਂ ਸੜਕ ਇਸ ਪਿੰਡ ਰਾਹੀਂ। ਹੁੰਦੀ ਹੋਈ ਵਡਾਲੀ ਗੁਰੂ ਜਾਂਦੀ ਹੈ। ਪਿੰਡ ਦੀ ਨਾਈ ਵਾਲੀ ਖੂਹੀ ‘ਤੇ ਯਾਤਰੂ ਆਰਾਮ ਕਰਦੇ ਸਨ। ਇਸ ਖੂਹੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਠਹਿਰਦੇ ਸਨ। ਇੱਥੇ ਹੁਣ ਇਤਿਹਾਸਕ ਗੁਰਦੁਆਰਾ ਬੋਹੜੀ ਸਾਹਿਬ ਹੈ। ਬੀਬੀ ਰੂਪ ਕੌਰ ਨੇ ਇੱਥੇ ਇੱਕ ਮੰਦਰ ਤੇ ਇੱਕ ਗੁਰਦੁਆਰਾ ਬਣਵਾਇਆ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ