ਕੋਟ ਧਰਮੂ
ਸਥਿਤੀ :
ਤਹਿਸੀਲ ਮਾਨਸਾ ਦਾ ਪਿੰਡ ਕੋਟ ਧਰਮੂ, ਮਾਨਸਾ – ਸਰਸਾ ਸੜਕ ਤੇ ਸਥਿਤ ਮਾਨਸਾ ਤੋਂ 25 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲਗਭਗ ਪੌਣੇ ਚਾਰ ਸੌ ਸਾਲ ਪੁਰਾਣਾ ਹੈ। ਤਲਵੰਡੀ ਸਾਬੋ ਤੋਂ ਆਏ ਸਿੱਧੂ ਗੋਤ ਦੇ ਹਮੀਰੇ ਨੇ ਮੋੜ੍ਹੀ ਗੱਡੀ ਪਰ ਇਹ ਪਿੰਡ ਆਬਾਦ ਨਾ ਹੋਇਆ ਤੇ ਫੇਰ ਸਮੇਂ ਦੇ ਜੋਤਸ਼ੀਆਂ ਦੀ ਰਾਏ ਨਾਲ ਇਹ ਪਿੰਡ ਫੇਰ ਹਮੀਰੇ ਦੇ ਭਤੀਜੇ ਧਰਮੂ ਦੇ ਨਾਂ ਤੇ ਆਬਾਦ ਕੀਤਾ ਗਿਆ। ਧਰਮੂ ਦੇ ਪੰਜ ਭਰਾਵਾਂ ਵਿੱਚੋਂ ਵੀਰਾ ਤੇ ਡੱਲਾ ਤਾਂ ਆਪਣੇ ਪੁਰਾਣੇ ਪਿੰਡ ਤਲਵੰਡੀ ਸਾਬੋ ਹੀ ਰਹਿ ਗਏ, ਨੱਥੂ ਨੇ ‘ਵੱਡੇ ਚੁਘੇ’ ਅਤੇ ਸਭ ਤੋਂ ਵੱਡੇ ਭਰਾ ਲਾਲ ਚੰਦ ਨੇ ‘ਨੰਗਲ ਲਾਲ ਚੰਦ’ (ਵੱਡਾ ਨੰਗਲ) ਬੰਨ੍ਹਿਆ। ਕੋਟ ਧਰਮੂ ਵਿੱਚੋਂ ਪਿੰਡ : ਉੱਡਤ, ਭੱਮੇ ਕਲਾਂ, ਭੱਮੇ ਖੁਰਦ, ਦਸੋਧਿਆ ਅਤੇ ਲਖਮੀਰ ਵਾਲਾ ਆਦਿ ਬੱਝੇ ਹਨ।
ਇੱਥੇ ਸਦੀਆਂ ਪੁਰਾਣਾ ਖੂਹ ਹੈ ਜੋ ਬੁੱਢਲਾਡਾ ਦੇ ਸ਼ਾਹੂਕਾਰ ਨੇ ਬਣਵਾਇਆ ਸੀ । ਕਹਿੰਦੇ ਹਨ ਕਿ ਇਸ ਖੂਹ ਦਾ ਪਾਣੀ ਅਤਿ ਖਾਰਾ ਸੀ। ਅਲਖ ਦਾਸ ਨਾਂ ਦਾ ਇੱਕ ਫ਼ਕੀਰ, ਜੋ ਖੋਤੇ ਉੱਪਰ ਚੜ੍ਹਿਆ ਤੇ ਮੂੰਹ ਪਿੱਠ ਵੱਲ ਕੀਤਾ ਹੁੰਦਾ, ਨੇ ਆ ਕੇ ਪਾਣੀ ਮੰਗਿਆ। ਉਸ ਨੇ ਪਾਣੀ ਲੈ ਕੇ ਮਿੱਠਾ ਮੰਗਿਆ ਤੇ ਦੂਰ-ਦੂਰ ਤੱਕ ਪਾਣੀ ਦੇ ਜਾਣ ਦਾ ਵਰਦਾਨ ਦਿੱਤਾ। ਉਸ ਦੀ ਬਖ਼ਸ਼ਿਸ਼ ਨਾਲ ਪਾਣੀ ਮਿੱਠਾ ਹੋ ਗਿਆ ਤੇ ਮਹਾਰਾਜਾ ਭੁਪਿੰਦਰ ਸਿੰਘ ਇਸ ਖੂਹ ਦੇ ਪਾਣੀ ਦੀ ਇੱਕ ਮਸ਼ਕ ਰੋਜ਼ਾਨਾ ਇੱਥੋਂ ਪਟਿਆਲੇ ਮੰਗਵਾਉਂਦਾ ਸੀ। ਇਸ ਪਿੰਡ ਵਿੱਚ ਕਾਫੀ ਪੁਰਾਣੇ ਸਮੇਂ ਦੇ ਪ੍ਰਸਿੱਧ ਸੰਤ ਫਫੇਕ ਦਾਸ ਦਾ ਡੇਰਾ ਹੈ। ਜਿਸਦਾ ਮੌਜੂਦਾ ਮਹੰਤ ਹੁਣ ਤੱਕ ਗੜਿਆਂ ਨੂੰ ਕੀਲ ਕੇ ਬੰਦ ਕਰ ਦਿੰਦਾ ਹੈ ਅਤੇ ਜੇਕਰ
ਟਿੱਡੀ ਦਲ ਆ ਜਾਵੇ ਤਾਂ ਸਾਰੇ ਨੂੰ ਆਪਣੀ ਪੰਜਾਲੀ ਵਿਚਕਾਰ ਦੀ ਲੰਘਾ ਦੇਂਦਾ ਹੈ। ਇਸ ਦੀ ਕਾਫ਼ੀ ਮਾਨਤਾ ਹੈ। ਇਸ ਪਿੰਡ ਵਿੱਚ ਕੂਕੇ ਸਿੱਖਾਂ ਦਾ ਪ੍ਰਸਿੱਧ ਗੁਰਦੁਆਰਾ ਹੈ। ਇਹ ਗੁਰਦੁਆਰਾ ਸੰਤ ਜੰਗ ਸਿੰਘ ਦੀ ਯਾਦ ਵਿੱਚ ਉਸਾਰਿਆ ਗਿਆ ਹੈ। ਇਸ ਗੁਰਦੁਆਰੇ ਵਿਚਕਾਰ ਇੱਕ ਵਿਸ਼ਾਲ ਸਰੋਵਰ ਹੈ ਜਿਸ ਨੂੰ ਅੰਨ੍ਹਿਆਂ ਵਾਲਾ ਸਰੋਵਰ ਕਿਹਾ ਜਾਂਦਾ ਹੈ। ਕਹਿੰਦੇ ਹਨ ਕਿ ਇਸ ਥਾਂ ਤੇ ਸਦੀਆਂ ਪਹਿਲਾਂ ਅਵਿਆਂ ਨਾਂ ਦੇ ਰਾਜੇ ਨੇ ਇਕਾਂਤ ਥਾਂ ਸਮਝ ਕੇ ਭਾਰੀ ਤਪੱਸਿਆ ਕੀਤੀ ਅਤੇ ਫੇਰ ਮਹਾਰਾਜਾ ਜੰਗ ਸਿੰਘ ਨੇ ਇਸ ਥਾਂ ਤੇ ਤਪੱਸਿਆ ਕੀਤੀ ਇਸ ਲਈ ਇਹ ਗੁਰਦੁਆਰੇ ਵਾਲੀ ਸਾਰੀ ਜਗ੍ਹਾ ਬੜੀ ਪਵਿੱਤਰ ਹੈ। ਸਰੋਵਰ ਕੋਲ ਇੱਕ ਪੁਰਾਣਾ ਬਣੀ ਦਾ ਰੁੱਖ ਹੈ। ਕਿਹਾ ਜਾਂਦਾ ਹੈ ਕਿ ਜੇ ਕੋਈ ਕੋਹੜੀ ਇਸ ਥਾਂ ਤੋਂ ਮਿੱਟੀ ਸਰੀਰ ਤੇ ਮੱਲ ਕੇ ਸਰੋਵਰ ਵਿੱਚ ਇਸ਼ਨਾਨ ਕਰ ਲਵੇ ਤਾਂ ਉਸ ਦਾ ਕੋਹੜ ਦੂਰ ਹੋ ਜਾਂਦਾ ਹੈ। ਇਸ ਗੁਰਦੁਆਰੇ ਆਉਣ ਵਾਲੀਆਂ ਸੰਗਤਾਂ ਨੂੰ ਸ਼ੁੱਧ ਦੇਸੀ ਘਿਓ ਦਾ ਲੰਗਰ ਛਕਾਇਆ ਜਾਂਦਾ ਹੈ। ਇੱਥੇ ਹਾੜ ਦੀ ਮੱਸਿਆ ਨੂੰ ਵਿਸ਼ਾਲ ਮੇਲਾ ਲਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ